146 views 15 secs 0 comments

ਧਰਮ ਤੇ ਵਿੱਦਿਆ

ਲੇਖ
April 14, 2025

-ਪ੍ਰਿੰ. ਨਰਿੰਦਰ ਸਿੰਘ

ਸੋਚ ਕੋਈ ਇਕ ਵੀ ਸਿੱਖ ਵਿੱਦਿਅਕ ਅਦਾਰਾ ਨਹੀਂ ਬਣਿਆ, ਜਿਸ ਲਈ ਝੋਲੀਆਂ ਅੱਡ ਕੇ ਹਰ ਇਕ ਦਰਵਾਜ਼ੇ ਅੱਗੇ ਮੰਗਣ ਨਹੀਂ ਜਾਣਾ ਪਿਆ ਅਤੇ ਜਿਸ ਲਈ ਗਰੀਬ ਤੋਂ ਗਰੀਬ ਸਿੱਖ ਨੇ ਆਪਣਾ ਪੇਟ ਕੱਟ ਕੇ ਖੁਸ਼ੀ-ਖੁਸ਼ੀ ਹਿੱਸਾ ਨਾ ਪਾਇਆ ਹੋਵੇ। ਕੇਵਲ ਸ਼ਾਨਦਾਰ ਇਮਾਰਤਾਂ ਨਾ ਵੇਖੋ, ਇਹ ਨਿੱਕੀ ਜਿਹੀ ਕੌਮ ਨੇ ਕਿਸ ਤਰ੍ਹਾਂ ਅਤੇ ਕਿਹੜੀਆਂ ਹਾਲਤਾਂ ਅਤੇ ਕਿਸ ਤਰ੍ਹਾਂ ਬਣਾਈਆਂ ਹਨ? ਇਹ ਭੀ ਵੇਖਣ ਦਾ ਯਤਨ ਕਰੋ। ਇਹ ਬੜੀਆਂ ਪਵਿੱਤਰ ਕਮਾਈਆਂ ਤੇ ਮਿਹਨਤਾਂ ਨਾਲ ਅਤੇ ਉੱਚੇ ਆਦਰਸ਼ਾਂ ਲਈ ਉਸਾਰੀਆਂ ਗਈਆਂ ਹਨ। ਇਨ੍ਹਾਂ ਦਾ ਨੁਕਸਾਨ ਆਦਰਸ਼ਾਂ ਦਾ ਅੰਗ ਭੰਗ ਕਰਨਾ ਹੈ।

ਕੋਈ ਇਕ ਲੜਕਾ ਜਾਂ ਲੜਕੀ ਨਹੀਂ ਦਾਖ਼ਲ ਹੁੰਦੀ, ਉਸ ਦੇ ਨਾਲ ਉਸ ਦੇ ਨਾਨਕੇ ਅਤੇ ਦਾਦਕੇ ਦੋਵੇਂ ਪਰਵਾਰ ਭੀ ਦਾਖਲ ਹੁੰਦੇ ਹਨ। ਦੋਹਾਂ ਪਰਵਾਰਾਂ ਦਾ ਸੰਪੂਰਨ ਵਿਰਸਾ ਉਸ ਦੇ ਨਾਲ ਹੁੰਦਾ ਹੈ। ਉਹ ਆਪਣੇ ਪਿੰਡ ਦਾ ਪ੍ਰਤੀਨਿਧ ਭੀ ਹੁੰਦਾ ਹੈ ਅਤੇ ਪਿੰਡ ਦਾ ਮਾਡਲ ਭੀ ਹੁੰਦਾ ਹੈ।

ਇਹ ਸਭ ਕੁਝ ਹੁੰਦਿਆਂ ਭੀ ਉਹ ਇਕ ਪਰਵਾਰ ਦਾ ਅਤੇ ਇਕ ਪਿੰਡ ਦਾ ਪ੍ਰਤੀਨਿਧ ਹੁੰਦਾ ਹੈ।

ਪਰ ਜਦੋਂ ਉਹ ਸਿੱਖ ਵਿੱਦਿਅਕ ਅਦਾਰੇ ਵਿੱਚੋਂ ਪੜ੍ਹ ਕੇ ਬਾਹਰ ਨਿਕਲਦਾ ਹੈ, ਉਸ ਵੇਲੇ ਉਹ ਸਾਰੀ ਸਿੱਖ ਕੌਮ ਦਾ ਨਮੂਨਾ ਹੁੰਦਾ ਹੈ। ਸਾਰਾ ਸੰਸਾਰ ਉਸ ਵਿੱਚੋਂ ਉਸ ਦੇ ਵਿੱਦਿਅਕ ਅਦਾਰੇ ਦੇ ਅਧਿਆਪਕਾਂ ਦੇ, ਉਸ ਦੇ ਗੁਰੂਆਂ ਦੇ ਦਰਸ਼ਨ ਅਤੇ ਗੁਣ ਲੱਭਦੇ ਹਨ।

ਵਿੱਦਿਅਕ ਅਦਾਰੇ ਵਿਚ ਦਾਖ਼ਲ ਹੋਣ ਵੇਲੇ ਉਹ ਤੁਰ ਕੇ ਆਇਆ ਸੀ। ਵਿੱਦਿਅਕ ਅਦਾਰੇ ਨੇ ਉਸ ਨੂੰ ਖੰਭ ਦਿੱਤੇ ਹਨ। ਹੁਣ ਉਸ ਨੇ ਜੂੰ ਤੋਰੇ ਜਾਂ ਕੀੜੀ ਮਾਰਗ ’ਤੇ ਨਹੀਂ ਚੱਲਣਾ। ਉਸ ਦਾ ਬਿਹੰਗ-ਮਾਰਗ ਹੈ। ਅਕਾਸ਼ ਮਾਰਗ ਹੈ। ਸਾਰੀ ਧਰਤੀ ਉਸ ਦੀ ਆਪਣੀ ਹੈ, ਜਿੱਥੇ ਚਾਹੇ ਜਾ ਕੇ ਵੱਸ ਸਕਦਾ ਹੈ। ਹੁਣ ਉਸ ਨੇ ਪਿੰਡ ਦੇ ਖੁੰਡ ‘ਤੇ ਬੈਠ ਕੇ ਯਕੜ ਨਹੀਂ ਮਾਰਨੇ। ਸੰਸਾਰ ਦੀਆਂ ਸੱਭਿਅਤਾ ਵਾਲੀਆਂ ਕੌਮਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਹੈ।

ਪੈਰਸ ਦੇ ਹੋਟਲ ਵਿਚ ਇਕ ਸਿੱਖ ਦੀ ਬੜੀ ਪ੍ਰਸਿੱਧ ਘਟਨਾ ਹੈ। ਇਹ ਘਟਨਾ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਦੇ ਹੱਡੀਂ ਵਾਪਰੀ ਸੀ ਅਤੇ ਮੈਂ ਵੇਰਵੇ ਸਹਿਤ ਗੁਰਮਤਿ ਪ੍ਰਕਾਸ਼ (ਜੁਲਾਈ, ੧੯੬੭ ਈ.) ਵਿਚ ਛਾਪੀ ਸੀ। ਹੋਟਲ ਦੀ ਮੈਨੇਜਰ ਨੇ ਸਵੇਰੇ ਝੀਤਾਂ ਵਿਚ ਦੀ ਉਸ ਦਾ ਅੰਮ੍ਰਿਤ ਵੇਲਾ ਵੇਖਿਆ ਸੀ। ਉਸ ਨੂੰ ਸਿਮਰਨ ਕਰਦਾ ਅਤੇ ਨਿਤਨੇਮ ਕਰਦਾ ਵੇਖਿਆ ਸੀ। ਉਸ ਨੂੰ ਆਪਣੇ ਸੁੰਦਰ ਕੇਸਾਂ ਨੂੰ ਵਾਹੁੰਦਿਆਂ, ਦਸਤਾਰਾ ਸਜਾਂਦਿਆਂ ਅਤੇ ਸ਼ੀਸ਼ੇ ਵਿਚ ਆਪਣੇ ਗੁਰੂ ਦੇ ਦਿੱਤੇ ‘ ਸਰੂਪ ਨੂੰ ਦੇਖਦਿਆਂ, ਵੇਖਿਆ ਸੀ।

ਸਿੱਖ ਵਿੱਦਿਅਕ ਅਦਾਰੇ ਤੁਹਾਡੇ ਪੈਰ ਨਹੀਂ ਬਦਲਦੇ ਪਰ ਤੋਰ ਪਹਿਲੀ ਨਹੀਂ ਰਹਿਣ ਦੇਂਦੇ। ਤੁਹਾਡਾ ਦਿਮਾਗ ਪਹਿਲਾ ਹੀ ਰਹਿੰਦਾ ਹੈ ਪਰ ਸੋਚਣੀ ਵਿਚ ਪਰਵਾਰ ਦੇ ਥਾਂ ’ਤੇ ਸੰਸਾਰ ਆ ਜਾਂਦਾ ਹੈ।
ਸੱਚ ਪੁੱਛੋ ਤਾਂ ਸੱਚੇ ਅਰਥਾਂ ਵਿਚ ਸਿੱਖ, ਸਿੱਖ ਵਿੱਦਿਅਕ ਅਦਾਰਿਆਂ ਵਿਚ ਹੀ ਜੰਮਦਾ, ਪਲਦਾ ਅਤੇ ਜਵਾਨ ਹੁੰਦਾ ਹੈ। ਉਹ ਜਿੱਥੇ ਭੀ ਜਾਵੇ, ਜਿੱਥੇ ਭੀ ਰਹੇ, ਉਸ ਦੇ ਸੱਜੇ ਅਤੇ ਖੱਬੇ ਮੋਢੇ ਉੱਪਰ ਚਿਤਰ ਗੁਪਤ ਵਾਂਗ ਸਿੱਖ ਵਿੱਦਿਅਕ ਅਦਾਰਾ ਅਤੇ ਅਧਿਆਪਕ ਬੈਠੇ ਹੋਏ ਹੁੰਦੇ ਹਨ। ਪਹਿਲੀ ਗੱਲ ਧਰਮ ਦੀ ਹੈ ਅਤੇ ਦੂਜੀ ਲੋੜ ਦੀ ਹੈ। ਤੀਜੀ ਸਿੱਖ ਸੰਸਥਾ ਦੀ ਅਤੇ ਚੌਥੀ ਵਿੱਦਿਅਕ ਅਦਾਰਿਆਂ ਦੀ।
ਸੰਸਾਰ ਵਿਚ ਜਿਤਨੇ ਪ੍ਰਾਕ੍ਰਿਤਕ ਪਦਾਰਥ ਹਨ, ਹਰ ਇਕ ਦਾ ਕੋਈ ਨਾ ਕੋਈ ਇਕ ਮੁੱਖ ਧਰਮ ਹੈ। ਉਹ ਮੁੱਖ ਧਰਮ ਉਨ੍ਹਾਂ ਤੋਂ ਕੋਈ ਖੋਹ ਨਹੀਂ ਸਕਦਾ। ਕੋਈ ਪਲ ਦੋ ਪਲ ਖੋਹ ਭੀ ਲਏ ਤਾਂ ਉਹ ਆਪਣੇ ਆਪ ਵਿੱਚੋਂ ਉਹੋ ਧਰਮ ਹੋਰ ਕੱਢ ਲੈਂਦਾ ਹੈ। ਇਹ ਧਰਮ ਉਨ੍ਹਾਂ ਦੀ ਲੋੜ ਨਹੀਂ, ਉਨ੍ਹਾਂ ਦੀ ਹੋਂਦ ਦਾ ਆਧਾਰ ਹੈ।

ਮਨੁੱਖੀ-ਧਰਮ ਦਾ ਅਰੰਭ ਰੱਬ ਦੀ ਮਾਨਤਾ ਤੋਂ ਅਰੰਭ ਹੁੰਦਾ ਹੈ ਅਤੇ ਉਸ ਦੀ ਪਛਾਣ ਕਾਦਰ ਅਤੇ ਕੁਦਰਤ ਦੇ ਲੇਖਾਂ ਤੋਂ ਹੁੰਦੀ ਹੈ। ਮਨੁੱਖੀ ਸੰਬੰਧਾਂ ਤੋਂ ਹੁੰਦੀ ਹੈ।

ਮਾਂ ਜਨਮ-ਪੀੜਾ ਲੈਣ ਵੇਲੇ ਅਤੇ ਬੱਚਾ ਜਨਮ ਲੈਣ ਵੇਲੇ, ਦੋਵੇਂ ਮਿਲ ਕੇ ਇਕੱਠੀ ਅਰਦਾਸ ਕਰ ਰਹੇ ਸਨ। ਮਾਂ ਨੇ ਜਨਮ ਦੇ ਕੇ ਅਤੇ ਪੁੱਤਰ ਨੇ ਜਨਮ ਲੈ ਕੇ ਦੋਵਾਂ ਨੇ ਰੱਬ ਦਾ ਸ਼ੁਕਰ ਕੀਤਾ। ਨਾ ਕੋਈ ਪੂਰੀ ਪੀੜ ਦੱਸਣ ਲਈ ਸ਼ਬਦ ਬਣਿਆ ਹੈ ਅਤੇ ਨਾ ਕੋਈ ਪੂਰੇ ਸ਼ੁਕਰ ਲਈ ਸ਼ਬਦ ਬਣਿਆ। ਭਾਸ਼ਾਵਾਂ ਦੇ ਥੇਹਾਂ ਉੱਪਰ ਹੋਰ ਭਾਸ਼ਾਵਾਂ ਉਸਰ-ਉਸਰ ਕੇ ਥੇਹ ਬਣਦੀਆਂ ਰਹਿਣਗੀਆਂ। ਪਰ ਪੀੜ ਤੇ ਸ਼ੁਕਰ ਗੂੰਗੇ ਦੀ ਸੈਨਤ ਤੋਂ ਅੱਗੇ ਨਹੀਂ ਜਾ ਸਕਣਗੇ।

ਪੁੱਤਰ ਨੇ ਜਦੋਂ ਮਾਤਾ ਪਾਸੋਂ ਪਹਿਲੀ ਵਾਰ ਦੁੱਧ ਦਾ ਪਹਿਲਾ ਘੁਟ ਚੁੰਘਿਆ ਰੱਬ ਨੇ ਪਹਿਲੀ ਵਾਰ ਦੋਹਾਂ ਨੂੰ ਗੋਦੀ ਵਿਚ ਲੈ ਕੇ ਕਿਹਾ, “ਇਹ ਮੇਰੀ ਖੇਡ ਹੈ। ਤੁਸੀਂ ਮੇਰੇ ਖਿਡਾਉਣੇ ਹੋ।”
ਬੱਚੇ ਦੇ ਚਾਰ ਚੁਫੇਰੇ ਧਰਮ ਕਿਰਨਾਂ ਵਾਂਗ ਫੈਲ ਗਿਆ। ਮਾਂ-ਧਰਮ, ਪਿਤਾ-ਧਰਮ, ਭਰਾ-ਧਰਮ, ਭੈਣ-ਧਰਮ, ਚਾਚਾ- ਧਰਮ, ਵੱਡੇ ਦਾ ਧਰਮ, ਨਿੱਕੇ ਦਾ ਧਰਮ। ਪਤੀ-ਧਰਮ, ਪਤਨੀ-ਧਰਮ, ਗੁਆਂਢੀ ਦਾ ਧਰਮ, ਚੁਫੇਰਾ ਧਰਮਾਂ ਦਾ।

ਪਸ਼ੂ ਮਾਂ, ਮਾਂ-ਧਰਮ ਪਾਲਦੀ ਹੈ, ਉਹ ਪਸ਼ੂ ਹੋਣ ’ਤੇ ਭੀ ਗੋਹੇ ਨੂੰ ਮੂੰਹ ਨਹੀਂ ਲਾਉਂਦੀ। ਪਰ ਜਦੋਂ ਉਸ ਦਾ ਬੱਚਾ ਮਲ- ਮੂਤਰ ਨਾਲ ਭਰਿਆ ਹੋਇਆ ਹੋਵੇ, ਉਹ ਆਪਣੀ ਜ਼ਬਾਨ ਨਾਲ ਬੱਚੇ ਨੂੰ ਖੁੰਬ ਚਾੜ੍ਹੇ ਕੱਪੜੇ ਵਾਂਗ ਲਿਸ਼ਕਾ ਲੈਂਦੀ ਹੈ। ਆਪਣੇ ਜ਼ਖ਼ਮੀ ਥਣਾਂ ਵਿੱਚੋਂ ਦੁੱਧ ਪਿਆ ਕੇ ਡਕਾਰ ਲੈਂਦੀ ਹੈ, ਆਪਣੀ ਬੋਲੀ ਵਿਚ ਲੋਰੀਆਂ ਦੇਂਦੀ ਹੈ।

ਅੱਗੇ ਜੜ੍ਹ ‘ਹਰੀ ਰੱਖਣ ਲਈ ਭਗਤ, ਸੂਰਮਾ ਅਤੇ ਦਾਨੀ ਲਈ ਪ੍ਰਾਰਥਨਾ ਕੀਤੀ ਜਾਂਦੀ ਸੀ। ਘਰ ਵਿਚ ਬੱਚੇ ਦੇ ਆਉਣ ਦੀ ਸੋ ਸੁਣ ਕੇ ਸਾਰੇ ਪਰਵਾਰ ਦੀਆਂ ਅੱਖਾਂ ਵਿਚ ਖੁਸ਼ੀ ਦੀਆਂ ਕੁਤਕੁਤਾਰੀਆਂ ਹੁੰਦੀਆਂ ਸਨ। ਮਾਂ ਨੇ ਦੁੱਧ ਨਾ ਦੇ ਕੇ ਮਾਂ- ਧਰਮ ਦੀ ਪਾਲਨਾ ਨਹੀਂ ਕੀਤੀ। ਬੋਤਲ ਨੇ ਦੁੱਧ ਪਿਆ ਕੇ ਮਾਂ-ਧਰਮ ਦਾ ਘਾਟਾ ਪੂਰਾ ਕਰ ਦਿੱਤਾ। ਬੱਚਾ, ਬੱਚੇ ਸੰਭਾਲਣ ਲਈ ਘਰ ਵਿਚ ਪਾਲਿਆ।
ਕੀ ਅਸੀਂ ਸੱਚਮੁਚ ਅਨੁਭਵ ਕਰ ਲਿਆ ਹੈ ਕਿ ਸਿੱਖ ਵਿੱਦਿਅਕ ਸੰਸਥਾ ਵਿਚ ਧਰਮ ਦੀ ਲੋੜ ਹੈ? ਰੋਟੀ ਵਰਗੀ ਲੋੜ ਹੈ? ਪਾਣੀ ਵਰਗੀ ਲੋੜ ਹੈ? ਹਵਾ ਵਰਗੀ ਲੋੜ ਹੈ? ਕੱਪੜਿਆਂ ਵਰਗੀ ਲੋੜ ਹੈ? ਪ੍ਰਾਣਾਂ ਵਰਗੀ ਲੋੜ ਹੈ? ਮਕਾਨ ਵਰਗੀ ਲੋੜ ਹੈ?

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਠੀਕ ਕਿਹਾ ਸੀ “ਸੋਚ ਜੀ! ਸਾਨੂੰ ਸਿੱਖੀ ਦੀ ਨਹੀਂ, ਸਿੱਖੀ ਦੀ ਆਤਸ਼ਬਾਜ਼ੀ ਚਲਾਉਣ ਦਾ ਸ਼ੋਕ ਹੈ। ਅਸੀਂ ਸਿੱਖੀ ਨਹੀਂ, ਸਿੱਖੀ ਦਾ ਤਮਾਸ਼ਾ ਵਿਖਾ ਕੇ ਲੋਕਾਂ ਤੋਂ ਵਾਹਵਾ ਲੈਣ ਵਾਲੇ ਲਾਲਚੀ ਹਾਂ। ਅਸੀਂ ਕੇਵਲ ਸਿੱਖੀ ਦੀ ਪ੍ਰਦਰਸ਼ਨੀ ਕਰਨੀ ਚਾਹੁੰਦੇ ਹਾਂ। ਸਿੱਖ ਜੀਵਨ ਜੀਉਣਾ ਨਹੀਂ ਚਾਹੁੰਦੇ। ਅਸੀਂ ਤੇ ਸਿੱਖੀ ਦੇ ਸਭ ਤੋਂ ਉੱਚੇ ਸ਼ਬਦਾਂ ਤੋਂ ਘ੍ਰਿਣਾ ਕਰਨ ਲੱਗ ਪਏ ਹਾਂ।
‘ਭਾਈ ਮਰਦਾਨਿਆ’ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਸੰਬੋਧਨ ਸੀ। ਉਮਰਾਂ ਭਰ ਨਾ ਜਾਣ ਵਾਲੀ ਤੀਬਰ ਭੁੱਖ ਦਾ ਨਾਮ ਸਿੱਖੀ ਹੈ। ਸਿੱਖੀ ਅਤੇ ਭਾਈ ਸ਼ਬਦਾਂ ਦਾ ਸੰਬੰਧ ਸਰੀਰ ਤੇ ਆਤਮਾ ਵਰਗਾ ਹੈ। ਸਿੱਖ ਤੋਂ ਬਿਨਾ, ਕੋਈ ਭਾਈ ਨਹੀਂ ਬਣ ਸਕਦਾ। ਭਾਈ ਮਰਦਾਨਾ, ਬਾਂਹਵਾਂ ਵਾਂਗ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਹਾ। ਉਮਰ ਨੇ ਸਾਥ ਛੱਡਿਆ, ਭਾਈ ਮਰਦਾਨੇ ਨੇ ਤੋੜ ਤਕ ਭਰਾਵਾਂ ਵਾਂਗ ਦੁੱਖ ਸੁਖ ਵਿਚ ਸਾਥ ਦਿੱਤਾ।

ਗੁਰੂ ਬਣਨ ਤੋਂ ਪਹਿਲਾਂ ਭਾਈ ਲਹਿਣਾ ਬਣਨਾ ਜ਼ਰੂਰੀ ਹੈ। ਭਾਈ ਜੇਠਾ ਬਣਨ ਤੋਂ ਪਿੱਛੋਂ ਹੀ ਕੋਈ ਸੋਢੀ ਪਾਤਸ਼ਾਹ ਬਣ ਸਕਦਾ ਹੈ। ਪਹਿਲਾਂ ਭਾਈ ਤਿਆਗ ਮੱਲ ਅਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ ਬਣਨ ਦਾ ਮਾਣ ਮਿਲਦਾ ਹੈ। ਜਦੋਂ ਸਭ ਤੋਂ ਵੱਡੀ ਤੇ ਸਦੀਵੀ ਸਾਂਝੀ ਪਦਵੀ ਸਿੱਖਾਂ ਨੂੰ ਦੇਣ ਲਈ ਤਲਵਾਰ ਦੀ ਧਾਰ ‘ਤੇ ਪ੍ਰੀਖਿਆ ਲਈ ਤਾਂ ਭੀ ਉਨ੍ਹਾਂ ਪੰਜਾਂ ਪਿਆਰਿਆਂ ਨੂੰ ਭਾਈ ਦੀ ਪਦਵੀ ਦਿੱਤੀ।
ਸਿੱਖੀ ਵਿਚ ਭੀ ਤੇ ਪੰਜਾਬੀ ਵਿਚ ਦੂਜਾ ਸ਼ਬਦ ਬਾਬਾ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਲਈ ਵਰਤਿਆ ਹੈ ਅਤੇ ਬਾਣੀ ਵਿਚ ਵੱਡੇ ਗੁਰੂ ਲਈ ਦਾਦੇ ਸ਼ਬਦ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ। ਹੁਣ ਤੇ ਬਾਬੇ ਸ਼ਬਦ ਤੋਂ ਸਿੱਖਾਂ ਨੂੰ ਹੋਰ ਲੱਗਦਾ ਹੈ। ਧੁੱਪ ਨਾਲੋਂ ਕਾਲੀ ਰਾਤ ਚੰਗੀ ਲਗਦੀ ਹੈ। ਦਾਹੜੇ ਦੇ ਉੱਜਲ ਹੋਣ ਦਾ ਡਰ ਲੱਗਾ ਰਹਿੰਦਾ ਹੈ।

ਬਾਬਾ ਸ਼ਬਦ ਸਿੱਖਾਂ ਨੇ ਤੇ ਸਿੰਘਾਂ ਨੇ ਉਮਰ ਭਰ ਦੀਆਂ ਘਾਲਣਾ ਘਾਲ ਕੇ ਪ੍ਰਾਪਤ ਕੀਤਾ। ਗੁਰੂ ਪੁੱਤਰਾਂ ਨੂੰ ਘਾਲਣਾ ਘਾਲ ਕੇ ਭੀ, ਸ਼ਹੀਦੀਆਂ ਪਾ ਕੇ ਭੀ ਅਤੇ ਗੁਰੂ ਪੁੱਤਰ ਦੇ ਮਾਣ ਕਰਕੇ ਭੀ ਬਾਬਾ ਸ਼ਬਦ ਨਾਲ ਸੱਦਿਆ ਅਤੇ ਸਤਿਕਾਰਿਆ ਜਾਂਦਾ ਸੀ।

ਧਰਮ ਨੇ ਪ੍ਰਵਾਰ ਵਿਚ ਜੰਮਣਾ ਸੀ। ਪ੍ਰਵਾਰ ਕੋਲੋਂ ਉਮਰ ਅਤੇ ਸਿਹਤ ਲੈਣੀ ਸੀ। ਪ੍ਰਵਾਰ ਕੋਲੋਂ ਧਰਮ ਦਾ ਅਦਬ ਲੈਣਾ ਸੀ। ਧਰਮੀ-ਮਾਂ ਅਤੇ ਧਰਮੀ-ਪਿਤਾ ਕੋਲੋਂ ਧਰਮ ਦੀਆਂ ਲੋਰੀਆਂ ਲੈਣੀਆਂ ਸਨ।
ਧਰਮ-ਮਹਿੱਟਰ ਬੱਚੇ, ਸਿੱਖ ਵਿੱਦਿਅਕ ਸੰਸਥਾਵਾਂ ਵਿਚ ਦਾਖਲ ਹੋ ਗਏ। ਇਹ ਦੂਜਾ, ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਪਰਵਾਰ ਹੈ। ਸਾਰੇ ਸੰਸਾਰ ਦੇ ਪਿਤਾ ਭੀ ਇਕੱਠੇ ਹੋ ਜਾਣ ਤਾਂ ਉਹ ਪਿਤਾ ਹੀ ਰਹਿਣਗੇ, ਅਧਿਆਪਕ ਨਹੀਂ ਸਦਵਾ ਸਕਦੇ। ਅਧਿਆਪਕ-ਧਰਮ ਬਹੁਤ ਵੱਡਾ ਧਰਮ ਹੈ, ਏਸੇ ਕਰਕੇ ਇਨ੍ਹਾਂ ਲਈ ਕੌਮ ਉਸੱਰੀਏ ਸ਼ਬਦ ਵਰਤਿਆ ਜਾਂਦਾ ਹੈ। ਅਧਿਆਪਕ ਆਪਣੀ ਕਲਾਸ ਵਿਚ ਬੈਠੇ ਚਾਲੀ ਲੜਕਿਆਂ ਨੂੰ ਚਾਲੀ ਲੜਕੇ ਨਹੀਂ ਗਿਣਦਾ, ਉਹ ਚਾਲੀ ਪ੍ਰਵਾਰ ਹੁੰਦੇ ਹਨ। ਉਸ ਦੀ ਬੇੜੀ ਵਿਚ ਚਾਲੀ ਪ੍ਰਵਾਰ ਬੈਠੇ ਹੋਏ ਹਨ, ਸਮੇਂ ਦਾ ਦਰਿਆ ਪੂਰੇ ਚੜ੍ਹਾ ਵਿਚ ਹੈ, ਕਪਟ ਤੇ ਵਧੇਰੇ ਮੂੰਹ ਅੱਡ ਕੇ ਖੜੋਤੇ ਹਨ। ਜਿਤਨਾ ਮਾਂ ਦਾ ਦੁੱਧ ਪੀਤਾ ਹੈ, ਅਧਿਆਪਕ ਨੂੰ ਸਾਰਾ ਜ਼ੋਰ ਲਾ ਕੇ ਬੇੜੀ ਨੂੰ ਠੀਕ ਸੇਧ ਵਿਚ ਰੱਖ ਕੇ ਉਮਰ ਭਰ ਚਲਾਉਣਾ ਪੈਂਦਾ ਹੈ।

ਅਧਿਆਪਕ ਕੇਵਲ ਗਿਆਨ ਹੀ ਨਹੀਂ ਦੇਂਦੇ, ਉਹ ਵਿਦਿਆਰਥੀਆਂ ਦੀਆਂ ਸ਼ਖ਼ਸੀਅਤਾਂ ਭੀ ਬਣਾਉਦੇ ਹਨ। ਉਨ੍ਹਾਂ ਨੂੰ ਠੀਕ ਦ੍ਰਿਸ਼ਟੀ ਭੀ ਦੇਂਦੇ ਹਨ। ਵਿੱਦਿਅਕ ਅਦਾਰਿਆਂ ਦੇ ਸਾਰੇ ਅਧਿਆਪਕ ਇਕ ਪ੍ਰਵਾਰ ਬਣ ਕੇ ਕੰਮ ਕਰਨ। ਇਕ ਦੂਜੇ ਨੂੰ ਪੂਰਾ ਸਹਿਯੋਗ ਦੇਣ। ਕਿਸੇ ਇਕ ਵਿਦਿਆਰਥੀ ਦੀ ਸ਼ਖ਼ਸੀਅਤ ਦੇ ਮਹੌਲ ਵਿਚ ਕੋਈ ਕਮਜ਼ੋਰੀ ਆ ਰਹੀ ਹੋਵੇ, ਤਾਂ ਸਾਰੇ ਲੜਕੇ ਜਾਨ ਹੀਲਕੇ ਉਸ ਨੂੰ ਦੂਰ ਕਰਨ। ਵਿੱਦਿਅਕ ਅਦਾਰਾ ਭੀ ਇਕ ਪਵਿੱਤਰ ਧਰਮ ਹੈ।

ਧਰਮ-ਦਰਸ਼ਨ ਵਿਗਿਆਨ ਵਾਂਗ ਪੜ੍ਹਾਉਣਾ ਭੀ ਪੈਂਦਾ ਹੈ ਅਤੇ ਉਸ ਨੂੰ ਅਮਲ ਕਰਕੇ ਵਿਖਾਉਣਾ ਭੀ ਪੈਂਦਾ ਹੈ, ਧਰਮ ਲਈ ਮਾਡਲ ਦੀ ਲੋੜ ਹੁੰਦੀ ਹੈ।

ਧਰਮ ਬੀਜ ਨਹੀਂ ਹੈ, ਅੰਕੁਰ ਹੈ। ਬੀਜ ਦਇਆ ਹੈ। ਦਇਆ ਬੜੀ ਨਿਤਾਣੀ ਤੇ ਨਿਮਾਣੀ ਜਿਹੀ ਜਾਪਦੀ ਹੈ ਪਰ ਇਹ ਉਸ ਧਰਮ ਧੌਲ ਨੂੰ ਪੈਦਾ ਕਰਦੀ ਹੈ, ਜਿਹੜਾ ਸਾਰੇ ਸੰਸਾਰ ਦਾ ਭਾਰ ਚੁੱਕ ਸਕਦਾ ਹੈ। ਧਰਮ ਕਦੇ ਭੀ ਇਕੱਲਾ ਨਹੀਂ ਹੁੰਦਾ। ਇਸ ਦੀ ਸੱਜੀ ਬਾਂਹ ਖਿਮਾ ਦੀ ਹੁੰਦੀ ਹੈ, ਜੇ ਖਿਮਾ ਨਹੀਂ ਤਾਂ ਧਰਮ ਟੁੰਡਾ ਹੈ। ਘਾਲਣਾ ਅਤੇ ਕਮਾਈ ਕਰਨ ਨਾਲ, ਵੰਡਣ ਅਤੇ ਕੁਰਬਾਨੀ ਨਾਲ ਧਰਮ ਦਾ ਕੱਦ ਉੱਚਾ ਹੁੰਦਾ ਹੈ।
ਇਸ ਦੇ ਸਾਹਮਣੇ ਖੜੋ ਕੇ ਕੋਈ ਲੜਨ ਦਾ ਹੀਆ ਨਹੀਂ ਕਰ ਸਕਦਾ। ਇਸ ਦਾ ਕੇਵਲ ਇੱਕ ਵੈਰੀ ਹੈ, ਉਹ ਐਸੀ ਸ਼ਕਲ ਬਣਾ ਲੈਂਦਾ ਹੈ, ਜਿਸ ਨਾਲ ਧਰਮ ਧੋਖਾ ਖਾ ਜਾਂਦਾ ਹੈ। ਉਹ ਹੈ ਕਰੋਧ। ਧਰਮ ਕਾਹਲ ਵਿਚ ਆ ਕੇ ਇਹ ਪਛਾਣ ਨਹੀਂ ਸਕਦਾ ਕਿ ਇਹ ਕਰੋਧ ਹੈ ਕਿ ਜੋਸ਼ ਹੈ। ਜੋਸ਼ ਵਿਚ ਦੂਰੰਦੇਸ਼ੀ ਹੁੰਦੀ ਹੈ। ਕੋਈ ਮਾਣ ਕਰਨ ਵਾਲਾ ਆਦਰਸ਼ ਹੁੰਦਾ ਹੈ। ਕਰੋਧ ਦੁਰਬਲਤਾ ਦਾ ਗਿੱਦੜ ਹੁੰਦਾ ਹੈ। ਪਰ ਉਸ ਨੇ ਜੋਸ਼ ਦੇ ਬੱਬਰ ਸ਼ੇਰ ਦਾ ਮੁਖੌਟਾ ਪਾਇਆ ਹੁੰਦਾ ਹੈ।

ਵੀ.ਸੀ. ਸਾਹਿਬ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਵੇਲੇ ਹਿੰਦੂ, ਸਿੱਖ ਅਤੇ ਮੁਸਲਮ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਸੀ, “ਸੋਚ ਜੀ ਨੇ ਜਿਹੜਾ ਸਿੱਖ ਧਰਮ ਦੱਸਿਆ ਹੈ, ਇਸ ਧਰਮ ਦੀ ਮਸਜਿਦਾਂ ਨੂੰ ਵੀ ਲੋੜ ਹੈ, ਉੱਥੇ ਭੀ ਇਸ ਦਾ ਪ੍ਰਚਾਰ ਹੋਣਾ ਚਾਹੀਦਾ ਹੈ।” ਜਬਲਪੁਰ ਯੂਨੀਵਰਸਿਟੀ ਦੇ ਵੀ. ਸੀ ਸਾਹਿਬ ਜੀ ਨੇ ਪ੍ਰਦਰਸ਼ਨੀ ਵਿਚ ‘ਜਪੁ ਦਾ ਸੰਸਕ੍ਰਿਤ ਵਿਚ ਤਰਜਮਾ ਵੇਖ ਕੇ ਵਿਅੰਗ ਭਰੀ ਨਜ਼ਰ ਨਾਲ ਮੇਰੇ ਵਲ ਤੱਕ ਕੇ ਕਿਹਾ, “ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵੱਲ ਰੁਖ਼ ਕਰ ਕੇ ਸਫਰ ਕੀਤਾ ਸੀ, ਉਨ੍ਹਾਂ ਦੀ ਸਾਰੀ ਬਾਣੀ ਲੋਕ ਮੁਖ ਹੈ, ਸਦੀਆਂ ਤਕ ਇਸ ਕਰਕੇ ਸਫਰ ਕਰਦੀ ਰਹੇਗੀ, ਲੋਕ ਬੋਲੀ ਤੋਂ ਟੁੱਟਾ ਹੋਇਆ ਧਰਮ, ਲੋਕਾਂ ਵਿਚ ਜੀਉਂਦਾ ਨਹੀਂ ਰਹਿ ਸਕਦਾ। ਤੁਸੀਂ, ਲੋਕ-ਮੁਖ ਤੋਂ ਬੇਮੁਖ ਕਿਉਂ ਹੋ ਰਹੇ ਹੋ।”

ਉਨ੍ਹਾਂ ਨੇ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣ ਜਾਣ ਦੀ ਵਧਾਈ ਦਿੱਤੀ ਅਤੇ ਕਿਹਾ, “ਜਿਨ੍ਹਾ ਤਿੰਨ ਮੈਂਬਰਾਂ ਨੇ ਯੂਨੀਵਰਸਿਟੀ ਬਣਨ ਦੀ ਸਿਫਾਰਸ਼ ਕਰਨੀ ਸੀ, ਉਨ੍ਹਾਂ ਵਿੱਚੋਂ ਇਕ ਮੈਂ ਹਾਂ। ਸਿਫਾਰਸ਼ ਭੇਜ ਦਿੱਤੀ ਗਈ ਹੈ।

ਡਾ. ਹਰਭਜਨ ਸਿੰਘ ਸੋਚ, ਪ੍ਰਿੰਸੀਪਲ, ਖਾਲਸਾ ਕਾਲਜ ਦੀ ਕੋਠੀ ਵਿਚ ਸ੍ਰੀ ਅਖੰਡ ਪਾਠ ਦੀ ਸਮਾਪਤੀ ਪਿੱਛੋਂ ਰਾਗੀ ਕੀਰਤਨ ਕਰ ਰਹੇ ਸਨ। ਸ. ਬਿਸ਼ਨ ਸਿੰਘ ਸਮੁੰਦਰੀ ਵੀ. ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਗੀਆਂ ਦੇ ਨਾਲ ਸੁਰ ਮਿਲਾ ਕੇ ਕੀਰਤਨ ਕਰ ਰਹੇ ਸਨ। ਸਮਾਪਤੀ ਤੋਂ ਪਿੱਛੋਂ ਮੈਂ ਕਿਹਾ, “ਮੈਨੂੰ ਨਹੀਂ ਸੀ ਪਤਾ, ਤੁਸੀਂ ਕੀਰਤਨ ਭੀ ਕਰ ਸਕਦੇ ਹੋ।

ਉਨ੍ਹਾਂ ਨੇ ਪੂਰੇ ਫ਼ਖ਼ਰ ਨਾਲ ਕਿਹਾ, “ਮੈਂ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸਰਹਾਲੀ ਦਾ ਵਿਦਿਆਰਥੀ ਹਾਂ। ਸੰਸਾਰ ਪ੍ਰਸਿੱਧ ਪੱਤਰਕਾਰ ਸ. ਖੁਸ਼ਵੰਤ ਸਿੰਘ ਜੀ, ਸ. ਗੁਰਦੀਪ ਸਿੰਘ ਜੀ (ਵੀ. ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ) ਮਿਲੇ। ਸ. ਖੁਸ਼ਵੰਤ ਸਿੰਘ ਜੀ ਦੀ ਸ਼ਰਤ ਮੰਨ ਲਈ ਗਈ ਕਿ ਸਾਰੀ ਕਿਤਾਬ ਦੀ ਰਾਇਲਟੀ ਪਹਿਲਾਂ ਦਿੱਤੀ ਜਾਵੇਗੀ।

“ਸੀਸੁ ਦੀਆ ਪਰੁ ਸਿਰਰੁ ਨਾ ਦੀਆ” ਵਿਚ ਆਏ ਸਿਰਰੁ ਅਰਥ ’ਤੇ ਮਤ-ਭੇਦ ਹੋ ਗਿਆ। ਸ. ਗੁਰਦੀਪ ਸਿੰਘ ਜੀ ਪੰਜਾਬੀ ਸ਼ਬਦ ਸਿਰੜ ਦਾ ਵਿਗੜਿਆ ਰੂਪ ਮੰਨਦੇ ਸਨ ਪਰ ਸ. ਖੁਸ਼ਵੰਤ ਸਿੰਘ ਜੀ ਕਰਾਮਾਤ ਅਰਥ ਕਰਦੇ ਸਨ। ਗੁਪਤ ਭੇਤ, ਰੱਬ ਦੀ ਦਿੱਤੀ ਪੈਗ਼ੰਬਰੀ ਨਿਸ਼ਾਨੀ ਕਰਾਮਾਤ। ਜਿਸ ਪ੍ਰਸੰਗ ਵਿਚ ਇਸ ਸ਼ਬਦ ਦੀ ਵਰਤੋਂ ਹੋਈ ਸੀ ਉਹ ਠੀਕ ਸੀ, ‘ਦੀਆ’ ਨੇ ਅਰਥ ਨੂੰ ਨਿਸ਼ਚਿਤ ਕਰ ਦਿੱਤਾ ਸੀ।

ਕੌਮਾਂਤਰੀ ਪੱਧਰ ‘ਤੇ ਪੜ੍ਹੀ ਜਾਣ ਵਾਲੀ ਸਿੱਖਾਂ ਦੀ ਇਤਿਹਾਸਿਕ ਪੁਸਤਕ ਨਾ ਲਿਖੀ ਗਈ ਅਤੇ ਨਾ ਛਪੀ। ਕੇਵਲ ਇਕ ਸ਼ਬਦ ਦੇ ਅਰਥ ਭੇਦ ਕਰਕੇ।

ਸ. ਕਰਨੈਲ ਸਿੰਘ ਜੀ ਦੀ ਕੋਠੀ ਵਿਚ ਮੀਟਿੰਗ ਸੀ। ਸ. ਹੁਕਮ ਸਿੰਘ ਗਵਰਨਰ ਰਾਜਸਥਾਨ ਅਤੇ ਸ. ਬ. ਉੱਜਲ ਸਿੰਘ ਗਵਰਨਰ ਤਾਮਿਲਨਾਡੂ, ਸ. ਮਹਿਤਾਬ ਸਿੰਘ ਜੀ ਤੇ ਹੋਰ ਮੈਂਬਰ ਸੱਜਣ ਸ਼ਾਮਲ ਸਨ। ਸ. ਹੁਕਮ ਸਿੰਘ ਜੀ ਨੇ ਭੀ ਅਤੇ ਸ ਬ. ਉਜਲ ਸਿੰਘ ਜੀ ਨੇ ਕਿਹਾ, “ਸੋਚ ਜੀ ਨੇ ਜੋ ਕੁਝ ਜੈਪੁਰ ਅਤੇ ਮਦਰਾਸ ਆ ਕੇ ਸਾਨੂੰ ਕਿਹਾ ਸੀ, ਉਹ ਕਰ ਕੇ ਵਿਖਾ ਦਿੱਤਾ ਹੈ। ਸੰਤ ਚੰਨਣ ਸਿੰਘ ਜੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਆ ਗਈ ਹੈ। ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਹਾਂ।

ਉੱਥੇ ਸ. ਖੁਸ਼ਵੰਤ ਸਿੰਘ ਜੀ ਦੀ ਲਿਖੀ ਪੁਸਤਕ ਗੁਰੂ ਨਾਨਕ ਦੇਵ ਉੱਪਰ ਇਤਨੀ ਨੁਕਤਾਚੀਨੀ ਨਹੀਂ ਸੀ ਹੋ ਰਹੀ, ਜਿਤਨੀ ਸ. ਬ. ਉਜਲ ਸਿੰਘ ਜੀ ਉੱਪਰ ਕਿ ਉਨ੍ਹਾਂ ਨੇ ਬਿਨਾ ਪੜ੍ਹੇ ਹੀ ਆਪਣੇ ਭਤੀਜੇ ਦੀ ਕਿਤਾਬ ਦੀ ਭੂਮਿਕਾ ਲਿਖ ਦਿੱਤੀ ਹੈ।

ਜਦੋਂ ਠੰਢ ਵਰਤੀ ਤਾਂ ਮੈਂ ਕਿਹਾ “ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਵਿਦੇਸ਼ੀ ਭੀ ਖਰੀਦ ਕੇ ਪੜ੍ਹਨ ਤਾਂ ਇਸ ਨੂੰ ਜ਼ਰੂਰ ਛਾਪੋ।” ਸ. ਹੁਕਮ ਸਿੰਘ ਜੀ ਕਹਿਣ ਲੱਗੇ, “ਤੁਹਾਡੀ ਗੱਲ ਠੀਕ ਹੈ, ਪਰ ਅਸੀਂ ਉਨ੍ਹਾਂ ਲੋਕਾਂ ਤੋਂ ਡਰਦੇ ਨਹੀਂ ਛਾਪਦੇ, ਜਿਹੜੇ ਆਪ ਤੇ ਕੁਝ ਕਰ ਨਹੀਂ ਸਕਦੇ ਪਰ ਕੰਮ ਕਰਨ ਵਾਲਿਆਂ ਦੀਆਂ ਲੱਤਾਂ ਖਿੱਚਣ ਦੇ ਕਸਬ ਵਿਚ ਉਸਤਾਦ ਹਨ। ਠੀਕ ਹੁੰਦਿਆਂ ਵੀ ਨਹੀਂ ਛਾਪ ਸਕਦੇ।
ਕੇਂਦਰੀ ਸਰਕਾਰ ਨੇ ਅਜ਼ਾਦੀ ਲਈ ਹੋਏ ਸ਼ਹੀਦਾਂ ਦੇ ਜੀਵਨ ਲਿਖਣ ਦਾ ਫੈਸਲਾ ਕੀਤਾ, ਇਸ ਕੰਮ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਵਿੱਦਿਆ ਮੰਤਰੀ, ਰੱਖਿਆ ਮੰਤਰੀ ਅਤੇ ਇਕ ਡਾ. ਸਾਹਿਬ ਨੂੰ (ਮੈਨੂੰ ਇਸ ਵੇਲੇ ਨਾਮ ਨਹੀਂ ਯਾਦ) ਜੋ ਐਡੀਟਰ ਸਨ, ਇਸ ਲਈ ਇਕ ਪ੍ਰਫਾਰਮਾ ਬਣਾਇਆ ਗਿਆ। ਹਰ ਸੂਬੇ ਦੇ ਲੋਕ ਸਭਾ ਦੇ ਮੈਂਬਰਾਂ ਨੂੰ ਇਹ ਫਾਰਮਾ ਦਿੱਤਾ ਗਿਆ।

ਮੈਂ ਐਡੀਟਰ ਨੂੰ ਚਿੱਠੀ ਲਿਖੀ ਕਿ ਇਸ ਪ੍ਰਫਾਰਮੇ ਵਿਚ ਜਿਹੜਾ ਵਿੱਦਿਆ ਸੰਬੰਧੀ ਖਾਨਾ ਹੈ, ਉਹ ਠੀਕ ਨਹੀਂ।

ਭਾਵੇਂ ਐਡੀਟਰ ਲੰਗੜਾ ਕੇ ਤੁਰਦਾ ਸੀ ਪਰ ਉਹ ਬੜਾ ਫੁਰਤੀਲਾ ਨਿਕਲਿਆ ਅਤੇ ਸਿੱਧਾ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਦਫ਼ਤਰ ਪਹੁੰਚਾ ਤੇ ਮੇਰਾ ਪਤਾ ਪੁੱਛ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਆ ਗਿਆ।
ਮੈਂ ਉਸ ਅੱਗੇ ਪੰਜਾਬ ਦੇ ਸ਼ਹੀਦਾਂ ਦੀਆਂ ਲਿਸਟਾਂ ਰੱਖ ਦਿੱਤੀਆਂ ਅਤੇ ਕਿਹਾ, “ਕੋਈ ਲਿਸਟ ਚੁੱਕ ਲਵੋ, ਕਿਸੇ ਨਾਮ ‘ਤੇ ਉਂਗਲ ਰੱਖ ਦਿਉ, ਸਾਰੇ ਸ਼ਹੀਦ ਧਾਰਮਿਕ ਆਦਮੀ ਸਨ। ਕੋਈ ਪਾਠ ਕਰਨ ਵਾਲਾ ਸੀ, ਕੋਈ ਪਾਠ ਸੁਣਨ ਵਾਲਾ ਸੀ। ਕੋਈ ਸ਼ਬਦ ਪੜ੍ਹਨ ਵਾਲਾ ਸੀ, ਕੋਈ ਦੀਵਾਨ ਸੁਣਨ ਵਾਲਾ ਸੀ। ਕੋਈ ਲੰਗਰ ਲਈ ਉਗਰਾਹੀ ਕਰਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲਾ ਸੀ। ਕੋਈ ਜੋੜਿਆਂ ਦੀ ਸੇਵਾ ਕਰਨ ਵਾਲਾ ਸੀ, ਕੋਈ ਨੇਮ ਨਾਲ ਜਨਮ ਸਾਖੀ ਪੜ੍ਹਨ ਵਾਲਾ, ਕੋਈ ਸੁਣਨ ਵਾਲਾ ਸੀ। ਕੋਈ ਢੋਲਕੀ ਵਜਾਉਣ ਵਾਲਾ, ਕੋਈ ਛੈਣੇ ਅਤੇ ਚਿਮਟਾ ਵਜਾਉਣ ਵਾਲਾ ਸੀ।

ਇਨ੍ਹਾਂ ਸ਼ਹੀਦਾਂ ਨੂੰ ਸ਼ਹੀਦ ਹੋਣ ਦੀ ਕੁਰਬਾਨੀ ਕਰਨ ਦੀ ਪ੍ਰੇਰਣਾ ਬਾਣੀ ਨੇ ਦਿੱਤੀ ਹੈ। ਇਹ ਬਾਣੀ ਪੜ੍ਹਦੇ ਜਾਂ ਸੁਣਦੇ ਰਹੇ ਹਨ। ਵਿੱਦਿਆ ਦੇ ਖਾਨੇ ਵਿਚ ਬਾਣੀ ਦੀ ਵਿੱਦਿਆ ਪੜ੍ਹੀ ਸੀ, ਲਿਖਿਆ ਜਾਵੇ।
ਡਾਕਟਰ ਸਾਹਿਬ ਕਹਿਣ ਲੱਗੇ, “ਇਸ ਤਰ੍ਹਾਂ ਮੁਸਲਮਾਨ ਕਹਿਣਗੇ, ਵਿੱਦਿਆ ਦੇ ਖਾਨੇ ਵਿਚ ਕੁਰਾਨ ਲਿਖੋ, ਕਹਿਣਗੇ ਵੇਦ ਲਿਖੋ, ਫਿਰ ਸੈਕੂਲਰ ਵਾਲੀ ਆਤਮਾ ਤਾਂ ਵਿੱਚੋਂ ਨਿਕਲ ਜਾਵੇਗੀ।

ਮੈਂ ਉਨ੍ਹਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਹਿੰਦੂ, ਮੁਸਲਮਾਨ ਅਤੇ ਚਾਰੇ ਵਰਨ ਇਕੱਠੇ ਹਨ। ਇਹ ਤਾਂ ਸੈਕੁਲਰ ਹੋਣ ਦੀ ਚਾਰ ਸੌ ਸਾਲਾ ਪੁਰਾਣੀ ਅਤੇ ਦਰਗਾਹੀ ਦਸਤਾਵੇਜ਼ ਹੈ।

ਡਾ. ਐਡੀਟਰ ਨੇ ਤੱਥ ਵੇਖ ਕੇ ਅਤੇ ਬਹੁਤ ਸ਼ਹੀਦ ਸਿੱਖ ਵੇਖ ਕੇ ਮੇਰੀ ਗੱਲ ਨੂੰ ਠੀਕ ਮੰਨ ਲਿਆ ਤੇ ਕਿਹਾ, “ਮੈਂ ਸਾਰੇ ਤੱਥ ਕਮੇਟੀ ਵਿਚ ਰੱਖਾਂਗਾ। ਖਾਨੇ ਵਿਚ ਬਾਣੀ ਪੜ੍ਹਿਆ” ਲਿਖਣ ਵਿਚ ਕਿਸੇ ਨੂੰ ਭੀ ਕੋਈ ਇਤਰਾਜ਼ ਨਹੀਂ ਹੋਵੇਗਾ।”