
-ਗਿ. ਗੁਰਜੀਤ ਸਿੰਘ ਪਟਿਆਲਾ
(ਮੁੱਖ ਸੰਪਾਦਕ)
ਘਰਾਂ ਦੇ ਅੰਦਰ ਆਮ ਬੋਲ ਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ‘ਆਟਾ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਵਾਰ ਮੌਜੂਦ ਹੈ, ਦੋ ਵਾਰ ਭਗਤ ਕਬੀਰ ਜੀ ਤੇ ਇੱਕ ਵਾਰ ਸ਼ੇਖ ਫਰੀਦ ਜੀ ਆਪਣੇ ਸਲੋਕਾਂ ਦੇ ਵਿੱਚ ਆਟਾ ਸ਼ਬਦ ਦੀ ਵਰਤੋਂ ਕਰਦੇ ਹਨ। ਇਸਤਰੀਆਂ ਰਸੋਈ ਦੇ ਵਿੱਚ ਗੁੰਨਣ ਦੇ ਕਰਕੇ ਤੇ ਪੁਰਸ਼ ਲਿਆਉਣ ਦੇ ਕਾਰਨ ਆਟਾ ਸ਼ਬਦ ਵਰਤਦੇ ਹਨ, ਖਾਣ ਹਿਤ ਵਰਤੇ ਜਾਣ ਵਾਲੇ ਇਸ ਪਦਾਰਥ ਆਟਾ ਦੀ ਵਰਤੋਂ ਅਧਿਆਤਮ ਦੇ ਕਈ ਰੂਪਾਂ ਦੇ ਵਿੱਚ ਕੀਤੀ ਗਈ ਹੈ, ਕਈਆਂ ਦੇ ਕੋਲ ਬਹੁਤ ਜਿਆਦਾ ਆਟਾ ਤੇ ਕਈਆਂ ਦੇ ਕੋਲ ਨਮਕ ਵੀ ਨਹੀਂ ਹੈ, ਪਰ ਅੱਗੇ ਗਿਆਂ ( ਭਾਵ ਦਰਗਾਹ ਵਿਚ ) ਪਤਾ ਚੱਲੇਗਾ ਵੀ ਕਿਹਨੂੰ ਜਾ ਕਰਕੇ ਚੋਟਾਂ ਕੌਣ ਖਾਵੇਗਾ, ਫ਼ੁਰਮਾਨ ਹੈ:
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ।।
ਅਗੈ ਗਏ ਸਿੰਵਾਪਸਨਿ ਚੋਟਾ ਖਾਸੀ ਕਉਣੁ ।। ( ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 1378)
ਆਟਾ ਸ਼ਬਦ ਦੇ ਭੇਦ ਨੂੰ ਜਾਨਣ ਦੀ ਜਗਿਆਸਾ ਮਨੁੱਖ ਨੂੰ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’, ਭਾਈ ਵੀਰ ਸਿੰਘ ਜੀ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਅਤੇ ਡਾ. ਗੁਰਚਰਨ ਸਿੰਘ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਤਕ ਲੈ ਜਾਂਦੀ ਹੈ। ਕੋਸ਼ਾਂ ਨੂੰ ਪੜ੍ਹ ਕੇ ਪਤਾ ਚੱਲਦਾ ਕਿ ਇਨ੍ਹਾਂ ਵਿਦਵਾਨਾਂ ਨੇ ਉਕਤ ਸ਼ਬਦ ਦੇ ਅਰਥ ਲਿਖੇ ਹੀ ਨਹੀਂ ਹਨ। ਪ੍ਰੋਫੈਸਰ ਸਾਹਿਬ ਸਿੰਘ ਨੇ ਆਟਾ ਦੇ ਅਰਥ ਆਟਾ ਹੀ ਲਿਖੇ ਹਨ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ‘ਵਾਰ ਮਾਝ ਕੀ’ ਦੇ ਵਿੱਚ ਕਣਕ ਦੇ ਪੱਕਣ ਤੋਂ ਲੈ ਕੇ ਪੀਸਣ ਤੱਕ ਦਾ ਸਾਰਾ ਜ਼ਿਕਰ ਸਲੋਕ ਦੇ ਵਿੱਚ ਉਚਾਰਿਆ ਹੈ, ਹਾੜੀ ਦੀ ਫਸਲ ਪੱਕਣ ‘ਤੇ ਕਣਕ ਦੇ ਦਾਣਿਆਂ ਨੂੰ ਵੱਖ ਕਰ ਲਿਆ ਜਾਂਦਾ ਫਿਰ ਚੱਕੀ ਦੇ ਨਾਲ ਉਨ੍ਹਾਂ ਦਾਣਿਆਂ ਨੂੰ ਪੀਸਿਆ ਜਾਂਦਾ ਹੈ :
ਸਲੋਕ ਮਹਲਾ ੧
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ।।
ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ।।
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ।।
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ।। ( ਮਾਝ ਮਹਲਾ ੧ ਅੰਗ, 142 )
ਜਿਹੜੇ ਦਾਣੇ ਪੀਸਣ ਲੱਗਿਆਂ ਚੱਕੀ ਦੀ ਕਿੱਲੀ ਦੇ ਨਾਲ ਲੱਗੇ ਰਹਿ ਜਾਂਦੇ ਨੇ ਉਹ ਸਾਬਤ ਰਹਿੰਦੇ ਨੇ ਤੇ ਬਾਕੀ ਦਾਣਿਆਂ ਦਾ ਆਕਾਰ ਛੋਟਾ ਹੋ ਜਾਂਦਾ ।
ਆਟਾ = ਆਕਾਰ ਛੋਟਾ ਦਾ ਸੰਖੇਪ ਹੈ।
ਵਰਖਾ ਦੀ ਰੁੱਤ ਦੇ ਸਮੇਂ ਕਣਕ ਪੀਸਾ ਕੇ ਆ ਰਹੇ ਮਨੁੱਖ ਦੇ ਕੋਲੋਂ ਆਟਾ ਚਿੱਕੜ ਦੇ ਵਿੱਚ ਡਿੱਗ ਪਿਆ ਤੇ ਕਈ ਯਤਨਾਂ ਦੇ ਬਾਵਜੂਦ ਵੀ ਕੁਝ ਵੀ ਹਾਸਲ ਨਹੀਂ ਹੋਇਆ ਕਿਉਂਕਿ ਆਕਾਰ ਬਹੁਤ ਛੋਟਾ ਹੋ ਚੁੱਕਾ ਸੀ ।
ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ।।
ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ।।
( ਸਲੋਕ ਭਗਤ ਕਬੀਰ ਜੀ, ਅੰਗ 1376 )