-ਡਾ. ਹਰਬੰਸ ਸਿੰਘ
ਭਗਤ ਧੰਨਾ ਜੀ ਉਨ੍ਹਾਂ ਪੰਦਰ੍ਹਾਂ ਭਗਤ ਸਾਹਿਬਾਨ ਵਿੱਚੋਂ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ ਦੋ ਸ਼ਬਦ ਰਾਗ ਆਸਾ ਵਿਚ ਅਤੇ ਇਕ ਸ਼ਬਦ ਰਾਗ ਧਨਾਸਰੀ ਵਿਚ ਸੁਸ਼ੋਭਿਤ ਹੈ। ਰਾਗ ਆਸਾ ਦੇ ਪਹਿਲੇ ਪਦੇ ਵਿਚ ਆਪ ਮਨੁੱਖ ਨੂੰ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਭਗਤੀ ਵਿਚ ਲੱਗਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਦੂਜੇ ਪਦੇ ਵਿਚ ਆਪ ਫੁਰਮਾਉਂਦੇ ਹਨ ਕਿ ਮਨੁੱਖ ਨੂੰ ਰੋਜ਼ੀ-ਰੋਟੀ ਤੋਂ ਬੇਫਿਕਰ ਹੋ ਕੇ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੀਦਾ ਹੈ, ਕਿਉਂਕਿ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਹਰ ਇਕ ਜੀਵ ਦੀ ਰੋਟੀ ਦੀ ਫਿਕਰ ਹੈ। ਉਹ ਦਿਆਲੂ ਤਾਂ ਪੱਥਰਾਂ ਵਿਚ ਵੀ ਜੀਵਾਂ ਦੀ ਪਾਲਣਾ ਕਰਦਾ ਤੇ ਉਨ੍ਹਾਂ ਨੂੰ ਰੋਜੀ ਪਹੁੰਚਾਉਂਦਾ ਹੈ।
ਰਾਗ ਧਨਾਸਰੀ ਵਾਲੇ ਸ਼ਬਦ ਵਿਚ ਆਪ ਪਰਮਾਤਮਾ ਕੋਲੋਂ ਜੀਵਨ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਮੰਗ ਕਰਦੇ ਹਨ। ਆਪ ਜੀ ਦਾ ਵਿਚਾਰ ਹੈ ਕਿ ਭਗਤੀ ਰੋਟੀ ਬਿਨਾ ਨਹੀਂ ਹੋ ਸਕਦੀ। ਭਗਤੀ ਤੇ ਆਰਥਿਕ ਲੋੜਾਂ ਦੀ ਪੂਰਤੀ ਨਾਲ- ਨਾਲ ਚੱਲਣੀਆਂ ਚਾਹੀਦੀਆਂ ਹਨ। ਇਸ ਸ਼ਬਦ ਵਿਚ ਭਗਤ ਧੰਨਾ ਜੀ ਦੀ ਸਾਦਗੀ, ਸਰਲਤਾ ਅਤੇ ਨਿਰਛਤਤਾ ਡੁੱਲ੍ਹ-ਡੁਲ੍ਹ ਪੈਂਦੀ ਹੈ:
ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ
ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀਆ ਛਾਦਨੁ ਨੀਕਾ॥ ਅਨਾਜੁ ਮਗਉ ਸਤ ਸੀ ਕਾ॥੧॥
ਗਊ ਭੈਸ ਮਗਉ ਲਾਵੇਰੀ॥ ਇਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥ (ਪੰਨਾ ੬੯੫)
ਭਗਤ ਧੰਨਾ ਜੀ ਦਾ ਜਨਮ ਪਿੰਡ ਧੂਆਨ, ਜ਼ਿਲ੍ਹਾ ਟਾਂਕ, ਰਾਜਸਥਾਨ ਵਿਚ ੧੪੧੫ ਈ. (ਸੰਮਤ ੧੪੭੩) ਵਿਚ ਹੋਇਆ।
ਭਗਤ ਧੰਨਾ ਜੀ ਦੇ ਪਿਤਾ ਜੀ ਕਿਰਸਾਣੀ ਦਾ ਕੰਮ ਕਰਦੇ ਸਨ। ਬਾਲਕ ਧੰਨਾ ਜੀ ਨੇ ਵੀ ਖੇਤੀ ਤੇ ਪਸ਼ੂ ਚਾਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਸ਼ੁਰੂ ਤੋਂ ਹੀ ਆਪ ਦਾ ਮਨ ਪ੍ਰਭੂ ਦੀ ਭਗਤੀ ਵੱਲ ਲੱਗਾ ਰਹਿੰਦਾ ਸੀ। ਜੱਟ ਪਰਵਾਰ ਵਿਚ ਜਨਮ ਲੈਣ ਅਤੇ ਕਿਰਸਾਣੀ ਜੀਵਨ ਹੋਣ ਕਰਕੇ ਆਪ ਬੜੇ ਸਾਦੇ ਤੇ ਨਿਰਛਲ ਬਿਰਤੀ ਵਾਲੇ, ਸੱਚੇ-ਸੁੱਚੇ ਇਨਸਾਨ ਸਨ। ਭਗਤ ਧੰਨਾ ਜੀ ਦੇ ਜੀਵਨ ਨਾਲ ਅਨੇਕ ਸਾਖੀਆਂ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇਕ ਸਾਖੀ ਦਾ ਉੱਲੇਖ ਇਸ ਤਰ੍ਹਾਂ ਮਿਲਦਾ ਹੈ ਕਿ ਭਗਤ ਧੰਨਾ ਜੀ ਰੋਜ ਇਕ ਬ੍ਰਾਹਮਣ ਨੂੰ ਠਾਕਰ (ਸਾਲਗ੍ਰਾਮ ਦੀ ਪੱਥਰ ਦੀ ਮੂਰਤੀ) ਦੀ ਪੂਜਾ ਕਰਦੇ ਵੇਖਿਆ ਕਰਦੇ ਸਨ। ਉਨ੍ਹਾਂ ਦੇ ਮਨ ਵਿਚ ਵੀ ਠਾਕੁਰ ਦੀ ਪੂਜਾ ਦਾ ਸ਼ੌਂਕ ਜਾਗਿਆ। ਉਨ੍ਹਾਂ ਨੇ ਉਸ ਬ੍ਰਾਹਮਣ ਕੋਲੋਂ ਸਾਲਗ੍ਰਾਮ (ਪੱਥਰ ਦੀ ਮੂਰਤੀ) ਮੰਗੀ, ਪਰੰਤੂ ਬ੍ਰਾਹਮਣ ਨੇ ਉਨ੍ਹਾਂ ਨੂੰ ਇਕ ਪੱਥਰ ਦੇ ਦਿੱਤਾ। ਭਗਤ ਧੰਨਾ ਜੀ ਨੇ ਉਸੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਆਪ ਜੀ ਦੀ ਨਿਸ਼ਕਾਮ ਤੇ ਸੱਚੀ-ਸੁੱਚੀ ਪ੍ਰੇਮਾ ਭਗਤੀ ਨੂੰ ਵੇਖ ਕੇ ਭਗਵਾਨ ਪ੍ਰਸੰਨ ਹੋ ਗਏ। ਉਨ੍ਹਾਂ ਨੇ ਪ੍ਰਤੱਖ ਰੂਪ ਵਿਚ ਪ੍ਰਗਟ ਹੋ ਕੇ ਭਗਤ ਧੰਨਾ ਜੀ ਨੂੰ ਦਰਸ਼ਨ ਦਿੱਤੇ ਤੇ ਉਨ੍ਹਾਂ ਦੇ ਹੱਥੋਂ ਅੰਨ, ਜਲ ਤੇ ਦੁੱਧ ਗ੍ਰਹਿਣ ਕਰ ਕੇ ਉਨ੍ਹਾਂ ਦੀ ਲਾਜ ਰੱਖ ਲਈ। ਭਾਈ ਗੁਰਦਾਸ ਜੀ ਨੇ ਇਸ ਸਾਰੀ ਘਟਨਾ ਨੂੰ ਆਪਣੀ ਦਸਵੀਂ ਵਾਰ ਦੀ ਤੇਰ੍ਹਵੀਂ ਪਉੜੀ ਵਿਚ ਇਸ ਤਰ੍ਹਾਂ ਬਿਆਨ
ਕੀਤਾ ਹੈ:
ਬਾਮ੍ਹਣੁ ਪੂਜੈ ਦੇਵਤੇ ਧੰਨਾ ਗਊ ਚਰਾਵਣਿ ਆਵੈ।
ਧੰਨੈ ਡਿਠਾ ਚਲਿਤੁ ਏਹੁ ਪੂਛੈ ਬਾਮ੍ਹਣੁ ਆਖਿ ਸੁਣਾਵੈ॥
ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ।
ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ।
ਪਥਰੁ ਇਕੁ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ।
ਠਾਕੁਰ ਨੋ ਨਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜਾਵੈ।
ਹਥਿ ਜੋੜਿ ਮਿਨਤਿ ਕਰੈ ਪੈਰੀ ਪੈ ਪੈ ਬਹੁਤੁ ਮਨਾਵੈ॥
ਹਉ ਭੀ ਮੁਹੁ ਨ ਜੁਠਾਲਸਾਂ ਤੂੰ ਵੁਠਾ ਮੈ ਕਿਹੁ ਨ ਸੁਖਾਵੈ।
ਗੋਸਾਈ ਪਰਤਖਿ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਵਿੰਦੁ ਮਿਲਾਵੈ॥ (ਵਾਰ ੧੦:੧੩)
ਡਾ. ਗੁਲਜ਼ਾਰ ਸਿੰਘ ਲਿਖਦੇ ਹਨ ਕਿ ਧੰਨਾ ਭਗਤ ਜੀ ਪਹਿਲਾਂ ਮੂਰਤੀ ਪੂਜਾ ਵਿਚ ਵਿਸ਼ਵਾਸ ਰੱਖਦੇ ਸਨ, ਪਰ ਬਾਅਦ ਵਿਚ ਨਿਰਗੁਣ ਧਾਰਾ ਦੇ ਸੰਤਾਂ ਨਾਲ ਮੇਲ-ਜੋਲ ਕਰ ਕੇ ਉਨ੍ਹਾਂ ਦਾ ਇਹ ਵਿਸ਼ਵਾਸ ਬਦਲ ਗਿਆ ਤੇ ਉਹ ਪ੍ਰਭੂ ਦੀ ਪ੍ਰੇਮਾ- ਭਗਤੀ ਵੱਲ ਮੁੜ ਪਏ। ਕਿਹਾ ਜਾਂਦਾ ਹੈ ਕਿ ਭਗਤ ਧੰਨਾ ਜੀ ਨੇ ਆਤਮਿਕ ਸੁੱਖ ਤੇ ਸ਼ਾਂਤੀ ਦੀ ਤਲਾਸ਼ ਵਿਚ ਦੂਰ-ਦੂਰ ਤਕ ਯਾਤਰਾ ਕੀਤੀ। ਭਗਤ ਧੰਨਾ ਜੀ ਨੇ ਪਰਮਾਰਥ ਦੀ ਸੋਝੀ ਭਗਤ ਰਾਮਾਨੰਦ ਜੀ ਤੋਂ ਪ੍ਰਾਪਤ ਕੀਤੀ ਸੀ। ਕਈ ਪੁਰਾਤਨ ਲਿਖਤਾਂ ਵਿਚ ਭਗਤ ਧੰਨਾ ਜੀ ਦਾ ਨਾਮ ਸ਼੍ਰੋਮਣੀ ਭਗਤ ਸਾਹਿਬਾਨ ਦੇ ਨਾਮ ਨਾਲ ਆਇਆ ਹੈ, ਜਿਵੇਂ ਕਿ ਭਗਤ ਰਵਿਦਾਸ ਜੀ, ਸਧਨਾ ਜੀ, ਭਗਤ ਸੂਰਦਾਸ ਜੀ ਅਤੇ ਭਗਤ ਨਾਮਦੇਵ ਜੀ :
ਧੰਨਾ ਤੇ ਰਵਿਦਾਸ ਜੀ, ਤਿਲੋਚਨ ਸਧਨਾ ਜਾਣ।
ਸੂਰਦਾਸ ਘਰ ਨਾਮਦੇਵ ਕੀਰਤਨ ਕੀਤਾ ਜਾਮ। (ਪਰਚੀਆਂ ਸ੍ਰੀ ਸੈਣ ਭਗਤ)
ਸ੍ਰੀ ਗੁਰੂ ਰਾਮਦਾਸ ਜੀ ਨੇ ਭਗਤ ਧੰਨਾ ਜੀ ਦਾ ਉਲੇਖ ਭਗਤ ਜੈਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਰਵਿਦਾਸ ਜੀ ਅਤੇ ਭਗਤ ਸੈਣ ਜੀ ਦੇ ਨਾਲ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਜਿਵੇਂ ਭਗਤ ਨਾਮਦੇਵ ਜੀ ਗੋਬਿੰਦ ਨਾਮ ਨੂੰ ਹਿਰਦੇ ਵਿਚ ਵਸਾ ਕੇ ਲੱਖਾਂ ਦੇ ਹੋ ਗਏ। ਜਿਵੇਂ ਭਗਤ ਰਵਿਦਾਸ ਜੀ ਨੇ ਸਾਧ-ਸੰਗਤ ਵਿਚ ਰਲ ਕੇ ਪ੍ਰਭੂ ਦਰਸ਼ਨਾਂ ਨੂੰ ਪਾ ਲਿਆ, ਭਗਤ ਸੈਣ ਜੀ ਪਾਰਬ੍ਰਹਮ ਦਾ ਨਾਮ ਹਿਰਦੇ ਵਿਚ ਵਸਾ ਕੇ ਵੱਡੇ ਭਗਤ ਬਣ ਗਏ, ਇਸੇ ਤਰ੍ਹਾਂ ਸੱਚੀ ਭਗਤੀ-ਭਾਵਨਾ ਕਰ ਕੇ ਭਗਤ ਧੰਨਾ ਜੀ ਨੂੰ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਹੋ ਗਏ ਤੇ ਉਹ ਵੱਡਭਾਗੀ ਹੋ ਗਿਆ :
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥੧॥ਰਹਾਉ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥॥੪॥੨॥
(ਪੰਨਾ ੪੮੮)
ਆਸਾ ਰਾਗ ਦੇ ਪਹਿਲੇ ਸ਼ਬਦ ਵਿਚ ਭਗਤ ਧੰਨਾ ਜੀ ਨੇ ਆਪਣੇ ਪੂਰਬਲੇ ਜਨਮ ਦੀ ਭਟਕਣਾ ਅਤੇ ਪ੍ਰਭੂ ਪ੍ਰਾਪਤੀ ਕਰਨ ਦੀ ਬਿਹਬਲਤਾ ਨੂੰ ਬਿਆਨ ਕੀਤਾ ਹੈ ਅਤੇ ਦੂਜੇ ਸ਼ਬਦ ਵਿਚ ਆਤਮ ਸਥਿਰਤਾ ਦਾ ਪ੍ਰਗਟਾਵਾ ਹੈ। ਧਨਾਸਰੀ ਰਾਗ ਵਾਲੇ ਸ਼ਬਦ ਵਿਚ ਭਗਤ ਧੰਨਾ ਜੀ ਨੇ ਉਨ੍ਹਾਂ ਵਸਤੂਆਂ ਦੀ ਮੰਗ ਕੀਤੀ ਹੈ ਜੋ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਹਨ। ਆਪ ਮਹਿਸੂਸ ਕਰਦੇ ਹਨ ਕਿ ਜੇ ਭਗਤੀ ਕਰਨੀ ਹੈ ਤਾਂ ਮੁੱਢਲੀਆਂ ਲੋੜਾਂ ਦੀ ਪੂਰਤੀ ਵੀ ਜ਼ਰੂਰੀ ਹੈ ਤਾਂਕਿ ਮਨ ਹੋਰ ਪਦਾਰਥਾਂ ਵੱਲ ਨਾ ਭਟਕਦਾ ਰਹੇ। ਇਸ ਸ਼ਬਦ ਵਿਚ ਭਗਤ ਧੰਨਾ ਜੀ ਦੀ ਸਾਦਗੀ, ਭੋਲਾਪਨ ਤੇ ਨਿਰਛਲਤਾ ਸਾਫ ਝਲਕਦੀ ਦਿਖਾਈ ਦਿੰਦੀ ਹੈ। ਆਪ ਜੀ ਦੇ ਤਿੰਨ ਸ਼ਬਦ ਜਗਿਆਸੂਆਂ ਨੂੰ ਪਰਮਾਰਥ ਦੀ ਸੇਧ ਦੇਣ ਪੱਖੋਂ ਬੜੀ ਮਹੱਤਤਾ ਰੱਖਦੇ ਹਨ। ਭਗਤ ਧੰਨਾ ਜੀ ਦੀ ਵਿਚਾਰਧਾਰਾ ਗੁਰਮਤਿ ਸਿਧਾਂਤਾਂ ਨਾਲ ਪੂਰਨ ਤੌਰ ‘ਤੇ ਮੇਲ ਖਾਂਦੀ ਹੈ। ਸ਼ਬਦਾਂ ਦੀ ਬੋਲੀ ਬੜੀ ਸਾਦੀ, ਸਰਲ ਅਤੇ ਸਪਸ਼ਟ ਹੈ:
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰੁ ਬਿਬਹਿ ਨ ਜਾਨਸਿ ਕੋਈ॥
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ॥੧॥ਰਹਾਉ॥
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ॥
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ॥੧॥
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ॥
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ॥੨॥
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ॥ (ਪੰਨਾ ੪੮੮)
ਇਸ ਸ਼ਬਦ ਦੁਆਰਾ ਭਗਤ ਧੰਨਾ ਜੀ ਸੰਸਾਰਕ ਜੀਵਾਂ ਨੂੰ ਸਮਝਾਅ ਰਹੇ ਹਨ ਕਿ ਹੇ ਮੇਰੇ ਮਨ! (ਤੂੰ) ਦਇਆ ਦੇ ਘਰ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ? ਜੋ ਹਰ ਜੀਵ ਨੂੰ ਰੋਜ਼ੀ ਦਿੰਦਾ ਹੈ, ਉਸ ਤੋਂ ਬਿਨਾ ਦੂਸਰਾ ਹੋਰ ਕੋਈ ਪ੍ਰਤਿਪਾਲਕ ਨਹੀਂ। ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ-ਪ੍ਰਦੇਸ਼ਾਂ ਵਿਚ ਵੀ ਭਟਕਦਾ ਫਿਰੇ ਤਾਂ ਵੀ ਜੋ ਕਰਤਾਰ ਕਰੇਗਾ ਉਹੀ ਹੋਵੇਗਾ। ਅੱਗੇ ਭਗਤ ਜੀ ਵੱਖੋ-ਵੱਖਰੇ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ ਕਿ ਉਸ ਪਰਮਾਤਮਾ ਨੇ ਮਾਂ ਦੇ ਪੇਟ ਦੇ ਵਿਚ ਸਾਡਾ ਦਸਾਂ ਜੋਤਾਂ ਵਾਲਾ ਸਰੀਰ ਸਾਜਿਆ ਹੈ ਅਤੇ ਉਸ ਅਗਨੀ ਵਿਚ ਖੁਰਾਕ ਦੇ ਕੇ ਸਾਡੀ ਰੱਖਿਆ ਕਰਦਾ ਹੈ। ਇਸੇ ਤਰ੍ਹਾਂ ਕੱਛੂ-ਕੁੰਮੀ ਪਾਣੀ ਵਿਚ ਰਹਿੰਦੀ ਹੈ ਅਤੇ ਉਸ ਦੇ ਬੱਚੇ ਬਾਹਰ ਰੇਤ ਉੱਤੇ ਰਹਿੰਦੇ ਹਨ ਨਾ ਉਨ੍ਹਾਂ ਨੂੰ ਮਾਤਾ ਦੇ ਖੰਭਾਂ ਦੀ ਰੱਖਿਆ ਹੁੰਦੀ ਹੈ ਤੇ ਨਾ ਹੀ ਮਾਤਾ ਦਾ ਦੁੱਧ ਪ੍ਰਾਪਤ ਹੁੰਦਾ ਹੈ। (ਜੀਵ) ਤੂੰ ਆਪਣੇ ਮਨ ਵਿਚ ਵਿਚਾਰ ਕੇ ਵੇਖ ਕਿ ਪੂਰਨ ਪਰਮਾਨੰਦ (ਅਰਥਾਤ ਪ੍ਰਭੂ) ਉਨ੍ਹਾਂ ਦੀ ਪਾਲਣਾ ਕਰਦਾ ਹੈ। ਇਸੇ ਤਰ੍ਹਾਂ ਪੱਥਰ ਦੇ ਅੰਦਰ ਕੀੜਾ ਲੁਕਿਆ ਰਹਿੰਦਾ ਹੈ। ਉਸ ਕੋਲ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ (ਕਿ ਉਹ ਬਾਹਰ ਜਾ ਕੇ) ਕੁਝ ਖਾ ਸਕੇ। ਭਗਤ ਧੰਨਾ ਜੀ ਕਹਿੰਦੇ ਹਨ ਕਿ ਉਸ ਦੀ ਪਾਲਣਾ ਵੀ ਪੂਰਨ ਪਰਮਾਤਮਾ ਆਪ ਹੀ ਕਰਦਾ ਹੈ। ਇਸ ਲਈ ਹੇ ਜੀਵ! ਤੈਨੂੰ ਡਰਨ ਜਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਹ ਹਰ ਇਕ ਦੀ ਸਾਰ ਲੈਂਦਾ ਤੇ ਜੀਵਾਂ ਦੀ ਪ੍ਰਤਿਪਾਲਣਾ ਕਰਦਾ ਹੈ।
