119 views 5 secs 0 comments

ਗੁਰੂ ਅਤੇ ਜਗਤ ਦੀ ਸੋਭਾ

ਲੇਖ
March 10, 2025

-ਗਿ. ਦਿੱਤ ਸਿੰਘ

ਪ੍ਯਾਰੇ ਪਾਠਕਾਂ ਦੇ ਦੇਖਨੇ ਅਤੇ ਵਰਤਾਰੇ ਵਿਚ ਇਹ ਬਾਤ ਜਰੂਰ ਆਉਂਦੀ ਹੈ ਕਿ ਹਰ ਇਕ ਪੁਰਖ ਭਾਵੇਂ ਉਹ ਵਡਾ ਹੋਵੇ ਭਾਵੇਂ ਛੋਟਾ ਇਸੀ ਪ੍ਰਕਾਰ ਭਾਵੇਂ ਉਚ ਹੋਵੇ ਭਾਵੇਂ ਨੀਚ ਸੋ ਸਾਰੇ ਅਪਨੀ ਸੋਭਾ ਚਾਹੁੰਦੇ ਹਨ-ਅਤੇ ਹਰ ਇਕ ਕੰਮ ਵਿਚ ਭਾਵੇਂ ਉਹ ਦੀਨ ਦਾ ਹੋਵੇ ਭਾਵੇਂ ਦੁਨੀਆਂ ਦਾ ਇਨ੍ਹਾਂ ਦੋਨਾਂ ਵਿਚ ਅਪਨੀ ਵਡਿਆਈ ਲੋਚਦੇ ਹਨ ਇਸੀ ਵਾਸਤੇ ਕਈ ਕੁ ਪੁਰਖ ਸੰਸਾਰਕ ਸੋਭਾ ਪਿਛੇ ਅਪਨੇ ਗੁਰੂਆਂ ਦੇ ਉਪਦੇਸਾਂ ਨੂੰ ਭੀ ਪਿਠ ਦੇ ਦਿੰਦੇ ਹਨ-ਜੈਸਾ ਕਿ ਖਾਲਸਾ ਕੌਮ ਜੋ ਦਸਾਂ ਗੁਰੂਆਂ ਨੈ ਅਪਨੇ ਆਪਦੀ ਕੁਰਬਾਨੀਆਂ ਕਰਕੇ ਸਾਰੀਆਂ ਕੌਮਾਂ ਨਾਲੋਂ ਇਕ ਵਖਰੀ ਕੌਮ ਸਾਜੀ ਸੀ- ਸੋ ਇਸ ਨੈ ਸੰਸਾਰਕ ਸੋਭਾ ਦੇ ਪਿਛੇ ਲਗ ਕੇ ਗੁਰੂਆਂ ਦੇ ਪੁਰਖਾਰਥ ਨੂੰ ਦਿਲੋਂ ਬਿਲਕੁਲ ਭੁਲਾ ਦਿਤਾ ਹੈ – ਜਿਸਤੇ ਸਿੱਖ ਨਾਮ ਧਰਾ ਕੇ ਭੀ ਇਨ੍ਹਾਂ ਦੇ ਸਾਰੇ ਆਚਾਰੋ ਬਿਹਾਰ ਦੂਸਰੀ ਕੌਮ ਦੇ ਨਾਲ ਮਿਲੇ ਹੋਏ ਦੇਖੀਦੇ ਹਨ ਅਤੇ ਉਸੀ ਕੌਮ ਦੀ ਅਪਨੇ ਆਪ ਨੂੰ ਸਾਖ ਸਮਝ ਕੇ ਅਪਨੇ ਤਾਈਂ ਉਸਦੀ ਫਾਹੀ ਵਿਚ ਫਸਾ ਛਡਿਆ ਹੈ। ਜਿਸ ਤੇ ਜਦ ਕੋਈ ਸ਼ਾਦੀ ਹੁੰਦੀ ਹੈ ਉਦੋ ਜਰੂਰ ਅਪਨੇ ਗੁਰੂਆਂ ਦੇ ਇਸ ਬਚਨ ਨੂੰ ਭੁਲਾ ਕੇ ਕਿ (ਲੈ ਭਾੜ ਕਹੇ ਬਿਆਹੁ॥ ਕਢਿ ਕਾਗਲ ਦਸੇ ਰਾਹੁ॥ ਉਸੀ ਦੇ ਫੰਧੇ ਵਿਚ ਫਸ ਕੇ ਉਸ ਕਾਰਜ ਨੂੰ ਪੂਰਾ ਕਰਦੇ ਹਨ- ‘ ਇਸੀ ‘ ਪ੍ਰਕਾਰ ਸਿੰਘ ਦੇ ਅਸਵਾਰੇ ਪਰ ਭੀ ਉਹੋ ਜਵਾਂ ਦੇ ਪਿੰਡਾਂ ਨੂੰ ਭਰਾਉਂਦੇ ਹਨ ਅਤੇ ਸਿਰ ਪਰ ਭੁੰਗੀ ਅਰ ਗਲ ਵਿਚ ਧਾਗਾ ਅਰ ਕੱਛ ਉਤਾਰ ਕੇ ਧੋਤੀ ਪਾਉਂਦੇ ਹਨ-ਹਾਲਾਂ ਕੇ ਆਸਾ ਦੀ ਵਾਰ ਵਿਚ ਗੁਰੂ ਨੇ ਧਾਗੇ ਦੇ ਗਲ ਵਿਚ ਪਾਉਣ ਦਾ ਨਿਖੇਧ ਕੀਤਾ ਹੈ ਅਤੇ ਦਸਮ ਪਾਤਸਾਹ ਨੈ ਭੀ ਇਹ ਆਖ੍ਯਾ ਹੈ ਕਿ ਸਿੱਖ ਹੋ ਕੇ ਜੋ ਗਲ ਵਿਚ ਸੂਤ੍ਰ ਦਾ ਧਾਗਾ ਪਾਉਂਦਾ ਹੈ ਸੋ ਗੁਰੂ ਦਾ ਸਿੱਖ ਨਹੀਂ ਹੈ ਸੋ ਮਨਮੁਖ ਕਠੋਰ ਹੈ ਪਰੰਤੂ ਇਨ੍ਹਾਂ ਸਾਰਿਆਂ ਗੁਰਾਂ ਦੇ ਉਪਦੇਸ਼ਾਂ ਨੂੰ ਛੱਡ ਕੇ ਅਤੇ ਬੇਮੁਖ ਹੋ ਕੇ ਕੇਵਲ ਅਨਮਤੀਆਂ ਦੇ ਦਾਸ ਬਨ ਕੇ ਉਨ੍ਹਾਂ ਨੂੰ ਪਰਸੰਨ ਕਰਦੇ ਹਨ ਹੁਣ ਅਸੀਂ ਇਹ ਪੁਛਦੇ ਹਾਂ ਕਿ ਕ੍ਯਾ ਅਜੇਹੇ ਸਿਖ ਸਚੇ ਸਿਖ ਕਹਾ ਸਕਦੇ ਹਨ ਯਾ ਗੁਰੂ ਉਨ੍ਹਾਂ ਪਰ ਪਰਸੰਨ ਹੋਨਗੇ।

ਸਾਡੇ ਖ੍ਯਾਲ ਵਿਚ ਤਾਂ ਜਿਸ ਪਰਕਾਰ ਕਿਸੇ ਇਸਤ੍ਰੀ ਨੂੰ ਸਾਰੇ ਲੋਕ ਬੁਰੀ ਸਦਨ ਪਰੰਤੂ ਉਹ ਪਤਿਤਾ ਅਤੇ ਪਤੀ ਦੀ ਆਯਾ ਪਾਲਨ ਵਾਲੀ ਹੋਵੇ ਸੋ ਉਸ ਨਾਲੋਂ ਬਹੁਤ ‘ਅਛੀ ਹੈ ਜੋ ਬਿਭਚਾਰਨੀ ਅਤੇ ਪਤਿ ਦੀ ਆਗਯਾ ਭੰਗ ਕਰਕੇ ਲੋਕਾਂ ਵਿਚ ਚੰਗੀ ਸਦਾਉਨ ਦਾ ਯਤਨ ਕਰਦੀ ਹੈ – ਇਸੀ ਪਰਕਾਰ ਜੋ ਗੁਰੂ ਦੀ ਆਯਾ ਪਾਲਨ ਕਰਨੇ ਵਾਲਾ ਸਿਦਕੀ ਸਿੰਘ ਹੈ ਉਹ ਉਸ ਸਿਖ ਨਾਲੋਂ ਜੋ ਗੁਰਉਪਦੇਸ਼ਾਂ ਤੇ ਮਨਮੁਖ ਹੋ ਕੇ ਲੋਕਾਂ ਨੂੰ ਰਾਜੀ ਕਰਨਾ ਚਾਹੁੰਦਾ ਹੈ ਬਹੁਤ ਅਛਾ ਹੈ।

(ਖ਼ਾਲਸਾ ਅਖ਼ਬਾਰ ਲਾਹੌਰ, ੧੯ ਜੁਲਾਈ ੧੮੯੫, ਪੰਨਾ ੩)