
-ਸ. ਸੁਖਦੇਵ ਸਿੰਘ ਸ਼ਾਂਤ
ਇੱਕ ਵਾਰ ਦੀ ਗੱਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਲਾਈ ਬੈਠੇ ਸਨ। ਆਪ ਜੀ ਨੇ ਅਚਾਨਕ ਸਾਹਮਣੇ ਬੈਠੇ ਸਿੱਖਾਂ ਨੂੰ ਸੁਆਲ ਕੀਤਾ, “ਭਾਈ ਸਿੱਖ ! ਜਿਸ ਸਮੇਂ ਭਗਤ ਕਬੀਰ ਜੀ ਹੋਏ,ਉਸ ਸਮੇਂ ਇਸ ਦੇਸ਼ ਦਾ ਰਾਜਾ ਕੌਣ ਸੀ?”
ਸਿੱਖਾਂ ਵਿਚੋਂ ਕੋਈ ਵੀ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਿਆ। ਸਿੱਖ ਉਦਾਸ ਹੋ ਗਏ ਕਿ ਉਹ ਗੁਰੂ ਜੀ ਦੇ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕੇ। ਸਿੱਖਾਂ ਦੀ ਹੈਰਾਨੀ ਦੇਖਣ ਯੋਗ ਸੀ ਜਦੋਂ ਗੁਰੂ ਜੀ ਨੇ ਉੱਤਰ ਨਾ ਦੇ ਸਕਣ ਦੀ ਗੱਲ ’ਤੇ ਬਹੁਤ ਖੁਸ਼ੀ ਪ੍ਰਗਟ ਕੀਤੀ।
ਗੁਰੂ ਜੀ ਨੇ ਆਖਿਆ, “ਦੇਖੋ ਭਾਈ, ਉਸ ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ, ਜਿਸ ਦੇ ਨਾਲ ਲੱਖਾਂ ਘੋੜੇ ਚੱਲਦੇ ਸਨ। ਵੱਡਾ ਲਸ਼ਕਰ ਹੁੰਦਾ ਸੀ। ਪਰ ਭਗਤ ਕਬੀਰ ਜੀ ਨੂੰ ਸਾਰੇ ਜਾਣਦੇ ਹਨ ਭਾਵੇਂ ਉਹ ਦੁਨਿਆਵੀ ਤੌਰ ‘ਤੇ ਬੜੇ ਗਰੀਬ ਸਨ। ਉਹ ਪਰਮਾਤਮਾ ਦੀ ਭਗਤੀ ਕਰਦੇ ਸਨ ਅਤੇ ਖ਼ਲਕਤ ਦੀ ਸੇਵਾ ਕਰਦੇ ਸਨ। ਇਸ ਲਈ ਰਿਆਸਤਾਂ ਦੇ ਮਾਲਕ ਅਸਲ ਵਿਚ ਮਹਾਨ ਨਹੀਂ ਹੁੰਦੇ। ਅਸਲੀ ਮਹਾਨ ਤਾਂ ਭਗਤ ਕਬੀਰ ਜੀ ਵਰਗੇ ਹੁੰਦੇ ਹਨ ਜਿਹੜੇ ਮਾਨਵਤਾ ਦੀ ਸੇਵਾ ਕਰਦੇ ਹਨ ਅਤੇ ਪ੍ਰਭੂ ਗੁਣ ਗਾਉਂਦੇ ਹਨ।”
ਸਚਮੁੱਚ ਹੀ ਮਹਾਨਤਾ ਗੁਣਾਂ ਕਰਕੇ ਹੁੰਦੀ ਹੈ ਦੌਲਤ ਕਰਕੇ ਨਹੀਂ। ਦੌਲਤ ਦੀ ਮਹਾਨਤਾ ਆਰਜ਼ੀ ਹੈ ਅਤੇ ਉਹ ਬੰਦੇ ਦੇ ਨਾਲ ਹੀ ਖ਼ਤਮ ਹੋ ਜਾਂਦੀ ਹੈ। ਤਾਕਤ ਅਤੇ ਹਕੂਮਤ ਦੀ ਮਹਾਨਤਾ ਵੀ ਆਰਜੀ ਹੈ, ਇਹ ਵੀ ਬੰਦੇ ਦੇ ਨਾਲ ਹੀ ਖ਼ਤਮ ਹੋ ਜਾਂਦੀ ਹੈ। ਗੁਣਾਂ ਦੀ, ਸਚਾਈ ਦੀ, ਭਗਤੀ ਦੀ ਮਹਾਨਤਾ ਅਮਰ ਹੈ ਅਤੇ ਇਹ ਬੰਦੇ ਦੇ ਜਾਣ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ।