(੧੧ ਮਾਰਚ, ਦਿੱਲੀ ਫਤਿਹ)
-ਡਾ. ਗੁਰਪ੍ਰੀਤ ਸਿੰਘ
ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਮਿਸਲ ਦਾ ਬਹਾਦਰ ਜਰਨੈਲ ਸੀ, ਜਿਸ ਮਿਸਲ ਦੀ ਨੀਂਹ ਸ. ਸ਼ਾਮ ਸਿੰਘ ਨੇ ਰੱਖੀ ਸੀ। ਸ਼ਾਮ ਸਿੰਘ ਦਾ ਪਿੰਡ ਨਾਰਲਾ ਸੀ, ਜੋ ਪਹੂਵਿੰਡ ਦੇ ਨੇੜੇ ਸੀ। ਸ਼ਾਮ ਸਿੰਘ ਜਦ ਜੁਆਨ ਹੋਇਆ ਤਾਂ ਘਰ ਛੱਡ ਕੇ ਕਪੂਰ ਸਿੰਘ ਸਿੰਘਪੁਰੀਏ ਦੇ ਡੇਰੇ ‘ਤੇ ਰਹਿਣ ਲੱਗਾ। ਸ. ਸ਼ਾਮ ਸਿੰਘ ਮਿਹਨਤ ਨਾਲ ਕਪੂਰ ਸਿੰਘ ਦੇ ਡੇਰੇ ਦਾ ਆਗੂ ਬਣ ਗਿਆ। ਇਸਨੇ ਆਪਣੇ ਨਾਲ ੧੫-੧੬ ਸਿੰਘ ਮਿਲਾ ਲਏ। ਹੌਲੀ-ਹੌਲੀ ਇਸਦਾ ੩੦੦ ਸਿੰਘਾਂ ਦਾ ਜਥਾ ਬਣ ਗਿਆ। ਹੁਣ ਇਹ ਜਲੰਧਰ ਦੁਆਬ ਦੇ ਇਲਾਕੇ ਵਿਚ ਆ ਗਿਆ। ਇਹ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਸੀ। ੧੭੩੯ ਈ. ਵਿਚ ਇਸ ਦੀ ਮੌਤ ਹੋ ਗਈ। ਇਸ ਦਾ ਆਪਣਾ ਕੋਈ ਵਾਰਿਸ ਨਹੀਂ ਸੀ।
ਸ਼ਾਮ ਸਿੰਘ ਦਾ ਭਤੀਜਾ ਕਰਮ ਸਿੰਘ ਇਸ ਜਥੇ ਦਾ ਆਗੂ ਬਣਿਆ। ਕਰਮ ਸਿੰਘ ਦਾ ਕੋਈ ਵਾਰਿਸ ਨਹੀਂ ਸੀ। ਇਸ ਪਿਛੋਂ ਬਰਕੀ ਪਿੰਡ (ਲਾਹੌਰ ਕੋਲ) ਦਾ ਨਿਵਾਸੀ ਕਰੋੜਾ ਸਿੰਘ ਇਸ ਮਿਸਲ ਦਾ ਆਗੂ ਬਣਿਆ।੩ ਸੰਨ ੧੭੬੧ ਈ. ਵਿਚ ਤਰਾਵੜੀ ਦੀ ਜੰਗ ਵਿਚ ਕਰੋੜਾ ਸਿੰਘ ਸ਼ਹੀਦ ਹੋ ਗਿਆ ਤਾਂ ਬਘੇਲ ਸਿੰਘ ਮਿਸਲ ਦਾ ਆਗੂ ਬਣਿਆ।
ਸਰਦਾਰ ਬਘੇਲ ਸਿੰਘ ਦਾ ਪਿੰਡ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਸੀ, ਉਸ ਦਾ ਜਨਮ ੧੭੨੫ ਈ. ਦੇ ਆਸ ਪਾਸ ਹੋਇਆ। ਕਈ ਇਤਿਹਾਸਕਾਰ ਉਸਨੂੰ ਹਰਿਆਣਾ (ਹੁਸ਼ਿਆਰਪੁਰ) ਦਾ ਵਸਨੀਕ ਮੰਨਦੇ ਹਨ। ਉਨ੍ਹਾਂ ਦਾ ਖਿਆਲ ਹੈ ਕਿ ਝਬਾਲ ਵਿਖੇ ਸ. ਬਘੇਲ ਸਿੰਘ ਦੀ ਭੈਣ ਸੁੱਖਾਂ ਵਿਆਹੀ ਹੋਈ ਸੀ ਅਤੇ ਮਗਰੋਂ ਉਹ ਆਪ ਵੀ ਇੱਥੇ ਆ ਕੇ ਵੱਸ ਗਿਆ।
ਸਰਦਾਰ ਬਘੇਲ ਸਿੰਘ ਨੇ ਹਰਿਆਣਾ ਪਿੰਡ (ਹੁਸ਼ਿਆਰਪੁਰ) ਨੂੰ ਰਾਜਧਾਨੀ ਬਣਾਇਆ ਸੀ। ਸਰਦਾਰ ਬਘੇਲ ਸਿੰਘ ਨੇ ੧੧ ਮਾਰਚ, ੧੭੮੩ ਈ. ਨੂੰ ਦਿੱਲੀ ਉੱਪਰ ਆਖ਼ਰੀ ਹਮਲਾ ਕਰ ਕੇ ਲਾਲ ਕਿਲ੍ਹਾ ਕਬਜ਼ੇ ਹੇਠ ਕੀਤਾ ਤੇ ਇੱਥੇ ਖਾਲਸਈ ਨਿਸ਼ਾਨ ਸਾਹਿਬ ਝੁਲਾਇਆ ਸੀ।੬ ਸਰਦਾਰ ਬਘੇਲ ਸਿੰਘ ਨੇ ਦਿੱਲੀ ਵਿਚ ਸੱਤ ਗੁਰਦੁਆਰੇ ਕਾਇਮ ਕੀਤੇ ਸਨ। ਬਘੇਲ ਸਿੰਘ ਦੀ ਮੌਤ ੧੭੯੫ ਈ. ਵਿਚ ਹੋਈ।
ਹਵਾਲੇ :
੧. ਭਾਰਤ ਪਾਕਿ ਸਰਹੱਦ ਤੇ ਵਸਿਆ ਪਿੰਡ, ਇਸ ਪਿੰਡ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਇਕ ਮੰਜੀ ਸਥਾਪਿਤ ਕੀਤੀ ਸੀ, ਜਿਸ ਦਾ ਸੇਵਾਦਾਰ ਭਾਈ ਮਾਈ ਦਾਸ ਸੀ। ਇਸ ਪਿੰਡ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਦਾ ਇਕ ਖੂਹ ਵੀ ਦੱਸਿਆ ਜਾਂਦਾ ਹੈ- ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵ ਕੋਸ਼, ਭਾਗ ਤੀਜਾ, ਪੰਨਾ ੧੨੧.
੨. ਕਰਨਲ ਅਵਤਾਰ ਸਿੰਘ ਬਰਾੜ, ਜਰਨੈਲ ਬਘੇਲ ਸਿੰਘ, ਸਤਵੰਤ ਬੁੱਕ ਏਜੰਸੀ, ਚਾਂਦਨੀ ਚੌਕ, ਦਿੱਲੀ, ੨੦੦੫, ਪੰਨਾ ੫੬.
੩. ਉਹੀ, ਪੰਨਾ ੫੭.
8. ਉਹੀ, ਪੰਨਾ ੫੯.
੫. ਡਾ. ਹਰਬੰਸ ਸਿੰਘ ਚਾਵਲਾ, ਸਰਦਾਰ ਬਘੇਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ, ੨੦੧੪, ਪੰਨਾ ੪. ੬. ਕਰਨਲ ਅਵਤਾਰ ਸਿੰਘ ਬਰਾੜ, ਜਰਨੈਲ ਬਘੇਲ ਸਿੰਘ, ਪੰਨਾ ੮੩.