
-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥
ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
ਬੇਦ ਪਾਠ ਸੰਸਾਰ ਕੀ ਕਾਰ ॥ ਪੜਿ੍ ਪੜਿ੍ ਪੰਡਿਤ ਕਰਹਿ ਬੀਚਾਰ ॥
ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 791)
ਸੰਸਾਰ ਦਾ ਇਤਿਹਾਸ ਵਾਚਣ ਤੋਂ ਪਤਾ ਲੱਗਦਾ ਹੈ ਕਿ ਸਮੇਂ-ਸਮੇਂ ਹਰ ਕੌਮ, ਅਤੇ ਭੂਗੋਲਿਕ ਖਿੱਤੇ ਅੰਦਰ ਸਮਾਜ ਵਿਚ ਆਈ ਸਰਬ-ਪੱਖੀ ਗਿਰਾਵਟ ਅਤੇ ਨਿਘਾਰ ਵਿੱਚੋਂ ਲੋਕਾਂ ਨੂੰ ਸਹੀ ਦਿਸ਼ਾ ਦੇ ਕੇ ਵਰਤਮਾਨ ਦੀਆਂ ਸਮੱਸਿਆਵਾਂ, ਕਮੀਆਂ, ਕਮਜ਼ੋਰੀਆਂ ਅਤੇ ਉਨ੍ਹਾਂ ਦੇ ਮਾਣ ਕਰਨ ਯੋਗ ਪਿਛੋਕੜ ਭਾਵ ਵਡਮੁੱਲੀ ਵਿਰਾਸਤ ਵੱਲ ਲੋਕਾਂ ਦਾ ਧਿਆਨ ਕੇਂਦਰਤ ਕਰ ਕੇ ਉਨ੍ਹਾਂ ਬੁਰਾਈਆਂ, ਕਮੀਆਂ, ਕਮਜ਼ੋਰੀਆਂ ਅਤੇ ਅਵੇਸਲੇਪਣ ਵਿੱਚੋਂ ਕੱਢਣ ਅਤੇ ਉਨ੍ਹਾਂ ਦਾ ਭਵਿੱਖ ਸਵਾਰਨ ਹਿੱਤ ਮਹਾਨ ਵਿਦਵਾਨ, ਕ੍ਰਾਂਤੀਕਾਰੀ ਅਤੇ ਸੰਘਰਸ਼ੀ ਯੋਧੇ ਪੈਦਾ ਹੁੰਦੇ ਰਹੇ ਹਨ, ਜਿਨ੍ਹਾਂ ਨੇ ਆਪਣੀਆਂ ਅਣਥੱਕ ਘਾਲਣਾਵਾਂ, ਅਦੁੱਤੀ ਕੁਰਬਾਨੀਆਂ, ਤਰਕ ਵਿਤਰਕ ਅਤੇ ਤੀਖਣ-ਬੁੱਧੀ ਨਾਲ ਲੋਕਾਂ ਨੂੰ ਨਰਕਮਈ, ਗਿਲਾਨੀ ਭਰੀ ਅਤੇ ਗੈਰਤ ਤੇ ਅਣਖ ਰਹਿਤ ਜ਼ਿੰਦਗੀ ਵਿੱਚੋਂ ਕੱਢਣ ਅਤੇ ਸਹੀ ਸੇਧ ਦੇਣ ਲਈ ਆਪਣੀਆਂ ਜ਼ਿੰਦਗੀਆਂ ਨੂੰ ਰੋਲ ਮਾਡਲ ਵਜੋਂ ਪੇਸ਼ ਕਰਕੇ ਨਵੇਂ ਯੁੱਗ ਦਾ ਅਰੰਭ ਕੀਤਾ। ਪਰੰਤੂ ਇਹ ਵੀ ਇਕ ਅਟੱਲ ਸੱਚਾਈ ਅਤੇ ਸਮੇਂ ਦੀ ਤ੍ਰਾਸਦੀ ਹੀ ਸਮਝੋ ਕਿ ਸਮੇਂ ਦੇ ਸਮਾਜ ਕੱਟੜ-ਪੰਥੀਆਂ ਅਤੇ ਨਿੱਜਪ੍ਰਸਤਾਂ ਨੇ ਉਨ੍ਹਾਂ ਮਹਾਨ ਵਿਦਵਾਨਾਂ, ਵਿਚਾਰਵਾਨਾਂ, ਸਮਾਜ-ਸੁਧਾਰਕਾਂ, ਕ੍ਰਾਂਤੀਕਾਰੀ ਜਿਊੜਿਆਂ ਦਾ ਡੱਟ ਕੇ ਵਿਰੋਧ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਕਮਲੇ, ਮੂਰਖ, ਬੇਤਾਲੇ, ਕੁਰਾਹੀਏ, ਕੁਰੈਹਤੀਏ, ਸਮਾਜ ਵਿਰੋਧੀ ਅਨਸਰ ਕਹਿ ਕੇ ਖੂਬ ਜਲੀਲ ਕੀਤਾ, ਤਰ੍ਹਾਂ-ਤਰ੍ਹਾਂ ਦੇ ਤਸੀਹੇ ਵੀ ਦਿੱਤੇ ਅਤੇ ਸਮਾਜ ਤੇ ਕੌਮ ਵਿੱਚੋਂ ਛੇਕ ਵੀ ਦਿੱਤਾ ਪਰੰਤੂ ਉਹ ਅਡੋਲ ਆਪਣੇ, ਅਕੀਦੇ, ਸਿਧਾਂਤ ਅਤੇ ਨਿਸ਼ਾਨੇ ਵੱਲ ਵਧਦੇ ਰਹੇ ਅਤੇ ਸਾਰੀਆਂ ਮੁਸ਼ਕਲਾਂ, ਅੜਚਨਾਂ, ਵਿਰੋਧ ਅਤੇ ਜਾਨੀ ਹਮਲਿਆਂ ਦਾ ਪੂਰੀ ਸੰਜੀਦਗੀ, ਸੁਹਿਰਦਤਾ, ਦ੍ਰਿੜ੍ਹਤਾ, ਸਿਦਕਦਿਲੀ, ਦਲੀਲ ਅਤੇ ਤਰਕ ਨਾਲ ਮੁਕਾਬਲਾ ਕਰਦਿਆਂ ਅਤੇ ਕਈ ਕਿਸਮ ਦੇ ਕਸ਼ਟ ਝਲਦਿਆਂ ਹੋਇਆਂ ਆਪਣੇ ਮਿਸ਼ਨ ਵਿਚ ਸਫਲ ਹੋਏ ਅਤੇ ਉਨ੍ਹਾਂ ਨੇ ਬੇਲੋੜੇ, ਤਰਕ-ਰਹਿਤ, ਕੱਟੜਵਾਦੀ, ਵਹਿਮਾਂ-ਭਰਮਾਂ ਵਿਚ ਭਰਪੂਰ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਪਛਾੜਿਆ ਅਤੇ ਆਪਣੇ ਨਿਸ਼ਾਨੇ ਵਿਚ ਸਫਲ ਹੋਏ ਭਾਵੇਂ ਕਿ ਉਨ੍ਹਾਂ ਵੱਲੋਂ ਘਾਲੀਆਂ ਹੋਈਆਂ ਮਹਾਨ ਸਮਾਜ ਪੱਖੀ ਘਾਲਨਾਵਾਂ ਨੂੰ ਉਨ੍ਹਾਂ ਦੇ ਪਿੱਛੋਂ ਹੀ ਪ੍ਰਵਾਨਿਆ ਅਤੇ ਸਨਮਾਨਿਆ ਗਿਆ। ਸਾਰੀਆਂ ਕੌਮਾਂ ਦੀ ਇਹੋ ਕਹਾਣੀ ਰਹੀ ਹੈ। ਜਿੱਥੋਂ ਤਕ ਸਿੱਖ ਧਰਮ ਦਾ ਸੰਬੰਧ ਹੈ ਇਸ ਮਹਾਨ ਨਵੀਨਤਮ, ਸਮੁੱਚੀ ਲੋਕਾਈ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੇ ਦੋਵੇਂ ਸਮੇਂ ‘ਸਰਬੱਤ ਦਾ ਭਲਾ’ ਮੰਗਣ ਵਾਲੇ, ਵਿਿਗਆਨਕ ਅਤੇ ਸੱਚ ਧਰਮ ਨਾਲ ਸੰਬੰਧਿਤ ਭਾਵੇਂ ਭਗਤ ਸ਼ੇਖ ਫਰੀਦ ਜੀ ਤੋਂ ਲੈ ਕੇ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਸੈਣ ਜੀ ਆਦਿ ਮਹਾਨ ਸੰਤ, ਮਹਾਂਪੁਰਸ਼ ਸਨ, ਭਾਵੇਂ ਗੁਰੂ ਸਾਹਿਬਾਨ ਸਨ ਭਾਵੇਂ ਉਨ੍ਹਾਂ ਵੱਲੋਂ ਵਰੋਸਾਏ ਗੁਰਸਿੱਖ ਸਨ ਉਨ੍ਹਾਂ ਸਾਰਿਆਂ ਨੂੰ ਹੀ ਸਮੇਂ ਦੇ ਰੂੜੀਵਾਦੀ ਕੱਟੜਵਾਦੀ ਪੁਜਾਰੀਆਂ, ਵਹਿਮਾਂ-ਭਰਮਾਂ ਦੇ ਜਾਲ ਵਿਚ ਗ੍ਰਸੀ ਲੋਕਾਈ, ਜਾਲਮ ਤੇ ਜਾਬਰ ਰਾਜਸ਼ਕਤੀ ਨਾਲ ਲੋਹਾ ਲੈਣਾ ਪਿਆ ਅਤੇ ਅਸਹਿ ਤੇ ਅਕਹਿ ਜੁਲਮ ਝਲਦਿਆਂ ਲਾਸਾਨੀ ਕੁਰਬਾਨੀਆਂ ਦਿੱਤੀਆਂ ਪਰੰਤੂ ਉਹ “ਸੱਚ”, “ਸਿਧਾਂਤ” ਅਤੇ “ਨਿਸ਼ਾਨੇ” ਤੋਂ ਨਾ ਥਿੜਕੇ ਅਤੇ ਅਡੋਲ ਰਹਿੰਦਿਆਂ ਆਪਣੇ ਕੱਟੜ ਸੁਆਰਥੀ ਵਿਰੋਧੀਆਂ ਨੂੰ ਭਾਂਜ ਦਿੱਤੀ। ਇਸੇ ਸੰਦਰਭ ਵਿਚ ਇਸ ਲੇਖ ਵਿਚ ਸਿੰਘ ਸਭਾ ਲਹਿਰ ਦੇ ਬਾਨੀ 19ਵੀਂ ਸਦੀ ਦੇ ਮਹਾਨ ਵਿਦਵਾਨ, ਚਿੰਤਕ, ਅਲੋਚਕ, ਕ੍ਰਾਂਤੀਕਾਰੀ, “ਸੱਚ-ਧਰਮ ਉਤੇ ਦ੍ਰਿੜ ਸੰਕਲਪ ਹੋਕੇ ਪਹਿਰਾ ਦੇਣ ਵਾਲੇ” “ਅਪਨਾ ਬਿਗਾਰਿ ਬਿਰਾਂਨਾ ਸਾਂਢੈ॥” ਦੇ ਸਿਧਾਂਤ ਦੇ ਧਾਰਨੀ ਅਤੇ ਗੁਰਮਤਿ ਫ਼ਲਸਫ਼ੇ, ਸਿਧਾਂਤ ਅਤੇ ਨਿਸ਼ਾਨੇ ਪ੍ਰਤੀ ਸੁਹਿਰਦ, ਸੰਜੀਦਾ, ਦ੍ਰਿੜ੍ਹ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਸਪੱਸ਼ਟ ਗਿਆਨੀ ਦਿੱਤ ਸਿੰਘ ਜੀ, ਅਤੇ ਸਿੰਘ ਸਭਾ ਲਹਿਰ ਬਾਰੇ ਵਿਚਾਰ ਕਰ ਰਹੇ ਹਾਂ। ਸੱਚਮੁੱਚ ਹੀ ਇਹ “ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥” ‘ਗੁੱਦੜ ਵਿਚ ਲਪੇਟੇ ਲਾਲ ਸਨ, ਹੀਰੇ ਸਨ ਅਤੇ ਕੌਮ ਦੇ ਪੰਥ ਰਤਨ ਸਨ। ਜਿਨ੍ਹਾਂ ਨੂੰ ਤਤਕਾਲੀ ਸਮਾਜ ਅਤੇ ਧਰਮ ਦੇ ਠੇਕੇਦਾਰਾਂ ਨੇ ਪਹਿਚਾਣਿਆ ਨਹੀਂ ਸਗੋਂ ਉਨ੍ਹਾਂ ਦਾ ਸਖਤ ਵਿਰੋਧ ਵੀ ਕੀਤਾ। ਅੱਜ ਜਦੋਂ ਸਾਡੇ ਸਮਾਜ ਖਾਸ ਕਰਕੇ ਸਿੱਖ ਸਮਾਜ ਵਿਚ ਸਰਬਪੱਖੀ ਨਿਘਾਰ ਆਇਆ ਹੋਇਆ ਹੈ ਅਤੇ ਅਸੀਂ, “ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥” ਅਤੇ “ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ॥” ਅਤੇ “ਕੂੜੁ ਬੋਲਿ ਮੁਰਦਾਰੁ ਖਾਇ॥ਅਵਰੀ ਨੋ ਸਮਝਾਵਣਿ ਜਾਇ ॥ਮੁਠਾ ਆਪਿ ਮੁਹਾਏ ਸਾਥੈ॥ਨਾਨਕ ਐਸਾ ਆਗੂ ਜਾਪੈ॥” ਦੇ ਰਾਹ ਅੰਨ੍ਹੇਵਾਹ ਤੁਰੇ ਜਾ ਰਹੇ ਹਾਂ। ਆਪਣੇ ਵਿਲੱਖਣ ਸਰੂਪ, ਅਦੁੱਤੀ ਸਿਧਾਂਤ ਅਤੇ ਲਾਸਾਨੀ ਵਿਰਸੇ ਨੂੰ ਤਿਲਾਂਜਲੀ ਦੇ ਰਹੇ ਹਾਂ। ਅੰਮ੍ਰਿਤ ਦੀ ਥਾਂ ਬਿਖ ਇੱਕਤਰ ਕਰਨ“ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥” ਲਈ ਅੰਨੇ੍ਹਵਾਹ ਦੌੜ ਰਹੇ ਹਾਂ। ਬੱਸ! ਨਿਸ਼ਾਨਾ। ਇੱਕੋ ਹੀ, ਹਰ ਚੰਗੇ-ਮਾੜੇ, ਗੈਰ-ਮਨੁੱਖੀ ਅਤੇ ਅਨੈਤਿਕ ਤਰੀਕੇ ਨਾਲ ਵੱਧ ਤੋਂ ਵੱਧ ਧੰਨ, ਧਰਤੀ ਅਤੇ ਰਾਜਸ਼ਕਤੀ ਪ੍ਰਾਪਤ ਕਰਨ ਦੀ ਹੋੜ ਵਿਚ ਲੱਗੇ ਹੋਏ ਹਾਂ ਅਤੇ ਸਾਡੀ ਹਾਲਤ “ਬਿਨਾ ਸੰਤੋਖ ਨਹੀ ਕੋਊ ਰਾਜੈ॥” ਵਾਲੀ ਬਣੀ ਹੋਈ ਹੈ ਉਸ ਸਮੇਂ ਉਨ੍ਹਾਂ ਮਹਾਨ ਇਨਕਲਾਬੀ ਰੂਹਾਂ, ਸੰਘਰਸ਼ੀ ਯੋਧਿਆਂ ਅਤੇ “ਵਿਦਵਤਾ ਦੀ ਖੜਗ ਨਾਲ ਲੈਸ” “ਕੌਮੀ ਹੀਰਿਆਂ” ਦੀ ਮਿਸਾਲੀ ਜ਼ਿੰਦਗੀ ਨੂੰ ਵਾਚਣ, ਸਮਝਣ ਅਤੇ ਉਨ੍ਹਾਂ ਨੂੰ ਆਪਣਾ ਰੋਲ-ਮਾਡਲ ਅਤੇ ਰਾਹ-ਦਸੇਰਾ ਸਮਝ ਕੇ ਉਨ੍ਹਾਂ ਵੱਲੋਂ ਦਿਖਾਏ ਰਸਤੇ ਉੱਤੇ ਚੱਲਣ ਦੀ ਲੋੜ ਹੈ।
ਸਿੰਘ ਸਭਾ ਲਹਿਰ ਬਾਰੇ ਵਿਚਾਰ ਕਰਨ ਸਮੇਂ ਚੰਗਾ ਹੋਵੇਗਾ ਕਿ ਜਿਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਜਨਮ, ਜੀਵਨ, ਸੰਘਰਸ਼ ਅਤੇ ਸੰਘਰਸ਼ ਉਪਰੰਤ ਨਿਕਲੇ ਸ਼ਾਨਦਾਰ ਨਤੀਜੇ ਅਤੇ ਪ੍ਰਦੇਸ਼, ਦੇਸ਼ ਅਤੇ ਵਿਦੇਸ਼ਾਂ ਵਿਚ ਪਾਏ ਸ਼ਾਨਾਂਮੱਤੇ ਪ੍ਰਭਾਵ ਬਾਰੇ ਚਰਚਾ ਕੀਤੀ ਜਾਵੇ।
ਵਿਚਾਰਧਾਰਕ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ ਪਰੰਤੂ ਉਨ੍ਹਾਂ ਦੀਆਂ ਆਪਣੀਆਂ ਹੀ ਸਮਕਾਲੀ ਧਾਰਮਿਕ ਹਸਤੀਆਂ, ਪੁਜਾਰੀਆਂ ਅਤੇ ਲੇਖਕਾਂ ਨੇ ਅਤੇ ਉਨ੍ਹਾਂ ਦੇ ਪ੍ਰਲੋਕ ਗਮਨ ਉਪਰੰਤ ਵੀ ਸਿੱਖ ਕੌਮ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਵੀ ਸਾਰੇ ਸਮਿਆਂ ਦੇ ਉੱਚ ਕੋਟੀ ਦੇ ਇਨ੍ਹਾਂ ਵਿਦਵਾਨਾਂ, ਤਰਕਸ਼ੀਲਾਂ, ਦ੍ਰਿੜ੍ਹ ਸੰਕਲਪ ਅਤੇ ਮਹਾਨ ਪੰਥ-ਪ੍ਰਸਤ ਗੁਰਸਿੱਖ ਰੋਸ਼ਨ ਦਿਮਾਗ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ ਜੀ ਹੁਰਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਇਨ੍ਹਾਂ ਕਾਰਨਾਂ ਕਰਕੇ ਹੀ ਕੌਮੀ ਜ਼ਿੰਦਗੀ “ਵਕਤੋਂ ਚੁਕੀ ਡੂਮਣੀ ਗਾਵੇ ਆਲ ਪਤਾਲ” ਵਾਲੀ ਹੋ ਜਾਂਦੀ ਹੈ। ਇਨ੍ਹਾਂ ਸਾਰੇ ਹਾਲਾਤ ਨੂੰ ਮੁੱਖ ਰੱਖਦਿਆਂ ਲੇਖਕ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅੰਤ੍ਰਿੰਗ ਕਮੇਟੀ ਵੱਲੋਂ 21 ਅਪ੍ਰੈਲ, 2002 ਈ. ਨੂੰ, ਜਿਸ ਦਿਨ ਕੁਦਰਤੀ ਹੀ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਦਿਨ ਸੀ, ਫੈਸਲਾ ਕੀਤਾ ਗਿਆ ਕਿ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੇ ਜੀਵਨ, ਰਚਨਾ, ਘਾਲਣਾ ਅਤੇ ਸ਼ਖ਼ਸੀਅਤ ਬਾਰੇ ਹਰ ਸਾਲ ਗਿਆਨੀ ਦਿੱਤ ਸਿੰਘ ਜੀ ਦੇ ਪਰਲੋਕ ਗਮਨ ਦਿਨ 06 ਸਤੰਬਰ ਨੂੰ ਸੈਮੀਨਾਰ ਜਾਂ ਇਸ ਤਰ੍ਹਾਂ ਦੇ ਹੀ ਹੋਰ ਧਾਰਮਿਕ ਤੇ ਸਾਹਿਤਕ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾਣਗੇ ਤਾਂ ਜੋ ਇਨ੍ਹਾਂ ਸ਼ਖ਼ਸੀਅਤਾਂ ਦੇ ਸਮੇਂ ਤੋਂ ਵੀ ਵੱਧ ਬਦਤਰ ਹੋ ਰਹੇ ਸਿੱਖ ਕੌਮ ਦੇ ਅਜੋਕੇ ਹਾਲਾਤ ਸਮੇਂ ਸਿੱਖ ਕੌਮ ਨੂੰ ਹਲੂਣਾ ਦਿੱਤਾ ਜਾਵੇ। ਘੇਸਲ ਵੱਟੀ ਬੈਠੀ ਕੌਮ ਨੂੰ ਅਤੇ ਮਾਇਆ ਅਤੇ ਰਾਜ ਸ਼ਕਤੀ ਦੀ ਹੋੜ ਤੇ ਦੌੜ ਵਿਚ ਲੱਗੇ ਰਸਾਤਲ ਵੱਲ ਜਾਂਦੇ ਸਿੱਖ ਸਮਾਜ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਆਪਣੇ ਲਾਸਾਨੀ ਕੌਮੀ ਵਿਰਸੇ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਮੁੱਖ ਨਿੱਜਪ੍ਰਸਤੀ, ਮੌਕਾਪ੍ਰਸਤੀ, ਨਸ਼ਿਆਂ, ਨੰਗੇਜ਼ਵਾਦ, ਭਰੂਣ ਹੱਤਿਆ, ਭ੍ਰਿਸ਼ਟਾਚਾਰ, ਪਤਿਤਪੁਣੇ ਕਾਮ, ਕ੍ਰੋਧ ਵਰਗੀਆਂ ਮਾਰੂ ਰੁਚੀਆਂ ਵੱਲੋਂ ਮੋੜ ਕੇ ਉਨ੍ਹਾਂ ਨੂੰ ਆਪਣੇ ਲਾਸਾਨੀ ਵਿਰਸੇ ਦਾ ਅਹਿਸਾਸ ਕਰਵਾਇਆ ਜਾ ਸਕੇ ਤਾਂ ਜੋ ਸੰਸਾਰ ਅੰਦਰ ਸਾਡਾ ਮਾਣ, ਸਨਮਾਨ, ਅੱਡਰੀ ਹਸਤੀ, ਅਜਿੱਤ ਸ਼ਕਤੀ, ਵਿਲੱਖਣ ਸਿਧਾਂਤ ਅਤੇ ਨਿਆਰਾ ਸਰੂਪ ਪੁਨਰ-ਸੁਰਜੀਤ ਹੋ ਸਕੇ, ਇਨ੍ਹਾਂ ਸ਼ਖ਼ਸੀਅਤਾਂ ਦੀ ਯਾਦ ਵਿਚ “ਗਿਆਨੀ ਦਿੱਤ ਸਿੰਘ ਅਵਾਰਡ” ਵੀ ਸਥਾਪਿਤ ਕੀਤਾ ਗਿਆ ਸੀ ਜੋ ਹਰ ਸਾਲ ਸੈਮੀਨਾਰ/ਸਮਾਗਮ ਸਮੇਂ ਇਕ ਉੱਚ ਕੋਟੀ ਦੇ ਸਿੱਖ ਵਿਦਵਾਨ ਨੂੰ ਦੇ ਕੇ ਉਨ੍ਹਾਂ ਰਾਹੀਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾ ਸਕੇ। ਇਸ ਫੈਸਲੇ ਅਧੀਨ ਲੇਖਕ ਦੇ ਪ੍ਰਧਾਨਗੀ ਕਾਰਜਕਾਲ ਵਿਚ ਪਹਿਲਾ ਸੈਮੀਨਾਰ ਮਾਤਾ ਗੁਜਰੀ ਕਾਲਜ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ 6 ਸਤੰਬਰ, 2002 ਈ. ਨੂੰ ਕਰਵਾਇਆ ਸੀ ਅਤੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਅਤੇ ਦੂਸਰੇ ਸਾਲ ਦੀਵਾਨ ਟੋਡਰ ਮੱਲ ਹਾਲ, ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ 16 ਅਕਤੂਬਰ, 2002 ਈ. ਨੂੰ ਕੀਤਾ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਐਂਥਰੋਪਾਲੇਜੀ ਦੇ ਪ੍ਰੋਫੈਸਰ ਡਾ. ਹਰਕੀਰਤ ਸਿੰਘ ਨੂੰ ਦਿੱਤਾ ਗਿਆ ਸੀ। ਲੇਖਕ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪ੍ਰੋ. ਗੁਰਮੁਖ ਸਿੰਘ ਜੀ ਦੀ ਯਾਦ ਵਿਚ ਇਕ “ਇਕੱਤਰਤਾ ਘਰ” ਬਣਾਇਆ ਜਿਥੇ ਬੈਠ ਕੇ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ” ਅਨੁਸਾਰ ਗੁਰਮਤਿ ਵਿਚਾਰਾਂ ਹੋ ਸਕਣ ਅਤੇ ਕੌਮੀ ਮਸਲੇ ਵਿਚਾਰੇ ਜਾ ਸਕਣ।
ਇਹ ਸਾਡੀ ਕੌਮੀ ਤ੍ਰਾਸਦੀ ਹੀ ਸਮਝੋ ਕਿ ਅਸੀਂ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਆਪਣੇ ਅਦੁੱਤੀ, ਲਾਸਾਨੀ ਅਤੇ ਮਹਾਨ ਕੌਮੀ ਹੀਰਿਆਂ ਨੂੰ ਵਿਸਾਰਦੇ ਰਹੇ ਹਾਂ ਸਗੋਂ ਰਾਜਨੀਤਕ ਕਾਰਨਾਂ ਕਰਕੇ ਉਨ੍ਹਾਂ ਲੋਕਾਂ ਨੂੰ ਨਿਵਾਜਦੇ, ਸਤਿਕਾਰਦੇ ਅਤੇ ਸਨਮਾਨਦੇ ਰਹੇ ਹਾਂ ਜਿਨ੍ਹਾਂ ਨੇ ਕੌਮ ਦਾ ਲਾਭ ਘੱਟ ਪਰੰਤੂ ਆਪਣੀ ਨਿੱਜਪ੍ਰਸਤੀ ਤੇ ਨਿੱਜ ਹਸਤੀ ਲਈ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ। ਇਸ ਲੇਖ ਵਿਚ ਪ੍ਰੋ. ਗੁਰਮੁਖ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ, ਰਚਨਾ, ਘਾਲਣਾ ਅਤੇ ਇਨ੍ਹਾਂ ਵਿੱਚੋਂ ਉਭਰੀ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਸੰਖੇਪ ਰੂਪ ਵਿਚ ਵਿਚਾਰ ਕਰਨ ਦਾ ਤੁਛ ਜਿਹਾ ਯਤਨ ਕਰ ਰਹੇ ਹਾਂ। ਆਸ ਕਰਦੇ ਹਾਂ ਕਿ ਸਾਡੇ ਅਜੋਕੇ ਪ੍ਰਤਿਸ਼ਟ ਵਿਦਵਾਨ ਜਿਨ੍ਹਾਂ ਅੰਦਰ ਸਿੱਖੀ ਦੀ ਚਿਣਗ ਹੈ, ਸੱਚ ਨੂੰ ਪਹਿਚਾਣਨ ਦੀ ਸੋਝੀ ਹੈ ਅਤੇ ਜਿਨ੍ਹਾਂ ਨੂੰ ਆਪਣੇ ਲਾਸਾਨੀ ਅਤੇ ਅਦੁੱਤੀ ਵਿਰਸੇ ਨੂੰ ਸਦਜੀਵਤ ਕਰਨ ਦਾ ਚਾਅ ਹੈ ਉਹ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਬਾਰੇ ਦੀਰਘ ਖੋਜ ਕਰ ¬ਕੇ ਲੋਕਾਂ ਸਾਹਮਣੇ ਉਨ੍ਹਾਂ ਦੇ ਜੀਵਨ ਉੱਤੇ ਝਾਤ ਪੁਆਉਣ ਦੀ ਖੇਚਲ ਕਰ ਕੇ ਕੌਮੀ ਸੇਵਾ ਕਰਨਗੇ। ਇਹੋ ਹੀ ਉਨ੍ਹਾਂ ਮਹਾਨ ਕ੍ਰਾਂਤੀਕਾਰੀ ਵਿਦਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਇਹੋ ਹੀ ਕੌਮ ਦੇ ਭਲੇ ਵਿਚ ਹੋਵੇਗਾ।
ਗਿਆਨੀ ਦਿੱਤ ਸਿੰਘ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਦਿੱਤ ਰਾਮ ਸੀ, ਮਾਤਾ ਰਾਮ ਕੌਰ ਦੀ ਕੁੱਖੋਂ ਸਾਧੂ ਬਿਰਤੀ ਦੇ ਮਾਲਕ ਭਾਈ ਦੀਵਾਨ ਸਿੰਘ ਜੀ ਦੇ ਗ੍ਰਹਿ ਪਿੰਡ ਕਲੌੜ, ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ (ਜੋ ਉਸ ਸਮੇਂ ਰਿਆਸਤ ਪਟਿਆਲਾ ਦਾ ਪਿੰਡ ਸੀ) ਵਿਖੇ 21 ਅਪ੍ਰੈਲ, 1850 ਈ. ਨੂੰ ਹੋਇਆ। ਕਿੱਤੇ ਵਜੋਂ ਕੱਪੜਾ ਬੁਣਨ ਦਾ ਕੰਮ ਕਰਨ ਵਾਲੇ ਕਿਰਤੀ ਪਿਤਾ ਜੀ ਦੇ ਸਾਧੂ ਸੁਭਾਅ ਹੋਣ ਕਾਰਨ ਸਮੇਂ ਦੇ ਸਾਧੂਆਂ-ਸੰਤਾਂ ਦਾ ਘਰ ਆਉਣਾ ਜਾਣਾ ਬਣਿਆ ਰਹਿੰਦਾ ਸੀ। ਜਿਸ ਤਰ੍ਹਾਂ ਕਿ ਭਗਤ ਸੈਣ ਜੀ ਦੇ ਘਰ ਹਮੇਸ਼ਾ ਹੀ ਸਾਧੂਆਂ/ਸੰਤਾਂ/ਮਹਾਂਪੁਰਸ਼ਾਂ ਦੀ ਆਵਾਜਾਈ ਬਣੀ ਰਹਿੰਦੀ ਸੀ। ਬੱਚਾ ਜਿੱਥੇ ਆਪਣੀ ਮਾਤਾ ਜੀ ਦੀ ਕੱੁਖ ਅੰਦਰ ਅਤੇ ਉਸ ਦੀ ਗੋਦ ਵਿਚ ਬਹੁਤ ਕੁਝ ਗ੍ਰਹਿਣ ਕਰਦਾ ਹੈ ਅਤੇ ਉਪਰੰਤ ਆਪਣੇ ਪਿਤਾ ਅਤੇ ਘਰ-ਪਰਵਾਰ ਦੇ ਹੋਰ ਜੀਆਂ ਤੋਂ ਵੀ ਬਹੁਤ ਕੁਝ ਸੁਤੇਸਿਧ ਗ੍ਰਹਿਣ ਕਰਦਾ ਰਹਿੰਦਾ ਹੈ ਉਸੇ ਤਰ੍ਹਾਂ ਉਹ ਘਰ ਅੰਦਰ ਆਉਣ ਜਾਣ ਵਾਲਿਆਂ ਤੋਂ ਵੀ ਹਰ ਸਮੇਂ ਪ੍ਰਭਾਵਿਤ ਹੁੰਦਾ ਰਹਿੰਦਾ ਹੈ ਅਤੇ ਉਸ ਦੀ ਸ਼ਖ਼ਸੀਅਤ, ਸੋਚ ਅਤੇ ਵਿਚਾਰ ਉਸੇ ਤਰ੍ਹਾਂ ਦੇ ਹੀ ਬਣ ਜਾਂਦੇ ਹਨ। ਇਹੋ ਕਾਰਨ ਸੀ ਕਿ ਬਾਲਕ ਦਿੱਤ ਰਾਮ ਵੀ ਸਾਧੂ ਸੁਭਾਅ, ਸੇਵਾ, ਸਿਮਰਨ ਅਤੇ ਹਲੀਮੀ ਵਿਹਾਰ ਵਾਲੇ ਬਣ ਗਏ। ਮੁਢਲੀ ਸਿੱਖਿਆ ਦਾ ਸ੍ਰੋਤ ਇਹੋ ਘਰ-ਪਰਵਾਰ ਅਤੇ ਘਰ ਅੰਦਰ ਆਉਣ ਵਾਲੇ ਸਾਧੂ-ਸੰਤ ਹੀ ਸਨ। ਘਰ ਵਿਚ ਗਰੀਬੀ ਅੰਤਾਂ ਦੀ ਸੀ। ਪਿਤਾ ਜੀ ਨੇ ਬਾਲਕ ਦਾ ਸੁਭਾਅ ਵੇਖਦਿਆਂ ਉਨ੍ਹਾਂ ਨੂੰ ਆਤਮ-ਗਿਆਨ ਤਥਾ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਬ੍ਰਹਿਮੰਡ ਭ੍ਰਮਣ ਲਈ ਵਿਦਾ ਕਰ ਦਿੱਤਾ। ਤੀਖਣ ਬੁਧੀ ਵਾਲੇ ਅਤੇ ਆਤਮਾ ਅੰਦਰ ਧੁਰੋਂ ਹੀ ਅਕਾਲ ਜੋਤਿ ਪ੍ਰਚੰਡ ਹੋਣ ਕਰਕੇ ਵੱਖ-ਵੱਖ ਭੇਖਾਂ ਦੇ ਸਾਧੂਆਂ, ਸੰਤਾਂ, ਫਕੀਰਾਂ ਅਤੇ ਡੇਰਿਆਂ ਦਾ ਭ੍ਰਮਣ ਕੀਤਾ ਅਤੇ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਲਿਆ। ਵੱਖ-ਵੱਖ ਧਾਰਮਿਕ ਗ੍ਰੰਥਾਂ ਦਾ ਗਹਿਰ-ਗੰਭੀਰ ਅਧਿਐਨ ਕੀਤਾ।
ਮਨੁੱਖੀ ਮਨ ਅਤਿ ਸੂਖਮ, ਚੰਚਲ ਹੋਣ ਦੇ ਨਾਲ-ਨਾਲ ਹਰ ਚੰਗੀ-ਮਾੜੀ ਸੰਗਤ ਦਾ ਝੱਟਪਟ ਪ੍ਰਭਾਵ ਕਬੂਲਣ, ਖਿਨ ਵਿਚ ਅਤੀ ਕਮਜ਼ੋਰ ਅਤੇ ਖਿਨ ਵਿਚ ਅਤੀ ਬਲਵਾਨ ਮਹਿਸੂਸ ਕਰਨ, ਅਤੀ ਕ੍ਰੋਧ ਵਾਲਾ, ਸਿਰੇ ਦੀ ਨਿਮਰਤਾ ਵਾਲਾ, ਸੇਵਾ ਤੇ ਸਿਮਰਨ ਵਿਚ ਲੀਨ ਹੋਣ ਵਾਲਾ, ਜ਼ਾਬਰ ਤੇ ਜਾਲਮ ਹੋਣ ਵਾਲਾ ਭਾਵ ਵੱਖ-ਵੱਖ ਸਮੇਂ ਵੱਖ-ਵੱਖ ਰੰਗਾਂ ਵਾਲਾ ਹੁੰਦਾ ਹੈ। “ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥” “ਜੈਸੀ ਸੰਗਤ ਤੈਸੀ ਰੰਗਤ” ਅਨੁਸਾਰ ਬਾਲਕ ਦਿੱਤ ਰਾਮ ਵੱਖ-ਵੱਖ ਧਰਮਾਂ, ਮੱਤਾਂ-ਮਤਾਂਤਰਾਂ ਦੇ ਅਸਥਾਨਾਂ ਉੱਤੇ ਜਾਣ ਕਰਕੇ ਉਨ੍ਹਾਂ ਦਾ ਪ੍ਰਭਾਵ ਕਬੂਲਦੇ ਰਹੇ ਪਰੰਤੂ ਉਨ੍ਹਾਂ ਦੀ ਸੱਚ ਦੀ ਪ੍ਰਾਪਤੀ ਦੀ ਭੁੱਖ ਪੂਰੀ ਨਹੀਂ ਸੀ ਹੋ ਰਹੀ ਅਤੇ ਉਹ ਸੱਚ ਦੀ ਭਾਲ ਵਿਚ ਹੋਰ ਅੱਗੇ ਤੁਰਨ ਲਈ ਕਾਰਜਸ਼ੀਲ ਰਹੇ। ਨਿਰਮਲੇ ਸੰਤਾਂ ਦੇ ਅਸਥਾਨ ਉੱਤੇ ਕਾਫੀ ਸਮਾਂ ਬਤੀਤ ਕੀਤਾ ਅਤੇ ਉਨ੍ਹਾਂ ਪਾਸੋਂ ਕਾਫੀ ਗਿਆਨ ਪ੍ਰਾਪਤ ਕੀਤਾ ਪਰੰਤੂ ਤ੍ਰਿਪਤੀ ਨਾ ਹੋਈ ਅਤੇ ਫਿਰ ਸਮੇਂ ਦੇ ਮਸ਼ਹੂਰ ਮੱਤ “ਗੁਲਾਬਦਾਸੀ” ਡੇਰੇ ਉੱਤੇ ਪਹੁੰਚ ਗਏ। ਉਨ੍ਹਾਂ ਦਾ ਇਤਨਾ ਪ੍ਰਭਾਵ ਕਬੂਲਿਆ ਕਿ ਉੱਥੇ ਆਪ ਵੀ ਫਕੀਰੀ ਧਾਰਨ ਕਰ ਲਈ ਅਤੇ ਉਨ੍ਹਾਂ ਦੇ ਮੱਤ ਦਾ ਪ੍ਰਚਾਰ ਕਰਦਿਆਂ ਗੁਲਾਬ ਦਾਸੀਆਂ ਅੰਦਰ ਪੂਰਾ ਮਾਣ-ਸਨਮਾਨ ਪ੍ਰਾਪਤ ਕਰ ਲਿਆ ਅਤੇ ਉਨ੍ਹਾਂ ਦੇ ਪ੍ਰਚਾਰਕ ਹੀ ਬਣ ਗਏ ਅਤੇ ਲੋਕ ਵੀ ਉਨ੍ਹਾਂ ਦੇ ਲਿਬਾਸ ਅਤੇ ਭੇਖ ਕਾਰਨ ਉਨ੍ਹਾਂ ਅੱਗੇ ਨਤਮਸਤਕ ਹੋਣ ਲੱਗ ਪਏ। ਅੰਧਕਾਰ ਅਤੇ ਅਗਿਆਨਤਾ ਵਿਚ ਵਿਚਰ ਰਹੇ ਸੰਸਾਰ ਦਾ ਸੁਭਾਅ ਹੈ ਕਿ ਉਹ ਅਜਿਹੇ ਭੇਖਧਾਰੀ ਲੋਕਾਂ ਦੀ ਸਿੱਖਿਆ ਸੁਣ ਕੇ ਅਤੇ ਉਨ੍ਹਾਂ ਦਾ ਬਾਹਰਮੁਖੀ ਵਿਖਾਵਾ ਵੇਖ ਕੇ ਹਰ ਇਕ ਨੂੰ “ਗੁਰੂ” ਹੀ ਮੰਨਣ ਲੱਗ ਪੈਂਦੇ ਹਨ। ਅਜਿਹਾ ਡੇਰਾਵਾਦ ਅਤੇ ਗੁਰੂ ਡੰਮ ਅੱਜ ਸਾਵਣ ਦੀਆਂ ਖੂੰਬਾਂ ਵਾਂਗ ਖੂਬ ਵੱਧ-ਫੁੱਲ ਰਿਹਾ ਹੈ। ਪਰੰਤੂ “ਗੁਰੂ” ਤਾਂ ਤੁਹਾਡੇ ਅੰਦਰਲੇ ਅਗਿਆਨਤਾ ਦੇ ਅੰਧੇਰੇ ਨੂੰ ਮਿਟਾ ਕੇ ਧੁਰ ਅੰਤਰ-ਆਤਮੇ ਗਿਆਨ ਜੋਤਿ ਪ੍ਰਚੰਡ ਕਰਨ ਵਾਲੀ ਸ਼ਖ਼ਸੀਅਤ ਨੂੰ ਹੀ ਕਿਹਾ ਜਾਂਦਾ ਹੈ, ਸਤਿਗੁਰੂ ਜੀ ਇਉਂ ਫੁਰਮਾਉਂਦੇ ਹਨ:
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 78)
ਤਥਾ
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 286)
ਪਰੰਤੂ ਇੱਥੇ ਵੀ ਜਵਾਨੀ ਵਿਚ ਪੈਰ ਧਰਨ ਵਾਲੇ ਭਾਈ ਦਿੱਤ ਰਾਮ ਨੂੰ ਇਨ੍ਹਾਂ ਡੇਰਿਆਂ ਅਤੇ ਅਸਥਾਨਾਂ ਤੋਂ ਆਤਮਿਕ ਸੰਤੁਸ਼ਟੀ ਨਾ ਮਿਲੀ ਕਿਉਂਕਿ ਕੱਚਾ ਗੁਰੂ ਤਾਂ ਸੱਚ ਦੇ ਪੱਲੇ ਲਾ ਹੀ ਨਹੀਂ ਸਕਦਾ ਅਤੇ ਉਹ ਤਾਂ “ਸੱਸੀ ਦੇ ਕੱਚੇ ਘੜੇ” ਵਾਂਗ ਅੱਧ ਵਿਚਕਾਰ ਆਪ ਤਾਂ ਡੱੁਬਦਾ ਹੀ ਹੈ ਸਗੋਂ ਉਸ ਦਾ ਸਹਾਰਾ ਲੈਣ ਵਾਲੇ ਨੂੰ ਵੀ ਅੱਧ ਵਿਚਕਾਰ ਹੀ ਡੁਬੋ ਦਿੰਦਾ ਹੈ। ਇਸ ਪ੍ਰਥਾਏ ਸਤਿਗੁਰੂ ਜੀ ਸਾਨੂੰ ਇਉਂ ਸਮਝਾਉਂਦੇ ਹਨ:
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 1102)
ਨੌਜਵਾਨ ਦਿੱਤ ਰਾਮ ਜੀ ਇਸ ਤਰ੍ਹਾਂ ਚਲਦੇ-ਫਿਰਦੇ ਲਾਹੌਰ ਪਹੁੰਚ ਗਏ ਅਤੇ ਆਰੀਆ ਸਮਾਜੀਆਂ ਦੇ ਅਸਥਾਨ ਉੱਤੇ ਪੁੱਜ ਗਏ। ਉਨ੍ਹਾਂ ਦਿਨਾਂ ਵਿਚ ਆਰੀਆ ਸਮਾਜ ਸਿਖਰ ਉਤੇ ਸੀ ਅਤੇ ਉਸ ਦਾ ਭਾਰਤੀ ਸਮਾਜ ਵਿਚ ਪੂਰਾ ਬੋਲਬਾਲਾ ਸੀ। ਆਰੀਆ ਸਮਾਜ ਦੀ ਲਹਿਰ ਨੇ ਪੁੰਗਰ ਰਹੇ ਸਮੇਂ ਦੇ ਬਹੁਤ ਵਿਦਵਾਨਾਂ ਨੂੰ ਪ੍ਰਭਾਵਿਤ ਵੀ ਕੀਤਾ। ਭਾਈ ਦਿੱਤ ਰਾਮ ਅੰਦਰ ਸੱਚ ਦੀ ਪ੍ਰਾਪਤੀ ਦੀ ਤੀਬਰ ਇੱਛਾ ਸੀ। ਉਨ੍ਹਾਂ ਨੇ ਆਰੀਆ ਸਮਾਜ ਦੇ ਸਿਧਾਂਤ ਅਤੇ ਮਰਿਆਦਾ ਨੂੰ ਸਮਝਿਆ ਅਤੇ ਉਨ੍ਹਾਂ ਦੇ ਹੀ ਹੋ ਗਏ ਅਤੇ ਹੁਣ ਉਹ ‘ਆਰੀਆ ਸਮਾਜੀ’ ਹੀ ਬਣ ਗਏ। ਇੱਥੇ ਅਤੇ ਇਸ ਤੋਂ ਪਹਿਲੀਆਂ ਥਾਵਾਂ ਉੱਤੇ ਠਹਿਰਣ ਸਮੇਂ ਉਨ੍ਹਾਂ ਨੂੰ ਵੱਖ-ਵੱਖ ਮੱਤਾਂ ਦੇ ਗ੍ਰੰਥ ਪੜ੍ਹਨ ਦਾ ਮੌਕਾ ਮਿਿਲਆ ਅਤੇ ਸ੍ਰੀ ਗੁਰੂ ਨਾਨਕ ਦੇ ਜੀ ਦੇ ਸਿਧਾਂਤ ਅਤੇ ਅਨਮੋਲ ਫ਼ਲਸਫ਼ੇ ਅਤੇ ਗੁਰੂ ਇਤਿਹਾਸ ਬਾਰੇ ਵੀ ਭਰਪੂਰ ਜਾਣਕਾਰੀ ਪ੍ਰਾਪਤ ਹੋ ਗਈ ਪਰੰਤੂ ਭਾਈ ਦਿੱਤ ਰਾਮ ਜੀ ਦੀ ਮਾਨਸਿਕ ਦਸ਼ਾ “ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥” ਵਾਲੀ ਹੀ ਬਣੀ ਹੋਈ ਸੀ। ਮਨੁੱਖ ਜਿਸ ਤਰ੍ਹਾਂ ‘ਸੰਗ’ ਦਾ ਪ੍ਰਭਾਵ ਕਬੂਲ ਕਰਦਾ ਹੈ, ਇਸੇ ਤਰ੍ਹਾਂ ਜਦੋਂ ਉਸ ਦੇ ਧੁਰ ਅੰਤਰ ਆਤਮੇ ਲੁਕੇ ਨਿਸਚੇ ਅਤੇ ਅਕੀਦੇ ਨੂੰ ਸੱਟ ਵੱਜਦੀ ਹੈ ਤਾਂ ਉਸ ਅੰਦਰ ਗੈਰਤ ਅਤੇ ਅਣਖ ਵੀ ਜਾਗਦੀ ਹੈ। ਭਾਈ ਦਿੱਤ ਰਾਮ ਨਾਲ ਵੀ ਇਸੇ ਤਰ੍ਹਾਂ ਵਾਪਰਿਆ। 24 ਨਵੰਬਰ, 1888 ਈ. ਨੂੰ ਆਰੀਆ ਸਮਾਜ ਦੀ 11ਵੀਂ ਵਰ੍ਹੇਗੰਢ ਦੇ ਸੰਬੰਧ ਵਿਚ ਹੋ ਰਹੇ ਸਮਾਗਮ ਦੌਰਾਨ ਸਾਧੂ ਦਯਾ ਨੰਦ ਅਤੇ ਉਸ ਦੇ ਸਾਥੀਆਂ ਵੱਲੋਂ ਗੁਰੂ ਸਾਹਿਬਾਨ ਵਿਰੁਧ ਊਲ-ਜਲੂਲ ਟਿੱਪਣੀਆਂ ਕੀਤੀਆਂ ਗਈਆਂ ਤਾਂ ਫਿਰ ਭਾਈ ਦਿੱਤ ਰਾਮ, ਭਾਈ ਜਵਾਹਰ ਸਿੰਘ, ਭਾਈ ਮਈਆ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਅਤੇ ਉਨ੍ਹਾਂ ਦੇ ਧੁਰ ਆਤਮੇ ਅੰਦਰ ਮੌਜੂਦ ਗੈਰਤ ਅਤੇ ‘ਗੁਰੂ ਪਿਆਰ’ ਨੇ ਉਨ੍ਹਾਂ ਨੂੰ ਸਮਾਗਮ ਤੋਂ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ। ਉਪਰੰਤ ਉਨ੍ਹਾਂ ਦਾ ਮਿਲਾਪ ਸਮੇਂ ਦੇ ਮਹਾਨ ਸਿੱਖ ਵਿਦਵਾਨ ਪ੍ਰੋ. ਗੁਰਮੁਖ ਸਿੰਘ ਜੀ ਨਾਲ ਹੋਇਆ ਅਤੇ ਉਨ੍ਹਾਂ ਦੀ ਸੰਗਤ ਨਾਲ ਭਾਈ ਦਿੱਤ ਰਾਮ ਅੰਮ੍ਰਿਤ ਛਕ ਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਸਿੰਘ ਸਜ ਗਏ। ਪ੍ਰੋ. ਗੁਰਮੁਖ ਸਿੰਘ ਉਸ ਸਮੇਂ ਸਿੱਖ ਕੌਮ ਅੰਦਰ ਆਈਆਂ ਆਚਰਣਕ ਅਤੇ ਸਿਧਾਂਤਕ ਗਿਰਾਵਟਾਂ ਅਤੇ ਗੁਰਦੁਆਰਾ ਸਾਹਿਬ ਉਤੇ ਕਾਬਜ ਅੰਗਰੇਜ਼ ਦੇ ਪਿੱਠੂ ਮਹੰਤਾਂ ਵਿਰੁਧ ਸੰਘਰਸ਼ਸ਼ੀਲ ਸਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਭਾਈ ਦਿੱਤ ਰਾਮ ਜੋ ਹੁਣ ਭਾਈ ਦਿੱਤ ਸਿੰਘ ਬਣ ਗਏ ਸਨ ਨੇ ‘ਗਿਆਨੀ’ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਉਨ੍ਹਾਂ ਨੇ ਨਾਮ ਨਾਲ ‘ਗਿਆਨੀ’ ਸ਼ਬਦ ਜੁੜ ਗਿਆ। ਨਤੀਜੇ ਵਜੋਂ ਹੁਣ ਉਹ ਗਿਆਨੀ ਦਿੱਤ ਸਿੰਘ ਬਣ ਗਏ।
ਗਿਆਨੀ ਦਿੱਤ ਸਿੰਘ ਸੱਚਮੁਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ-ਸੁੱਚੇ ਸੰਦੇਸ਼ਵਾਹਕ ਅਤੇ ਵੱਡੇ ਵਿਦਵਾਨ ਸਨ। ਗਿਆਨੀ ਦਿੱਤ ਸਿੰਘ ਦੀ ਤੀਖਣ ਬੁੱਧੀ, ਤਰਕਸ਼ੀਲਤਾ, ਅਕੱਟ-ਦਲੀਲਾਂ ਸਾਹਮਣੇ ਨਿਰਉੱਤਰ ਹੋਏ ਸੁਆਮੀ ਦਯਾਨੰਦ ਬਾਰੇ ਉਨ੍ਹਾਂ ਦੇ ਵਿਚਾਰ ਇਸ ਤਰ੍ਹਾਂ ਸਨ: “ਸਾਧ ਜੀ ਇਤਨੀ ਬੁੱਧੀ ਨਹੀਂ ਰਖਤੇ ਥੇ ਜਿਤਨੀ ਲੋਗ ਖਿਆਲਤੇ ਹੈਂ। ਉਹ ਇਕ ਸਾਦੇ ਖਿਆਲ ਸੁਭਾਅ ਕੇ ਪੁਰਸ਼ ਥੇ। ਜਿਸ ਕੋ ਜੋ ਮਨ ਮੇ ਆ ਜਾਤਾ ਬੋ ਲਿਖ ਮਾਰਤੇ ਥੇ। ਯੋਗ-ਅਯੋਗ ਨਹੀਂ ਵਿਚਾਰਤੇ ਥੇ।”
ਕਮਾਲ ਦੀ ਗੱਲ ਇਹ ਹੈ ਕਿ ਉਹ ਵੱਖ-ਵੱਖ ਧਰਮਾਂ-ਮਤਾਂ ਦੇ ਸਥਾਨਾਂ ਦਾ ਭਰਮਣ ਕਰਨ ਅਤੇ ਉਨ੍ਹਾਂ ਦੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਉਪਰੰਤ ਜਵਾਨੀ ਦੀ ਉਮਰ ਵਿਚ ਹੀ ਪ੍ਰੋ. ਗੁਰਮੁਖ ਸਿੰਘ ਦੀ ਸੰਗਤ ਵਿਚ ਆ ਕੇ ਇਕ ਪ੍ਰੋੜ ਸਿੱਖ ਵਿਦਵਾਨ ਬਣੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਵਹਿਮਾਂ-ਭਰਮਾਂ, ਨਕਲੀ ਪੀਰਾਂ-ਫਕੀਰਾਂ, ਪਖੰਡੀ ਸਾਧਾਂ ਅਤੇ ਲੋਕਾਂ ਨੂੰ ਭਰਮ-ਭੁਲੇਖਿਆਂ ਵਿਚ ਫਸਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਡੇਰੇਦਾਰਾਂ ਵਿਰੁੱਧ ਇਕ ਜ਼ੋਰਦਾਰ ਲਹਿਰ ਅਰੰਭੀ। ਗਿਆਨੀ ਜੀ ਨੇ ਪਿੰਗਲ, ਵੇਦਾਂਤ ਅਤੇ ਰਾਜਨੀਤੀ ਦੇ ਗ੍ਰੰਥਾਂ ਦਾ ਖੂਬ ਅਧਿਐਨ ਕੀਤਾ ਅਤੇ ਆਪ ਜੀ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਗਿਆਤਾ ਸਨ। ਆਪ ਨੇ ਓਰੀਐਂਟਲ ਕਾਲਜ, ਲਾਹੌਰ ਵਿਚ ਪੰਜਾਬੀ ਦੇ ਪ੍ਰੋਫ਼ੈਸਰ ਬਣਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ, ਸਿਧਾਂਤਾਂ ਅਤੇ ਗੁਰਮਤਿ ਮਾਰਗ ਦਾ ਜ਼ੋਰਦਾਰ ਪ੍ਰਚਾਰ ਕੀਤਾ। ਗਿਆਨੀ ਦਿੱਤ ਸਿੰਘ ਜੀ ਨੇ ਪੰਜਾਬੀ ਪੱਤਰਕਾਰੀ ਨੂੰ ਵੀ ਪ੍ਰਫੁਲਿਤ ਕੀਤਾ ਅਤੇ ਉਸ ਨੂੰ ਆਪਣੇ ਸਿੱਖ ਧਰਮ ਦੇ ਪ੍ਰਚਾਰ ਅਤੇ ਵਿਸਥਾਰ ਦਾ ਸਾਧਨ ਬਣਾਇਆ ਜਿਵੇਂ ਕਿ 13 ਜੂਨ, 1886 ਈ. ਤੋਂ ਆਪਣੇ ਆਖਰੀ ਦਮ 1901 ਈ. ਤਕ ਖਾਲਸਾ ਅਖਬਾਰ ਲਾਹੌਰ ਦੀ ਸੰਪਾਦਨਾ ਕੀਤੀ। ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਪਹੁੰਚ ਕੇ ਵਿਚਾਰ-ਗੋਸ਼ਟੀਆਂ ਕੀਤੀਆਂ ਅਤੇ ਮਿਸ਼ਨਰੀ-ਸਪਿਰਟ ਨਾਲ ਪਾਠਕਾਂ ਅਤੇ ਸਰੋਤਿਆਂ ਦੇ ਸੁਝਾਅ ਵੀ ਪ੍ਰਾਪਤ ਕੀਤੇ ਅਤੇ ਉਨ੍ਹਾਂ ਵੱਲੋਂ ਪੇਸ਼ ਕੀਤੇ ਗੁੰਝਲਦਾਰ ਅਤੇ ਜਟਿਲ ਪ੍ਰਸ਼ਨਾਂ ਦੇ ਉੱਤਰ ਦੇ ਕੇ ਗੁਰਮਤਿ ਫ਼ਲਸਫ਼ੇ ਨੂੰ ਸਹੀ ਅਤੇ ਸ਼ੁੱਧ ਰੂਪ ਵਿਚ ਸਮਝਾਇਆ। ਸ੍ਰੀ ਦਸਮ ਗ੍ਰੰਥ ਸੰਬੰਧੀ ਅਨੇਕਾਂ ਸ਼ੰਕਿਆਂ ਨੂੰ ਦੂਰ ਕਰਨ ਹਿੱਤ ਉਨ੍ਹਾਂ ਨੇ 1899 ਈ. ਵਿਚ ‘ਦੁਰਗਾ ਪ੍ਰਬੋਧ’ ਪੁਸਤਕ ਛਾਪ ਕੇ ਹਮੇਸ਼ਾ ਲਈ ਸਿੱਖ ਜਗਤ ਨੂੰ ਸਪੱਸ਼ਟਤਾ ਪ੍ਰਦਾਨ ਕੀਤੀ। ਗਿਆਨੀ ਦਿੱਤ ਸਿੰਘ ਨੇ ਭਾਵੇਂ ਸ਼ਹੀਦੀ ਦਾ ਕਾਵਿ ਰੂਪ ਪ੍ਰਸੰਗ ਲਿਿਖਆ ਭਾਵੇਂ ਕੁਝ ਹੋਰ ਵਿਿਸ਼ਆਂ ਉੱਤੇ ਲਿਖ ਕੇ ਵਡਮੱੁਲੀ ਸੇਵਾ ਕੀਤੀ, ਉਸ ਵਿਚ ਨੌਜਵਾਨ ਸਿੱਖ ਪੀੜ੍ਹੀ ਨੂੰ ਪਤਿਤਪੁਣੇ, ਨਸ਼ੇ ਆਦਿ ਸਮਾਜਿਕ ਬੁਰਾਈਆਂ ਨੂੰ ਤਿਆਗਣ ਲਈ ਪ੍ਰੇਰਦੇ। ਪ੍ਰਸਿੱਧ ਵਿਦਵਾਨ ਪ੍ਰੋ. ਡਾ. ਇੰਦਰਜੀਤ ਸਿੰਘ ਗੋਗੋਆਣੀ ਅਨੁਸਾਰ, “ਉਨ੍ਹਾਂ ਦੀਆਂ ਰਚਿਤ ਪੁਸਤਕਾਂ ਇਤਿਹਾਸਿਕ ਜੀਵਨੀਆਂ, ਸਿੱਖ ਸਹਾਦਤਾਂ, ਧਰਮ ਤੇ ਫ਼ਲਸਫ਼ਾ, ਵਿਅੰਗ ਤੇ ਆਲੋਚਨਾ, ਨੀਤੀ-ਸਾਸ਼ਤਰ, ਗੁਰਬਾਣੀ ਵਿਆਖਿਆ, ਕਿੱਸਾ ਕਾਵਿ ਅਤੇ ਗੁਲਾਬ ਦਾਸੀ ਸਹਿਤ ਨਾਲ ਸੰਬੰਧਿਤ ਸਨ। ਮੂਲ ਮਿਸ਼ਨ ਸਭਨਾ ਦਾ ਪ੍ਰਚਾਰ ਤੇ ਸੁਧਾਰ ਹੈ।” ਗਿਆਨੀ ਦਿੱਤ ਸਿੰਘ ਨੇ ਖਾਲਸਾ ਪੰਥ ਦੇ ਅਣਗੌਲੇ ਕੀਤੇ ਪ੍ਰੰਤੂ ਨਿਰੋਏ ਅੰਗ, ਸਿਕਲੀਗਰਾਂ ਦੇ ਸਿੱਖੀ ਵਿਚ ਪਰਪੱਕ ਹੋਣ ਸੰਬੰਧੀ ਪਰੰਤੂ ਆਰਥਿਕ ਮੰਦਹਾਲੀ ਵਿਚ ਜਿਉ ਰਹੀ ਇਸ ਕੜੀ ਬਾਰੇ ਵੀ ਪੰਥ ਦੇ ਲੀਡਰਾਂ ਨੂੰ ਸੁਚੇਤ ਕੀਤਾ। ਗਿਆਨੀ ਜੀ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਸਨ ਕਿ ਜਿੰਨਾ ਚਿਰ ਸਾਡਾ ‘ਇਸਤਰੀ ਵਰਗ’ ਧਰਮ-ਕਰਮ ਵਿਚ ਪ੍ਰਪੱਕ ਸਿੱਖਿਅਤ ਅਤੇ ਸੋਝੀਵਾਨ ਨਹੀਂ ਹੁੰਦਾ ਉਨ੍ਹਾਂ ਚਿਰ ਕੌਮ ਦੀ ਤਰੱਕੀ ਸੰਭਵ ਨਹੀਂ ਜਾਪਦੀ। ਉਹ 9 ਅਗਸਤ, 1901 ਈ. ਦੇ ਖਾਲਸਾ ਅਖ਼ਬਾਰ ਲਾਹੌਰ ਵਿਚ ਲਿਖਦੇ ਹਨ, “ਜਿਸ ਕੌਮ ਦੀਆਂ ਇਸਤਰੀਆਂ ਧਰਮ ਵਿਚ ਦ੍ਰਿੜ੍ਹ ਅਤੇ ਸ੍ਰੇਸ਼ਟਤਾਚਾਰ ਵਿਚ ਪ੍ਰੇਮ ਰੱਖਦੀਆਂ ਹਨ। ਉਸ ਕੌਮ ਦੇ ਹੋਣਹਾਰ ਬੱਚੇ ਭੀ ਛੋਟੀ ਉਮਰਾਂ ਤੋਂ ਹੀ ਧਰਮ ਦੀਆਂ ਗੱਲਾਂ ਆਪਣੀ ਮਾਈ ਪਾਸੋਂ ਸੁਣਦੇ ਰਹਿੰਦੇ ਹਨ, ਜਿਸ ’ਤੇ ਉਨ੍ਹਾਂ ਦੇ ਹਿਰਦਿਆਂ ਵਿਚ ਧਰਮ ਦਾ ਅੰਕੁਰ ਦ੍ਰਿੜ੍ਹ ਹੋ ਜਾਂਦਾ ਹੈ ਪਰੰਤੂ ਜਿਸ ਕੌਮ ਦੀਆਂ ਇਸਤ੍ਰੀਆਂ ਧਰਮ-ਕਰਮ ਵਿਚ ਪ੍ਰੇਮ ਨਾ ਰੱਖਦੀਆਂ ਹੋਣ ਉਹ ਕੌਮਾਂ ਕਦੇ ਭੀ ਆਪਣੀ ਉੱਨਤੀ ਨਹੀਂ ਕਰ ਸਕਦੀਆਂ।”
ਗਿਆਨੀ ਜੀ ਜਿੱਥੇ ਇਕ ਸੱਚੇ ਸਮਾਜ-ਸੁਧਾਰਕ ਹੋਣ ਨਾਤੇ ਸਮਾਜਿਕ ਸੰਸਕਾਰਾਂ ਜਨਮ, ਮਰਨ, ਵਿਆਹ, ਸ਼ਾਦੀਆਂ ਵਿਚ ਕੀਤੀ ਜਾਂਦੀ ਫਜ਼ੂਲ ਖਰਚੀ ਦੇ ਵਿਰੁੱਧ ਸਨ, ਉੱਥੇ ਸਮਾਜ ਅੰਦਰ ਫੈਲੇ ਫੋਕਟ ਕਰਮ-ਕਾਂਡ, ਵਹਿਮਾਂ-ਭਰਮਾਂ ਅਤੇ ਅੰਧ ਵਿਸ਼ਵਾਸਾਂ ਦਾ ਵੀ ਪੂਰੇ ਜ਼ੋਰ ਨਾਲ ਖੰਡਨ ਕਰਦੇ ਸਨ। ਗਿਆਨੀ ਜੀ ਦਾ ਆਪਣੇ ਗੁਰੂ ਅਤੇ ਗੁਰਬਾਣੀ ਉਤੇ ਅੱਟਲ ਨਿਸਚਾ ਸੀ ਅਤੇ ਉਹ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥” ਦੇ ਸਿਧਾਂਤ ਉੱਤੇ ਦ੍ਰਿੜ੍ਹ ਸਨ। ਉਹ ਹਮੇਸ਼ਾਂ ਲੋਕਾਂ ਨੂੰ ਗੁਰਮਤਿ ਫ਼ਲਸਫ਼ੇ ਅਨੁਸਾਰ ਇਕੋ ਹੀ ਅਕਾਲ ਜੋਤ ਦੀ ਪੂਜਾ ਦ੍ਰਿੜ੍ਹ ਕਰਵਾਉਂਦੇ ਸਨ। ਆਪ ਦੀ ਪੁਸਤਕ ‘ਗੁਗਾ ਗਪੋੜਾ’ ਵਿਚ ਇਨ੍ਹਾਂ ਵਿਿਸ਼ਆਂ ਉੱਤੇ ਭਰਪੂਰ ਚਾਨਣਾ ਪਾਇਆ ਗਿਆ ਹੈ। ਦੇਹਧਾਰੀ ਗੁਰੂਆਂ ਨੂੰ ਉਹ ਕਬੀਰ ਭਗਤ ਜੀ ਵਾਂਗ ‘ਬਨਾਰਸ ਕੇ ਠਗ’ ਅਤੇ ਪੰਥ ਦੋਖੀ ਗਰਦਾਨਦੇ ਹਨ। ਗਿਆਨੀ ਜੀ ਆਪਣੇ 11 ਸਤੰਬਰ, 1963 ਈ. ਦੇ ਖਾਲਸਾ ਅਖ਼ਬਾਰ ਲਾਹੌਰ ਵਿਚ ਇਸ ਬਾਰੇ ਇਉਂ ਲਿਖਦੇ ਹਨ:
ਕੰਨ ਵਿਚ ਜੋ ਮੰਤ੍ਰ ਦੇ ਹੈਂ। ਪੁਨ ਆਗੈ ਹੋ ਕੇ ਜੋ ਲੈ ਹੈਂ॥
ਪਹਿਲਾ ਠੱਗ ਬਨਾਰਸ ਭਾਰਾ। ਦੂਜਾ ਧੋਖੇ ਵਿਚ ਵਿਚਾਰਾ॥
ਓਹ ਜਾਣੈ ਮੈਂ ਬੁੱਧੂ ਕੀਤਾ। ਦੂਜਾ ਸਮਝੇ ਗੁਰ ਧਰ ਲੀਤਾ॥
ਮੰਤਰ ਦਾਤਾ ਲੋਭ ਗ੍ਰਸਿਆ। ਦੂਜਾ ਮੂਰਖ ਪੰਛੀ ਫਸਿਆ॥
ਇਸ ਤਰ੍ਹਾਂ ਗਿਆਨੀ ਜੀ ਨੇ ਵੱਖ-ਵੱਖ ਵਿਿਸ਼ਆਂ ਉਤੇ ਅਨੇਕਾਂ ਪੁਸਤਕਾਂ ਲਿਖ ਕੇ, ਪ੍ਰਚਾਰ ਦੌਰੇ ਕਰ ਕੇ ਪਖੰਡੀ ਤੇ ਕਰਮ-ਕਾਂਡੀ ਲੋਕਾਂ ਨੂੰ ਪੂਰੇ ਤਰਕ-ਵਿਤਰਕ ਨਾਲ ਸਿੱਧੇ ਰਸਤੇ ਪਾ ਕੇ ਅਤੇ ਸਿੱਖਾਂ ਅੰਦਰ ਫੈਲ ਰਹੀਆਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ, ਕਮੀਆਂ ਅਤੇ ਕਮਜ਼ੋਰੀਆਂ ਵਿਰੁੱਧ ਪੂਰੀ ਦ੍ਰਿੜ੍ਹਤਾ ਅਤੇ ਗੰਭੀਰਤਾ, ਸੰਜੀਦਗੀ ਅਤੇ ਸਿਦਕਦਿਲੀ ਨਾਲ ਪ੍ਰਚਾਰ ਕੀਤਾ। ਸਮੇਂ ਦੀਆਂ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਅਤੇ ਔਕੜਾਂ ਗਿਆਨੀ ਜੀ ਨੂੰ ਆਪਣੇ ਮਿਸ਼ਨ ਤੋਂ ਲਾਂਭੇ ਨਹੀਂ ਕਰਾ ਸਕੀਆਂ।
ਅਜਿਹੇ ਸਮੇਂ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੀ ਲੋੜ ਹੈ ਅਤੇ ਇਕ ਨਵੀਂ ‘ਸਿੰਘ ਸਭਾ ਲਹਿਰ’ ਖੜੀ ਕਰਨ ਦੀ ਲੋੜ ਹੈ। ਇਹ ਗੱਲ ਪੂਰੀ ਤਸੱਲੀ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਤਥਾ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜਿਹੜੀ ਚਿਣਗ ਭਾਈ ਮਹਾਰਾਜ ਸਿੰਘ ਨੇ ਸ਼ਹੀਦੀ ਦੇ ਕੇ ਅਤੇ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਵੱਲੋਂ ਚਲਾਈ “ਸਿੰਘ ਸਭਾ ਲਹਿਰ” ਨੇ ਪੰਜਾਬ ਅੰਦਰ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਾਮਾਗਾਟਾ ਮਾਰੂ ਜਹਾਜ਼ ਦੇ ਸੰਘਰਸ਼ੀ ਯੋਧਿਆਂ ਦੀ ਇਤਿਹਾਸਿਕ ਗਾਥਾ ਆਦਿ ਨੂੰ ਜਨਮ ਦਿੱਤਾ ਅਤੇ ਇਸ ਸਭ ਕੁਝ ਨੇ ਦੇਸ਼ ਦੀ “ਜੰਗ-ਏ-ਅਜ਼ਾਦੀ” ਨੂੰ ਪੂਰੀ ਤਰ੍ਹਾਂ ਪ੍ਰਚੰਡ ਕਰ ਦਿੱਤਾ ਅਤੇ ਅੰਤ 15 ਅਗਸਤ, 1947 ਈ. ਨੂੰ ਇਹ ‘ਸਿੰਘ ਸਭਾ ਲਹਿਰ’ ਦੇ ਪਰਵਾਨਿਆਂ ਦੇ ਅਕਾਲ ਚਲਾਣੇ ਤੋਂ ਤਕਰੀਬਨ ਅੱਧੀ ਸਦੀ ਬਾਅਦ ਦੇਸ਼ ਅਜ਼ਾਦ ਹੋ ਗਿਆ। ਸਾਰਾ ਦੇਸ਼ ਅਤੇ ਖਾਲਸਾ ਪੰਥ ਉਨ੍ਹਾਂ ਅਦੁੱਤੀ ਤੇ ਕ੍ਰਾਂਤੀਕਾਰੀ ਯੋਧਿਆਂ ਦਾ ਸਦਾ ਲਈ ਅਹਿਸਾਨਮੰਦ ਰਹੇਗਾ। ਆਓ! ਉਨ੍ਹਾਂ ਮਹਾਨ ਸਿਰੜੀ-ਕ੍ਰਾਂਤੀਕਾਰੀ, ਸਿਦਕੀ, ਸੁਹਿਰਦ ਅਤੇ ਬਿਬੇਕ ਬੁਧੀ ਵਾਲੇ ਮਰਜੀਵੜਿਆਂ ਦੀਆਂ ਮਿਸਾਲੀ ਜ਼ਿੰਦਗੀਆਂ, ਘਾਲਣਾਵਾਂ, ਰਚਨਾਵਾਂ ਅਤੇ ਸੰਘਰਸ਼ ਤੋਂ ਸਬਕ ਸਿੱਖੀਏ ਅਤੇ ਆਪਣੇ ਦੇਸ਼, ਕੌਮ, ਪੰਥ ਅਤੇ ਪੰਜਾਬ ਨੂੰ ਖੁਸ਼ਹਾਲ ਅਤੇ ਗੌਰਵਮਈ ਬਣਾਈਏ। ਇਸੇ ਵਿਚ ਸਾਡਾ ਸਭ ਦਾ ਭਲਾ ਹੈ। ਇਹ ਸਾਡਾ ਆਪਣਾ ਗੌਰਵ ਹੋਵੇਗਾ। ਇਹ ਸਾਡੀ ਆਪਣੀ ਸ਼ਾਨ ਹੋਵੇਗੀ ਅਤੇ ਇਹ ਸਾਡਾ ਆਪਣਾ ਮਾਣ ਹੋਵੇਗਾ। ਇਨ੍ਹਾਂ ਦੋਹਾਂ ਹੀ ਮਹਾਨ ਸੰਘਰਸ਼ੀ ਅਤੇ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਲਿਖੀਆਂ ਪੁਸਤਕਾਂ ਸੰਬੰਧੀ ਸੂਚੀ ਨਿਮਨ ਅਨੁਸਾਰ ਹੈ। ਨਿਸਚੇ ਹੀ ਇਨ੍ਹਾਂ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਇਕ ਨਰੋਆ ਖ਼ਜ਼ਾਨਾ ਪ੍ਰਾਪਤ ਹੋਇਆ ਹੈ।
ਅੰਤ ਵਿਚ ਮੈਂ ਅੱਜ ਜਦੋਂ ਖਾਲਸਾ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਅਕਤੂਬਰ, 2023 ਤੋਂ ‘ਸਿੰਘ ਸਭਾ ਲਹਿਰ’ ਦਾ 150-ਸਾਲਾ ਸਥਾਪਨਾ ਦਿਵਸ ਪੂਰੇ ਖਾਲਸਾਈ ਜੋਸ਼, ਜਜ਼ਬੇ ਅਤੇ ਮਰਿਆਦਾ ਅਨੁਸਾਰ ਮਨਾਉਣ ਹਿੱਤ ਸਮਾਗਮ, “ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ॥ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ॥” ਅਨੁਸਾਰ ਕਰਨ ਜਾ ਰਹੀ ਹੈ। ਆਓ! ਸਮੂਹ ਪੰਥ ਦਰਦੀ ਸੰਸਥਾਵਾਂ, ਜਥੇਬੰਦਕ ਸਿੰਘ ਸਭਾਵਾਂ ਆਦਿ ਆਪਣਾ ਪੂਰਾ ਪੂਰਾ ਯੋਗਦਾਨ ਪਾਈਏ ਤਾਂ ਜੋ ਮੁੜ ਸਿੰਘ ਸਭਾ ਲਹਿਰ ਵਾਲੀਆਂ ਭਾਵਨਾਵਾਂ ਨੂੰ ਪ੍ਰਚੰਡ ਕਰ ਕੇ ਖਾਲਸਾ ਪੰਥ ਦੀ ਵਡਮੁਲੀ ਸੇਵਾ ਨਿਭਾ ਸਕੀਏ।
ਅਕਾਲ ਪੁਰਖ ਅੰਗ ਸੰਗ!
*ਸਾਬਕਾ ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ
(ਸੰਪਰਕ ਨੰ. 9915805100)