125 views 11 secs 0 comments

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ: ਆਧੁਨਿਕ ਸੰਦਰਭ

ਲੇਖ
April 14, 2025

-ਡਾ. ਧਰਮ ਸਿੰਘ*

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ੧੬੨੧ ਈ. ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਿਹ ਵਿਖੇ ਹੋਇਆ। ਇਨ੍ਹਾਂ ਦੇ ਚਾਰ ਭਰਾ ਹੋਰ ਵੀ ਸਨ; ਬਾਬਾ ਗੁਰਦਿੱਤਾ ਜੀ, ਅਣੀ ਰਾਇ, ਸੂਰਜ ਮੱਲ ਅਤੇ ਬਾਬਾ ਅਟੱਲ ਰਾਇ। ਇਤਿਹਾਸਕਾਰਾਂ ਨੇ ਗੁਰੂ ਜੀ ਦੇ ਜੀਵਨ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ। ਪਹਿਲਾ ਹੈ; ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਰਪ੍ਰਸਤੀ ਦਾ ਸਮਾਂ (੧੬੨੧-੧੬੪੪ ਈ.) ਦੂਜਾ ਦੌਰ— ੧੬੪੪- ੧੬੬੪ ਈ. ਦਾ ਹੈ ਜਿਸ ਵਿਚ ਉਹ ਵਧੇਰੇ ਸਮਾਂ ਭਜਨ-ਬੰਦਗੀ ਵਿਚ ਬਿਤਾਉਂਦੇ ਰਹੇ, ਇਸੇ ਸਮੇਂ ਵਿਚ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਗੁਰਿਆਈ ਉੱਪਰ ਆਸੀਨ ਹੋਏ। ਉਮਰ ਅਤੇ ਪੀੜ੍ਹੀ ਵਿਚ ਇਨ੍ਹਾਂ ਦੋਹਾਂ ਗੁਰੂ ਸਾਹਿਬਾਨ ਨਾਲੋਂ ਵੱਡੇ ਹੋਣ ਦੇ ਬਾਵਜੂਦ ਆਪ ਨੇ ਕਿਸੇ ਤਰ੍ਹਾਂ ਦੀ ਕੋਈ ਨਰਾਜ਼ਗੀ ਨਹੀਂ ਵਿਖਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਾ ਤੀਜਾ ਦੌਰ— ਗੁਰਿਆਈ ਦਾ ਸਮਾਂ (੧੬੬੪-੧੬੭੫ ਈ.) ਦਾ ਹੈ। ਇਸੇ ਸਮੇਂ ਉਨ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਨੂੰ ਪ੍ਰਚਾਰਿਤ ਕਰਨ ਲਈ ਹਿੰਦੁਸਤਾਨ (ਜਿਸ ਵਿਚ ਅੱਜ ਦਾ ਬੰਗਲਾਦੇਸ਼ ਵੀ ਸ਼ਾਮਲ ਸੀ) ਦਾ ਰਟਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਆਪ ਜੀ ਨੇ ਸਭ ਤੋਂ ਵੱਧ ਯਾਤਰਾਵਾਂ ਕੀਤੀਆਂ। ਏਸੇ ਦੌਰ ਵਿਚ ਹਾਲਾਤ ਨੇ ਅਜਿਹੀ ਕਰਵਟ ਲਈ ਕਿ ਗੁਰੂ ਜੀ ਨੂੰ ਸ਼ਹੀਦੀ ਦੇਣੀ ਪਈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਨਾਹਠ ਸ਼ਬਦ ਅਤੇ ਸਲੋਕਾਂ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਗੁਰੂ ਸਾਹਿਬ ਦੀ ਸਾਰੀ ਬਾਣੀ ਇਕ ਵਿਚਾਰਧਾਰਾ ਵਿਚ ਪਰੋਈ ਹੋਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਸਥਾਨ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਨਰ-ਸੰਪਾਦਨਾ ਨੌਵੇਂ ਗੁਰੂ ਜੀ ਦੀ ਬਾਣੀ ਉਸ ਦੇ ਯੋਗ ਥਾਂ ਉੱਪਰ ਅੰਕਿਤ ਕਰ ਦਿੱਤੀ। ਰਾਗ-ਬੱਧ ਪਦੇ ਜਾਂ ਸ਼ਬਦ ਸੰਬੰਧਿਤ ਰਾਗਾਂ ਵਿਚ ਅਤੇ ਸਲੋਕ ਅਖੀਰ ਵਿਚ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਮੁੱਖ ਤੌਰ ’ਤੇ ਪਰਮਾਤਮਾ ਦੀ ਵਡਿਆਈ ਦਾ ਬਖਾਨ ਕਰ ਕੇ ਉਸ ਦੇ ਨਾਮ ਨੂੰ ਸਿਮਰਨ ਉੱਪਰ ਜ਼ੋਰ ਦਿੱਤਾ ਗਿਆ ਹੈ। ਮਨੁੱਖੀ ਜੀਵਨ ਅਤੇ ਸੰਸਾਰ ਦੀ ਵਾਸਤਵਿਕਤਾ ਕੀ ਹੈ? ਇਹ ਕਿੰਨਾ ਪਾਏਦਾਰ ਜਾਂ ਕਿੰਨਾ ਸਥਿਰ ਹੈ? ਸੰਸਾਰ ਵਿੱਚੋਂ ਪਾਰ-ਉਤਾਰਾ ਕਿਵੇਂ ਹੋਵੇ? ਆਦਿ ਪ੍ਰਸ਼ਨਾਂ ਦੇ ਉੱਤਰ ਵੀ ਇਸ ਬਾਣੀ ਵਿਚ ਹਨ। ਪਰਮਾਤਮਾ ਲਈ ਇਕ ਵਿਸ਼ੇਸ਼ ਨਾਂ ‘ਹਰਿ’ ਵਰਤਣ ਤੋਂ ਬਿਨਾ ਗੁਰਬਾਣੀ ਵਿਚ ਜਿਹੜੇ ਸਿਫਤੀ ਨਾਂ ਵਰਤੇ ਗਏ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਹਨ ਜਿਵੇਂ: ਦੀਨ ਦਇਆਲ, ਪਤਿਤ- ਪਾਵਨ, ਸਰਬ-ਨਿਵਾਸੀ, ਰਾਮ (ਰਮਿਆ ਹੋਇਆ) ਅਗਨਤ, ਅਲਖ, ਨਿਰੰਜਨ, ਨਾਥਾ, ਸੁਖਦਾਤਾ ਆਦਿ। ਸੰਸਾਰ ਦੀ ਅਸਥਿਰਤਾ ਜਾਂ ਛਿਨ ਭੰਗਰਤਾ ਦਰਸਾਉਣ ਲਈ ਜਿਹੜੇ ਰੂਪਕ ਵਰਤੇ ਗਏ ਹਨ, ਉਨ੍ਹਾਂ ਵਿਚ ਰਾਤ ਦਾ ਸੁਪਨਾ, ਬਾਲੂ (ਰੇਤ) ਕੀ ਭੀਤ, ਬੁਦਬੁਦਾ ਅਰਥਾਤ ਬੁਲਬੁਲਾ, ਬੱਦਲਾਂ ਦੀ ਛਾਂ ਅਤੇ ਮ੍ਰਿਗ-ਤ੍ਰਿਸ਼ਨਾ ਹੈ। ਸੰਸਾਰਿਕ ਮੋਹ ਮਾਇਆ ਵਿਚ ਖਚਿਤ ਨਾ ਹੋ ਕੇ ਪਰਮਾਤਮਾ ਦਾ ਨਾਮ-ਸਿਮਰਨਾ ਹੀ ਮੁਕਤੀ ਪ੍ਰਾਪਤੀ ਕਰਨਾ ਹੈ। ਗੁਰੂ ਸਾਹਿਬ ਦੀ ਨਜ਼ਰ ਵਿਚ ਸਭ ਰਿਸ਼ਤੇ-ਨਾਤੇ ਜੀਵਨ ਵਿਹਾਰ ਦਾ ਹਿੱਸਾ ਹੀ ਹਨ, ਇਨ੍ਹਾਂ ਦੀ ਹਕੀਕਤ ਕੁਝ ਵੀ ਨਹੀਂ :
ਸਭ ਕਿਛੁ ਜੀਵਤ ਕੋ ਬਿਵਹਾਰ॥
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ॥੧॥ ਰਹਾਉ॥
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੀਤਿ ਪੁਕਾਰਿ॥
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ॥੧॥
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ॥
(ਪੰਨਾ ੫੩੬)

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਜਿਸ ਦੂਜੇ ਸੰਕਲਪ ਬਾਰੇ ਵਧੇਰੇ ਚਰਚਾ ਹੋਈ ਹੈ, ਉਹ ਹੈ— ਮਨ। ਮਨ ਲਈ ਮਨੂਆ, ਮਾਨਸ, ਹੀਅਰਾ ਅਤੇ ਜੀਅਰਾ ਸ਼ਬਦ ਵੀ ਵਰਤੇ ਗਏ ਹਨ। ਅੱਜ ਦਾ ਮਨੋਵਿਗਿਆਨ ਵੀ ਮਨੁੱਖ ਦੀ ਸੋਚ, ਭਾਵਨਾਵਾਂ ਅਤੇ ਵਿਹਾਰ ਉੱਪਰ ਮਨ ਦਾ ਕਾਬੂ ਮੰਨਦਾ ਹੈ। ਇਸੇ ਕਰਕੇ ਗੁਰਬਾਣੀ ਵਿਚ ਇਸ ਨੂੰ ਕੇਂਦਰੀ ਮਹੱਤਵ ਦਿੱਤਾ ਗਿਆ ਹੈ। ਮਨ ਇਕ ਅਦ੍ਰਿਸ਼ ਅਤੇ ਸੂਖਮ ਵਰਤਾਰਾ ਹੈ, ਪਰ ਇਸ ਦੇ ਔਗੁਣਾਂ ਜਾਂ ਦੋਸ਼ਾਂ ਬਾਰੇ ਭਰਪੂਰ ਚਰਚਾ ਹੈ। ਸਾਰੇ ਵਿਕਾਰਾਂ ਦੁਸ਼ਪ੍ਰਵਿਰਤੀਆਂ ਅਤੇ ਹੋਰ ਭੈੜਾਂ ਦਾ ਮੂਲ ਸੋਮਾ ਇਹੋ ਮਨ ਹੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨ ਦੇ ਔਗੁਣਾਂ ਵਿਚ ਚੰਚਲਤਾ, ਕਠੋਰਤਾ, ਅਮੋੜਤਾ, ਬਉਰਾਪਨ, ਲਾਲਚੀ, ਮੂਰਖ ਅਤੇ ਗਾਫ਼ਲ ਆਦਿ ਗਿਣੇ ਹਨ। ਮਨ ਵਿਅਕਤੀ ਜਾਂ ਪ੍ਰਾਣੀ ਵੀ ਹੈ, ਇਸ ਲਈ ਪ੍ਰਾਣੀ ਵਿਚ ਵੀ ਇਹ ਸਾਰੇ ਔਗੁਣ ਹਨ। ਇਸ ਦੀਆਂ ਉਦਾਹਰਨਾਂ ਇਸ ਤਰ੍ਹਾਂ ਹਨ:
-ਸਾਧੋ ਇਹੁ ਮਨੁ ਗਹਿਓ ਨ ਜਾਈ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥

-ਮਨ ਰੇ ਕਹਾ ਭਇਓ ਤੈ ਬਉਰਾ॥ (ਪੰਨਾ ੨੧੯)
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ॥ (ਪੰਨਾ ੨੨੦)

-ਬਿਰਥਾ ਕਹਉ ਕਉਨ ਸਿਉ ਮਨ ਕੀ
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ॥
(ਪੰਨਾ ੪੧੧)

ਸਿਰੇ ਦੀ ਗੱਲ ਇਹ ਕਿ ਮਨ ਅਜਿਹੀ ਚੰਚਲ ਬਿਰਤੀ ਦਾ ਮਾਲਕ ਹੈ ਜੋ ਛੇਤੀ ਕਿਤੇ ਵੱਸ ਵਿਚ ਨਹੀਂ ਆਉਂਦਾ :
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ॥ (ਪੰਨਾ ੫੩੬)

ਮਨ ਨੂੰ ਮੂਰਤੀਮਾਨ ਕਰਨ ਲਈ ਜਿਹੜੇ ਰੂਪਕ ਵਰਤੇ ਗਏ ਹਨ ਉਹ ਵੀ ਪ੍ਰਿਣਿਤ ਹਨ ਜਿਵੇਂ— ਸੂਕਰ ਜਾਂ ਸੂਰ, ਹਸਤੀ ਜਾਂ ਹਾਥੀ, ਕੁੱਤਾ ਅਤੇ ਖੋਤਾ (ਗਰਧਪ) ਆਦਿ। ਸੂਕਰ ਮਲੀਨਤਾ ਪ੍ਰੇਮੀ ਹੈ, ਹਾਥੀ ਅਮੋੜ, ਕਾਮੀ ਅਤੇ ਗੰਦਗੀ ਪ੍ਰੇਮੀ ਹੈ, ਕੁੱਤਾ ਖੂੰਖਾਰ, ਲਾਲਚੀ ਅਤੇ ਖ਼ਤਰਨਾਕ ਹੈ, ਖੋਤੇ ਦੇ ਔਗੁਣ ਵੀ ਅਜਿਹੇ ਹੀ ਹਨ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੇ ਸੰਦੇਸ਼ਾਂ ਦੀ ਅੱਜ ਦੇ ਯੁੱਗ ਵਿਚ ਉਨੀਂ ਹੀ ਲੋੜ ਅਤੇ ਸਾਰਥਕਤਾ ਹੈ ਜਿੰਨੀ ਇਸ ਦੇ ਰਚੇ ਜਾਣ ਸਮੇਂ ਸੀ। ਗੁਰੂ ਜੀ ਦੇ ਸੰਦੇਸ਼ ਵਿਚ ਧਾਰਮਿਕ ਸਾਹਿਣਸ਼ੀਲਤਾ, ਰਵਾਦਾਰੀ, ਧਾਰਮਿਕ ਸਹਿਹੋਂਦ, ਅਨੇਕਤਾ ਵਿਚ ਏਕਤਾ ਹੈ ਜਿਸ ਨੂੰ ਅੱਜ ਅਨੇਕਵਾਦ (Pluralism) ਕਿਹਾ ਜਾਂਦਾ ਹੈ ਅਤੇ ਇਸ ਦੀ ਅੱਜ ਸਭ ਤੋਂ ਵੱਡੀ ਲੋੜ ਹੈ, ਕਿਉਂਕਿ ਭਗਵਾਂਕਰਣ ਦਾ ਚਾਰੇ ਪਾਸੇ ਦੌਰ ਹੈ। ਭਗਵਾਂਕਰਣ ਦੇ ਪ੍ਰਭਾਵ ਹੇਠ ਨਵੀਆਂ ਨੀਤੀਆਂ ਬਣ ਰਹੀਆਂ ਹਨ। ਪੁਰਾਣੀਆਂ ਥਾਂਵਾਂ ਦੇ ਨਵੇਂ ਨਾਮ ਰੱਖੇ ਜਾ ਰਹੇ ਹਨ। ਸੰਸਥਾਵਾਂ ਦੀ ਪ੍ਰਕਿਰਤੀ ਬਦਲੀ ਜਾ ਰਹੀ ਹੈ, ਅਨੇਕਤਾ ਨੂੰ ਭੰਗ ਕਰਨ ਦੀ ਰੁਚੀ ਪ੍ਰਬਲ ਹੋ ਰਹੀ ਹੈ। ਹੋਰ ਤਾਂ ਹੋਰ ਵਿੱਦਿਅਕ ਸੰਸਥਾਵਾਂ ਦੀਆਂ ਨਿਯੁਕਤੀਆਂ ਵਿਚ ਵਿਅਕਤੀਆਂ ਤੇ ਰਾਜਨੀਤਿਕ ਪਿਛੋਕੜ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਅਤੇ ਪਾਠ-ਕ੍ਰਮ ਤਬਦੀਲ ਕੀਤੇ ਜਾ ਰਹੇ ਹਨ। ਸਾਰੰਸ਼ ਇਹ ਕਿ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਤਿਹਾਸ ਨੇ ਸਾਬਤ ਕੀਤਾ ਹੈ ਕਿ ਮੱਧਕਾਲੀ ਭਾਰਤ ਵਿਚ ਜਿਨ੍ਹਾਂ ਵੀ ਹੁਕਮਰਾਨਾਂ ਨੇ ਭਾਰਤ ਦੀ ਅਨੇਕਤਾ ਦੀ ਕਦਰ ਕੀਤੀ ਹੈ, ਉਹ ਹੀ ਸਭ ਤੋਂ ਵੱਧ ਕਾਮਯਾਬ ਰਹੇ ਹਨ, ਭਾਵੇਂ ਉਹ ਅਕਬਰ ਸੀ ਜਾਂ ਮਹਾਰਾਜਾ ਰਣਜੀਤ ਸਿੰਘ। ਇਤਿਹਾਸ ਵਿਚ ਜੀਵਿਆ ਤਾਂ ਨਹੀਂ ਜਾ ਸਕਦਾ, ਪਰ ਇਸ ਤੋਂ ਸਬਕ ਤਾਂ ਸਿੱਖਿਆ ਜਾ ਸਕਦਾ ਹੈ। ਵਰਤਮਾਨ ਹਾਕਮਾਂ ਨੂੰ ਇਹ ਸਬਕ ਸਿੱਖਣ ਦੀ ਡਾਢੀ ਲੋੜ ਹੈ। ਹਿੰਦੁਸਤਾਨੀ ਸਮਾਜ ਬਹੁ-ਧਰਮੀ, ਬਹੁ-ਭਾਸ਼ੀ ਅਤੇ ਬਹੁ-ਸੱਭਿਆਚਾਰੀ ਰਿਹਾ ਹੈ ਅਤੇ ਰਹੇਗਾ। ਮਹਾਂਕਵੀ ਭਾਈ ਸੰਤੋਖ ਸਿੰਘ ਨੇ ਭਾਰਤੀ ਸੰਸਕ੍ਰਿਤੀ, ਸਮਾਜ, ਧਰਮ ਅਤੇ ਇਤਿਹਾਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਨੂੰ ਇਕ ਸਵੱਈਏ ਵਿਚ ਬੜੀ ਕੁਸ਼ਲਤਾ ਨਾਲ ਪ੍ਰਸਤੁਤ ਹੈ। ਭਾਈ ਜੀ ਦਾ ਕਹਿਣਾ ਹੈ ਕਿ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਸੂਰਮਾ ਨਾ ਹੁੰਦਾ ਤਾਂ ਭਾਰਤ ਦੀ ਅਨੇਕਤਾ ਕਦੋਂ ਦੀ ਭੰਗ ਹੋ ਗਈ ਹੁੰਦੀ ਅਤੇ ਸਾਰੇ ਹਿੰਦੁਸਤਾਨ ਉੱਪਰ ਇਕ ਛਤਰ, ਇਕ ਹੀ ਧਾਰਮਿਕ ਸਮੁਦਾਇ ਦੇ ਲੋਕਾਂ ਦਾ ਰਾਜ ਹੋਣਾ ਸੀ। ਇਸ ਦੇਣ ਪਿੱਛੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਛੁਪੀ ਹੋਈ ਹੈ। ਭਾਈ ਸੰਤੋਖ ਸਿੰਘ ਨੇ ਲਿਖਿਆ ਹੈ:
ਛਾਇ ਜਾਤੀ ਅਨੇਕਤਾ ਅਨੇਕਤਾ ਬਿਲਾਇ ਜਾਤੀ।
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪ੍ਰਪਕ ਜਾਤੇ, ਧਰਮ ਧਸਕ ਜਾਤੇ।
ਬਰਨ ਗਰਕ ਜਾਤੇ ਸਹਿਤ ਬਿਧਾਨ ਕੀ
ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ
ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ-ਪਰਮ ਸੂਰ
ਮੂਰਤ ਨ ਹੋਤੀ ਜਉ ਪੈ ਕਿਰਪਾ ਨਿਧਾਨ ਕੀ।