
– ਮੇਜਰ ਸਿੰਘ
ਜਦੋਂ ਵੀ ਪੰਜਾਬ ‘ਚ ਜ਼ੁਲਮ ਦੀ ਗੱਲ ਚੱਲਦੀ ਆ, ਪੁਰਾਣੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਨਵਾਬ ਮੀਰ ਮੰਨੂ ਤੇ ਜ਼ਕਰੀਏ ਦਾ ਜ਼ਿਕਰ ਕਹਾਵਤ ਵਾਂਗ ਕੀਤਾ ਜਾਂਦਾ।
ਸੰਤ ਜਰਨੈਲ ਸਿੰਘ ਜੀ ਅਕਸਰ ਪੰਜਾਬ ਦੇ ਮੁੱਖ ਮੰਤਰੀ ਦਰਬਾਰੇ ਨੂੰ ਜ਼ਕਰੀਏ ਦੇ ਨਾਮ ਨਾਲ ਹੀ ਸੰਬੋਧਨ ਕਰਦੇ ਸੀ।
ਇਤਿਹਾਸ ‘ਚ ਜ਼ਿਕਰ ਆ ਸਰਕਾਰੀ ਜ਼ੁਲਮ ਕਰਕੇ ਕਈ ਸਾਲਾਂ ਤੋਂ ਦੀਵਾਲੀ ਦਾ ਮੇਲਾ ਨਹੀਂ ਲੱਗਾ ਸੀ, ਪੰਥ ਇਕੱਠਾ ਨਹੀਂ ਹੋ ਸਕਿਆ ਸੀ। ਭਾਈ ਮਨੀ ਸਿੰਘ ਹੋਣਾਂ ਨੇ ਜ਼ਕਰੀਏ ਨਾਲ ਗੱਲ ਕਰਕੇ ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਮੇਲਾ ਮਨਾਉਣ ਦੀ ਖੁੱਲ੍ਹ ਲੈ ਲਈ। ਭਾਈ ਸਾਹਿਬ ਨੇ ਦੀਵਾਲੀ ‘ਤੇ ਬਣਦਾ ਟੈਕਸ ਵੀ ਭਰਨ ਦਾ ਮੰਨ ਲਿਆ। ਅੰਮ੍ਰਿਤਸਰ ਦੀਵਾਲੀ ਦੇ ਮੇਲੇ ਦੀ ਤਿਆਰੀ ਹੋਣ ਲੱਗੀ ਪਈ। ਸਾਰੇ ਪਾਸੇ ਸਿੱਖਾਂ ਨੂੰ ਚਿੱਠੀਆਂ ਭੇਜੀਆਂ।
ਜ਼ਕਰੀਏ ਨੇ ਮੇਲਾ ਲਗਾਉਣ ਦੀ ਖੁੱਲ੍ਹ ਤਾਂ ਦਿੱਤੀ ਸੀ, ਪਰ ਅੰਦਰ ਖੋਟ ਰੱਖੀ। ਸੋ ਨਾਲ ਹੀ ਗੁਪਤ ਰੂਪ ‘ਚ ਅੰਮ੍ਰਿਤਸਰ ਦੇ ਚਾਰੇ ਪਾਸੇ ਫ਼ੌਜ ਬਿਠਾ ਦਿੱਤੀ। ਜ਼ਕਰੀਏ ਨੇ ਸੋਚਿਆ ਐਵੇਂ ਲੱਭ-ਲੱਭ ਮਾਰਨੇ ਪੈਂਦੇ ਆ। ਮੇਲੇ ‘ਤੇ ਮੁੱਖ-ਮੁੱਖ ਸਿੱਖ ਸਰਦਾਰ ਇਕੱਠੇ ਹੋਣਗੇ, ਸਾਰਿਆਂ ਨੂੰ ਇੱਕੋ ਵੇਲੇ ਹਮਲਾ ਕਰਕੇ ਖ਼ਤਮ ਕਰ ਦਿੱਤਾ ਜਾਵੇ ਜਾਂ ਗ੍ਰਿਫ਼ਤਾਰ ਕਰ ਲੈਣਾ। ਪਰ ਇਸ ਕਮੀਨਪੁਣੇ ਦਾ ਪਤਾ ਲੱਗਣ ‘ਤੇ ਭਾਈ ਮਨੀ ਸਿੰਘ ਨੇ ਮੇਲਾ ਰੋਕ ਦਿੱਤਾ। ਕਤਲੇਆਮ ਤੋਂ ਪੰਥ ਬਚ ਗਿਆ, ਪਰ ਖੋਟੀ ਮਨਸ਼ਾ ਪੂਰੀ ਨਾ ਹੁੰਦੀ ਵੇਖ ਜ਼ਕਰੀਏ ਨੇ ਭਾਈ ਮਨੀ ਸਿੰਘ ਤੇ ਨਾਲ ਦੇ ਸਾਥੀ ਗ੍ਰਿਫ਼ਤਾਰ ਕਰ ਲਏ ਤੇ ਸਭ ਨੂੰ ਸ਼ਹੀਦ ਕੀਤਾ।
ਮਿਤੀ 19 ਮਾਰਚ ਨੂੰ ਕੇਂਦਰ ਸਰਕਾਰ ਦੀ ਕਿਸਾਨ ਜਥੇਬੰਦੀਆਂ ਨਾਲ ਚੰਡੀਗੜ੍ਹ ‘ਚ ਮੀਟਿੰਗ ਸੀ। ਦੂਜੇ ਪਾਸੇ ਪੰਜਾਬ ਪੁਲਿਸ ਤਿਆਰ ਸੀ ਜੋ ਮੀਟਿੰਗ ਤੋਂ ਬਾਅਦ ਇੱਕਦਮ ਕਿਸਾਨਾਂ ‘ਤੇ ਹਮਲਾਵਰ ਹੋਈ। ਕਿਸਾਨ ਆਗੂ ਪੰਧੇਰ ਨੂੰ 100 ਦਿਨਾਂ ਤੋਂ ਵੱਧ ਭੁੱਖ ਹੜਤਾਲ ‘ਤੇ ਬੈਠੇ ਬਜ਼ੁਰਗ ਡੱਲੇਵਾਲ ਨੂੰ ਚੁੱਕ ਲਿਆ। ਹੋਰ ਕਈ ਕਿਸਾਨਾਂ ਨਾਲ ਧੱਕਾ-ਮੁੱਕੀ ਕੀਤੀ। ਕਈਆਂ ਦੀਆਂ ਪੱਗਾਂ ਲਾਹੀਆਂ। ਵੀਡੀਓ ਤੇ ਫੋਟੋਆਂ ਪਈਆਂ ਸੋਸ਼ਲ ਮੀਡੀਆ ‘ਤੇ ਵੇਖ ਸੁਣ ਸਕਦੇ ਹੋ। ਇਹ ਵੀ ਪਤਾ ਲੱਗਾ ਕੇ ਸਵੇਰ ਤੋਂ ਸ਼ੰਭੂ ਬਾਰਡਰ ‘ਤੇ ਨੈੱਟ ਵੀ ਬੰਦ ਕਰ ਦਿੱਤਾ ਤੇ ਵੱਡੀ ਗਿਣਤੀ ‘ਚ ਪੁਲਿਸ ਤੈਨਾਤ ਸੀ।
ਖਨੌਰੀ ‘ਤੇ ਵੀ ਹਾਲਾਤ ਬਦਲ ਗਏ ਆ, ਨੈੱਟ ਬੰਦ ਕਰਤਾ। ਨਾਲ ਹੀ ਡੀ.ਆਈ.ਜੀ. ਮਨਦੀਪ ਸਿੱਧੂ ਨੇ ਚਿਤਾਵਨੀ ਰੂਪ ‘ਚ ਸਾਫ਼ ਕਿਹਾ ਅੱਜ ਰਾਤ ਨੂੰ ਇਹ ਰਾਹ ਖਾਲੀ ਕਰਵਾਉਣਾ, ਕਿਸੇ ਵੀ ਹਾਲਤ ‘ਚ।
ਇਹ ਸਭ ਵੇਖ ਸੁਣ ਕੇ ਕਹਿਣ ‘ਚ ਕੋਈ ਹਰਜ ਨਹੀਂ ਕਿ ਅੱਜ ਵੀ ਜ਼ਕਰੀਆਸ਼ਾਹੀ ਰਾਜ ਪੰਜਾਬ ‘ਤੇ ਹੈ।