-ਮੇਜਰ ਸਿੰਘ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਰੀ ਸਮੇਂ ਹਜ਼ੂਰ ਸਾਹਿਬ ਜੋ 52 ਬਚਨ ਬਖਸ਼ੇ ਤੇ ਲਿਖਤੀ ਮਿਲਦੇ ਹਨ, ਜਿਨ੍ਹਾਂ ਵਿਚ ਇਕ ਬਚਨ ਇਹ ਵੀ ਹੈ ਕਿ ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਕਰਨੇ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈ ਕੇ ਚਲਣਾ। ਸਿੱਖ ਇਤਿਹਾਸ ‘ਚ ਅਜਿਹੀਆਂ ਬਹੁਤ ਘਟਨਾਵਾਂ ਵਾਪਰੀਆਂ ਜਦੋਂ ਪੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈ ਕੇ ਕਾਰਜ ਕੀਤੇ। ਜਿਵੇਂ- ਭਾਈ ਤਾਰਾ ਸਿੰਘ ਵਾਂ ਦੇ ਡੇਰੇ ‘ਤੇ ਜਦੋਂ ਲਾਹੌਰ ਤੋਂ ਫੌਜ ਚੜ੍ਹੀ ਤਾਂ ਕੁਝ ਸਿੰਘਾਂ ਨੇ ਕਿਹਾ, “ਆਪਾਂ ਥੋੜ੍ਹਾ ਹਾਂ, ਆਹ ਜੰਗ ਕਰਨੀ ਸਿਆਣਪ ਨਹੀਂ, ਹਰਨ ਹੋ ਜਾਈਏ”, ਕੁਝ ਨੇ ਕਿਹਾ, “ਨਹੀਂ ਮੈਦਾਨ ‘ਚ ਜੂਝਣਾ ਚਾਹੀਦਾ”, ਅਖੀਰ ਅਰਦਾਸ ਕਰ ਕੇ ਵਾਕ ਲਿਆ। ਉਸ ਸਮੇਂ ਸਿੰਘਾਂ ਕੋਲ ਦਸ ਗ੍ਰੰਥੀ ਪੋਥੀ ਸਾਹਿਬ ਸੀ। ਹੁਕਮ ਹੋਇਆ:-
ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਐ ॥
ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਐ ॥
ਐਸੋ ਨ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ ॥
ਜਾਂ ਤੇ ਨ ਛੂਟੀਐ ਮੂੜ ਕਹੂੰ ਹਸ ਤਾਂ ਕੀ ਕਿਉਂ ਨ ਸਰਣਾਗਤਿ ਜਈਐ ॥੯੬॥
(ਬਚਿੱਤਰ ਨਾਟਕ ਦਸਮ ਗ੍ਰੰਥ)
ਭਾਈ ਤਾਰਾ ਸਿੰਘ ਨੇ ਸਾਥੀ ਸਿੰਘਾਂ ਸਮੇਤ ਜੂਝ ਕੇ ਸ਼ਹੀਦੀ ਪਾਈ ਸੀ।
ਇੱਕ ਬਾਹਮਣ ਦੀ ਬੇਨਤੀ ‘ਤੇ ਜਦੋਂ ਪੰਥ ਨੇ ਕਸੂਰ ‘ਤੇ ਚੜ੍ਹਾਈ ਦੀ ਗੱਲ ਕੀਤੀ ਤਾਂ ਉਦੋਂ ਵੀ ਦੋ ਧਿਰਾਂ ਬਣੀਆਂ। ਇਕ ਧਿਰ ਨੇ ਕਿਹਾ ਕਿ ਕਸੂਰ ਵੱਡੀ ਤਾਕਤ ਆ ਤੇ ਇਸ ਸਮੇਂ ‘ਬੁੱਢਾ ਦਲ’ ਵੀ ਦੂਰ ਗਿਆ ਹੋਇਆ ਹੈ। ਇਸ ਸਮੇਂ ਹਮਲਾ ਕਰਨਾ ਸਿਆਣਪ ਨਹੀਂ, ਸਰਦਾਰ ਹਰੀ ਸਿੰਘ ਭੰਗੀ ਨੇ ਕਿਹਾ, “ਮੈਂ ਬਚਨ ਕੀਤਾ ਹੋਇਆ ਹੈ”, ਫੇਰ ਸਰਦਾਰ ਚੜ੍ਹਤ ਸਿੰਘ ਨੇ ਕਿਹਾ, “ਹੁਕਮ ਲਉ ਵਾਕ”, ਤਾਂ ਹੁਕਮ ਹੋਇਆ:-
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥
(ਵਾਰ ਬਸੰਤ ਮਹਲ:੫)
ਸਰਦਾਰ ਰਤਨ ਸਿੰਘ ਭੰਗੂ ਲਿਖਦੇ ਹਨ ਕਿ “ਆਟੇ ਵਿਚ ਲੂਣ ਹੁੰਦਿਆਂ ਪੰਥ ਨੇ ਕਸੂਰ ਫ਼ਤਹਿ ਕੀਤਾ”।
ਨਨਕਾਣਾ ਸਾਹਿਬ ਜਥਾ ਲੈ ਕੇ ਜਾਣ ਸਮੇਂ ਭਾਈ ਲਛਮਣ ਸਿੰਘ ਧਾਰੋਵਾਲ ਨੇ ਅਰਦਾਸ ਕਰ ਕੇ ਵਾਕ ਲਿਆ। ਹੁਕਮ ਆਇਆ ਜਿਸ ਵਿਚ ਬਚਨ ਸੀ:-
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ
ਵਿਚਿ ਅਗਨੀ ਆਪੁ ਜਲਾਈ ॥੪॥
ਭਾਈ ਸਾਹਿਬ ਦੀ ਜਥੇ ਸਮੇਤ ਸ਼ਹੀਦੀ ਦਾ ਇਤਿਹਾਸ ਨਨਕਾਣਾ ਸਾਹਿਬ ਸਾਕੇ ‘ਚ ਤੁਸੀਂ ਪੜ੍ਹ ਸਕਦੇ ਹੋ।
ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਚੜ੍ਹਾਈ ਕਰਨ ਤੋਂ ਬਾਅਦ 20 ਅਗਸਤ, 1977 ਈ. ਨੂੰ ਟਕਸਾਲ ਦੇ ਮੁਖੀ ਲਈ ਜਥੇ ਦੇ ਸਿੰਘਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਚੋਣ ਕਰਕੇ ਅਰਦਾਸ ਕੀਤੀ ਤਾਂ ਚਲਦੇ ਅਖੰਡ ਪਾਠ ਸਾਹਿਬ ਚੋਂ ਵਾਕ ਆਇਆ ਸੀ:
ਗਉੜੀ ਮਹਲਾ ੫ ॥
ਗੁਰ ਸੇਵਾ ਤੇ ਨਾਮੇ ਲਾਗਾ ॥
ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥
ਤਿਸ ਕੈ ਹਿਰਦੈ ਰਵਿਆ ਸੋਇ ॥
ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥
ਐਸਾ ਕੀਰਤਨੁ ਕਰਿ ਮਨ ਮੇਰੇ ॥
ਈਹਾ ਉਹਾ ਜੋ ਕਾਮਿ ਤੇਰੈ ॥੧॥ ਰਹਾਉ ॥
ਤਿਸ ਕੈ ਹਿਰਦੈ ਰਵਿਆ ਸੋਇ ॥
ਏਦਾਂ ਦੀਆਂ ਹੋਰ ਵੀ ਬਹੁਤ ਘਟਨਾਵਾਂ ਹਨ ਜਿਸ ਦਾ ਇਤਿਹਾਸ ਵਿਚ ਜ਼ਿਕਰ ਹੈ। ਸਾਰੀਆਂ ਲਿਖਦਿਆਂ ਲਿਖਤ ਲੰਮੀ ਹੋ ਜਾਣੀ, ਸੋ ਮੁਕਦੀ ਗੱਲ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਤ੍ਰਿੰਗ ਕਮੇਟੀ ਨੇ ਦੋ ਤਖ਼ਤਾਂ ਦੇ ਜਥੇਦਾਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੂੰ ਲਾਹ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਐਲਾਨਿਆ। ਕਮੇਟੀ ਨੇ ਖੁਦ ਹੀ ਸੋਸ਼ਲ ਮੀਡੀਆ ਪੇਜ ‘ਤੇ ਪੋਸਟ ਕਰ ਕੇ ਦੱਸਿਆ ਕੇ 10 ਮਾਰਚ, 2025 ਨੂੰ ਕੇਸਗੜ੍ਹ ਸਾਹਿਬ ਸਵੇਰੇ 10:00 ਵਜੇ ਦਸਤਾਰਬੰਦੀ ਹੋਵੇਗੀ, ਪਰ ਕਮੇਟੀ ਨੇ ਬਿਨਾਂ ਕਿਸੇ ਨੂੰ ਦੱਸੇ ਚੁਪਚਾਪ ਰਾਤ 2:50 ‘ਤੇ ਹਨੇਰੇ ਹੀ ਪੰਜ ਪਿਆਰਿਆਂ ਰਾਹੀਂ ਜਥੇਦਾਰੀ ਦੀ ਰਸਮ ਨਿਭਾ ਦਿੱਤੀ, ਜਦਕਿ ਉਸ ਸਮੇਂ ਤਖ਼ਤ ਸਾਹਿਬ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ਮਾਨ ਨਹੀਂ ਸੀ। ਬਾਅਦ ‘ਚ ਮਰਿਆਦਾ ਅਨੁਸਾਰ 4:45 ‘ਤੇ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਏ ਤਾਂ ਵਾਕ ਆਇਆ:
ਸੋਰਠਿ ਮਹਲਾ ੯ ॥
ਮਨ ਰੇ ਕਉਨੁ ਕੁਮਤਿ ਤੈ ਲੀਨੀ ॥
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥
ਉਧਰ ਸਿੱਖੀ ਦੇ ਕੇਂਦਰੀ ਅਸਥਾਨ ਸਚਖੰਡ ਸ੍ਰੀ ਦਰਬਾਰ ਸਾਹਿਬ ‘ਚ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਏ ਤਾਂ ਹੁਕਮਨਾਮਾ ਸਾਹਿਬ ਆਇਆ:
ਸਲੋਕੁ ਮ ੩॥
ਸਤਿਗੁਰ ਤੇ ਜੋ ਮੂੰਹ ਫਿਰੇ ਸੇ ਬਧੇ ਦੁਖ ਸਹਾਹਿ ॥
ਫਿਰਿ ਫਿਰਿ ਮਿਲਣੁ ਨ ਪਾਇਨੀੑ ਜੰਮਹਿ ਤੈ ਮਰਿ ਜਾਹਿ ॥
ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥
ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥
ਸਾਡਾ ਨਾ ਕਮੇਟੀ ਨਾਲ ਕੋਈ ਵਿਰੋਧ ਨਾ ਹੀ ਗਿਆਨੀ ਸੁਲਤਾਨ ਸਿੰਘ ਨਾਲ ਕੋਈ ਭਾਈਵਾਲੀ ਤੇ ਨਾ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨਾਲ ਕੋਈ ਵੱਟ ਦਾ ਰੌਲਾ ਬਲਕਿ ਮੈਂ ਕਦੇ ਦੋਵੇਂ ਗਿਆਨੀ ਸਿੰਘਾਂ ਨੂੰ ਆਹਮਣੇ ਸਾਹਮਣੇ ਨੂੰ ਮਿਲਿਆ ਵੀ ਨਹੀਂ, ਸੂਝਵਾਨ ਸੱਜਣ ਆਪੇ ਵੇਖ, ਪਰਖ ਤੇ ਵਿਚਾਰ ਲੈਣ!