
-ਸਤਵਿੰਦਰ ਸਿੰਘ ਫੂਲਪੁਰ
‘ਪੰਥ ਕੀ ਜੀਤ’ ਪੰਥ ਪਿਆਰਿਆਂ ਦੀ ਅਰਜੋਈ ਹੈ। ਇਹ ਖਾਲਸਾ-ਪੰਥ ਦੀ ਚੜ੍ਹਦੀ ਕਲਾ ਅਤੇ ਇਸ ਦੇ ਜੇਤੂ ਰਹਿਣ ਦੀ ਅਕਾਲ ਪੁਰਖ ਅੱਗੇ ਜੋਦੜੀ ਹੈ, ਜੋ ਸਮੁੱਚਾ ਸਿੱਖ ਜਗਤ ਨਿੱਤ ਅਰਦਾਸ ਵਿਚ ਕਰਦਾ ਹੈ। ਅਧਿਆਤਮ ਮਾਰਗ ਦੇ ਪਾਂਧੀ ਖਾਲਸਾ-ਪੰਥ ਨੇ ਵਿਸ਼ੇ-ਵਿਕਾਰਾਂ ਨਾਲ ਜੰਗ ਕਰ ਕੇ ਇਨ੍ਹਾਂ ਉੱਪਰ ਜਿੱਤ ਹਾਸਲ ਕਰਨੀ ਹੈ ਅਤੇ ਗੁਰੂ ਬਖ਼ਸ਼ੇ ਰੁਹਾਨੀ ਮਿਸ਼ਨ ਵਿਚ ਰੁਕਾਵਟਾਂ ਬਣਨ ਵਾਲੀਆਂ ਪੰਥ-ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਵੀ ਹਰਾਉਣਾ ਹੈ।
ਗੁਰੂ ‘ ਸਾਹਿਬਾਨ ਤੋਂ ਪਹਿਲਾਂ ਵੀ ਦੇਸ਼ ਅੰਦਰ ਸੂਰਬੀਰ ਹੋ ਗੁਜਰੇ ਸਨ, ਧਰਮ ਕਰਮ ਵੀ ਮੌਜੂਦ ਸਨ ਪਰ ਖਲਕਤ ਵਿਸ਼ੇ- ਵਿਕਾਰਾਂ ਵਿਚ ਫਿਰ ਵੀ ਗ਼ਲਤਾਨ ਸੀ, ਜੁਲਮ ਅਤੇ ਕੁਰੀਤੀਆਂ ਵੀ ਬਰਕਰਾਰ ਸਨ। ਫਿਰ ਸੋਚਣਾ ਪਵੇਗਾ ਕਿ ਉਹ ਖਾਸ ਕਿਹੜੀ ਗੱਲ ਸੀ ਜਿਸ ਸਦਕਾ ਖਾਲਸਾ-ਪੰਥ ਨੇ ਵਿਸ਼ੇ-ਵਿਕਾਰਾਂ ਨੂੰ ਪਛਾੜ ਕੇ ਰੁਹਾਨੀਅਤ ਦੀਆਂ ਸਿਖਰਾਂ ਨੂੰ ਛੂਹਿਆ ਅਤੇ ਦੁਨਿਆਵੀ ਜੇਤੂ ਬਣ ਕੇ ਸਦੀਆਂ ਤੋਂ ਦੇਸ਼ ਅੰਦਰ ਵਿਆਪਤ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸੁੱਟਿਆ। ਪਹਿਲਾਂ ਮੁਗ਼ਲ ਰਾਜ ਅਤੇ ਫਿਰ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਇਸ ਦੇਸ਼ ਨੂੰ ਅਜ਼ਾਦ ਕਰਵਾਇਆ। ਉਹ ਖਾਸ ਗੱਲ ਸੀ . ਸਿਮਰਨ ਦੀ ਬਰਕਤ, ਗੁਰਬਾਣੀ ਦਾ ਭਰੋਸਾ, ਅੰਮ੍ਰਿਤ ਦੀ ਸ਼ਕਤੀ ਅਤੇ ਉੱਚ ਇਖ਼ਲਾਕੀ ਗੁਰਮਤਿ ਜੀਵਨ-ਜਾਚ। ਸਮੂਹਿਕ ਰੂਪ ਵਿਚ ਇਸ ਰੁਹਾਨੀ ਜੀਵਨ ਦੀ ਦਾਤ ਅਸੀਂ ਨਿੱਤ ਅਰਦਾਸ ਵਿਚ “ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ” ਅਤੇ “ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ‘ ਨੂੰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ ਰਾਹੀਂ ਅਕਾਲ ਪੁਰਖ ਜੀ ਪਾਸੋਂ ਮੰਗਦੇ ਹਾਂ। ਜਿੰਨਾ ਚਿਰ ਉਕਤ ਦਾਤਾਂ, ਰੁਹਾਨੀ ਨਿਆਮਤਾਂ ਖਾਲਸਾ-ਪੰਥ ਦੀ ਝੋਲੀ ਵਿਚ ਰਹਿਣਗੀਆਂ ਓਨਾ ਚਿਰ ਹੀ ‘ਧਰਮ ਕਾ ਜੈਕਾਰ’ ਹੋਵੇਗਾ, ਪੰਥ ਕੀ ਜੀਤ ਹੋਵੇਗੀ ਅਤੇ ਪੰਥ ਚੜ੍ਹਦੀ ਕਲਾ ਵਿਚ ਰਹੇਗਾ।
ਸਾਡਾ ਇਤਿਹਾਸ ਗਵਾਹ ਹੈ ਕਿ ਜਿੰਨਾ ਚਿਰ ਖਾਲਸਾ-ਪੰਥ ਦੀ ਝੋਲੀ ਵਿਚ ਉਕਤ ਨਿਆਮਤਾਂ ਰਹੀਆਂ ਓਨਾ ਚਿਰ ਅਤਿ ਦੇ ਬਿਖੜੇ ਸਮਿਆਂ ਵਿਚ ਵੀ ਪੰਥ ਚੜ੍ਹਦੀ ਕਲਾ ਵਿਚ ਰਿਹਾ। ਗੁਰਬਾਣੀ ਅਤੇ ਸਿਮਰਨ ਦੇ ਭਰੋਸੇ ‘ਪੰਥ ਕੀ ਜੀਤ ਅਤੇ ‘ਧਰਮ ਕਾ ਜੈਕਾਰ’ ਕਰਾਉਣ ਲਈ ਸਾਡੇ ਪੁਰਖਿਆਂ ਨੇ ਜੋ ਚੜ੍ਹਦੀ ਕਲਾ ਵਾਲਾ ਇਤਿਹਾਸ ਸਿਰਜਿਆ ਹੈ ਉਸ ਦੀ ਮਿਸਾਲ ਘੱਟੋ ਘੱਟ ਇਸ ਬ੍ਰਹਿਮੰਡ ਵਿਚ ਤਾਂ ਨਹੀਂ ਮਿਲਦੀ। ਅਸੀਂ ਨਿੱਤ ਅਰਦਾਸ ਵਿਚ ਆਪਣੇ ਧਰਮੀ ਪੁਰਖਿਆਂ ਨੂੰ ਯਾਦ ਕਰਦੇ ਹਾਂ, “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ. . .। ਜਿਸ ਪੰਥ ਦੇ ਕੋਲ ਇੰਨਾ ਸ਼ਾਨਾਂਮੱਤਾ ਇਤਿਹਾਸ ਹੋਵੇ ਉਹ ਕਦੇ ਢਹਿੰਦੀ ਕਲਾ ਵੱਲ ਜਾ ਹੀ ਨਹੀਂ ਸਕਦਾ, ਜੇਕਰ ਉਸ ਦੇ ਪੈਰੋਕਾਰ ਗੁਰੂ ਦਰਸਾਏ ਗੁਰਮਤਿ ਗਾਡੀ ਰਾਹ ਉੱਪਰ ਤੁਰਦੇ ਰਹਿਣ, ਜੀਵਨ ਧਰਮੀ ਬਣਿਆ ਰਹੇ। ਜਦੋਂ ਮੁਗ਼ਲ ਹਕੂਮਤ ਕਹਿੰਦੀ ਸੀ ਕਿ ਸਿੰਘ ਖਤਮ ਕਰ ਦਿੱਤੇ ਗਏ ਹਨ ਤਾਂ ਉਦੋਂ ਦੋ ਧਰਮੀ ਯੋਧੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜ਼ਾਲਮ ਹਕੂਮਤ ਦੇ ਵਿਰੁਧ ਨਿੱਤਰੇ ਅਤੇ ਸਾਬਤ ਕਰ ਦਿੱਤਾ ਕਿ ਇਹ ਖਾਲਸਾ-ਪੰਥ ਕਿਸੇ ਦੇ ਮੁਕਾਇਆਂ ਮੁੱਕਣ ਵਾਲਾ ਨਹੀਂ।
ਅੱਜ ਜੇਕਰ ਪੰਥ ਨੂੰ ਖ਼ਤਰੇ ਦੀ ਦੁਹਾਈ ਪੈ ਰਹੀ ਹੈ, ਸਾਡੀ ਨੌਜੁਆਨ ਪੀੜ੍ਹੀ ਨਸ਼ੇ ਅਤੇ ਪਤਿਤਪੁਣੇ ਵਰਗੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਹੀ ਹੈ, ਸਾਨੂੰ ਜਾਪਦਾ ਹੈ ਕਿ ਪੰਥ-ਵਿਰੋਧੀ ਤਾਕਤਾਂ ਸਾਡੀ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀਆਂ ਹਨ ਤਾਂ ਸਾਨੂੰ ਸਭ ਤੋਂ ਪਹਿਲਾਂ ਸਵੈ-ਪੜਚੋਲ ਕਰਨੀ ਪਵੇਗੀ, ਕਿਉਂਕਿ ਸਾਡਾ ਸਮੂਹਿਕ ਰੂਪ ਹੀ ‘ਪੰਥ’ ਹੈ। ਸਿੱਖ ਰਹਿਤ ਮਰਯਾਦਾ ਵਿਚ ਗੁਰੂ-ਪੰਥ’ ਨੂੰ ਪ੍ਰਭਾਸ਼ਿਤ ਕਰਦਿਆਂ ਲਿਖਿਆ ਹੈ, “ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ਗੁਰੂ-ਪੰਥ’ ਆਖਦੇ ਹਨ।”. . . ਇਸ ਲਈ ਸਾਡੇ ਸਮੂਹ (ਸਾਰਿਆਂ) ਦੇ ਵਿਅਕਤੀਗਤ ਜੀਵਨ ਦੀ ਦ੍ਰਿੜ੍ਹਤਾ ਨੇ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨਾ ਹੈ ਅਤੇ ਵਿਅਕਤੀਗਤ ਜੀਵਨ ਦੀ ਕਮਜ਼ੋਰੀ ਨੇ ਪੰਥਕ ਸ਼ਕਤੀ ਨੂੰ ਕਮਜ਼ੋਰ ਬਣਾਉਣਾ ਹੈ। ਹੋਰ ਕੋਈ ਵੀ ਬਾਹਰੀ ਤਾਕਤ ਗੁਰੂ ਸਾਜੇ ‘ਖਾਲਸਾ-ਪੰਥ’ ਨੂੰ ਕਮਜ਼ੋਰ ਨਹੀਂ ਕਰ ਸਕਦੀ। ਗੁਰਬਾਣੀ ਦੀ ਛੋਹ ਤੋਂ ਸੱਖਣੇ ਸਾਡੇ ਜੀਵਨ, ਸਾਡੀਆਂ ਅਮੀਰ ਧਾਰਮਿਕ ਪਰੰਪਰਾਵਾਂ ਵਿਚ ਸ਼ਰਧਾ-ਵਿਸ਼ਵਾਸ ਪੈਦਾ ਨਹੀਂ ਕਰ ਸਕਦੇ। ਸ਼ਰਧਾ ਵਿਸ਼ਵਾਸ ਤੋਂ ਬਿਨਾਂ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਆਪੇ ਰੱਦ ਕਰ ਕੇ ਪੰਥ, ਕੌਮ ਨੂੰ ਚੜ੍ਹਦੀ ਕਲਾ ਵੱਲ ਨਹੀਂ ਲਿਜਾ ਸਕਦੇ।
ਇਸ ਲਈ ਅਸੀਂ ‘ਖਾਲਸਾ ਸਿਰਜਣਾ ਦਿਵਸ’ ਨੂੰ ਸਵੈ-ਪੜਚੋਲ ਦਿਵਸ ਵਜੋਂ ਮਨਾਈਏ ਕਿ ਅਸੀਂ ਸੱਚਮੁਚ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਧਾਰਮਿਕ ਪਿਤਾ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਧਾਰਮਿਕ ਮਾਤਾ ਮੰਨ ਲਿਆ ਹੈ? ਕੀ ਸਾਡਾ ਜਨਮ ਸੱਚਮੁਚ ਕੇਸਗੜ੍ਹ ਸਾਹਿਬ ਦਾ ਹੈ ਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਹਾਂ? ਕੀ ਅਸੀਂ ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭਰਾਤਾ ਹਾਂ? ਜੇਕਰ ਅੰਤਰ-ਆਤਮੇ ਤੋਂ ਜਵਾਬ ‘ਹਾਂ’ ਵਿਚ ਆਵੇ ਤਾਂ ਇਕ ਨਵਾਂ ਸਵਾਲ ਹੋਰ ਖੜਾ ਹੋ ਜਾਂਦਾ ਹੈ ਕਿ ਜੇਕਰ ਅਸੀਂ ਇੱਕ ਪਿਤਾ ਦੀ ਸੰਤਾਨ ਹਾਂ, ਇੱਕੋ ਖੰਡੇ-ਬਾਟੇ ਦੇ ਅੰਮ੍ਰਿਤਧਾਰੀ, ਇੱਕੋ ਤਰ੍ਹਾਂ ਦੀ ਪੰਜ ਕਕਾਰੀ ਰਹਿਤ ਦੇ ਧਾਰਨੀ, ਇੱਕ ਅਕਾਲ ਦੇ ਪੁਜਾਰੀ, ਇੱਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਾਂ, ਤਾਂ ਫਿਰ ਸਾਡੇ ਵਿਚ ਆਪਸੀ ਝਗੜੇ, ਵੈਰ-ਵਿਰੋਧ, ਨਫ਼ਰਤ, ਜਾਤ-ਪਾਤ ਦੇ ਵਿਤਕਰੇ ਇਹ ਸਭ ਕਿਉਂ? ਪੰਥਕ ਏਕਤਾ ਇਤਫ਼ਾਕ ਵਾਲੀ ਗੱਲ ਕਿੱਥੇ ਹੈ? ਫਿਰ ਸਾਨੂੰ ਹੋਰ ਸਵੈ-ਪੜਚੋਲ ਕਰਨੀ ਪਵੇਗੀ ਕਿ ਕੀ ਅਸੀਂ ਅੰਮ੍ਰਿਤ ਛਕ ਕੇ ਅੰਮ੍ਰਿਤ ਦਾ ਪ੍ਰਣ ਅਗਲਾ ਰੁਹਾਨੀ ਸਫ਼ਰ— ਅੰਮ੍ਰਿਤ ਵੇਲਾ ਸਾਂਭਣਾ, ਨਿੱਤਨੇਮ, ਸੇਵਾ, ਸਿਮਰਨ, ਗੁਰਬਾਣੀ ਦਾ ਅਭਿਆਸ ਆਦਿ ‘ ਸ਼ੁਰੂ ਕੀਤਾ ਹੈ ਕਿ ਨਹੀਂ। ਇਹ ਸਾਡੀ ਰੂਹਾਨੀ ਪੂੰਜੀ ਹੈ ਜਿਸ ਨਾਲ ਸਾਡਾ ਨਿਆਰਾ ਆਚਾਰ, ਵਿਹਾਰ, ਕਿਰਦਾਰ ਬਣਨਾ ਹੈ। ਪੰਜ ਕਕਾਰੀ ਰਹਿਤ ਇਸ ਰੁਹਾਨੀ ਪੂੰਜੀ ਦੀ ਵਾੜ ਹੈ। ਅਸੀਂ ਅੰਦਰ ਵੀ ਝਾਤ ਮਾਰਨੀ ਹੈ ਕਿ ਰੁਹਾਨੀ ਪੂੰਜੀ ਨਾਮ ਦੀ ਖੇਤੀ ਕਿਤੇ ਸੁੱਕ ਤਾਂ ਨਹੀਂ ਰਹੀ। ਰੁਹਾਨੀ ਜੀਵਨ ਤੋਂ ਬਿਨਾਂ ਗੁਰਸਿੱਖ ਦਾ ਜੀਵਨ ਖੜੋਤ ਹੈ। ਇਸ ਖੜੋਤ ਵਿਚ ਰਹਿ ਕੇ ਅਸੀਂ ‘ਪੰਥ ਕੀ ਜੀਤ’ ਅਤੇ ‘ਧਰਮ ਕਾ ਜੈਕਾਰ’ ਦੇ ਅਲੰਬਰਦਾਰ ਨਹੀਂ ਹੋ ਸਕਦੇ। ਇਸ ਲਈ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਗੁਰੂ ਦਰਸਾਏ ਬਾਣੀ ਸਿਮਰਨ ਵਾਲੇ ਰੂਹਾਨੀ ਮਾਰਗ ਦੇ ਪਾਂਧੀ ਬਣਨਾ ਹੀ ਪੈਣਾ ਹੈ।
ਪੰਥਕ ਮਜ਼ਬੂਤੀ ਲਈ ਭਾਈ ਵੀਰ ਸਿੰਘ ਜੀ ਨੇ ਸੁੰਦਰ ਨੁਕਤਾ ਦੱਸਿਆ ਹੈ। ਭਾਈ ਸਾਹਿਬ ਅਨੁਸਾਰ—“ਖਾਲਸਾ-ਪੰਥ ਇਕ ਮਹੱਲ ਹੈ ਅਤੇ ਅਸੀਂ ਸਭ ਉਸ ਮਹੱਲ ਦੀਆਂ ਇੱਟਾਂ ਹਾਂ। ਜੇਕਰ ਇੱਟਾਂ ਕੱਚੀਆਂ-ਪਿੱਲੀਆਂ ਹੋਣ ਤਾਂ ਕਦੇ ਵੀ ਮਹੱਲ ਦੀ ਉਸਾਰੀ ਨਹੀਂ ਹੋ ਸਕਦੀ।” ਇਸ ਲਈ ਸਮੂਹਿਕ ਰੂਪ ਵਿਚ ਸੇਵਾ, ਸਿਮਰਨ, ਬਾਣੀ ਤੋਂ ਬਿਨਾਂ ਸਾਡੇ ਕੱਚੇ-ਪਿੱਲੇ ਜੀਵਨ ਮਜ਼ਬੂਤ ਖਾਲਸਾ-ਪੰਥ ਦੀ ਉਸਾਰੀ ਨਹੀਂ ਕਰ ਸਕਦੇ। ਅੱਜ ਜੇਕਰ ਸਾਡੇ ਬੱਚਿਆਂ ਵਿਚ ਜਾਂ ਸਾਡੀਆਂ ਸੰਸਥਾਵਾਂ ਵਿਚ ਕਿਧਰੇ ਕਚਿਆਈ ਹੈ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਵੀ ਹਾਂ, ਕਿਉਂਕਿ ਘਰ ਨੂੰ ਸੰਨ੍ਹ ਉਦੋਂ ਲਗਦੀ ਹੈ ਜਦੋਂ ਉਸ ਘਰ ਦੀਆਂ ਕੰਧਾਂ ਕਮਜ਼ੋਰ ਹੋਣ।
ਅੱਜ ਧਰਮ ਪ੍ਰਚਾਰ ਦੀਆਂ ਜ਼ਿੰਮੇਵਾਰ ਧਿਰਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦੁਹਰਾ ਫ਼ਰਜ਼ ਅਦਾ ਕਰਨ ਦੀ ਲੋੜ ਹੈ। ਉਨ੍ਹਾਂ ਗੁਰਮਤਿ ਅਨੁਸਾਰੀ ਜੀਵਨ ਜੀਉਦਿਆਂ ਜਿੱਥੇ ਆਪਣੇ ਆਪ ਸਿੱਖੀ ਮਹੱਲ ਦੀਆਂ ਮਜ਼ਬੂਤ ਇੱਟਾਂ ਬਣਨਾ ਹੈ, ਉੱਥੇ ਭਵਿੱਖ ਵਿਚ ਸਿੱਖ-ਪੰਥ ਦੇ ਮਹਿਲ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਨਵੀਆਂ ਇੱਟਾਂ ਪਕਾ ਕੇ ਮਜ਼ਬੂਤ ਬਣਾਉਣੀਆਂ ਹਨ। ਆਪਣੇ ਬੱਚਿਆਂ ਅਤੇ ਨੌਜੁਆਨ ਪੀੜ੍ਹੀ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਦੇ ਲੜ ਲਾ ਕੇ ਉਨ੍ਹਾਂ ਦੇ ਉੱਚੇ ਇਖ਼ਲਾਕ ਵਾਲੇ ਕਿਰਦਾਰ ਘੜਨੇ ਹਨ, ਉਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਬਣਾਉਣਾ ਹੈ। ਜੇਕਰ ਅਸੀਂ ਪੀੜ੍ਹੀ-ਦਰ-ਪੀੜ੍ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰਬਾਣੀ ਦਾ ਲੜ ਫੜਾਉਂਦੇ ਜਾਵਾਂਗੇ ਤਾਂ ਸਦਾ ਹੀ ‘ਪੰਥ ਕੀ ਜੀਤ’ ਅਤੇ ‘ਧਰਮ ਕਾ ਜੈਕਾਰ’ ਹੁੰਦਾ ਰਹੇਗਾ।