ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਸਸਕੈਚਵਨ ਪਾਰਟੀ ਦੀ ਵਿਧਾਇਕਾ ਰੈਕੇਲ ਹਿਲਬਰਟ ਨੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਵਿਰੁੱਧ ਬਹੁਤ ਹੀ ਘਟੀਆ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਹੁਣ ਉਸ ਨੇ ਮੁਆਫੀ ਮੰਗ ਲਈ ਹੈ। ਇਹ ਘਟਨਾ ਸੂਬਾਈ ਵਿਧਾਨ ਸਭਾ ਵਿੱਚ ਸਵਾਲ-ਜਵਾਬ ਦੇ ਸਮੇਂ ਦੌਰਾਨ ਵਾਪਰੀ, ਜਦੋਂ ਰੈਕੇਲ ਹਿਲਬਰਟ ਨੇ ਜਗਮੀਤ ਸਿੰਘ ਨੂੰ “ਅੱਤਵਾਦੀ” ਕਹਿ ਕੇ ਸੰਬੋਧਨ ਕੀਤਾ ਸੀ। ਇਸ ਬਿਆਨ ਤੋਂ ਬਾਅਦ ਭਾਰੀ ਵਿਰੋਧ ਹੋਇਆ ਅਤੇ ਸਿਆਸੀ ਹਲਕਿਆਂ ਵਿੱਚ ਤਿੱਖੀ ਆਲੋਚਨਾ ਸਾਹਮਣੇ ਆਈ। ਕਈ ਵਿਧਾਇਕਾਂ ਨੇ ਰੈਕੇਲ ਹਿਲਬਰਟ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਉਸ ਨੂੰ ਵਿਧਾਨ ਸਭਾ ਵਿੱਚੋਂ ਬਾਹਰ ਕੱਢਣ ਦੀ ਗੱਲ ਵੀ ਉਠਾਈ।
ਰੈਕੇਲ ਹਿਲਬਰਟ ਨੇ ਇੱਕ ਈਮੇਲ ਰਾਹੀਂ ਅਖਬਾਰਾਂ ਨਾਲ ਆਪਣੀ ਮੁਆਫੀ ਸਾਂਝੀ ਕੀਤੀ ਅਤੇ ਮੰਨਿਆ ਕਿ ਉਸ ਨੇ ਗਲਤ ਤੇ ਬੇਲੋੜੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਸਸਕੈਚਵਨ ਇੱਕ ਖੇਤੀ ਪ੍ਰਧਾਨ ਸੂਬਾ ਹੈ, ਜਿੱਥੇ ਕਣਕ ਦੀ ਪੈਦਾਵਾਰ ਵਿੱਚ ਭਾਰਤ ਨਾਲ ਪੁਰਾਣੇ ਸਬੰਧ ਰਹੇ ਹਨ। ਪਰ ਹਾਲ ਹੀ ਵਿੱਚ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋਇਆ, ਜਦੋਂ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਜੁੜੇ ਮਸਲਿਆਂ ਅਤੇ ਕੈਨੇਡਾ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਲਿਆ ਅਤੇ ਆਪਣੇ ਸਬੰਧਾਂ ਨੂੰ ਘੱਟ ਕਰ ਲਿਆ।
ਇਸ ਸੰਦਰਭ ਵਿੱਚ ਸਸਕੈਚਵਨ ਪਾਰਟੀ ਦਾ ਇਹ ਮੰਨਣਾ ਸੀ ਕਿ ਜਗਮੀਤ ਸਿੰਘ ਵਰਗੇ ਆਗੂ, ਜੋ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖਾਂ ਨਾਲ ਹੋ ਰਹੇ ਧੱਕੇ ਦੀ ਗੱਲ ਉਠਾਉਂਦੇ ਹਨ, ਉਹ ਭਾਰਤ ਦੇ ਵਿਰੁੱਧ ਬੋਲਦੇ ਹਨ। ਇਸੇ ਕਰਕੇ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਸਾਰੇ ਪਾਸਿਓਂ ਆਲੋਚਨਾ ਹੋਣ ਤੋਂ ਬਾਅਦ, ਰੈਕੇਲ ਹਿਲਬਰਟ ਨੇ ਅਖੀਰਕਾਰ ਜਗਮੀਤ ਸਿੰਘ ਤੋਂ ਮੁਆਫੀ ਮੰਗ ਲਈ ਹੈ।
