168 views 2 secs 0 comments

ਦਾਨ ਦੀਓ ਇਨਹੀ ਕੋ ਭਲੋ

ਲੇਖ
April 29, 2025

-ਗਿ. ਸੰਤੋਖ ਸਿੰਘ ਆਸਟ੍ਰੇਲੀਆ

ਉਪ੍ਰੋਕਤ ਬਚਨ ਦਸਮ ਪਾਤਿਸ਼ਾਹ ਜੀ ਨੇ, 1699 ਦੀ ਵੈਸਾਖੀ ਦੇ ਮਹਾਨ ਕਾਰਜ ਉਪ੍ਰੰਤ, ਬ੍ਰਾਹਮਣਾਂ ਵੱਲੋਂ ਕੀਤੇ ਗਏ ਇਤਰਾਜ ਦੇ ਜਵਾਬ ਵਿਚ ਉਚਾਰੇ ਸਨ।

ਧਰਮ ਦੀ ਦੁਨੀਆ ਅੰਦਰ ਮਨੁਖੀ ਭਲਾਈ ਹਿਤ, ਆਪਣੀ ਕਮਾਈ ਵਿਚੋਂ ਕੁਝ ਹਿੱਸਾ ਕੱਢਣ ਦੀ ਮਰਯਾਦਾ ਸ਼ਾਇਦ ਧਰਮ ਦੀ ਸੋਚ ਦੇ ਨਾਲ਼ ਹੀ ਤੁਰੀ ਆਈ ਹੈ। ਦਾਨ ਦੇਣਾ ਅਤੇ ਉਸ ਨੂੰ ਲੈ ਕੇ ਲੋਕ ਭਲਾਈ ਦੇ ਕਾਰਜਾਂ ਵਾਸਤੇ ਖਰਚਣਾ, ਇਹ ਮਨੁਖੀ ਮਨੋਬਿਰਤੀ ਦਾ ਹਿੱਸਾ ਹੀ ਚਲਿਆ ਆ ਰਿਹਾ ਹੈ। ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ, “ਨਾਮ, ਦਾਨ, ਇਸਨਾਨ” ਦੀ ਪ੍ਰੇਰਨਾ ਕੀਤੀ ਸੀ। ਆਦਿ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਤ੍ਰੈ ਮੁਖੀ ਸਿਖਿਆ ਨੂੰ
ਭਾਈ ਗੁਰਦਾਸ ਜੀ ਨੇ ਇਉਂ ਬਿਆਨਿਆ ਹੈ:

‘ਨਾਮੁ ਦਾਨੁ ਇਸਨਾਨੁ ਦ੍ਰਿੜਾਇਆ॥”

ਜਿਸ ਤਰ੍ਹਾਂ ਸਰੀਰਕ ਤੰਦਰੁਸਤੀ ਤੇ ਸਫਾਈ ਵਾਸਤੇ ਇਸ਼ਨਾਨ ਜਰੂਰੀ ਹੈ ਅਤੇ ਆਤਮਾ ਦੀ ਤੰਦਰੁਸਤੀ ਵਾਸਤੇ ਨਾਮ ਦੀ ਜਰੂਰਤ ਹੈ, ਏਸੇ ਤਰ੍ਹਾਂ ਧਨ ਦੀ ਪਵਿਤਰਤਾ ਵਾਸਤੇ, ਆਪਣੀ ਧਰਮ ਦੀ ਕਿਰਤ ਵਿਚੋਂ ਦਾਨ ਦੇਣਾ ਵੀ ਜਰੂਰੀ ਹੈ। ਗੁਰੂ ਸਾਹਿਬਾਨ ਦੇ ਚਲਾਏ ‘ਗੁਰਮੁਖ ਗਾਡੀ ਰਾਹ’ ਅਨੁਸਾਰ ਇਹ ਸੁਖਾਲਾ ਧਰਮ ਦਾ ਮਾਰਗ ਹੈ ਜਿਸ ਨੂੰ ਹਰੇਕ ਪਰਾਣੀ ਵੱਡਾ ਛੋਟਾ, ਅਮੀਰ ਗਰੀਬ, ਪੜ੍ਹਿਆ ਅਨਪੜ੍ਹ, ਆਦਿ ਸਾਰੇ ਹੀ ਕਰ ਸਕਦੇ ਹਨ।

ਸਤਿਗੁਰੂ ਜੀ ਨੇ ਆਪਣੀ ਧਰਮ ਦੀ ਕਿਰਤ ਵਿਚੋਂ, ਗੁਰਸਿੱਖ ਨੂੰ ਦਸਵੰਧ ਧਰਮ ਖਾਤਰ ਦੇਣ ਦਾ ਹੁਕਮ ਕੀਤਾ ਹੈ। ਗੁਰੂ ਸਾਹਿਬਾਨ ਦੇ ਸਮੇ ਗੁਰਸਿੱਖ ਅਜਿਹੀ ਦਸਵੰਧ ਦੀ ਭੇਟਾ ਆਪਣੇ ਇਲਾਕੇ ਦੇ ਮੁਖੀ ਸਿੱਖ ਨਾਲ਼ ਗੁਰੂ ਕੇ ਹਜ਼ੂਰ, ਹਰ ਛਿਮਾਹੀ ਪੁਚਾਇਆ ਕਰਦੇ ਸਨ। ਉਹਨਾਂ ਮੁਖੀ ਸਿੱਖਾਂ ਨੂੰ ਗੁਰੂ ਰਾਮਦਾਸ ਜੀ ਦੇ ਸਮੇ ਮਸੰਦ ਆਖਿਆ ਜਾਂਦਾ ਸੀ। ਸਮਾ ਪਾ ਕੇ ਇਹਨਾਂ ਮਸੰਦਾਂ ਵਿਚੋਂ ਬਹੁਤੇ ਭ੍ਰਿਸ਼ਟ ਹੋ ਗਏ ਤੇ ਦਸਵੇਂ ਗੁਰੂ ਜੀ ਨੇ ਇਹਨਾਂ ਨੂੰ ਢੁਕਵੀਂ ਸਜਾ ਦੇ ਕੇ, ਇਸ ਪ੍ਰਥਾ ਨੂੰ ਸਮਾਪਤ ਕਰ ਕੇ, ਸਾਰੀ ਸੰਗਤ, ਆਪਣੇ ਨਾਲ ਸਿਧੀ ਹੀ ਜੋੜ ਲਈ ਸੀ। ਇਸ ਘਟਨਾ ਨੂੰ ਕਿਸੇ ਕਵੀ ਨੇ, “ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ॥” ਆਖ ਕੇ ਕਲਮਬੰਦ ਕੀਤਾ ਸੀ। ਰਹਿਤਨਾਮੇ ਵਿਚ ਵੀ ਇਸ ਤਰ੍ਹਾਂ ਅੰਕਤ ਹੈ:

ਦਸਵੰਧ ਗੁਰੂ ਨਹਿ ਦੇਵਈ ਛਲ ਕਾ ਕਰੈ ਵਾਪਾਰ॥
ਕਹੈ ਗੋਬਿੰਦ ਸਿੰਘ ਨੰਦ ਲਾਲ ਜੀ ਦਰਗਹਿ ਹੋਇ ਖੁਆਰ॥

ਇਕ ਗੱਲ ਸਪੱਸ਼ਟ ਕਰ ਲਈ ਜਾਵੇ ਕਿ ਦਾਨ ਅਤੇ ਭੇਟਾ ਵਿਚ ਫਰਕ ਹੈ। ਦਾਨ ਵੱਡੇ ਤੇ ਸਮਰੱਥ ਵੱਲੋਂ ਛੋਟੇ ਤੇ ਲਾਚਾਰ ਨੂੰ, ਉਸ ਦੀ ਸਹਾਇਤਾ ਲਈ ਦਿਤਾ ਜਾਂਦਾ ਹੈ। ਜੋ ਅਸੀਂ ਗੁਰੂ ਜੀ ਨੂੰ ਜਾਂ ਕਿਸੇ ਵੱਡੀ ਹਸਤੀ ਨੂੰ ਦਿੰਦੇ ਹਾਂ ਉਹ ਭੇਟਾ ਹੈ। ਦਾਨ ਦੇਣ ਵਾਲ਼ੇ ਵਿਚ ਹਉਮੈ ਪੈਦਾ ਹੋ ਸਕਦੀ ਹੈ ਪਰ ਭੇਟਾ ਦੇਣ ਵਾਲ਼ੇ ਵਿਚ ਹਉਮੈ ਦੀ ਬਜਾਇ ਨਿਮਰਤਾ ਦਾ ਸੰਚਾਰ ਹੁੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫੁਰਮਾਨ ਹੈ:

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥੪੬॥
(ਅੰਗ 1428)

ਅਰਥਾਤ ਸਭ ਤਰ੍ਹਾਂ ਦੇ ਧਾਰਮਿਕ ਕਰਮ ਕਰਨ ਨਾਲ ਜੇ ਹਿਰਦੇ ਵਿਚ ਹੰਕਾਰ ਆ ਗਿਆ ਤਾਂ ਹਾਥੀ ਦੇ ਇਸ਼ਨਾਨ ਵਾਂਗ ਇਹ ਸਾਰਾ ਧਰਮ ਕਮਾਇਆ ਵੀ ਬੇਕਾਰ ਹੀ ਚਲਿਆ ਜਾਵੇਗਾ। ਹਾਥੀ ਨੂੰ ਭਾਵੇਂ ਕਿੰਨਾ ਵੀ ਨਵਾ ਲਈਏ; ਜਦੋਂ ਹੀ ਉਸ ਨੂੰ ਛੱਡਿਆ ਜਾਵੇ ਤਾਂ ਉਹ ਆਪਣੀ ਸੁੰਡ ਨਾਲ਼ ਖੇਹ ਉਡਾ ਕੇ ਆਪਣੇ ਉਪਰ ਪਾ ਲੈਂਦਾ ਹੈ। ਇਸ ਤਰ੍ਹਾਂ ਉਸ ਦਾ ਨਹਾਉਣਾ ਬਿਰਥਾ ਹੀ ਚਲਿਆ ਜਾਂਦਾ ਹੈ। ਏਹੋ ਹਾਲ ਹੰਕਾਰੀ ਦਾਨੀ ਦਾ ਹੁੰਦਾ ਹੈ।

ਜਦੋਂ ਗੁਰੂ ਜੀ ਦੀ ਮੰਗ ‘ਤੇ ਪੰਜ ਸਿੱਖਾਂ ਨੇ ਆਪਣੇ ਸਿਰ ਭੇਟਾ ਕੀਤੇ ਸਨ ਓਦੋਂ ਗੁਰੂ ਜੀ ਨੇ, ਖੁਦ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ, ਉਹਨਾਂ ਪੰਜ ਸਿੰਘਾਂ ਨੂੰ ਕੁਝ ਬਚਨ ਬੋਲੇ ਸਨ. ਜਿਹਨਾਂ ਨੂੰ ਕਿਸੇ ਕਵੀ ਨੇ ਇਉਂ
ਬਿਆਨਿਆ ਹੈ:

ਦਾਨ ਤੋ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ,
ਸੁਣੋ ਦਇਆ ਸਿੰਘ ਜੋ ਜੋ ਭੇਟ ਮੈ ਚੜਾਊਂਗਾ।

ਸੰਸਾਰ ਭਰ ਵਿਚ ਆਲੀਸ਼ਾਨ ਗੁਰਦੁਆਰਾ ਸਾਹਿਬਾਨ, ਸਕੂਲ, ਕਾਲਜ, ਧਰਮਸਾਲਾਵਾਂ ਪਿੰਗਲਵਾੜੇ ਆਦਿ ਵਰਗੇ ਅਦਾਰੇ ਵਜੂਦ ਵਿਚ ਆਏ ਹਨ, ਇਹ ਸਭ ਧਰਮੀ ਸਿੱਖਾਂ ਦੀ ਕਿਰਤ ਕਮਾਈ ਵਿਚੋਂ ਦਿਤੀ ਗਈ ਉਗਰਾਹੀ, ਭੇਟਾ ਆਦਿ ਦਾ ਸਦਕਾ ਹੀ ਉਸਰੇ ਹਨ।
ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਣ ਹੈ:
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿ ਕੇ ਬੁਝੀਐ ਅਕਲੀ ਕੀਚੈ ਦਾਨੁ॥
(ਅੰਗ 1245)

ਇਸ ਲਈ ਦਾਨ ਦੇਣ ਸਮੇ ਵੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।

ਜੋ ਅਸੀਂ ਸ਼ੁਭ ਕਾਰਜ ਸਮਝ ਕੇ, ਆਪਣੀ ਦਸਾਂ ਨੌਹਾਂ ਦੀ ਕਿਰਤ ਵਿਚੋਂ, ਜਿਸ ਨੂੰ ਦੇ ਰਹੇ ਹਾਂ ਕੀ ਉਹ ਇਸ ਦਾ ਅਧਿਕਾਰੀ ਵੀ ਹੈ! ਸਾਡੀ ਕਮਾਈ ਉਪਰ ਕੇਵਲ ਸਾਡੇ ਪਰਵਾਰ ਦਾ ਹੀ ਅਧਿਕਾਰ ਹੈ। ਇਸ ਲਈ ਆਪਣੇ ਪਰਵਾਰ ਤੋਂ ਬਾਹਰ ਦੇਣ ਸਮੇ, ਅਧਿਕਾਰੀ ਅਤੇ ਅਣਅਧਿਕਾਰੀ ਦਾ ਵਿਚਾਰ ਜਰੂਰ ਕਰ ਲੈਣਾ ਚਾਹੀਦਾ ਹੈ। ਹਾਂ, ਅਜਿਹਾ ਉਹਨਾਂ ਨੂੰ ਸੋਚਣ ਦੀ ਲੋੜ ਨਹੀ ਜਿਨ੍ਹਾਂ ਦੇ ਪਾਸ ਅਣਕਮਾਏ ਧਨ ਦੀ ਬਹੁਤਾਤ ਹੈ।

ਇਹ ਸਚਾਈ ਹਰੇਕ ਗੁਰਸਿੱਖ ਨੂੰ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਹਰੇਕ ਦੇਸ਼, ਸ਼ਹਿਰ, ਪਿੰਡ ਆਦਿ ਵਿਚ ਗੁਰਧਾਮਾਂ ਦੀ ਉਸਾਰੀ ਉਸ ਦੀ ਕਿਰਤ ਕਮਾਈ ਵਿਚੋਂ ਦਿਤੀ ਗਈ ਉਗ੍ਰਾਹੀ ਸਰੂਪ ਭੇਟਾ ਦਾ ਸਦਕਾ ਹੀ ਹੋਈ ਹੈ। ਇਹ ਸੰਸਥਾਵਾਂ ਸਿੱਖ ਸੰਗਤਾਂ ਦੀ ਸਰਬਪੱਖੀ ਅਗਵਾਈ ਕਰ ਰਹੀਆਂ ਹਨ। ਇਸ ਲਈ ਇਹਨਾਂ ਦੇ ਵਸੀਲਿਆਂ ਦੀ ਵਰਤੋਂ, ਕੇਵਲ ਤੇ ਕੇਵਲ, ਗੁਰੂ ਆਸ਼ੇ ਅਨੁਸਾਰ, ਮਨੁਖਤਾ ਦੀ ਭਲਾਈ ਵਾਸਤੇ ਹੀ ਹੋਣੀ ਚਾਹੀਦੀ ਹੈ। ਨਿਜੀ ਚੌਧਰ, ਆਰਥਿਕ, ਰਾਜਨੀਤਕ ਲਾਭ, ਫੋਕੀ ਸ਼ੋਹਰਤ ਦੀ ਪਰਾਪਤੀ ਵਾਸਤੇ ਇਹਨਾਂ ਸੰਸਥਾਵਾਂ ਦੀ ਪਤੁੱਲ ਵਜੋਂ ਦੁਰਵਰਤੋਂ ਕਰਨੀ ਭ੍ਰਿਸ਼ਟਾਚਾਰ ਹੈ।