77 views 1 sec 0 comments

ਪੰਚਾਮ੍ਰਿਤ ਕੀ ਹੁੰਦਾ ਹੈ?

ਲੇਖ
March 17, 2025

-ਡਾ. ਜਸਵੰਤ ਸਿੰਘ ਨੇਕੀ

ਮੇਰੇ ਦਾਦਾ ਜੀ ਨੇ ਮੈਨੂੰ ਪੁੱਛਿਆ, “ਕਾਕਾ ਤੈਨੂੰ ਪਤਾ ਏ ਅੰਮ੍ਰਿਤ ਕੀ ਹੁੰਦਾ ਏ?” ਮੈਂ ਉੱਤਰ ਦਿੱਤਾ, “ਹਾਂ ਬਾਬਾ ਜੀ! । ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਬਾਟੇ ਵਿਚ ਜਲ ਪਾ ਕੇ, ਬੀਰ ਆਸਣ ਵਿਚ ਖੰਡੇ ਨਾਲ ਉਸਨੂੰ ਮਥਿਆ ਤੇ ਨਾਲ ਪੰਜ ਬਾਣੀਆਂ ਦਾ ਪਾਠ ਵੀ ਕੀਤਾ। ਮਾਤਾ ਸਾਹਿਬ ਕੌਰ ਜੀ ਨੇ ਵਿਚ ਪਤਾਸੇ ਪਾਏ। ਇਸ ਅਦੁੱਤੀ ਰਸਾਇਣ ਨੂੰ ਅੰਮ੍ਰਿਤ ਕਹਿੰਦੇ ਹਨ।”

“ਕਾਕਾ ਉਹ ਤਾਂ ਅੰਮ੍ਰਿਤ ਹੈ ਈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ। ਇੱਕ ਅੰਮ੍ਰਿਤ ਹੋਰ ਵੀ ਹੈ ਜਿਸਦਾ ਭੁੰਚਨ ਤੂੰ ਹਰ ਰੋਜ਼ ਕਰਦਾ ਹੈਂ। ਉਹ ਤੇਰੀ ਮਾਂ ਸਿਰਜਦੀ ਹੈ। ਸਵੇਰੇ-ਸਵੇਰੇ ਜਪੁਜੀ ਸਾਹਿਬ ਦਾ ਪਾਠ ਕਰਦਿਆਂ ਨਾਸ਼ਤਾ ਤਿਆਰ ਕਰਦੀ ਹੈ। ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਦੁਪਹਿਰ ਦਾ ਲੰਗਰ ਆਯੋਜਨ ਕਰਦੀ ਹੈ। ਫਿਰ ਲੌਢੇ ਵੇਲੇ ਅਨੰਦ ਸਾਹਿਬ ਦਾ ਪਾਠ ਕਰਦਿਆਂ ਸ਼ਾਮ ਦੇ ਚਾਹ-ਪਾਣੀ ਦਾ ਬੰਦੋਬਸਤ ਕਰਦੀ ਹੈ। ਰਾਤੀਂ ਰਹਰਾਸਿ ਸਾਹਿਬ ਦਾ ਪਾਠ ਕਰਦਿਆਂ ਰਾਤ ਦੀ ਰੋਟੀ ਬਣਾ ਕੇ ਪਰੋਸਦੀ ਹੈ ਤੇ ਮਗਰੋਂ ਕੀਰਤਨ ਸੋਹਿਲਾ ਦਾ ਪਾਠ ਕਰਦਿਆਂ ਤੁਹਾਡੇ ਲਈ ਦੁੱਧ ਦਾ ਗਿਲਾਸ ਲੈ ਕੇ ਆਉਂਦੀ ਹੈ। ਉਹ, ਪੰਜ ਵੇਲੇ ਦਾ ਇਹ ਪੰਚਾਮ੍ਰਿਤ ਤੁਹਾਡੇ ਲਈ ਤਿਆਰ ਕਰਦੀ ਹੈ। ਇਸੇ ਨੂੰ ਅੰਮ੍ਰਿਤ ਵੀ ਕਹਿੰਦੇ ਹਨ। ਜਾਹ ! ਆਪਣੀ ਮਾਂ ਨੂੰ ਰੱਬ ਦਾ ਰੂਪ ਸਮਝ ਕੇ ਮੱਥਾ ਟੇਕ !”

“ਬਾਬਾ ਜੀ! ਤੁਸਾਂ ਮੇਰੀ ਮਾਂ ਦਾ ਜੋ ਰੂਪ ਮੇਰੇ ’ਤੇ ਸਪੱਸ਼ਟ ਕੀਤਾ ਹੈ, ਉਹ ਤਾਂ ਦਿਨ ਵਿਚ ਪੰਜ ਵੇਲੇ ਮੱਥਾ ਟਿਕਾਉਣ ਦੀ ਅਧਿਕਾਰੀ ਹੈ। ਮੈਂ ਜ਼ਰੂਰ ਮੱਥਾ ਟੇਕਿਆ ਕਰਾਂਗਾ ਤੇ ਨਾਲ ਤੁਹਾਨੂੰ ਵੀ ਚੇਤੇ ਕਰਿਆ ਕਰਾਂਗਾ, ਜਿਨ੍ਹਾਂ ਇਹ ਮੱਤ ਦਿੱਤੀ ਏ।”