100 views 5 secs 0 comments

ਨਿਰਗੁਣ ਤੇ ਸਰਗੁਣ

ਲੇਖ
March 17, 2025

-ਸ. ਪ੍ਰਕਾਸ਼ ਸਿੰਘ

ਸਿੱਖ ਧਰਮ ਵਿਚ ਵਾਹਿਗੁਰੂ ਦੇ ਦੋ ਸਰੂਪਾਂ ਦਾ ਜ਼ਿਕਰ ਆਇਆ ਹੈ ਇਕ ਨਿਰਗੁਣ ਤੇ ਦੂਜਾ ਸਰਗੁਣ:
ਆਪੇ ਸੂਰੁ ਕਿਰਣਿ ਬਿਸਥਾਰੁ॥
ਸੋਈ ਗੁਪਤੁ ਸੋਈ ਆਕਾਰੁ॥੨॥
ਸਰਗੁਣ ਨਿਰਗੁਣ ਥਾਪੈ ਨਾਉ॥
ਦੁਹ ਮਿਲਿ ਏਕੈ ਕੀਨੋ ਠਾਉ॥
(ਪੰਨਾ ੩੮੭)

ਨਿਰਗੁਣ ਸਰੂਪ ਦਾ ਸਬੰਧ ਤਾਂ ਗੁਪਤ ਹਾਲਤ ਨਾਲ ਹੈ। ਦੂਜੇ ਸ਼ਬਦਾਂ ਵਿਚ ਨਿਰਗੁਣ ਸਰੂਪ ਦਾ ਸਬੰਧ ਵਾਹਿਗੁਰੂ ਦੇ ਉਸ ਸਰੂਪ ਨਾਲ ਹੈ ਜੋ ਅਨੁਭਵ ਜਾਂ ਬਿਆਨ ਤੋਂ ਪਰੇ ਹੈ। ਉਹ ਵਾਹਿਗੁਰੂ ਦਾ ਉਹ ਸਰੂਪ ਹੈ ਜਦ ਸ੍ਰਿਸ਼ਟੀ ਦੀ ਉਤਪਤੀ ਤੇ ਜੀਵਾਂ ਦੀ ਅਸਥਾਪਨਾ ਨਹੀਂ ਸੀ ਹੋਈ। ਮਨੁੱਖ ਵੀ ਪੈਦਾ ਨਹੀਂ ਸੀ ਹੋਇਆ। ਸੋ ਮਨੁੱਖ ਦੀ ਹੋਂਦ ਤੋਂ ਪਹਿਲਾਂ ਜੋ ਵਾਹਿਗੁਰੂ ਦਾ ਸਰੂਪ ਆਪਣੇ ਆਪ ਵਿਚ ਸੀ, ਉਸ ਦਾ ਅਨੁਭਵ ਕਰਨਾ ਕਠਿਨ ਹੀ ਨਹੀਂ, ਸਗੋਂ ਅਸੰਭਵ ਹੈ। ਇਸੇ ਨੂੰ ‘ਸੋਈ ਗੁਪਤ’ ਕਿਹਾ ਹੈ। ਵਾਹਿਗੁਰੂ ਦਾ ਇਹ ਸਰੂਪ ਹੁਣ ਭੀ ਹੈ ਪਰ ਸ੍ਰਿਸ਼ਟੀ-ਰਚਨਾ ਤੋਂ ਪਹਿਲੋਂ ਤਾਂ ਕੇਵਲ ਉਸ ਦਾ ਇਹੀ ਸਰੂਪ ਸੀ। ਵਾਹਿਗੁਰੂ ਦੇ ਦੂਜੇ ਸਰੂਪ-ਸਰਗੁਣ ਸਰੂਪ ਦਾ ਸਬੰਧ ਸ੍ਰਿਸ਼ਟੀ ਦੇ ਨਾਲ ਹੈ, ਜੋ ਕਿ ਦੇਖਿਆ ਜਾ ਸਕਦਾ ਹੈ, ਅਨੁਭਵ ਕੀਤਾ ਜਾ ਸਕਦਾ ਹੈ। ਉਹ ਬਿਆਨ ਹੋ ਸਕਦਾ ਹੈ ਤੇ ਇਸ ਦੀਆਂ ਸਿਫ਼ਤਾਂ ਦਾ ਜ਼ਿਕਰ ਵਧੇਰੇ ਕਰਕੇ ਗੁਰਬਾਣੀ ਵਿਚ ਹੈ। ਇਸ ਨੂੰ ‘ਨਾਮ’ ਜਾਂ “ਨਾਉਂ ਕਿਹਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀ ਪਹਿਲੀ ਪਉੜੀ ਵਿਚ ਇਸ ਤਰ੍ਹਾਂ ਬਾਣੀ ਰਚੀ ਹੈ:
ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥
(ਪੰਨਾ ੪੬੩)

ਭਾਵ ਇਹ ਕਿ ਵਾਹਿਗੁਰੂ ਨੇ ਆਪ ਹੀ ਆਪਣੇ ਆਪ ਨੂੰ ਬਣਾਇਆ ਹੈ (ਜਾਂ ਇਉਂ ਕਹੋ ਕਿ ਉਹ ਆਪ ਹੀ ਆਪਣੇ ਆਪ ਤੋਂ ਹੈ, ਜਿਸ ਨੂੰ ਮੁਸਲਮਾਨ ਖੁਦ+ਆ= ਖੁਦਾ ਕਹਿੰਦੇ ਹਨ) ਅਤੇ ਆਪ ਹੀ ਉਸ ਨੇ ਆਪਣਾ ਨਾਮ ਰੂਪ ਧਾਰਿਆ। ਆਪਣੇ ਤੋਂ ਬਾਹਰ (ਜਾਂ ਦੂਜੀ, ਦੂਈ) ਉਸ ਨੇ ਕੁਦਰਤ ਰਚੀ, ਜਿਸ ਵਿਚ (ਗੁਪਤ) ਬੈਠ ਕੇ ਉਹ ਦੇਖਦਾ ਪਿਆ ਹੈ ਅਤੇ ਖੁਸ਼ ਹੋ ਰਿਹਾ ਹੈ। (ਹੇ ਵਾਹਿਗੁਰੂ!) ਤੂੰ ਆਪ ਹੀ ਦਾਤਾ ਹੈਂ ਤੇ ਆਪ ਹੀ ਕਰਤਾ (ਭਾਵ ਸਿਰਜਣਹਾਰ) ਹੈਂ। ਤੂੰ ਆਪ ਹੀ ਤਰੁਠ ਕੇ ਤੇ ਕਿਰਪਾ ਕਰਕੇ ਦਿੰਦਾ ਹੈਂ। ਤੂੰ ਸਾਰਿਆਂ ਦਾ ਜਾਣੂ ਹੈਂ, ਤੂੰ ਹੁਕਮ ਦੇ ਕੇ ਪ੍ਰਾਣ ਕੱਢ ਲਏਂਗਾ। ਤੂੰ ਵਿਚ ਬੈਠ ਕੇ ਦੇਖ ਰਿਹਾ ਹੈਂ ਤੇ ਚਾਅ ਨਾਲ ਖੁਸ਼ ਹੋ ਰਿਹਾ
ਹੈਂ।

ਸੋ ਇਹ ਗੱਲ ਸਪੱਸ਼ਟ ਹੋ ਗਈ ਕਿ ਵਾਹਿਗੁਰੂ ਕਿਸੇ ਦਾ ਬਣਾਇਆ ਹੋਇਆ ਨਹੀਂ। ਸੈਭੰ ਜਾਂ ਆਪਣੇ ਆਪ ਤੋਂ ਹੈ, ਜਿਵੇਂ ਕਿ ਭਾਈ ਗੁਰਦਾਸ ਜੀ ਨੇ ਦੱਸਿਆ ਹੈ:
ਆਪੇ ਆਪਿ ਉਪਾਇ ਕੈ ਆਪੇ ਅਪਣਾ ਨਾਉ ਧਰਾਇਆ।
(ਵਾਰ ੧੮੭)

ਇਹ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਉਸ ਦੀ ਕੁਦਰਤ ਵਿਚ ਉਸ ਦੇ ਕਿਤਨੇ ਹੀ ਰੂਪ ਕਿਉਂ ਨਾ ਹੋਣ, ਉਹ ਹੈ ਇਕ ਹੀ। ਇਥੇ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਹੋਰ ਧਰਮਾਂ ਵਾਲਿਆਂ ’ਚੋਂ ਕਈਆਂ ਨੇ ਵਾਹਿਗੁਰੂ ਨੂੰ ਨਿਰਗੁਣ ਮੰਨਿਆ ਹੈ ਤੇ ਕਈਆਂ ਨੇ ਸਰਗੁਣ ਪਰ ਸਿੱਖ ਧਰਮ ਵਿਚ ਦੋਵੇਂ ਹਾਲਤਾਂ ਇਕੋ ਹਸਤੀ ਦੀਆਂ ਦੱਸੀਆਂ ਗਈਆਂ ਹਨ, ਕਿਉਂਕਿ:
ਦੁਹ ਮਿਲਿ ਏਕੈ ਕੀਨੋ ਠਾਉ॥
(ਪੰਨਾ ੩੮੭)

ਹਾਂ, ਤਾਂ ਪਹਿਲਾਂ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ ਤਾਂ ਵਾਹਿਗੁਰੂ ਦੇ ਸਾਰੇ ਗੁਣ ਉਸੇ ਅੰਦਰ ਹੀ ਛੁਪੇ ਹੋਏ ਸਨ। ਪਰਗਟ ਨਹੀਂ ਸਨ ਹੋਏ। ਜਦੋਂ ਕੋਈ ਰਚਨਾ ਨਹੀਂ ਸੀ ਤਾਂ ਫਿਰ ਉਹ ਸਿਰਜਣਹਾਰ ਜਾਂ ਕਰਤਾ ਪੁਰਖ ਕਿਵੇਂ ਹੁੰਦਾ। ਪਰ ਜਦੋਂ ਰਚਨਾ ਹੋ ਗਈ ਤਾਂ ਉਸ ਦੇ ਸਾਰੇ ਗੁਣ ਪ੍ਰਤੱਖ ਹੋ ਕੇ ਸਾਹਮਣੇ ਆ ਗਏ। ਉਸ ਦੇ ਇਸ ਸਰਗੁਣ ਸਰੂਪ ਦਾ ਪ੍ਰਕਾਸ਼ ਉਸ ਦੀ ਕੁਦਰਤ ਵਿਚੋਂ ਦਿੱਸਦਾ ਹੈ। ਇਹ ਮਨੁੱਖ ਉਸ ਦੇ ਇਸ ਸਰੂਪ ਦਾ ਹੀ ਹਿੱਸਾ ਹੈ ਤੇ ਇਸ ਮਨੁੱਖੀ ਆਤਮਾ ਨੇ ਉਸ ਨੂੰ ਵੱਖ-ਵੱਖ ਵੇਲਿਆਂ ਵਿਚ ਵੱਖ-ਵੱਖ ਪੱਖਾਂ ਤੋਂ ਅਨੁਭਵ ਕਰਕੇ ਵੱਖ-ਵੱਖ ਤਰੀਕਿਆਂ ਵਿਚ ਬਿਆਨ ਕੀਤਾ ਹੈ। ਮਨੁੱਖ ਉਸ ਦੇ ਪਹਿਲੇ ਸਰੂਪ ਦਾ ਨਕਸ਼ਾ ਨਹੀਂ ਖਿੱਚ ਸਕਦਾ।

ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੀ ਗੂਜਰੀ ਦੀ ਵਾਰ ਦੀ ਪਹਿਲੀ ਪਉੜੀ ਵਿਚ ਵਾਹਿਗੁਰੂ ਦੇ ਇਨ੍ਹਾਂ ਦੋਹਾਂ ਸਰੂਪਾਂ ਵੱਲ ਇਸ਼ਾਰਾ ਕੀਤਾ ਹੈ। ਗੁਰੂ ਜੀ ਨੇ ਇਉਂ ਬਿਆਨ ਕੀਤਾ ਹੈ:-
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤੂੰ ਲੋਈ॥
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥
ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥
(ਪੰਨਾ ੫੦੯)

ਉਸ ਨੇ ਕੁਦਰਤ ਜਾਂ ਸ੍ਰਿਸ਼ਟੀ ਰਚਨਾ ਆਪਣੇ ਆਪ ਨੂੰ ਪ੍ਰਤੱਖ ਕਰਨ ਲਈ ਕੀਤੀ। ਉਸ ਵਿਚ ਹੁਣ ਵੀ ਉਹ ਨਿਰਗੁਣ ਸਰੂਪ ਵਿਚ ਗੁਪਤ ਬੈਠਾ ਹੈ ਤੇ ਕੰਮ ਕਰ ਰਿਹਾ ਹੈ ਅਤੇ ਖੁਸ਼ ਹੋ ਰਿਹਾ ਹੈ।

ਜ਼ਰਾ ਗਹੁ ਨਾਲ ਵੀਚਾਰੀਏ ਤਾਂ ਪਤਾ ਲੱਗੇਗਾ ਕਿ ਧਰਮ ਵਿਚ ਅਮਲੀ ਤੌਰ ‘ਤੇ ਵਾਹਿਗੁਰੂ ਦੇ ਦੂਜੇ ਸਰੂਪ ਭਾਵ ਸਰਗੁਣ ਸਰੂਪ ਨਾਲ ਹੀ ਵਧੇਰੇ ਵਾਸਤਾ ਪੈਂਦਾ ਹੈ। ਇਸ ਲਈ ਉਸ ਦੇ ਜਿਤਨੇ ਗੁਣ ਬਾਣੀ ਵਿਚ ਆਉਂਦੇ ਹਨ ਉਹ ਸਰਗੁਣ ਸਰੂਪ ਦੇ ਹਨ। ਗੁਰਬਾਣੀ ਦੇ ਆਰੰਭ ਨੂੰ ਹੀ ਲਓ। ਮੂਲ-ਮੰਤ੍ਰ ਜੋ ਕਿ ‘ੴ ਤੋਂ ਲੈ ਕੇ ਗੁਰ ਪ੍ਰਸਾਦਿ’ ਤਕ ਹੈ, ਉਸ ਵਿਚ ਜਿਤਨੇ ਭੀ ਗੁਣ ਪਰਮਾਤਮਾ ਦੇ ਆਏ ਹਨ ਉਹ ਸਰਗੁਣ ਸਰੂਪ ਦੇ ਹੀ ਹਨ।
ਵਾਗਿਹਰੂ ਦੇ ਇਨ੍ਹਾਂ ਦੋਹਾਂ ਸਰੂਪਾਂ ਦਾ ਵਿਸਥਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ਸਾਹਿਬ’ ਦੀ ਇੱਕੀਵੀਂ (੨੧ਵੀਂ) ਅਸਟਪਦੀ ਵਿਚ ਕੀਤਾ ਹੈ, ਜੋ ਕਿ ਇਸ ਸਲੋਕ ਨਾਲ ਸ਼ੁਰੂ ਹੁੰਦੀ ਹੈ:
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥
(ਪੰਨਾ ੨੯੦)

ਇਸ ਅਸਟਪਦੀ ਨੂੰ ਪੜ੍ਹਨ ਨਾਲ ਪਤਾ ਲਗਦਾ ਹੈ ਕਿ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਇਸ ਨਾਲ ਇਸ ਖਿਆਲ ਦਾ ਖੰਡਨ ਹੋ ਜਾਂਦਾ ਹੈ ਕਿ ਜਗਤ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ ਹੈ ਕਿਉਂਕਿ ਜਦੋਂ ਅਜੇ ਰਚਨਾ ਨਹੀਂ ਸੀ ਹੋਈ ਤਾਂ ਇਹ ਮਾਇਆ ਨਹੀਂ ਸੀ, ਜੀਵ ਨਹੀਂ ਸਨ ਕੇਵਲ ਨਿਰਗੁਣ ਸਰੂਪ ਵਿਚ ਵਾਹਿਗੁਰੂ ਹੀ ਸੀ। ਜੇ ਜੀਵ ਨਹੀਂ ਸਨ ਤਾਂ ਫਿਰ ਕਰਮ ਭੀ ਨਹੀਂ ਸਨ। ਪਰਮਾਤਮਾ ਨੇ ਜੀਵਾਂ ਤੇ ਕਰਮਾਂ ਦੀ ਖੇਡ ਆਪ ਹੀ ਰਚੀ ਹੈ। ਇਹ ਪਾਪ ਪੁੰਨ ਬਣਾਏ ਹਨ ਤੇ ਇਨ੍ਹਾਂ ਦੇ ਚੰਗੇ ਮੰਦੇ ਫਲ ਵੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਹਾਲਤਾਂ ਬਾਰੇ ‘ਬਾਵਨ ਅਖਰੀਂ ਦੀ ਪਹਿਲੀ ਪਉੜੀ ਵਿਚ ਵੀ ਜ਼ਿਕਰ ਕੀਤਾ ਹੈ ਅਤੇ ਮਾਰੂ ਸੋਲਹੇ ਮ:੧ ਵਿਚ ਵੀ ਵਿਆਖਿਆ ਹੈ। ਜੈਤਸਰੀ ਮ: ੫, ਵਾਰ ਬਿਹਾਗੜਾ ਮ: ੪ ਤੇ ਸੂਹੀ ਛੰਤ ਮ: ੫ ਵੀ ਦੋਹਾਂ ਸਰੂਪਾਂ ਵੱਲ ਇਸ਼ਾਰੇ ਹਨ ਜਾਂ ਵਿਆਖਿਆ।

ਸੋ ਜਦ ਵਾਹਿਗੁਰੂ ‘ਗੁਪਤਹ ਪਰਗਟੀ ਆਇਆ’ ਤਾਂ ਉਹ ਨਿਰਗੁਣ ਤੋਂ ਸਰਗੁਣ ਸਰੂਪ ਵਿਚ ਆਇਆ, ਇਸੇ ਨੂੰ ‘ਨਾਮ’ ਰੂਪ ਕਿਹਾ ਹੈ।
(੩/੧੯੫੮)