152 views 7 secs 0 comments

ਕੌਮੀ ਉਨਤੀ ਦੇ ਸਾਧਨ- 2

ਲੇਖ
March 27, 2025

ਗਿਆਨੀ ਦਿੱਤ ਸਿੰਘ

ਪਿਛਲੇ ਪਰਚੇ ਵਿੱਚ ਅਸੀਂ ਈਸਾਈ ਕੌਮ ਦੇ ਬਾਨੀ ਮਹਾਤਮਾ ਮਸੀਹ ਦਾ ਹਾਲ ਅਤੇ ਉਨਾਂ ਦੇ ਸੇਵਕਾਂ ਦਾ ਪੁਰਖਾਰਥ ਕਥਨ ਕਰਕੇ ਅਪਨੇ ਪਾਠਕਾਂ ਪ੍ਰਤਿ ਪ੍ਰਗਟ ਕਰ ਆਏ ਹਾਂ ਉਨ੍ਹਾਂ ਨੇ ਅਪਨੇ ਗੁਰੂ ਦੇ ਪੁਰਖਾਰਥ ਨੂੰ ਅਜੇਹੇ ਦੁਖ ਸਹਾਰ ਕੇ ਪੂਰਨ ਕੀਤਾ ਸੀ। ਇਸੀ ਪਰਕਾਰ ਜਦ ਅਸੀਂ ਮੁਸਲਮਾਨ ਧਰਮ ਦੇ ਕਰਤਾ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ ਦੇਖਦੇ ਹਾਂ ਤਦ ਸਾਨੂੰ ਉਸਤੇ ਭੀ ਇਹੋ ਉਪਦੇਸ ਮਿਲਦਾ ਹੈ ਜੋ ਮਸੀਹ ਦੇ ਸੇਵਕਾਂ ਨੇ ਕੀਤਾ ਸੀ, ਉਨ੍ਹਾਂ ਦੀ ਤਾਰੀਖ ਏਹ ਦਸਦੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਚਾਲੀ ਸਾਲ ਤਕ ਆਮ ਆਦਮੀਆਂ ਦੀ ਤਰਹ ਅਰਬ ਦੇਸ ਦੇ ਦੀਨੇ ਨਾਮੇ ਨਗਰ ਵਿਚ ਅਪਨੀ ਉਮਰਾ ਬਤੀਤ ਕਰਦੇ ਰਹੇ ਅਤੇ ਇੱਕ ਇਸਤ੍ਰੀ ਦੇ ਤੇ ਉਸਦੇ ਊਠਾਂ ਦੇ ਸਰਵਾਨ ਰਹਕੇ ਉਸ ਦਾ ਕੰਮ ਕਰਦੇ ਰਹੇ-ਜਿਸਤੇ ਕੁਝ ਮਗਰੋਂ ਉਸੀ ਨਾਲ ਸ਼ਾਦੀ ਕਰਕੇ ਗ੍ਰਹਸਤੀ ਬਨ ਗਏ ਅਤੇ ਨਾਲ ਹੀ ਚਿੱਤ ਵਿਚ ਉਸ ਦੇਸ ਦੀਆਂ ਬੁਰਾਈਆ ਦੇ ਦੂਰ ਕਰਨ ਦਾ ਖਯਾਲ ਆਇ ਗਿਆ-ਜਿਸ ਪਰ ਉਨ੍ਹਾਂ ਨੇ ਧਾਰਮਕ ਕੰਮ ਨੂੰ ਕਰਨਾ ਆਰੰਭ ਕਰ ਦਿਤਾ ਜਿਸ ਪਰ ਉਨ੍ਹਾਂ ਦੇ ਚਾਰ ਸਾਥੀ ਅਜੇਹੇ ਹੋ ਗਏ ਜਿਨ੍ਹਾਂ ਨੇ ਅਪਨੇ ਜੀਵਨ ਨੂੰ ਮਹੰਮਦ ਸਾਹਿਬ ਦੇ ਪੁਰਖਾਰਥ ਪਰ ਕੁਰਬਾਨ ਕੀਤਾ ਸੀ-ਜਿਨ੍ਹਾਂ ਨੂੰ ਚਾਰ ਯਾਰ ਅਤੇ ਖਲੀਫੇ ਸਦਦੇ ਹਨ-ਜਿਨ੍ਹਾਂ ਦੇ ਨਾਮ-ਉਮਰ ਅਬੂ, ਆਸਮਾਨ ਅਤੇ ਅਲੀ ਕਰਕੇ ਸੱਦੀਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੂੰ ਅਪਨੇ ਕੰਮ ਦੇ ਕਰਨੇ ਸਮਯ ਅਤੇ ਮੁਸਲਮਾਨੀ ਦੀਨ ਦੁਨੀਆ ਪਰ ਕਾਇਮ ਰੱਖਨ ਲਈ ਕਈ ਪਰਕਾਰ ਦੇ ਦੁੱਖ ਸਹਾਰਨੇ ਪਏ ਅਤੇ ਯਹੂਦੀ ਬਾਦਸਾਹਾਂ ਨਾਲ ਯੁੱਧ ਕਰਨੇ ਪਏ। ਐਥੋਂ ਤਕ ਜੋ ਇੱਕ ਜਗਾ ਪਰ ਉਨ੍ਹਾਂ ਦੇ ਦੋ ਦੰਦ ਭੀ ਸ਼ਹੀਦ ਹੋਏ ਸਨ- ਗਲ ਕਾਹਦੀ ਜੋ ਇਸੀ ਪਰਕਾਰ ਕੰਮ ਕਰਦੇ ਕਰਦੇ ਜਦ ਉਹ ਮਦੀਨੇ ਸ਼ਹਰ ਵਿੱਚ ਦੇਹ ਤ੍ਯਾਗ ਗਏ ਤਦ ਉਨ੍ਹਾਂ ਦੇ ਪਿੱਛੇ ਉਨ੍ਹਾਂ ਚਾਰਾਂ ਯਾਰਾਂ ਨੇ ਅਪਨੇ ਸਮਯ ਪਰ ਉਨ੍ਹਾਂ ਦੇ ਪੁਰਖਾਰਥ ਨੂੰ ਪੂਰਾ ਕਰਨ ਲਈ ਯਤਨ ਕੀਤਾ- ਜਿਸ ਪਰ ਉਨ੍ਹਾਂ ਨੇ ਹਜਾਰਾਂ ਜੰਗ ਅਤੇ ਹਜਾਰਾਂ ਉਪਦੇਸ਼ਾਂ ਨਾਲ ਇਸ ਦੀਨ ਨੂੰ ਵਧਾਇਆ ਅਤੇ ਦੂਸਰੀਆਂ ਕੌਮਾਂ ਅਤੇ ਉਨ੍ਹਾਂ ਦੇ ਬਾਦਸ਼ਾਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਦੀਨ ਮੁਹੰਮਦੀ ਜਰੂਰ ਫੈਲੇਗਾ ਜਿਸ ਪਰ ਉਹ ਬਾਦਸ਼ਾਹ ਭੀ ਇਸ ਖਯਾਲ ਪਰ ਮੁਸਲਮਾਨ ਹੋ ਗਏ।

ਆਖਦੇ ਹਨ ਕਿ ਇੱਕ ਯਹੂਦੀ ਬਾਦਸ਼ਾਹ ਖਲੀਫੇ ਅਸਮਾਨ ਦੀ ਖਲਾਫਤ ਵਿੱਚ ਭਾਰੀ ਫੌਜ ਲੈ ਕੇ ਉਸ ਨਾਲ ਲੜਨ ਆਇਆ ਅਰ ਕੁਝ ਫਾਸਲੇ ਪਰ ਠਹਰ ਕੇ ਉਸਨੇ ਖਲੀਫੇ ਅਸਮਾਨ ਨੂੰ ਖਬਰ ਭੇਜੀ ਕਿ ਜੇ ਤੁਹਾਡਾ ਦੀਨ ਸੱਚਾ ਹੈ ਤਾਂ ਮੇਰੇ ਪਾਸ ਆਕੇ ਉੱਤਰ ਪਰਸ਼ਨ ਕਰਕੇ ਸੱਚ ਝੂਠ ਨਤਾਰ ਲੇਵੋ- ਅਤੇ ਜੇ ਸੱਚਾ ਹੋਇਆ ਤਾਂ ਮੈਂ ਕਬੂਲ ਕਰਾਂਗਾ ਅਰ ਨਹੀਂ ਯੁੱਧ ਹੋਵੇਗਾ-ਇਸ ਖ਼ਬਰ ਮਿਲਦੇ ਹੀ ਖਲੀਫਾ ਜੀ ਇੱਕ ਊਠ ਪਰ ਅਸਵਾਰ ਹੋ ਕੇ ਇਕੱਲੇ ਹੀ ਉਸਦੇ ਪਾਸ ਗਏ ਅਰ ਇੱਕ ਆਦਮੀ ਜੋ ਊਠ ਹੱਕਨ ਵਾਲਾ ਸੀ ਸੋ ਨਾਲ ਲੈ ਲੀਤਾ- ਪਰੰਤੂ ਉਸ ਨਾਲ ਇਹ ਇਕਰਾਰ ਸੀ ਕਿ ਪੰਜ ਪੰਜ ਕੋਹ ਇੱਕ ਇੱਕ ਜਣਾਂ ਊਠ ਪਰ ਚੜ੍ਹੇ ਜਿਸਤੇ ਪੰਜ ਕੋਹ ਖਲੀਫਾ ਚੜ੍ਹਦਾ ਸੀ ਅਤੇ ਪੰਜ ਕੋਹ ਨਾਲਦਾ ਸਾਥੀ ਜਾਂਦਾ ਸੀ-ਪਰੰਤੂ ਜਦ ਉਸ ਬਾਦਸ਼ਾਹ ਦੇ ਪਾਸ ਗਏ ਤਦ ਨਾਲ ਦਾ ਨੌਕਰ ਉਠ ਪਰ ਸੀ ਅਤੇ ਖਲੀਫਾ ਊਠ ਦੀ ਬਾਗ ਪਕੜੇ ਹੇਠਾਂ ਜਾਂਦਾ ਸੀ ਜਿਸ ਪਰ ਬਾਦਸ਼ਾਹ ਨੂੰ ਕਿਸੇ ਨੇ ਖ਼ਬਰ ਦਿੱਤੀ ਕਿ ਜੋ ਹੇਠਾਂ ਪੈਦਲ ਚਲ੍ਯਾ ਆਉਂਦਾ ਹੈ ਸੋਈ ਖਲੀਫਾ ਹੈ-ਇਸ ਗਲ ਨੂੰ ਦੇਖ ਕੇ ਬਾਦਸ਼ਾਹ ਨੇ ਖਲੀਫੇ ਦੇ ਪੈਰ ਪਕੜ ਕੇ ਦੀਨ ਇਸਲਾਮ ਕਬੂਲ ਕਰ ਲੀਤਾ ਅਤੇ ਚਿੱਤ ਵਿਚ ਜਾਤਾ ਕਿ ਜਿਨ੍ਹਾਂ ਵਿੱਚ ਇਹ ਧੀਰਜ ਅਰ ਨਿਰਮਾਨਤਾ ਹੈ ਸੋ ਬੇਸ਼ਕ (ਬਿਨਾ ਸ਼ੱਕ) ਧਰਤੀ ਪਰ ਫੈਲ ਜਾਨਗੇ।

ਪ੍ਯਾਰੇ ਪਾਠਕ ਦੇਖ ਸਕਦੇ ਹਨ ਜੋ ਇਹ ਮੁਸਲਮਾਨ ਕੌਮ ਅਜਕਲ ਕਿਸ ਪਰਕਾਰ ਵਧ ਰਹੀ ਹੈ-ਸੋ ਇਹ ਇਸੀ ਬਾਤ ਦਾ ਫਲ ਹੈ ਜੋ ਇਨ੍ਹਾਂ ਨੇ ਅਪਨੇ ਨਬੀ ਦੇ ਪੁਰਖਾਰਥ ਨੂੰ ਪੂਰਾ ਕਰਨ ਲਈ ਅਪਨੇ ਜੀਵਨ ਨੂੰ ਕੁਰਬਾਨ ਕੀਤਾ-ਇਸਤੇ ਅਗਲੇ ਪਰਚੇ ਵਿੱਚ ਅਸੀਂ ਖ਼ਾਲਸਾ ਪੰਥ ਦੇ ਬਾਨੀਆਂ ਦਾ ਕਥਨ ਕਰਕੇ ਦੱਸਾਂਗੇ ਕਿ ਉਨ੍ਹਾਂ ਦੇ ਸੇਵਕਾਂ ਨੇ ਕ੍ਯਾ ਕੁਝ ਕੀਤਾ।

(ਖ਼ਾਲਸਾ ਅਖ਼ਬਾਰ ਲਾਹੌਰ, ੯ ਅਗਸਤ ੧੮੯੫, ਪੰਨਾ ੩)