102 views 3 secs 0 comments

ਅਗਨਿ

ਲੇਖ
April 28, 2025

– ਗਿਆਨੀ ਗੁਰਜੀਤ ਸਿੰਘ ਪਟਿਆਲਾ
(ਮੁੱਖ ਸੰਪਾਦਕ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਤਿੰਨ ਰੂਪਾਂ ਦੇ ਵਿੱਚ ਆਇਆ ਹੈ:- ਅਗਨਿ, ਅਗਨੀ, ਅਗਨੇ। ਆਮ ਬੋਲਚਾਲ ਦੇ ਵਿੱਚ ਇਹ ਸ਼ਬਦ ਸੰਖੇਪ ਰੂਪ ਦੇ ਵਿੱਚ ਅੱਗ ਹੀ ਵਰਤਿਆ ਜਾਂਦਾ ਹੈ, ਸ੍ਰਿਸ਼ਟੀ ਦੀ ਬਣਤਰ ਧਰਤੀ, ਪਾਣੀ, ਹਵਾ, ਅਗਨੀ ਤੇ ਆਕਾਸ਼ ਪੰਜ ਤਤਾਂ ਤੋਂ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਪੰਚ ਤਤੁ ਕਰਿ ਤੁਧੁ ਸ੍ਰਿਸਟ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ।। (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 736)

ਘਰਾਂ ਦੇ ਵਿੱਚ ਵੀ ਖਾਣਾ ਪਕਾਉਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਸਰਦੀ ਦੇ ਵਿੱਚ ਪਾਲੇ ਤੋਂ ਬਚਣ ਦੇ ਵਾਸਤੇ, ਤੇ ਕਈ ਵਾਰ ਘਰਾਂ ਨੂੰ ਸਾੜਨ ਦਾ ਕਾਰਨ ਵੀ ਅੱਗ ਹੀ ਬਣਦੀ ਹੈ ।

ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਅਗਨੀ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ,” ਪੰਜ ਤੱਤਾਂ ਦੇ ਵਿੱਚੋਂ ਇੱਕ ਤਤ, ਜੋ ਗਰਮੀ ( ਉਸਨਤਾ ) ਰੂਪ ਲਿਖੀ ਹੈ”,
‘ਨਿਰੁਕਤ’ ਦੇ ਵਿੱਚ ਲਿਖਿਆ ਹੈ ਕਿ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਣ ਦੀ ਜਾਵੇ ਸੋ ਅਗਨੀ ਹੈ, ਭਾਈ ਵੀਰ ਸਿੰਘ ਅਗਨੀ ਨੂੰ ਸੰਸਕ੍ਰਿਤ ਦਾ ਸ਼ਬਦ ਲਿਖਦੇ ਹਨ ਤੇ ਅਰਥ ਅੱਗ ਹੀ ਕਰਦੇ ਨੇ ।

ਅਗਨੀ ਸ਼ਬਦ ਦੀ ਪੂਰਨ ਤੌਰ ਤੇ ਵਿਆਖਿਆ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਕਰਦੇ, ਉਹ ਆਪਣੀ ਚੌਥੀ ਵਾਰ ਦੀ ਪੰਜਵੀਂ ਪਉੜੀ ਦੇ ਵਿੱਚ ਅੱਗ ਤੇ ਜਲ ਦਾ ਤੁਲਨਾਤਮਕ ਅਧਿਐਨ ਲਿਖ ਕਿ ਅਧਿਆਤਮ ਦਾ ਗਿਆਨ ਬਿਆਨ ਕਰਦੇ ਨੇ, ਭਾਈ ਸਾਹਿਬ ਲਿਖਦੇ ਹਨ ਕਿ ਅੱਗ ਤੱਤੀ ਹੈ ਤੇ ਜਲ ਸ਼ੀਤਲ ਹੈ, ਅੱਗ ਦਾ ਧੂਆਂ ਮਕਾਨ ਨੂੰ ਕਾਲਾ ਕਰਦਾ ਹੈ ਤੇ ਜਲ ਦੇ ਨਾਲ ਸਫਾਈ ਕੀਤੀ ਜਾਂਦੀ ਹੈ, ਅਗਨ ਤੋ ਦੀਵਾ ਤੇ ਜਲ ਤੋਂ ਕਵਲ ਹੁੰਦਾ ਹੈ, ਤੇ ਅੱਗੋਂ ਦੀਪਕ ਤੇ ਪਤੰਗਾ ਤੇ ਕਵਲ ਤੇ ਭਉਰੇ ਦਾ ਸੰਬੰਧ ਹੈ,ਅੱਗ ਦੀ ਲਾਟ ਹਮੇਸ਼ਾ ਉੱਪਰ ਨੂੰ ਉੱਠਦੀ ਹੈ ਤੇ ਜਲ ਸਦਾ ਨਿਵਾਣ ਨੂੰ ਵਗਦਾ ਹੈ:-

ਅਗ ਤਤੀ ਜਲੁ ਸੀਅਲਾ ਕਿਤੁ ਅਵਗੁਣਿ ਕਿਤੁ ਗੁਣ ਵੀਚਾਰਾ ।।
ਅਗੀ ਧੂੰਆ ਧਉਲਹਰ ਜਲੁ ਨਿਰਮਲ ਗੁਰ ਗਿਆਨ ਸੁਚਾਰਾ ।।
ਕੁਲ ਦੀਪਕ ਬੈਸੰਤਰਹ ਜਲ ਕੁਲ ਕਵਲ ਵਡੇ ਪਰਵਾਰਾ ।।
ਦੀਪਕ ਹੇਤ ਪਤੰਗ ਦਾ ਕਵਲ ਭਵਰ ਪਰਗਟ ਪਾਹਾਰਾ ।।
ਅਗੀ ਲਾਟ ਉਚਾਟ ਹੈ ਸਿਰ ਉੱਚਾ ਕਰਿ ਕਰੈ ਕੁਚਾਰਾ ।।
ਸਿਰੁ ਨੀਵਾ ਨੀਵਾਣੁ ਵਾਸੁ ਪਾਣੀ ਅੰਦਰਿ ਪਰਉਪਕਾਰਾ ।।
ਨਿਵੁ ਚਲੈ ਸੋ ਗੁਰੂ ਪਿਆਰਾ ।।
ਅਗਨਿ ਆਸਮਾਨ ਗਉਨਿ ਦਾ ਸੰਖੇਪ ਹੈ,
ਹਮੇਸ਼ਾ ਅਸਮਾਨ ਦੇ ਵੱਲ ਵਧਣ ਦੇ ਕਰਕੇ ਹੀ  ਨਾਮ ਅਗਨ ਹੈ ।