134 views 2 mins 0 comments

ਪ੍ਰਕਾਸ਼ ਦਿਹਾੜਾ- ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ

ਲੇਖ
April 19, 2025

ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਵਸਾਖ ਵਦੀ ੭ ਬਿਕਰਮੀ ਸੰਮਤ ੧੬੨੦ ਈਸਵੀ ਸੰਨ ੧੫੬੩ ਨੂੰ ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਤਾ ਭਾਨੀ ਜੀ ਦੀ ਪਾਵਨ ਕੁੱਖੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ।

ਭੱਟ ਸਾਹਿਬਾਨ ਦੇ ਬੋਲ ਹਨ:

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ

ਭਗਤ ਉਤਰਿ ਆਯਉ ॥੧॥

ਪੰਜਵੇਂ ਪਾਤਸ਼ਾਹ ਦੇ ਪ੍ਰਕਾਸ਼ ਸਮੇਂ ਗੁਰਗੱਦੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਬਿਰਾਜਮਾਨ ਸਨ ਜੋ ਰਿਸ਼ਤੇ ਚ ਆਪ ਦੇ ਨਾਨਾ ਜੀ ਲੱਗਦੇ ਸਨ। ਗੁਰੂ ਅਮਰਦਾਸ ਜੀ ਨੂੰ ਜਦੋਂ ਤੀਸਰੇ ਦੋਹਤੇ ਦੇ ਜਨਮ ਦੀ ਖ਼ਬਰ ਮਿਲੀ ਤਾਂ ਘਰ ਪਹੁੰਚੇ। ਬਾਲਕ ਨੂੰ ਗੋਦ ਵਿੱਚ ਲੈ ਕੇ ਬਚਨ ਕਹੇ:

ਭਾਰੀ ਪੁਰਖ ਪ੍ਰਗਟਿਆ ਹੈ।

ਨਾਮ ਤੀਜੇ ਪਾਤਸ਼ਾਹ ਨੇ ਆਪ ਰੱਖਿਆ:

ਅਰਜਨ ਦੇਵ।

ਗੁਰੂ ਅਰਜਨ ਦੇਵ ਜੀ ਦੇ ਦੋ ਵੱਡੇ ਭਰਾ ਸਨ: ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਜੀ।

ਜਦੋਂ ਥੋੜ੍ਹੇ ਜਿਹੇ ਵੱਡੇ ਹੋਏ, ਵਿਹੜੇ ਚ ਰਿੜ੍ਹਨ ਲੱਗ ਪਏ ਤੇ ਮਾਤਾ ਭਾਨੀ ਜੀ ਨੇ ਇੱਕ ਗੇਂਦ ਲੈ ਦਿੱਤੀ ਖੇਡਣ ਲਈ। ਇੱਕ ਦਿਨ ਖੇਡਦਿਆਂ ਗੇਂਦ ਉਛਲ ਕੇ ਉਸ ਕਮਰੇ ਚ ਜਾ ਪਈ ਜਿੱਥੇ ਗੁਰੂ ਅਮਰਦਾਸ ਆਰਾਮ ਕਰਦੇ ਸਨ। ਰਿੜ੍ਹਦਿਆਂ ਹੋਇਆ ਉਸ ਕਮਰੇ ਚ ਗੇਂਦ ਮਗਰ ਚਲੇ ਗਏ। ਜ਼ਮੀਨ ਤੇ ਲੱਭਿਆ, ਗੇਂਦ ਨਾ ਦਿਖੀ ਤਾਂ ਪਾਵੇ ਦਾ ਸਹਾਰਾ ਲੈ ਕੇ ਮੰਜੇ ਦੇ ਨਾਲ ਖੜ੍ਹੇ ਹੋ ਗਏ। ਗੇਂਦ ਮੰਜੇ ਤੇ ਪਈ ਸੀ, ਵੇਖਿਆ ਪਰ ਹੱਥ ਨਾ ਪਹੁੰਚਿਆ ਤਾਂ ਆਪਣੇ ਵੱਲੋਂ ਪੂਰੇ ਜ਼ੋਰ ਨਾਲ ਮੰਜੀ ਨੂੰ ਹਿਲਾਇਆ। ਇੱਕ-ਦਮ ਗੁਰੂ ਅਮਰਦਾਸ ਜੀ ਨੇ ਬਚਨ ਕਹੇ:

ਇਹ ਕਿਹੜਾ ਪੁਰਖ ਹੈ ਭਾਰੀ?

ਜਿਸ ਮੰਜੀ ਹਲਾਈ ਸਾਡੀ ਸਾਰੀ।

ਏਨੇ ਨੂੰ ਮਾਤਾ ਭਾਨੀ ਜੀ ਆ ਗਏ ਤੇ ਹੱਸਦਿਆਂ ਹੋਇਆਂ ਬੋਲ ਕਹੇ: ਪਿਤਾ ਜੀ, ਦੋਹਤਾ ਹੈ ਤੁਹਾਡਾ, ਛੋਟਾ ਦੋਹਤਾ। ਸਤਿਗੁਰਾਂ ਨੇ ਬਾਲ ਸ੍ਰੀ ਅਰਜਨ ਦੇਵ ਜੀ ਨੂੰ ਗੋਦ ਵਿੱਚ ਲੈ ਲਿਆ। ਸੀਨੇ ਨਾਲ ਲਾਉਂਦਿਆਂ ਬਚਨ ਕਹੇ:

ਦੋਹਿਤਾ ਬਾਣੀ ਕਾ ਬੋਹਿਥਾ

ਭਾਵ ਇਨ੍ਹਾਂ ਦੇ ਬੋਲ ਜਹਾਜ਼ ਵਰਗੇ ਹੋਣਗੇ ਜਿਸ ਦੇ ਆਸਰੇ ਲੋਕ ਦੁੱਖਾਂ ਦੇ ਸਮੁੰਦਰ ਤੋਂ ਪਾਰ ਹੋਣਗੇ।

ਭੱਟ ਸਾਹਿਬਾਨ ਵੀ ਬਚਨ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ:

ਤੁਸੀਂ ਤਾਂ ਕਲਯੁੱਗ ਦੇ ਵਿੱਚ ਜਹਾਜ਼ ਪਰਗਟ ਹੋਏ ਹੋ ਜਿਸ ਨਾਲ ਲੱਗ ਸਾਰੀ ਸ੍ਰਿਸ਼ਟੀ ਦਾ ਪਾਰਉਤਾਰਾ ਹੋਣਾ।

ਕਲਜੁਗਿ ਜਹਾਜੁ ਅਰਜੁਨੁ ਗੁਰੂ

ਸਗਲ ਸ੍ਰਿਸਿਟ ਲਗਿ ਬਿਤਰਹੁ ॥੨॥

ਉਮਰ ਥੋੜ੍ਹੀ ਹੋਰ ਵੱਡੀ ਹੋਈ ਤਾਂ ਗੁਰਮੁਖੀ ਅੱਖਰ ਨਾਨਾ ਗੁਰੂ ਅਮਰਦਾਸ ਜੀ ਨੇ ਆਪ ਪੜ੍ਹਾਏ। ਸੰਸਕ੍ਰਿਤ ਪੰਡਿਤ ਬੇਣੀ ਤੋਂ ਪੜ੍ਹੇ ਗੁਰੂ ਅਰਜਨ ਦੇਵ ਜੀ। ਸ਼ਸਤਰ ਵਿੱਦਿਆ, ਚਿੱਤਰਕਲਾ ਤੇ ਰਾਗ ਵਿਦਿਆ ਦੇ ਮਹਾਨ ਗਿਆਤਾ ਸਨ। ਆਪ ਦੀ ਬਾਣੀ ੩੦ ਰਾਗਾਂ ਚ ਵੱਖ ਵੱਖ ਭਾਸ਼ਾਵਾਂ ਵਿਚ ਹੈ। ਖ਼ੁਦ ਆਪ #ਸਰੰਦੇ ਦੇ ਨਾਲ ਕੀਰਤਨ ਕਰਦੇ ਸਨ।

ਸਤਿਗੁਰਾਂ ਦਾ ਅਨੰਦ ਕਾਰਜ ਮੌ ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਹੋਇਆ। ਘਰ ਚ ਇੱਕੋ ਇੱਕ ਪੁੱਤਰ ਸੀ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।

ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਤੇ ਸ੍ਰੀ ਹਰਿਮੰਦਰ ਸਾਹਿਬ ਚ ਪਹਿਲੀ ਵਾਰ ਪ੍ਰਕਾਸ਼ ਕਰਕੇ ਧੰਨ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ। ਆਪ ਨੇ ਕਈ ਇਮਾਰਤਾਂ, ਸਰੋਵਰ, ਬਉਲੀਆਂ ਬਣਵਾਈਆਂ। ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਦਾ ਨਿਰਮਾਣ ਆਪ ਦੀ ਅਦਭੁੱਤ ਇਮਾਰਤ ਕਲਾ ਦਾ ਪ੍ਰਤੱਖ ਸਬੂਤ ਹੈ। ਆਪ ਨੇ ਤਰਨ ਤਾਰਨ ਸਾਹਿਬ, ਛੇਹਰਟਾ ਸਾਹਿਬ, ਕਰਤਾਰਪੁਰ ਸਾਹਿਬ (ਜਲੰਧਰ ਨੇੜੇ) ਨਗਰ ਵੀ ਵਸਾਏ।

ਸ਼ਹੀਦਾਂ ਦੇ ਸਰਤਾਜ ਏਨੇ ਸ਼ਾਂਤ ਸੁਭਾਅ ਦੇ ਮਾਲਕ ਸਨ ਕੇ ਤੱਤੀ ਤਵੀ ਤੇ ਬੈਠ ਕੇ ਵੀ ਅਸ਼ਾਂਤ ਨਹੀਂ ਹੋਏ ਸਗੋਂ ਬਚਨ ਕਹੇ:

ਤੇਰਾ ਕੀਆ ਮੀਠਾ ਲਾਗੈ ॥

ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥

ਐਸੇ ਸ਼ਾਂਤੀ ਦੇ ਸਾਗਰ, ਨਿਮਰਤਾ ਦੇ ਘਰ ਧੰਨ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।

– ਮੇਜਰ ਸਿੰਘ