122 views 11 secs 0 comments

ਦਾਨ ਕਲਾ

ਲੇਖ
March 10, 2025

-ਡਾ. ਇੰਦਰਜੀਤ ਸਿੰਘ ਗੋਗੋਆਣੀ

ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥

ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥੧॥ ਰਹਾਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੫੩)

ਸੰਪੂਰਨ ਸ਼ਖ਼ਸੀਅਤ ਲਈ ਸੋਲਾਂ ਕਲਾਵਾਂ ਮਾਨਵਤਾ ਲਈ ਸੋਲਾਂ ਪੌੜੀਆਂ ਦੇ ਸਮਾਨ ਹਨ, ਜਿਨ੍ਹਾਂ ਵਿੱਚੋਂ ਦਾਨ ਕਲਾ ਦਸਵੀਂ ਪੌੜੀ ਹੈ। ‘ਮਹਾਨ ਕੋਸ਼ ਅਨੁਸਾਰ ਦਾਨ ਦੇਣ ਦਾ ਕਰਮ, ਖੈਰਾਤ ਆਦਿ ਹੈ। ਇਸੇ ਤਰ੍ਹਾਂ ਹਿੰਦੀ ਵਿਸ਼ਵ ਕੋਸ਼ ਅਨੁਸਾਰ ਕਿਸੇ ਵਸਤੂ ਤੋਂ ਆਪਣਾ ਅਧਿਕਾਰ ਸਮਾਪਤ ਕਰ ਕੇ ਕਿਸੇ ਦੂਸਰੇ ਦਾ ਅਧਿਕਾਰ ਸਥਾਪਿਤ ਕਰਨਾ ਦਾਨ ਹੈ। ਦਾਨ ਦੇ ਸਮਾਨ- ਅਰਥੀ ਸ਼ਬਦਾਂ ਵਿਚ-ਉਤਸਰਗ, ਉਤਸਰਜਨ, ਸਤ, ਖੈਰ, ਖੈਰਾਯਤ, ਤਿਆਗ, ਦਾਤ, ਦਾਤੜੀ, ਧਰਮ, ਪੁੰਨ, ਪ੍ਰਤਿਪਾਦਨ, ਪ੍ਰਦਾਨ, ਬਖਸ਼, ਬਖਸ਼ੀਸ਼, ਵਿਸਰਗ, ਵਿਤਰਵ ਆਦਿ ਤੋਂ ਇਲਾਵਾ ਵੀ ਹੋਰ ਕਈ ਸ਼ਬਦ ਹਨ।
ਦਾਨ ਕਿੰਨੇ ਪ੍ਰਕਾਰ ਦਾ ਹੈ। ਸੰਖਿਆ ਕੋਸ਼ ਵਿਚ ਸ਼ਾਸਤਰਾਂ ‘ਤੇ ਆਧਾਰਿਤ ਚਾਰ ਪ੍ਰਕਾਰ ਦਾ ਦਾਨ ਲਿਖਿਆ ਹੈ:-
(ੳ) ਨਿੱਤ ਦਾਨ- ਜੋ ਦਿਨ-ਦਿਨ ਆਪਣੇ ਉੱਪਰ ਉਪਕਾਰ ਕਰਨ ਵਾਲੇ ਪੁਰਸ਼ਾਂ ਨੂੰ ਦਿੱਤਾ ਜਾਏ।
(ਅ) ਨੈਮਿੱਤਕ ਦਾਨ- ਜੋ ਪਾਪਾਂ ਨੂੰ ਦੂਰ ਕਰਨ ਵਾਸਤੇ ਮੱਤ ਦੀ ਮਰਯਾਦਾ ਨੂੰ ਜਾਣਨ ਵਾਲੇ ਗਿਆਨੀ ਨੂੰ ਦਿੱਤਾ ਜਾਏ।
(ੲ) ਕਾਮਯ ਦਾਨ- ਜੋ ਧਨ, ਜੈ, ਪੁੱਤਰ ਆਦਿਕ ਸਰਗ ਤੇ ਹੋਰ ਪਦਾਰਥਾਂ ਦੀ ਇੱਛਾ ਨਾਲ ਦਿੱਤਾ ਜਾਏ।
(ਸ) ਵਿਮਲ ਦਾਨ- ਜੋ ਪਰਮੇਸ਼ਰ ਦੀ ਪ੍ਰਸੰਨਤਾ ਹੇਤ ਬ੍ਰਹਮਵੇਤਾ ਜਨਾਂ ਨੂੰ ਸ਼ੁੱਧ ਚਿੱਤ ਨਾਲ ਦਿੱਤਾ ਜਾਏ।

ਇਸ ਤਰ੍ਹਾਂ ਭਾਰਤੀ ਸੱਭਿਆਚਾਰ ਵਿਚ ਪੁਜਾਰੀ ਵਰਗ ਨੇ ਲੋਕ-ਪ੍ਰਲੋਕ ਦੇ ਲੋਭ-ਲਾਲਚ ਦੇ ਕੇ ਆਮ ਲੋਕਾਈ ਤੋਂ ਦਾਨ ਦੇ ਨਾਉਂ ’ਤੇ ਲੁੱਟ-ਖਸੁੱਟ ਦਾ ਤਰੀਕਾ ਅਪਣਾ ਲਿਆ ਸੀ। ਹਾਥੀ ਦਾਨ ਦਾ ਹਊਆ ਖੜਾ ਕਰ ਕੇ ਪਾਥੀ ਦਾਨ ਵੀ ਲੈ ਲੈਂਦੇ ਕਿਉਂਕਿ ਪੁਜਾਰੀ ਨੂੰ ਘਰ ਵਿਚ ਚੁੱਲ੍ਹਾ ਬਾਲਣ ਲਈ ਗੋਹੇ ਦੀਆਂ ਪਾਥੀਆਂ ਦੀ ਲੋੜ ਸੀ। ਕਹਿਣ ਤੋਂ ਭਾਵ ਦਾਨ ਦੇ ਨਾਉਂ ਉੱਪਰ ਆਪਣੀ ਜ਼ਰੂਰਤ ਅਨੁਸਾਰ ਕੋਈ ਵੀ ਵਸਤੂ ਲੁੱਟੀ ਜਾਂ ਠੱਗੀ ਜਾ ਸਕਦੀ ਸੀ।

ਗੁਰਮਤਿ ਨੇ ਅਜਿਹੇ ਪਾਖੰਡੀਆਂ, ਫੋਕਟ ਕਰਮ-ਕਾਂਡੀਆਂ ਤੇ ਦਾਨ ਉੱਪਰ ਪਲਣ ਵਾਲੇ ਵਿਹਲੜਾਂ ਪ੍ਰਤੀ ਸਮਾਜ ਨੂੰ ਜਾਗ੍ਰਿਤ ਕੀਤਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੇ ਮੱਕਰ ਕਰ ਕੇ ਸ਼ੱਕਰ ਨਾਲ ਰੋਟੀ ਖਾਣ ਵਾਲਿਆਂ ਨੂੰ ਮੂਲੋਂ ਹੀ ਨਕਾਰ ਦਿੱਤਾ। ਗੁਰਮਤਿ ਵਿਚ ਦਸਵੰਧ ਦੀ ਪ੍ਰਥਾ ਹੈ। ਜਥੇਬੰਦਕ ਧਰਮ ਤੇ ਸਮਾਜ ਲਈ ਦੌਲਤ ਗੁਜ਼ਰਾਨ ਹੈ। ਮਾਇਆ ਨਾਲ ਹੀ ਸਾਰੇ ਕਾਰਜ ਸੰਪੂਰਨ ਹੁੰਦੇ ਹਨ ਪਰ ਇਹ ਇਕ ਕਰਤਾਰ ਨੂੰ ਪੂਜਣ ਵਾਲੇ ਕਿਰਤੀਆਂ ਦੀ ਜਮਾਤ ਦਾ ਧਨ ਸੀ। ਗੁਰਮਤਿ ਵਿਚ ਦਾਨ ਤੋਂ ਭਾਵ ਕੇਵਲ ਧਨ ਪਦਾਰਥ ਹੀ ਨਹੀਂ ਸਗੋਂ ਪੰਚਮ ਗੁਰਦੇਵ ਜੀ ਦਾ ਤਾਂ ਇਹ ਵੀ ਉਪਦੇਸ਼ ਹੈ:-
“ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥”

ਭਾਵ ਪ੍ਰਭੂ ਦਾ ਨਾਮ ਧਿਆਉ, ਸੁਣੋ ਤੇ ਅੱਗੇ ਸਭਨਾਂ ਨੂੰ ਦਾਨ ਕਰੋ ਤਾਂ ਕਿ ਸਮਾਜ ਭਗਤੀ ਭਾਵਨਾ ਵਾਲਾ ਹੋਵੇ।

ਉਸ ਸਮੇਂ ਵੀ ਮੰਤਰ ਰੂਪ ਵਿਚ ਪਾਖੰਡ ਕਰਮੀਆਂ ਦਾ ਸੌਦਾ ਹੁੰਦਾ ਸੀ ਤੇ ਅੱਜ ਵੀ ਕਈਆਂ ਦਾ ਇਹ ਚੰਗਾ ਵਪਾਰ ਹੈ। ਇਸ ਲਈ ਸਮਾਜ ਵਿਚ ਜਾਗ੍ਰਿਤੀ ਤੇ ਦਇਆ ਦੋਨੋਂ ਹੀ ਜ਼ਰੂਰੀ ਹਨ। ਚੰਗੇ ਸਮਾਜ ਦੀ ਸਿਰਜਣਾ ਲਈ ਦਾਨੀ ਲੋਕ ਤਾਂ ਖੂਨ, ਅੱਖਾਂ, ਕਿਡਨੀ ਤਕ ਵੀ ਦਾਨ ਕਰ ਦਿੰਦੇ ਹਨ, ਤਾਂ ਕਿ ਕਿਸੇ ਦੂਜੇ ਨੂੰ ਜਿਊਣ ਦਾ ਸਮਾਂ ਮਿਲ ਜਾਵੇ। ਤਕੜੇ ਦਾ ਕਮਜ਼ੋਰ ਨੂੰ ਸਦਾ ਹੀ ਸਹਾਰਾ ਰਿਹਾ ਹੈ। ਕਾਦਰ ਦੀ ਕੁਦਰਤ ਦਾ ਵਿਧਾਨ ਵੇਖੋ ਕਿ ਵੱਡੇ ਰੁੱਖਾਂ ਦਾ ਵੇਲਾਂ ਨੂੰ ਸਹਾਰਾ, ਗਰਮੀ ਵਿਚ ਬਾਰਿਸ਼, ਜੀਵ- ਜੰਤੂਆਂ ਲਈ ਬਨਸਪਤੀ, ਬ੍ਰਹਿਮੰਡੀ ਵਰਤਾਰੇ ਵਿਚ ਸੂਰਜ, ਚੰਦਰਮਾ, ਰੁੱਤਾਂ, ਖਾਧ-ਪਦਾਰਥ, ਪਹਾੜ, ਦਰਿਆ ਸਭ ਮਾਨਵਤਾ ਲਈ ਪ੍ਰਭੂ ਦਾ ਦਾਨ ਹੀ ਹੈ। ਜੇਕਰ ਮਨੁੱਖ ਨੀਝ ਨਾਲ ਸਵੈ-ਚਿੰਤਨ ਕਰੇ ਤਾਂ ਕਾਦਰ ਵੱਲੋਂ ਮਾਨਵੀ ਸਰੀਰ ਵੀ ਤਾਂ ਦਾਨ ਹੀ ਦਿੱਤਾ ਹੈ। ਕਈ ਵਾਰ ਇਕ ਚਿੱਤਰਕਾਰ ਫੁੱਲ ਦਾ ਚਿੱਤਰ ਬਣਾ ਕੇ ਫੁੱਲਿਆ ਨਹੀਂ ਸਮਾਉਂਦਾ ਪਰ ਜਿਸ ਨੇ ਬੇਅੰਤ ਰੂਪ ਦੇ ਫੁੱਲ ਪੈਦਾ ਕੀਤੇ ਉਹਦੇ ਤੋਂ ਬੇਮੁੱਖ ਹੋ ਜਾਂਦਾ ਹੈ। ਪੰਜਾਬੀ ਲੋਕ ਅਖਾਣਾਂ ਵਿਚ ਮਨੁੱਖਤਾ ਨੂੰ ਸਰਲ ਤੇ ਸਪੱਸ਼ਟ ਜਿਹੀ ਪ੍ਰੇਰਨਾ ਹੈ, ਦਾਨ ਕਰੇ ਕਲਿਆਣ।

ਸਾਧੂ ਦਯਾ ਸਿੰਘ ਆਰਫ ਨੇ ‘ਜ਼ਿੰਦਗੀ ਬਿਲਾਸ’ ਵਿਚ ਬਹੁਤ ਹੀ ਭਾਵਪੂਰਤ ਸ਼ਬਦਾਂ ਨਾਲ ਮਨੁੱਖੀ ਹਿਰਦਿਆਂ ਨੂੰ ਟੁੰਬਿਆ ਹੈ ਜਿਚਰ ਵਿਚ ਜਹਾਨ ਦੇ ਜ਼ਿੰਦਗਾਨੀ, ਉਮਰ ਸਮਝ ਲੈ ਮਹਿਲ ਮਕਾਨ ਹੈ ਓਏ।

ਕਰ ਲੈ ਨਾਮ ਦਾ ਵਣਜ ਵਪਾਰ ਬੀਬਾ, ਕਰਨ ਵਾਸਤੇ ਪੁੰਨ ਤੇ ਦਾਨ ਹੈ ਓਏ।

‘ਦਾਨ ਕਲਾ’ ਦੇ ਸੰਦਰਭ ਵਿਚ ਹੀ ‘ਚਾਣਕਯ ਨੀਤੀ ਦਰਪਣ” ਵਿਚ ਲਿਖਿਆ ਹੈ, “ਦੁਰਗਤਿ ਨਾਸੈ ਸ਼ੀਲ ਤੇ, ਵਿਦਯਾ ਤੇ ਅਗਯਾਨ। ਭੈ ਨਾਸੇ ਹਰਿ ਭਜਨ ਤੇ, ਦਾਰਿਦ ਕੀਨੇ ਦਾਨ।”

ਭਾਵ ਦੁਰਮਤਿ (ਖੋਟੇ ਕਰਮ) ਸੀਲ-ਸੁਭਾਅ ਨਾਲ ਤੇ ਅਗਿਆਨਤਾ-ਗਿਆਨ ਨਾਲ ਦੂਰ ਹੁੰਦੀ ਹੈ। ਇਸੇ ਤਰ੍ਹਾਂ ਜਨਮ ਮਰਨ ਦਾ ਡਰ ਪ੍ਰਭੂ ਸਿਮਰਨ ਨਾਲ ਤੇ ਦਾਰਿਦ (ਗਰੀਬੀ) ਦਾਨ ਕਰਨ ਨਾਲ ਦੂਰ ਹੁੰਦੀ ਹੈ। ਇਸ ਲਈ ਦਾਨ ਕਰਨ ਲੱਗਿਆ, ‘ਅਕਲੀ ਕੀਚੈ ਦਾਨੁ ਵਾਲੀ ਜਾਗ੍ਰਤੀ ਹੋਵੇ।

ਅਨਾਥਾ ਦੁਖੀਆਂ ਨਿਆਸਰਿਆਂ ਰੋਗੀਆਂ, ਵਿੱਦਿਆ ਦੇਣ ਵਾਲੀਆਂ ਸੰਸਥਾਵਾਂ ਧਰਮ ਪ੍ਰਚਾਰ ਲਈ ਕਾਰਜਸ਼ੀਲ ਸਭਾਵਾਂ, ਲੋਕ ਭਲਾਈ ‘ਚ ਕਾਰਜਸ਼ੀਲ ਜਥੇਬੰਦੀਆਂ ਦੀ ਮਦਦ ਕੀਤਿਆਂ ਦਾਨ ਕਲਾ ਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ। ਇਕ ਗੱਲ ਸਪੱਸ਼ਟ ਹੈ ਕਿ ਦਾਨ ਦੇਣ ਵਾਲਾ ਹੰਕਾਰ ਨਾ ਕਰੇ ਅਤੇ ਦਾਨ ਲੈਣ ਵਾਲਾ ਇਸ ‘ਚੋਂ ਵਪਾਰ ਨਾ ਕਰੇ। ਇਸ ਸੰਬੰਧ ਵਿਚ ਭਾਈ ਕਾਨ ਸਿੰਘ ਨਾਭਾ ਜੀ ਨੇ ਗੁਰਮਤਿ ਮਾਰਤੰਡ ਵਿਚ ਲਿਖਿਆ ਹੈ, “ਦੁਖੀ ਦੀਨ ਅਨਾਥਾਂ ਦੀ ਸਾਰ ਲੈਣੀ, ਦੇਸ਼ ਅਤੇ ਕੌਮ ਦੀ ਉਨਤੀ ਲਈ ਹੁਨਰ ਅਰ ਵਿਦਯਾ ਦਾ ਪ੍ਰਚਾਰ ਕਰਨਾ, ਸਿੱਖੀ ਦਾ ਅੰਗ ਰੂਪ ਦਾਨ ਹੈ।” ਸਿੱਖ ਰਹਿਤਨਾਮਿਆਂ ਵਿਚ ਵੀ ਦਾਨ ਕਰਨ ਦੀ ਪ੍ਰੇਰਨਾ ਮਿਲਦੀ ਹੈ:
ਯਥਾ ਸਕਤਿ ਕਛੁ ਦੇਵਹਿ ਦਾਨ। ਸੋਈ ਸਿੰਘ ਹੈ ਪਰਮ ਸੁਜਾਨ॥
(ਭਾਈ ਦੇਸਾ ਸਿੰਘ ਜੀ)

ਲੇਖ ਦੇ ਆਦਿ ਵਿਚ ਗੁਰਬਾਣੀ ਦੀਆਂ ਪੰਕਤੀਆਂ ਸਾਰੰਗ ਵਾਰ ਵਿਚ ਭਗਤ ਪਰਮਾਨੰਦ ਜੀ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਇਨ੍ਹਾਂ ਦਾ ਭਾਵ ਅਰਥ ਇਹੋ ਹੈ ਕਿ ਹੇ ਭਾਈ ! ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁਝ ਵੀ ਨਹੀਂ, ਤੇਰੇ ਅੰਦਰ ਨਾ ਤਾਂ ਪਰਮਾਤਮਾ ਦੀ ਭਗਤੀ ਪੈਦਾ ਹੋਈ ਤੇ ਨਾ ਹੀ ਤੂੰ ਕਿਸੇ ਲੋੜਵੰਦ ਨੂੰ ਦਾਨ ਦੇ ਕੇ ਸਹਾਇਤਾ ਕੀਤੀ। ਇਸ ਲਈ ਦਾਨ ਕਲਾ ਇਕ ਸ਼ਕਤੀ ਹੈ ਜੋ ਫੂਹੀ ਫੂਹੀ ਨਾਲ ਤਲਾਬ ਭਰਨ ਦੀ ਸਮਰੱਥਾ ਰੱਖਦੀ ਹੈ।