ਹਿਮਾਚਲ ’ਚ ਸਿੱਖ ਨੌਜਵਾਨਾਂ ਨਾਲ ਹੋ ਰਿਹਾ ਧਾਰਮਿਕ ਹਿੰਸਾ ਸਹਿਣਯੋਗ ਨਹੀਂ, ਨੌਜਵਾਨਾਂ ਦੇ ਹੱਕ ‘ਚ ਖੜ੍ਹੇ ਜਥੇਦਾਰ ਕੁਲਦੀਪ ਸਿੰਘ ਗੜਗੱਜ

ਹਰ ਸਾਲ ਦੀ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਦੇ ਮਨਾਲੀ ‘ਚ ਪੰਜਾਬੀ ਨੌਜਵਾਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲਾ ਝੰਡਾ ਉਤਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਥਾਨਕ ਲੋਕ ਅਤੇ ਪੁਲਿਸ ਉਨ੍ਹਾਂ ਦੇ ਵਾਹਨ ਰੋਕ ਕੇ ਨਿਸ਼ਾਨ ਸਾਹਿਬ ਅਤੇ ਸ਼ਹੀਦਾਂ ਦੀ ਤਸਵੀਰ ਹਟਾ ਰਹੇ ਹਨ।

ਕੁਝ ਹਿਮਾਚਲੀ ਲੋਕ, ਪੁਲਿਸ ਦੀ ਹਾਜ਼ਰੀ ਵਿੱਚ, ਸਿੱਖ ਝੰਡਿਆਂ ਅਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਪਾੜ ਰਹੇ ਹਨ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਸਹਿਣਯੋਗ ਨਹੀਂ। ਉਨ੍ਹਾਂ ਨੇ ਪੁੱਛਿਆ ਕਿ ਜੇਕਰ ਪੁਲਿਸ ਵਾਹਨ ਦੀ ਜਾਂਚ ਕਰ ਰਹੀ ਹੈ ਤਾਂ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰ ਨੂੰ ਕਿਸੇ ਦੀ ਧਾਰਮਿਕ ਪਛਾਣ ਉੱਤੇ ਹਮਲਾ ਕਰਨ ਦਾ ਹੱਕ ਕਿਵੇਂ ਮਿਲ ਗਿਆ?

ਹਿਮਾਚਲ ਪੁਲਿਸ ਜਿਵੇਂ ਸਥਾਨਕ ਮੁਸ਼ਟੰਡਿਆਂ ਨਾਲ ਮਿਲਕੇ ਸਿਖਾਂ ਨੂੰ ਤੰਗ ਕਰ ਰਹੇ ਹਨ , ਇਹ ਘਟਨਾਵਾਂ ਸਿੱਖਾਂ ਵਿਰੁੱਧ ਨਫ਼ਰਤੀ ਮਾਹੌਲ ਪੈਦਾ ਕਰਨ ਦੀ ਇੱਕ ਯੋਜਨਾ ਲਗ ਰਹੀ ਹੈ। ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ‘ਤੇ ਇਤਰਾਜ਼ ਕਰਨਾ, ਸਿੱਖ ਕੌਮ ਦੇ ਸ਼ਹੀਦਾਂ ਦੀ ਇਜ਼ਤ ਨਹੀਂ ਕਰਨੀ, ਇਹ ਸਮਾਜ ਨੂੰ ਵੰਡਣ ਦੀ ਸਾਜ਼ਿਸ਼ ਹੈ।

ਜਥੇਦਾਰ ਸਾਹਿਬ ਨੇ ਹਿਮਾਚਲ ਸਰਕਾਰ ਨੂੰ ਆਖਿਆ ਕਿ ਇਹ ਕੁਝ ਸ਼ਰਾਰਤੀ ਤੱਤ ਦੋਵਾਂ ਰਾਜਾਂ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਪੰਜਾਬ ਮੁੱਖ ਮੰਤਰੀ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਇਆ, ਹਰ ਸੰਕਟ ਵਿੱਚ ਹਰ ਧਰਮ ਦੇ ਲੋਕਾਂ ਦੀ ਮਦਦ ਕੀਤੀ। ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ‘ਤੇ ਵਿਵਾਦ ਖੜ੍ਹਾ ਕਰਨਾ, ਦੇਸ਼ਵਿਆਪੀ ਸਿੱਖ ਵਿਰੋਧੀ ਨਫ਼ਰਤ ਦਾ ਹਿੱਸਾ ਨਹੀਂ ਬਣਨਾ ਚਾਹੀਦਾ।

ਉਨ੍ਹਾਂ ਕਿਹਾ ਕਿ ਹਿਮਾਚਲ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅੱਜ ਦੇਸ਼ ਅਜ਼ਾਦ ਹੈ, ਤਾਂ ਇਹ ਸਿੱਖਾਂ ਦੀ ਕੁਰਬਾਨੀ ਕਾਰਨ ਹੀ ਸੰਭਵ ਹੋਇਆ। ਸੰਵਿਧਾਨ ਹਰੇਕ ਨੂੰ ਧਾਰਮਿਕ ਅਜ਼ਾਦੀ ਦਿੰਦਾ ਹੈ, ਪਰ ਸਿੱਖ ਧਰਮ-ਸੰਬੰਧੀ ਚਿੰਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਘੰਭੀਰ ਚਿੰਤਾ ਦਾ ਵਿਸ਼ਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਮਾਮਲਾ ਹਿਮਾਚਲ ਸਰਕਾਰ ਕੋਲ ਉਠਾਉਣ ਦੀ ਹਿਦਾਇਤ ਦਿੱਤੀ ਗਈ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ।