190 views 6 secs 0 comments

ਗੁਰਬਾਣੀ ਵਿਚ ਅਕਾਲ ਪੁਰਖ ਦਾ ਸੰਕਲਪ

ਲੇਖ
April 21, 2025

-ਸ. ਵਿਕਰਮਜੀਤ ਸਿੰਘ ‘ਤਿਹਾੜਾ’
ਅਕਾਲ ਪੁਰਖ ਦੋ ਸਬਦਾਂ ਦਾ ਸਮੂਹ ਹੈ। ਇਹ ਨਾਂਵ ਸ਼੍ਰੇਣੀ ਵਿੱਚੋਂ ਗੁਣਵਾਚਕ ਨਾਂਵ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਸਾਨੂੰ ਸਰਬ-ਸ਼ਕਤੀਮਾਨ ਸ਼ਕਤੀ ਜੋ ਕਿ ਹਰ ਵਸਤ, ਚਾਹੇ ਉਹ ਜੜ੍ਹ ਹੈ ਜਾਂ ਚੇਤੰਨ, ਦਾ ਆਧਾਰ ਹੈ, ਉਸ ਦਾ ਬੋਧ ਕਰਵਾਉਂਦਾ ਹੈ। ਇਹ ਸ਼ਬਦ ਸਾਨੂੰ ਪਰਮਾਤਮਾ ਦੇ ਗੁਣ ਸਮੇਂ ਤੋਂ, ਮੌਤ ਤੋਂ ਰਹਿਤ ਹੋਣ ਅਤੇ ਉਸ ਦੇ ਪੁਰਖ ਹੋਣ ਬਾਰੇ ਸੰਕੇਤ ਕਰਦਾ ਹੈ।
ਸਭ ਤੋਂ ਪਹਿਲਾਂ ਇਸ ਦੇ ਸ਼ਾਬਦਿਕ ਅਰਥ ਵੱਲ ਨਿਗ੍ਹਾ ਮਾਰੀਏ। ਭਾਈ ਕਾਨ੍ਹ ਸਿੰਘ ਨਾਭਾ, ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਇਸ ਦੇ ਅਰਥ ਕਰਦੇ ਹਨ ਕਿ ਉਹ ਹਸਤੀ, ਜਿਸ ਦਾ ਕਦੇ ਕਾਲ ਨਹੀ ਭਾਵ ਅਵਿਨਾਸੀ ਸੱਤਾ। ‘ਅਕਾਲ’ ਦਾ ਭਾਵ ਹੈ ਕਾਲ ਤੋਂ ਰਹਿਤ। ਕਾਲ ਦੇ ਅੱਗੇ ਲੱਗਿਆ ‘ਅ’ ਇਸ ਦਾ ਵਿਰੋਧੀ ਸ਼ਬਦ ਬਣਾਉਦਾ ਹੈ। ਕਾਲ ਦਾ ਅਰਥ ਹੈ ਸਮਾਂ , ਮੌਤ ਆਦਿ। ਇਸ ਤਰ੍ਹਾਂ ਅਕਾਲ ਦਾ ਭਾਵ ਹੈ ਕਿ ਉਹ ਸਮੇਂ ਦੀ ਬੰਦਿਸ਼ ਵਿਚ ਨਹੀਂ। ਸਮੇਂ ਪਿੱਛੋਂ ਹਰ ਵਸਤੂ ਖ਼ਤਮ ਹੋ ਜਾਂਦੀ ਹੈ ਪਰ ਉਹ ਖ਼ਤਮ ਹੋਣ ਵਾਲਾ ਨਹੀਂ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਸਾਰ ਵਿਚ ਛੋਟੀ ਜਿਹੀ ਕੀੜੀ ਤੋਂ ਲੈ ਕੇ ਵੱਡੇ-ਵੱਡੇ ਪਹਾੜਾਂ, ਦਰਿਆਵਾਂ, ਮਨੁੱਖਾਂ ਆਦਿ ਦਾ ਵਜੂਦ ਸਮੇਂ ਦੇ ਅਧੀਨ ਹੈ। ਮਨੁੱਖ ਇਸ ਧਰਤੀ ’ਤੇ ਆਇਆ ਅਤੇ ਆਪਣੇ ਤਨ ਰੂਪੀ ਕੱਪੜੇ ਨੂੰ ਹੰਢਾ ਕੇ ਖ਼ਤਮ ਹੋ ਗਿਆ, ਇਸ ਦੀ ਮੌਤ ਹੋ ਗਈ। ਸਮੇਂ ਦੀ ਮਾਰ ਮਨੁੱਖ ’ਤੇ ਪਈ ਇਹ ਜਨਮ ਤੋਂ ਮੌਤ ਵੱਲ ਵਧਿਆ, ਬਨਸਪਤੀ ਵਿਚ ਇਕ ਬੀਜ ਤੋਂ ਰੁੱਖ ਤਕ ਦਾ ਸਫਰ, ਇਹ ਵਿਕਾਸ ਸਮੇਂ ਨਾਲ ਹੀ ਹੋਇਆ। ਇਸ ਕਾਰਨ ਹੀ ਮਨੁੱਖ ਨੂੰ ਸਮੇਂ ਦੀ ਸੰਭਾਲ ਲਈ ਕਿਹਾ ਜਾਂਦਾ ਹੈ।
ਦੂਜੇ ਪਾਸੇ ਪਰਮਾਤਮਾ ਜੋ ਅਕਾਲ ਹੈ, ਉਸ ਦਾ ਵਜੂਦ ਸਮੇਂ ਦੀ ਮੁਹਤਾਜੀ ਨਹੀ ਕਰਦਾ। ਸਮਾਂ ਉਸ ’ਤੇ ਕੋਈ ਪ੍ਰਭਾਵ ਨਹੀ ਪਾ ਸਕਦਾ। ਸਮਾਂ ਬੀਤਣ ਦੇ ਨਾਲ ਉਹ ਬੁੱਢਾ ਨਹੀ ਹੁੰਦਾ, ਉਹ ਮਰਦਾ ਨਹੀ। ਇਹ ਸਭ ਦਲੀਲਾਂ ਉਸ ਨੂੰ ਇਕ ਉਚੇਰੀ ਹਸਤੀ ਸਾਬਤ ਕਰਦੀਆਂ ਹਨ। ਭੂਤ, ਵਰਤਮਾਨ ਅਤੇ ਭਵਿੱਖ ਵਾਲਾ ਨਿਯਮ ਉਸ ’ਤੇ ਲਾਗੂ ਨਹੀ ਹੁੰਦਾ। ਇਸ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਵੀ ਉਹ ਮੌਜੂਦ ਸੀ ’ਤੇ ਹੈ ਅਤੇ ਬਾਅਦ ਵਿਚ ਵੀ ਰਹੇਗਾ। ਉਸ ਦਾ ਰੂਪ, ਪ੍ਰਕਾਸ਼ ਕਦੇ ਢਲੇਗਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ (ਪੰਨਾ 1038)
ਜਿਸ ਦਾ ਆਦਿ ਹੋਵੇ, ਉਸ ਦਾ ਅੰਤ ਅਵੱਸ਼ ਹੋਵੇਗਾ। ਸਿਰਫ਼ ਉਹ ਇਕ ਹੀ ਹੈ, ਜਿਸ ਦਾ ਨਾ ਆਦਿ ਹੈ ਅਤੇ ਨਾ ਹੀ ਅੰਤ। ਉਹ ਦੋਵਾਂ ਸਿਰਿਆਂ ਤੋਂ ਸੁਤੰਤਰ ਹੈ।
ਹੁਣ ਦੂਜੇ ਸ਼ਬਦ ‘ਪੁਰਖੁ’ ਵੱਲ ਦੇਖੀਏ ਤਾਂ ਇਸਦਾ ਅਰਥ ਨਰ ਅਤੇ ਆਦਮੀ ਹੈ। ਪ੍ਰਭੂ ਵਿਚ ਲਿੰਗ ਭੇਦ ਨਹੀ ਹੈ, ਪਰ ਇੱਥੇ ‘ਪੁਰਖੁ’ ਸ਼ਬਦ ਦੁਆਰਾ ਉਸ ਨੂੰ ਸ਼ਕਤੀਆਂ ਦਾ ਮਾਲਕ ਦਰਸਾਇਆ ਗਿਆ ਹੈ, ਬਾਕੀ ਸਾਰਾ ਸੰਸਾਰ ਨਾਰੀ ਦੇ ਰੂਪ ਵਿਚ ਹੈ:
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (ਪੰਨਾ 591)
ਇਸ ਪ੍ਰਕਾਰ ਸ੍ਰਿਸ਼ਟੀ ਵਿਚ ਜਿਨਸੀ ਭੇਦ ਮੁਕ ਜਾਂਦਾ ਹੈ। ‘ਮਰਦ-ਇਸਤਰੀ’ ਦੀ ਊਚ-ਨੀਚ ਹੀ ਕਈ ਬੁਰਾਈਆਂ ਦੀ ਜੜ੍ਹ ਬਣਦੀ ਹੈ। ਸਤਿਗੁਰੂ ਜੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਰਮਾਤਮਾ ਹੀ ਪੁਰਖ ਹੈ ਅਤੇ ਬਾਕੀ ਸੰਸਾਰ ਵਿਚ ਜੀਵ ਰੂਪ ਇਸਤਰੀਆਂ ਹਨ। ਇੱਥੋਂ ਹੀ ਗੁਰਮਤਿ ਦਾ ਮਹਾਨ ਸਿਧਾਂਤ ‘ਪਰਮਾਤਮਾ ਨਾਲ ਪ੍ਰੇਮ’ ਨਿਕਲਦਾ ਹੈ। ਇਕ ਇਸਤਰੀ ਨੂੰ ਆਪਣੇ ਪਤੀ ਦੀ ਖੁਸ਼ੀ ਹਾਸਲ ਕਰਨ ਲਈ, ਉਸ ਨਾਲ ਸਦਾ ਸਾਥ ਬਣ ਕੇ ਰਹਿਣਾ ਪੈਂਦਾ ਹੈ, ਉਸ ਦੇ ਭਾਣੇ ਵਿਚ ਚਲਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਜੀਵ ਰੂਪ ਇਸਤਰੀਆਂ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਦੀਆਂ ਹੋਈਆਂ, ਉਸ ਦੇ ਭਾਣੇ ਵਿਚ ਜੀਵਨ ਨਿਰਬਾਹ ਕਰਦੀਆਂ ਹਨ, ਉਹ ਸਦਾ ਅਨੰਦ ਮਾਣਦੀਆਂ ਹਨ। ਸ੍ਰੀ ਗੁਰੂ ਰਾਮਦਾਸ ਜੀ ਫੁਰਮਾਨ ਕਰਦੇ ਹਨ:
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥ (ਪੰਨਾ 11)
ਸੋ ਇਸ ਤਰ੍ਹਾਂ ਪੁਰਖੁ ਦੇ ਅਰਥ ਇਕ ਵਿਆਪਕ ਆਤਮਾ ਨਿਕਲਦੇ ਹਨ। ਅਕਾਲ ਪੁਰਖ ਦੀ ਪਰਿਭਾਸ਼ਾ ਨੂੰ ਭਾਈ ਜੋਧ ਸਿੰਘ ਆਪਣੀ ਪੁਸਤਕ ‘ਗੁਰਮਤਿ ਨਿਰਣਯ’ ਵਿਚ ਇਸ ਤਰ੍ਹਾਂ ਦਿੰਦੇ ਹਨ:- “ਜਿਹੜੀ ਹਸਤੀ ਸਾਰੇ ਦਿਸਦੇ ਅਤੇ ਅਣ ਦਿਸਦੇ ਸੰਸਾਰ ਨੂੰ ਹੋਂਦ ਵਿਚ ਲਿਆਉਣ ਵਾਲੀ ਹੈ, ਉਸ ਦਾ ਨਾਮ ਅਕਾਲ ਪੁਰਖ ਹੈ।” ਉਹ ਅਕਾਲ ਪੁਰਖ ਅਗਮ ਅਗੋਚਰ ਹੈ। ਉਸ ਦਾ ਅੰਤ ਨਹੀ ਪਾਇਆ ਜਾ ਸਕਦਾ:
ਐਸੋ ਧਣੀ ਗੁਵਿੰਦੁ ਹਮਾਰਾ॥ ਬਰਨਿ ਨ ਸਾਕਉ ਗੁਣ ਬਿਸਥਾਰਾ॥ (ਪੰਨਾ 1156)
ਜੋ ਇਕ ਹੈ ਅਤੇ ਇਸ ਸ੍ਰਿਸਟੀ ਦੇ ਕਣ-ਕਣ ਵਿਚ ਰਮਿਆ ਹੋਇਆ ਹੈ, ਸਭ ਜੀਵਾਂ ਦੇ ਅੰਦਰ ਉਸ ਇਕ ਦਾ ਵਾਸ ਹੈ:
-ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ॥
ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ॥ (ਪੰਨਾ 259)
-ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥ (ਪੰਨਾ 617)
ਦਾਰਸ਼ਨਿਕ ਪੱਖ:- ਦਾਰਸ਼ਨਿਕ ਪੱਖ ਤੋਂ ਜੇਕਰ ਦੇਖੀਏ ਤਾਂ ਹਰ ਇਕ ਦਰਸ਼ਨ ਅਤੇ ਧਰਮ ਦਾ ਨਿਸ਼ਾਨਾ ਰੱਬ ਅਥਵਾ ਅੰਤਮ ਸਤਿ ਹੁੰਦਾ ਹੈ। ਇਸ ਦਾ ਇਹ ਭਾਵ ਨਹੀਂ ਕਿ ਦਰਸ਼ਨ ਅਤੇ ਧਰਮ ਵਿਚ ਫ਼ਰਕ ਨਹੀ ਹੈ। ਹੀਗਲ ਅਨੁਸਾਰ “ਰੱਬ ਦੀ ਨਿਸ਼ਚੇ ਦੀ ਖੋਜ ਸੰਬੰਧੀ ਧਰਮ ਅਤੇ ਦਰਸ਼ਨ ਦੀ ਸਾਂਝ ਨੂੰ ਇਉਂ ਕਿਹਾ ਹੈ ਕਿ ਧਰਮ ਦਰਸ਼ਨ ਅਤੇ ਫ਼ਿਲਾਸਫ਼ੀ ਵਿਚ ਇਹ ਫ਼ਰਕ ਹੈ ਕਿ ਧਾਰਮਿਕ ਫ਼ਿਲਾਸਫ਼ੀ ਰੱਬ ਤੋਂ ਅਰੰਭ ਹੁੰਦੀ ਹੈ ਅਤੇ ਹੋਰ ਫ਼ਿਲਾਸਫ਼ੀਆਂ ਰੱਬ ’ਤੇ ਆ ਕੇ ਖਲੋ ਜਾਂਦੀਆਂ ਹਨ।”
ਜੇਕਰ ਇਸ ਤਰ੍ਹਾਂ ਹੀ ਅਕਾਲ ਪੁਰਖ ਦੇ ਦਰਸ਼ਨ ’ਤੇ ਨਿਗ੍ਹਾ ਮਾਰੀਏ ਤਾਂ ਸਾਡੇ ਸਾਹਮਣੇ ਕਈ ਸਵਾਲ ਆ ਜਾਂਦੇ ਹਨ। ਜਿਨ੍ਹਾਂ ਵਿਚ ਕੀ ਰੱਬ ਹੈ? ਉਸ ਦੀ ਹਸਤੀ ਨੂੰ ਸਿੱਧ ਕਰਨ ਲਈ ਸਾਡੇ ਪਾਸ ਕਿਹੜਾ ਸਬੂਤ ਹੈ? ਅਸੀਂ ਹੋਰਨਾਂ ਧਰਮਾਂ ਜਾਂ ਸ਼ਾਸਤਰਾਂ ਵਿਚ ਦਿੱਤੇ ਗਏ ਪ੍ਰਮਾਣਾਂ ਨੂੰ ਵਿਚਾਰਨ ਤੋਂ ਬਿਨਾ ਵੇਖੀਏ ਕਿ ਗੁਰਮਤਿ ਵਿਚ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਕਿਵੇਂ ਸਿੱਧ ਕੀਤਾ ਹੈ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਲਈ ਅਕਾਲ ਪੁਰਖ ਸੰਬੰਧੀ ਸ਼ੰਕਾ ਕਦੇ ਮਨ ਵਿਚ ਹੀ ਨਹੀਂ ਉਪਜਿਆ। ਅਕਾਲ ਪੁਰਖ ਦੀ ਹਸਤੀ ਉਨ੍ਹਾਂ ਲਈ ਦਲੀਲਾਂ ਅਤੇ ਸਬੂਤਾਂ ਦੀ ਮੁਹਤਾਜ ਨਹੀ। ਆਮ ਅਖਾਉਤ ਹੈ:-“ਪ੍ਰਤੱਖ ਨੂੰ ਪ੍ਰਮਾਣ ਕੀ ?” ਉਹ ਹਸਤੀ ਪ੍ਰਤੱਖ ਹੈ, ਜ਼ਾਹਿਰਾ ਜ਼ਹੂਰ ਹੈ। ਇਸ ਲਈ ਰੱਬ ਦੀ ਹੋਂਦ ਲਈ ਪ੍ਰਮਾਣਾਂ, ਸਬੂਤਾਂ ਅਤੇ ਦਲੀਲਾਂ ਦੀ ਖਾਸ ਲੋੜ ਨਹੀ ਰਹਿ ਜਾਂਦੀ:
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥ (ਪੰਨਾ 397)
ਪਰਮਾਤਮਾ ਦੀ ਪ੍ਰਗਟਤਾ ਤੇ ਪ੍ਰਤੱਖਤਾ ਆਤਮਿਕ ਸੰਸਾਰ ਵਿਚ ਅੰਦਰੂਨੀ ਤੌਰ ’ਤੇ ਹੈ ਪਰ ਸ਼ੰਕਾਵਾਦੀ ਚਾਹੁੰਦਾ ਹੈ ਕਿ ਅਕਾਲ ਪੁਰਖ ਉਸ ਤਰ੍ਹਾਂ ਹੀ ਪ੍ਰਗਟ ਦਿਸੇ ਜਿਸ ਤਰ੍ਹਾਂ ਸੰਸਾਰ ਦੀਆਂ ਆਮ ਵਸਤੂਆਂ ਦਿਖਾਈ ਦਿੰਦੀਆਂ ਹਨ। ਸਤਿਗੁਰੂ ਜੀ ਬਾਣੀ ਵਿਚ ਫੁਰਮਾਉਂਦੇ ਹਨ ਜਿਨ੍ਹਾਂ ਅੱਖਾਂ ਨਾਲ ਉਸ ਨੂੰ ਵੇਖੀਦਾ ਹੈ ਉਹ ਹੋਰ ਹਨ:
ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥ (ਪੰਨਾ 577)
ਪ੍ਰੋ. ਸ਼ੇਰ ਸਿੰਘ ਆਪਣੀ ਪੁਸਤਕ ‘ਗੁਰਮਤਿ ਦਰਸ਼ਨ’ ਵਿਚ ਲਿਖਦੇ ਹਨ, “ਰੱਬ ਦੀ ਹੋਂਦ ਇਕ ਰੂਹਾਨੀ ਤਜ਼ਰਬਾ ਹੈ, ਆਤਮਾ ਦਾ ਗਿਆਨ ਹੈ।” ਦਲੀਲਾਂ ਜਾਂ ਨਿਯਮਾਂ ਨਾਲ ਅਸੀਂ ਉਹੋ ਸ਼ੈਅ ਸਿੱਧ ਕਰ ਸਕਦੇ ਹਾਂ ਜਿਹੜੀ ਇਨ੍ਹਾਂ ਦਲੀਲਾਂ ਜਾਂ ਨਿਯਮਾਂ ਦੀ ਪਕੜ ਵਿਚ ਹੋਵੇ ਅਥਵਾ ਜਿਸ ਉੱਤੇ ਉਹ ਹਾਵੀ ਹੋਣ।
ਅਕਾਲ ਪੁਰਖ ਦੀ ਹੋਂਦ ਦਾ ਪਹਿਲਾ ਸਬੂਤ ਸਾਡੀ ਆਪਣੀ ਹੋਂਦ, ਸਾਡੀ ਆਤਮਾ ਦੀ ਹੋਂਦ, ਸਾਡੇ ਮਾਨਸਿਕ ਜੀਵਨ ਦੀ ਹੋਂਦ ਹੀ ਹੈ। ਮਨੁੱਖੀ ਆਤਮਾ ਅਤੇ ਪਰਮਾਤਮਾ ਵਿਚ ਕੋਈ ਜਾਤੀ ਭੇਦ ਨਹੀ ਹੈ। ਹਾਂ, ਰੁਤਬੇ ਦਾ ਭੇਦ ਜ਼ਰੂਰ ਹੈ। ਉਹ ਪਰਮਾਤਮਾ ਸੂਰਜ ਹੈ ਅਤੇ ਅਸੀਂ ਉਸ ਦੀ ਕਿਰਨ ਹਾਂ।

ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਨਿਸ਼ਾਨ ਏ ਸਿੱਖੀ, ਖਡੂਰ ਸਾਹਿਬ।

ਮੋ: +9198555-34961