153 views 0 secs 0 comments

ਬਾਲ-ਕਥਾ: ਨਿਮਰਤਾ ਦੀ ਮਹਾਨਤਾ

ਲੇਖ
March 17, 2025

-ਸ. ਸੁਖਦੇਵ ਸਿੰਘ ਸ਼ਾਂਤ

ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਇਹ ਸਾਰੇ ਜਾਣਦੇ ਹਨ ਕਿ ਗੁਰੂ ਜੀ ਨੇ ਆਪਣੇ ਦੋਹਾਂ ਪੁੱਤਰਾਂ ਦੀ ਥਾਂ ਗੁਰਿਆਈ ਭਾਈ ਲਹਿਣਾ ਜੀ ਨੂੰ ਬਖਸ਼ੀ ਸੀ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ। ਇਕ ਵਾਰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਪਾਸ ਬਾਬਾ ਸ੍ਰੀ ਚੰਦ ਜੀ ਮਿਲਣ ਲਈ ਆਏ। ਗੁਰੂ ਜੀ ਦਾ ਦਾਹੜਾ ਬਹੁਤ ਲੰਮਾ ਅਤੇ ਸੰਘਣਾ ਸੀ। ਬਾਬਾ ਸ੍ਰੀ ਚੰਦ ਜੀ ਨੇ ਪੁੱਛਿਆ, “ਗੁਰੂ ਜੀ ਤੁਸਾਂ ਇਹ ਦਾੜ੍ਹੀ ਕਿਉਂ ਏਨੀ ਵਧਾਈ ਹੋਈ ਹੈ?” ਸ੍ਰੀ ਗੁਰੂ ਰਾਮਦਾਸ ਜੀ ਹੱਸ ਕੇ ਬੋਲੇ, “ਬਾਬਾ ਜੀ ਇਹ ਦਾੜ੍ਹੀ ਬੜੇ ਹੀ ਕੰਮ ਆਉਂਦੀ ਹੈ। ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਇਸ ਨਾਲ ਚਰਨ ਝਾੜ ਕੇ ਸਾਨੂੰ ਖੁਸ਼ੀ ਮਿਲਦੀ ਹੈ।” ਬਾਬਾ ਸ੍ਰੀ ਚੰਦ ਜੀ ਹੱਸ ਪਏ ਅਤੇ ਆਖਿਆ, “ਏਸੇ ਮਿਠਾਸ ਅਤੇ ਨਿਮਰਤਾ ਨਾਲ ਸਾਡੇ ਤੋਂ ਗੁਰਗੱਦੀ ਭਾਈ ਲਹਿਣਾ ਜੀ ਨੇ ਖੋਹ ਲਈ ਸੀ। ਤੁਸੀਂ ਹੁਣ ਸਾਡੇ ਤੋਂ ਕੀ ਖੋਹਣਾ ਚਾਹੁੰਦੇ ਹੋ? ਹੁਣ ਸਾਡੇ ਕੋਲ ਖੋਹਣ ਨੂੰ ਕੁਝ ਨਹੀਂ ਹੈ।

ਜਿੰਨਾ ਕੋਈ ਵਿਅਕਤੀ ਮਹਾਨ ਹੁੰਦਾ ਹੈ ਓਨਾ ਹੀ ਉਹ ਮਿੱਠਾ ਅਤੇ ਨਿਮਰਤਾ ਵਾਲਾ ਹੁੰਦਾ ਹੈ। ਖਾਲੀ ਭਾਂਡੇ ਖੜਕਦੇ ਹਨ। ਭਰੇ ਹੋਏ ਭਾਂਡੇ ਖੜਕਦੇ ਨਹੀਂ। ਫਲਾਂ ਨਾਲ ਲੱਦੀ ਟਹਿਣੀ ਹੇਠਾਂ ਨੂੰ ਝੁਕਦੀ ਹੈ। ਨਿਮਰਤਾ ਜ਼ਿੰਦਗੀ ਦਾ ਇਕ ਅਨਮੋਲ ਰਤਨ ਹੈ।