130 views 48 secs 0 comments

ਸਰਹਿੰਦ ਫਤਿਹ : ਫ਼ਾਰਸੀ ਦੇ ਸਮਕਾਲੀ ਇਤਿਹਾਸਕਾਰਾਂ ਦੀ ਜ਼ਬਾਨੀ

ਲੇਖ
May 12, 2025
ਸਰਹਿੰਦ ਫਤਿਹ : ਫ਼ਾਰਸੀ ਦੇ ਸਮਕਾਲੀ ਇਤਿਹਾਸਕਾਰਾਂ ਦੀ ਜ਼ਬਾਨੀ

-ਡਾ. ਬਲਵੰਤ ਸਿੰਘ

ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ 12 ਮਈ, 1710 ਈ: ਨੂੰ ਸਿੱਖਾਂ ਦੁਆਰਾ ਚੱਪੜ-ਚਿੜੀ ਦੇ ਮੈਦਾਨ ਵਿਚ ਮੁਗ਼ਲ ਸੈਨਾ ਉੱਪਰ ਫਤਿਹ ਤੇ 14 ਮਈ, 1710 ਈ: ਨੂੰ ਸਰਹਿੰਦ ਉੱਪਰ ਕਬਜ਼ਾ ਸਿੱਖ ਪੰਥ ਦੇ ਇਤਿਹਾਸ ਵਿਚ ਬੜਾ ਵਿਸ਼ੇਸ਼ ਸਥਾਨ ਰੱਖਦੇ ਹਨ। ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਨ ਜੋ ਉਸ ਸਮੇਂ ਮੁਗ਼ਲ ਸੂਬੇਦਾਰਾਂ ਤੋਂ ਰੁਤਬੇ ਤੇ ਤਾਕਤ ਵਿਚ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ, ਸਿੱਖ ਮਾਨਸਿਕਤਾ ਵਿਚ ਜ਼ੁਲਮ, ਅੱਤਿਆਚਾਰ ਤੇ ਬੇ-ਇਨਸਾਫੀ ਦੀ ਘਿਨਾਉਣੀ ਸੂਰਤ ਸੀ ਕਿਉਂਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜ਼ਿਆਦਤੀ ਕਰਨ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦਾ ਨਾ-ਹੱਕ ਖ਼ੂਨ ਡੋਲ੍ਹਣ ਲਈ ਜ਼ਿੰਮੇਵਾਰ ਸੀ। ਵਜ਼ੀਰ ਖਾਨ ਦੇ ਉਕਤ ਜ਼ਾਲਮਾਨਾ ਵਿਹਾਰ ਕਾਰਨ ਦਸਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗ਼ਲ ਹਕੂਮਤ ਦਾ ਸਫਾਇਆ ਕਰਨ ਦਾ ਮਿਸ਼ਨ ਸੌਂਪਿਆ ਸੀ। ਸਿੱਖਾਂ ਵਿਚ ਕੌਮੀ ਪੱਧਰ ਉੱਤੇ ਵਜ਼ੀਰ ਖਾਨ ਪ੍ਰਤੀ ਰੋਹ ਸੀ ਤੇ ਸਰਹਿੰਦ ਸ਼ਹਿਰ, ਜੋ ਉਸ ਦਾ ਪ੍ਰਸ਼ਾਸਕੀ ਕੇਂਦਰ ਸੀ, ਸਿੱਖਾਂ ਦੀਆਂ ਨਜ਼ਰਾਂ ਵਿਚ ‘ਗੁਰੂ-ਮਾਰੀ’ ਨਗਰੀ ਸੀ। ਹੱਥਲੇ ਲੇਖ ਰਾਹੀਂ ਸਰਹਿੰਦ ਉੱਪਰ ਸਿੱਖਾਂ ਦੀ ਫਤਿਹ ਨੂੰ ਫ਼ਾਰਸੀ ਦੇ ਸਮਕਾਲੀ ਇਤਿਹਾਸਕਾਰਾਂ ਦੀ ਜ਼ਬਾਨੀ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਢੌਰੇ ਉੱਪਰ ਕਬਜ਼ੇ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਦੀ ਦਲੇਰੀ, ਦਮ-ਖਮ, ਸੈਨਿਕ ਪ੍ਰਤਿਭਾ ਤੇ ਵਸੀਲਿਆਂ ਦਾ ਸਹੀ ਅੰਦਾਜ਼ਾ ਹੋ ਗਿਆ ਸੀ। ਉਸ ਨੇ ਸਰਕਾਰ ਸਰਹਿੰਦ ਦੇ ਦੱਖਣੀ ਤੇ ਚੜ੍ਹਦੇ ਵੱਲ ਦੇ ਸਾਰੇ ਪਰਗਨਿਆਂ ਵਿੱਚੋਂ ਮੁਗ਼ਲ ਹਕੂਮਤ ਦਾ ਸਫਾਇਆ ਕਰ ਦਿੱਤਾ ਸੀ। ਉਹ ਸਰਕਾਰ ਸਰਹਿੰਦ ਅਧੀਨ ਇਲਾਕੇ ਵਿਚ ਲਗਾਤਾਰ ਮਾਰਾਂ ਮਾਰ ਰਿਹਾ ਸੀ। ਵਜ਼ੀਰ ਖਾਨ ਨੇ ਉਸ ਉੱਪਰ ਚੜ੍ਹ ਕੇ ਆਉਣ ਦੀ ਹਿੰਮਤ ਨਹੀਂ ਸੀ ਕੀਤੀ। ਉਸ ਨੇ ਭਾਂਪ ਲਿਆ ਸੀ ਕਿ ਵਜ਼ੀਰ ਖਾਨ ਸਰਹਿੰਦ ਤੋਂ ਬਾਹਰ ਆ ਕੇ ਸਿੰਘਾਂ ਨਾਲ ਲੜਾਈ ਕਰਨ ਤੋਂ ਡਰਦਾ ਹੈ। ਆਖਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਘੇਰਨ ਦਾ ਫੈਸਲਾ ਕਰ ਲਿਆ। ਇਕ ਪਾਸੇ ਤਾਂ ਉਸ ਨੇ ਸਢੌਰੇ ਤੋਂ ਸਰਹਿੰਦ ਵੱਲ ਨੂੰ ਕੂਚ ਕਰ ਲਿਆ, ਦੂਜੇ ਪਾਸੇ ਕੀਰਤਪੁਰ ਸਾਹਿਬ ਵਿਚ ਰੁਕੇ ਹੋਏ ਮਝੈਲ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਰੋਪੜ ਵਾਲੇ ਪਾਸਿਓਂ ਉਸ ਨੂੰ ਆ ਮਿਲਣ। ਮਝੈਲ ਸਿੰਘਾਂ ਨੂੰ ਮਿਲਾਉਣਾ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਦੇ ਆ ਜਾਣ ਨਾਲ ਖਾਲਸਾ ਦਲ ਦੀ ਤਾਕਤ ਵਿਚ ਯਕੀਨਨ ਵਾਧਾ ਹੋ ਜਾਣਾ ਸੀ। ਜਦੋਂ ਮਝੈਲ ਸਿੰਘਾਂ ਨੇ ਕੀਰਤਪੁਰ ਸਾਹਿਬ ਤੋਂ ਅਗਾਂਹ ਦਰਿਆ ਸਤਲੁਜ ਦੇ ਨਾਲ-ਨਾਲ ਕਦਮ ਪੁੱਟਿਆ ਤਾਂ ਵਜ਼ੀਰ ਖਾਨ ਨੇ ਇਨ੍ਹਾਂ ਦਾ ਰਾਹ ਰੋਕਣ ਲਈ ਸ਼ੇਰ ਮੁਹੰਮਦ ਖਾਨ ਦੀ ਅਗਵਾਈ ਹੇਠ ਇਕ ਫ਼ੌਜ ਦਾਰੂ-ਸਿੱਕਾ ਤੇ ਕੁਝ ਤੋਪਾਂ ਦੇ ਕੇ ਰੋਪੜ ਵੱਲ ਰਵਾਨਾ ਕਰ ਦਿੱਤੀ। ਸ਼ੇਰ ਮੁਹੰਮਦ ਖਾਨ ਦੇ ਨਾਲ ਉਸ ਦਾ ਭਰਾ ਖਿਜ਼ਰ ਖਾਨ, ਚਾਚੇ ਦੇ ਪੁੱਤ ਭਰਾ ਨਸ਼ਤਰ ਖਾਨ ਤੇ ਵਲੀ ਮੁਹੰਮਦ ਖਾਨ ਵੀ ਇਸ ਫੌਜ ਵਿਚ ਸ਼ਾਮਲ ਸਨ। ਮਝੈਲ ਸਿੰਘਾਂ ਦੇ ਜਥੇ ਤੇ ਸ਼ੇਰ ਮੁਹੰਮਦ ਖਾਨ ਦੀ ਫੌਜ ਵਿਚਕਾਰ ਰੋਪੜ ਦੇ ਸਥਾਨ ਉੱਤੇ ਜੰਮ ਕੇ ਲੜਾਈ ਹੋਈ। ਮਝੈਲ ਸਿੰਘਾਂ ਦੀ ਗਿਣਤੀ ਭਾਵੇਂ ਥੋੜੀ ਸੀ ਤੇ ਬੰਦੂਕਾਂ ਆਦਿ ਵੀ ਘੱਟ ਸਨ ਪਰ ਉਨ੍ਹਾਂ ਨੇ ਮਲੇਰੀਆਂ ਦੀ ਫੌਜ ਨੂੰ ਹਾਵੀ ਹੋਣ ਤੋਂ ਸਾਰਾ ਦਿਨ ਰੋਕੀ ਰੱਖਿਆ।

ਸ਼ੇਰ ਮੁਹੰਮਦ ਖਾਨ ਨੂੰ ਆਪਣੀ ਜਿੱਤ ਦੀ ਪੂਰੀ ਆਸ ਸੀ ਅਤੇ ਇਹ ਵੀ ਵਿਸ਼ਵਾਸ ਸੀ ਕਿ ਉਹ ਦਿਨ ਚੜ੍ਹੇ ਸਿੰਘਾਂ ਨੂੰ ਮਾਰ-ਮੁਕਾ ਦੇਵੇਗਾ ਪਰੰਤੂ ਕਿਸਮਤ ਕੁਝ ਹੋਰ ਹੀ ਖੇਡ ਖੇਡ ਰਹੀ ਸੀ। ਜਦ ਉਸ ਨੇ ਅਗਲੇ ਦਿਨ ਧਾਵਾ ਕੀਤਾ ਤਾਂ ਮਲੇਰੀਏ ਪਠਾਨ ਜੋਸ਼ ਵਿਚ ਹੋਸ਼ ਗੁਆ ਕੇ ਸਿੰਘਾਂ ਦੇ ਮੋਰਚਿਆਂ ਦੇ ਨਜ਼ਦੀਕ ਪਹੁੰਚ ਗਏ। ਇਸ ਧਾਵੇ ਵਿਚ ਅਚਾਨਕ ਖਿਜ਼ਰ ਖਾਨ ਨੂੰ ਗੋਲੀ ਆ ਲੱਗੀ ਤੇ ਉਹ ਧਰਤੀ ’ਤੇ ਡਿੱਗ ਪਿਆ। ਉਸ ਦੇ ਡਿੱਗਣ ਦੀ ਦੇਰ ਸੀ ਕਿ ਮਲੇਰੀਆਂ ਦੀ ਫੌਜ ਵਿਚ ਭਾਜੜ ਪੈ ਗਈ। ਖਿਜ਼ਰ ਖਾਨ ਦੀ ਲੋਥ ਨੂੰ ਉਠਾਉਣ ਦੇ ਯਤਨ ਵਿਚ ਨਸ਼ਤਰ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਖਾਨ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮਲੇਰੀਏ ਪਠਾਨਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਸਰਦਾਰਾਂ ਦੀਆਂ ਲੋਥਾਂ ਉਠਾਈਆਂ ਤੇ ਮਲੇਟਕੋਟਲੇ ਦੇ ਰਾਹ ਪੈ ਗਏ। ਉਹ ਆਪਣੇ ਪਿੱਛੇ ਕੁਝ ਹਥਿਆਰ ਤੇ ਜੰਗੀ ਸਾਮਾਨ ਛੱਡ ਗਏ ਜੋ ਸਿੰਘਾਂ ਦੇ ਹੱਥ ਆ ਗਿਆ।

ਹੁਣ ਮਝੈਲ ਸਿੰਘਾਂ ਦੇ ਜਥੇ ਨੂੰ ਰਾਹ ਵਿਚ ਕੋਈ ਰੋਕ ਨਹੀਂ ਸੀ ਤੇ ਰੋਪੜ ਤੋਂ ਅਗਾਂਹ ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲ ਚੱਲ ਪਏ। ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਛੱਤ ਅਤੇ ਫਿਰ ਬਨੂੜ ਉੱਤੇ ਕਬਜ਼ਾ ਕਰ ਲਿਆ ਸੀ। ਰੋਪੜ ਵਿਚ ਮਝੈਲ ਸਿੰਘਾਂ ਦੀ ਜਿੱਤ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੜੀ ਖੁਸ਼ੀ ਹੋਈ ਤੇ ਉਹ ਉਨ੍ਹਾਂ ਦਾ ਸਵਾਗਤ ਕਰਨ ਲਈ ਅੱਗੇ ਪਹੁੰਚਿਆ। ਸਿੰਘਾਂ ਦੇ ਜਥਿਆਂ ਦਾ ਮੇਲ ਬਨੂੜ ਤੇ ਖਰੜ ਦੇ ਵਿਚਕਾਰ ਹੋਇਆ ਤੇ ਇਸ ਖੁਸ਼ੀ ਵਿਚ ‘ਕੜਾਹ ਪ੍ਰਸ਼ਾਦ’ ਦੀ ਦੇਗ ਵਰਤਾਈ ਗਈ। ਮਝੈਲ ਸਿੰਘਾਂ ਦੇ ਜਥੇ ਨੂੰ ਹਥਿਆਰਾਂ ਤੋਂ ਇਲਾਵਾ ਰਸਦ ਆਦਿ ਦੇ ਖਰਚ ਲਈ ਦਿਲ ਖੋਲ੍ਹ ਕੇ ਮਾਇਆ ਵੀ ਦਿੱਤੀ ਗਈ।

ਫ਼ਾਰਸੀ ਦੇ ਇਤਿਹਾਸਕਾਰਾਂ ਨੂੰ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਨ ਨਾਲ ਸਿੱਖਾਂ ਦੀ ਦੁਸ਼ਮਣੀ ਤੇ ਉਸ ਪ੍ਰਤੀ ਰੋਹ ਦੀ ਭਾਵਨਾ ਦੀ ਅਸਲ ਵਜ੍ਹਾ ਦਾ ਭਲੀ-ਭਾਂਤ ਗਿਆਨ ਸੀ। ਵਜ਼ੀਰ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੂੰ ਬੜੀ ਨਿਰਦੈਤਾ ਨਾਲ ਨੀਹਾਂ ਵਿਚ ਚਿਣਵਾ ਦਿੱਤਾ ਸੀ। ਸਿਰਫ਼ ਇਤਨਾ ਹੀ ਨਹੀਂ, ਸਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਪਰ ਅਕਤੂਬਰ, 1708 ਈ: ਵਿਚ ਨੰਦੇੜ ਵਿਖੇ ਕਾਤਿਲਾਨਾ ਹਮਲਾ ਕਰਵਾਉਣ ਲਈ ਵੀ ਵਜ਼ੀਰ ਖਾਨ ਜ਼ਿੰਮੇਵਾਰ ਸੀ। ਇਨ੍ਹਾਂ ਘਟਨਾਵਾਂ ਨੇ ਸਿੱਖਾਂ ਨੂੰ ਸਰਹਿੰਦ ਉੱਪਰ ਹੱਲੇ ਲਈ ਬੇਹੱਦ ਉਤੇਜਿਤ ਕੀਤਾ ਤੇ ਧਾਰਮਿਕ ਜੋਸ਼ ਵੀ ਪੈਦਾ ਕੀਤਾ। ਸਰਹਿੰਦ ਉੱਪਰ ਸਿੱਖਾਂ ਦੀ ਫਤਿਹ ਦੇ ਹਾਲਾਤਾਂ ਨੂੰ ਫ਼ਾਰਸੀ ਦੇ ਇਤਿਹਾਸਕਾਰਾਂ ਨੇ ਬੜਾ ਸੁਹਣਾ ਕਲਮਬੰਦ ਕੀਤਾ ਹੈ।

“ਅਖਬਾਰਿ ਦਰਬਾਰਿ ਮੁਅੱਲਾ” ਦੀ ਇਕ ਖ਼ਬਰ, ਜੋ ਮਈ, 1710 ਈ: ਵਿਚ ਬਾਦਸ਼ਾਹ ਨੂੰ ਮਿਲੀ, ਵਿਚ ਜ਼ਿਕਰ ਹੈ ਕਿ ਸਿੱਖ ਵਜ਼ੀਰ ਖਾਨ ਨਾਲ ਦਿਲੀ ਦੁਸ਼ਮਣੀ ਰੱਖਦੇ ਹਨ ਕਿਉਂਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਤਲ ਕਰ ਦਿੱਤਾ ਸੀ। ਇਸੇ ਕਰਕੇ ਵਜ਼ੀਰ ਖਾਨ ਦੇ ਸਾਰੇ ਤੁਅੱਲਕਿਆਂ ਤੇ ਮੁਹਾਲਾਂ ਵਿਚ ਗੜਬੜ ਫੈਲ ਗਈ ਸੀ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਿੱਖਾਂ ਕੋਲ ਇਕ ਲੱਖ ਸਵਾਰ ਤੇ ਪਯਾਦੇ ਇਕੱਠੇ ਹੋ ਗਏ ਹਨ ਤੇ ਇਸ ਫਿਰਕੇ ਦਾ ਸ਼ੋਰ-ਸ਼ਰਾਬਾ ਦਿਨੋਂ-ਦਿਨ ਵਧ ਰਿਹਾ ਹੈ। ਗ਼ੁਲਾਮ ਮੁਹੀਉਦੀਨ ਦੀ ਗਵਾਹੀ ਅਨੁਸਾਰ ਜਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਲੜਾਈ ਕਰਨ ਦਾ ਸਾਰਾ ਸਾਮਾਨ ਇਕੱਠਾ ਕਰ ਲਿਆ ਤਾਂ ਉਨ੍ਹਾਂ ਨੇ ਸਾਰੇ ਖਿੱਤੇ ਵਿਚ ਤਰਥੱਲੀ ਮਚਾ ਦਿੱਤੀ। ਉਹ ਮੰਨਦਾ ਹੈ ਕਿ “ਵਜ਼ੀਰ ਖਾਨ ਨਾਲ ਦੁਸ਼ਮਣੀ ਸਦਕਾ ਉਨ੍ਹਾਂ ਦੇ ਸੀਨੇ ਵਿਚ ਸੱਲ ਵੱਜਿਆ ਸੀ ਕਿਉਂਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਤਲ ਕੀਤਾ (ਕਰਵਾਇਆ) ਸੀ।”

ਸਰਹਿੰਦ ਦੀ ਫਤਿਹ ਤੋਂ ਪਹਿਲਾਂ ਮੁਗ਼ਲਾਂ ਵਿਰੁੱਧ ਸਿੱਖ ਵਿਦਰੋਹ ਦਾ ਵਿਵਰਣ ਦਿੰਦਾ ਹੋਇਆ ਖ਼ਾਫ਼ੀ ਖਾਨ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ “ਦੋ-ਤਿੰਨ ਮਹੀਨਿਆਂ ਵਿਚ ਸੱਤ-ਅੱਠ ਹਜ਼ਾਰ ਪਯਾਦੇ ਇਕੱਠੇ ਕਰ ਲਏ ਸਨ। ਆਏ ਦਿਨ ਉਸ ਦੇ ਜਥੇ ਵਿਚ ਵਾਧਾ ਹੁੰਦਾ ਗਿਆ। ਹਜ਼ਾਰ ਕੁ ਘੋੜ-ਸਵਾਰ ਵੀ ਉਸ ਨਾਲ ਆ ਮਿਲੇ। ਲੁੱਟ-ਮਾਰ ਨਾਲ ਉਨ੍ਹਾਂ ਨੇ ਕਾਫੀ ਮਾਲ ਜਮ੍ਹਾਂ ਕਰ ਲਿਆ, ਇੱਥੋਂ ਤਕ ਕਿ ਅਠਾਰ੍ਹਾਂ-ਉੱਨੀ ਹਜ਼ਾਰ ਹਥਿਆਰਬੰਦ ਘੋੜ-ਸਵਾਰ ਵੀ ਉਸ ਦੇ ਝੰਡੇ ਥੱਲੇ ਇਕੱਠੇ ਹੋ ਗਏ। ਹੁਣ ਇਹ ਹਰ ਪਾਸੇ ਮਾਰ-ਧਾੜ ਤੇ ਕਤਲ-ਓ-ਗਾਰਤ ਕਰਨ ਲੱਗ ਪਏ। ਦੋ-ਤਿੰਨ ਫ਼ੌਜਦਾਰਾਂ ਨੇ ਇਨ੍ਹਾਂ ਦਾ ਸਿਰ ਕੁਚਲਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਨੇ ਟਾਕਰਾ ਕਰ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਤੇ ਬਹੁਤ ਸਾਰੇ ਪਿੰਡਾਂ ਨੂੰ ਲੁੱਟ ਲਿਆ ਅਤੇ ਹਰ ਜਗ੍ਹਾ ਉਨ੍ਹਾਂ ਨੇ ਆਪਣੇ ਥਾਣੇਦਾਰ ਤੇ ਆਮਿਲ ਮੁਕੱਰਰ ਕਰ ਦਿੱਤੇ। ਹੁਣ ਉਨ੍ਹਾਂ ਦੀ ਗਿਣਤੀ ਵਧ ਕੇ ਤੀਹ-ਚਾਲੀ ਹਜ਼ਾਰ ਤਕ ਪਹੁੰਚ ਗਈ ਸੀ। ਇਹ ਲੋਕ ਬਾਦਸ਼ਾਹੀ ਹਾਕਮਾਂ ਤੇ ਜਗੀਰਦਾਰਾਂ ਦੇ ਕਰਿੰਦਿਆਂ ਨੂੰ ਲਿਖਦੇ ਰਹਿੰਦੇ ਸਨ ਕਿ ਉਹ ਉਨ੍ਹਾਂ ਦੀ ਅਧੀਨਗੀ ਕਬੂਲ ਕਰਨ ਤੇ ਆਪਣੇ ਤੁਅੱਲਕਿਆਂ ਤੋਂ ਦਸਤ ਬਰਦਾਰ ਹੋ ਜਾਣ।”

ਉਪਰੋਕਤ ਵਿਵਰਣ ਅਸਲੀਅਤ ਦੇ ਕਾਫੀ ਨਜ਼ਦੀਕ ਹੈ। ਮੁਹੰਮਦ ਕਾਸਿਮ ਲਾਹੌਰੀ ਇਸ ਵਿਚ ਵਾਧਾ ਕਰਦਾ ਹੋਇਆ ਲਿਖਦਾ ਹੈ ਕਿ “ਥੋੜੇ ਸਮੇਂ ਵਿਚ ਹੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਭਾਰੀ ਇਕੱਠ ਹੋ ਗਿਆ ਤੇ ਉਸ ਨੇ ਸਰਹਿੰਦ ਦੇ ਇਲਾਕੇ ਦੇ ਅਕਸਰ ਪਿੰਡਾਂ ਤੇ ਪਰਜਾ ਨੂੰ ਆਪਣੇ ਤਾਬੇ ਹੋ ਜਾਣ ਜਾ ਸੰਦੇਸ਼ ਭੇਜਿਆ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਪਿਛਲੇ ਲੱਗਭਗ ਇਕ ਸਾਲ ਤੋਂ ਸਰਕਾਰ ਸਰਹਿੰਦ ਦੇ ਪਰਗਨਿਆਂ ਨੂੰ ਇਕ-ਇਕ ਕਰ ਕੇ ਆਪਣੇ ਅਧੀਨ ਕਰ ਰਿਹਾ ਸੀ ਤੇ ਹੁਣ ਉਹ ਮੁਕਾਬਲਾ ਕਰਨ ਲਈ ਸਰਹਿੰਦ ਦੀਆਂ ਬਰੂਹਾਂ ਉੱਤੇ ਆ ਬੈਠਾ ਸੀ।

ਫ਼ਾਰਸੀ ਦੇ ਇਤਿਹਾਸਕਾਰਾਂ ਦੀ ਗਵਾਹੀ ਅਨੁਸਾਰ ਵਜ਼ੀਰ ਖਾਨ ਨੂੰ ਚਾਰ ਮੁਗ਼ਲ ਫ਼ੌਜਦਾਰਾਂ ਤੋਂ ਇਲਾਵਾ ਕੁਝ ਵੱਡੇ-ਵੱਡੇ ਜ਼ਿਮੀਂਦਾਰਾਂ ਦੀ ਹਮਾਇਤ ਹਾਸਲ ਸੀ। ਮਾਲੂਮ ਹੁੰਦਾ ਹੈ ਕਿ ਉਸ ਨੇ ਮੁਸਲਿਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਜਹਾਦ ਦਾ ਨਾਅਰਾ ਵੀ ਮਾਰਿਆ ਜਿਸ ਨਾਲ ਸਰਹਿੰਦ ਦੇ ਆਸ-ਪਾਸ ਤੋਂ ਮੁਜਾਹਿਦ ਤੇ ਗਾਜ਼ੀ ਵੀ ਇਕੱਠੇ ਕਰ ਲਏ ਸਨ। ਤੋਪਖਾਨੇ ਤੇ ਮਸਤ ਜੰਗੀ ਹਾਥੀਆਂ ਦੀ ਫੌਜ ਤੋਂ ਇਲਾਵਾ ਚੋਖੀ ਗਿਣਤੀ ਵਿਚ ਘੋੜ-ਸਵਾਰ, ਬੰਦੂਕਚੀ, ਤੀਰ-ਅੰਦਾਜ਼ ਤੇ ਪਯਾਦੇ ਲਾਮਬੰਦ ਕਰ ਲਏ ਸਨ। ਹਥਿਆਰਾਂ ਤੇ ਦਾਰੂ-ਸਿੱਕੇ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਇਸ ਦਿਨ ਦੀ ਉਡੀਕ ਵਿਚ ਉਸ ਨੇ ਇਨ੍ਹਾਂ ਦਾ ਜ਼ਖੀਰਾ ਜਮ੍ਹਾਂ ਕਰ ਲਿਆ ਸੀ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਦਲ ਵਿਚ ਇਕੱਠੇ ਹੋਏ ਲੋਕ ਦੋ-ਤਿੰਨ ਪ੍ਰਕਾਰ ਦੇ ਸਨ।

ਪਹਿਲੀ ਸ਼ੇ੍ਰਣੀ ਦੇ ਉਹ ਸਿੰਘ ਸਨ ਜੋ ਨੰਦੇੜ ਤੋਂ ਉਸ ਦੇ ਨਾਲ ਆਏ ਸਨ ਜਾਂ ਫਿਰ ਇਨ੍ਹਾਂ ਸਿੰਘਾਂ ਦੇ ਪੰਜਾਬ ਵਿਚਲੇ ਸਾਕ-ਸੰਬੰਧੀ ਤੇ ਸੰਗੀ-ਸਾਥੀ ਸਨ, ਜੋ ਉਨ੍ਹਾਂ ਨਾਲ ਆ ਮਿਲੇ ਸਨ। ਇਨ੍ਹਾਂ ਦੇ ਨਾਲ ਪੰਜਾਬ ਦੇ ਉਹ ਸਿੰਘ ਵੀ ਸਨ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਦੇਸ਼ ਤੋਂ ਪ੍ਰੇਰਿਤ ਸਨ ਤੇ ਗੁਰੂ ਸਾਹਿਬ ਦੇ ਹੁਕਮਨਾਮੇ ਮਿਲਦਿਆਂ ਹੀ ਖਾਲਸਾ ਦਲ ਵਿਚ ਸ਼ਾਮਲ ਹੋਣ ਲਈ ਚੱਲ ਪਏ ਸਨ। ਉਕਤ ਸ਼ੇ੍ਰਣੀ ਦੇ ਸਿੱਖਾਂ ਵਿਚ ਧਰਮ-ਯੁੱਧ ਲਈ ਅਨੰਤ ਚਾਉ ਸੀ। ਕਈਆਂ ਨੇ ਹਥਿਆਰ ਖਰੀਦਣ ਲਈ ਆਪਣੇ ਘਰ ਦਾ ਸਾਮਾਨ ਤੇ ਗਹਿਣਾ-ਗੱਟਾ ਵੇਚ ਛੱਡਿਆ ਸੀ ਤੇ ਕਈਆਂ ਨੇ ਦੂਣੇ-ਚੌਣੇ ਵਿਆਜ ਉੱਪਰ ਉਧਾਰ ਚੁੱਕਿਆ ਸੀ। ਦੂਸਰੀ ਕਿਸਮ ਦੇ ਲੋਕ ਸਿੰਘਾਂ ਦੇ ਹਮਦਰਦ ਜਾਂ ਸਹਾਇਕ ਸਨ। ਇਨ੍ਹਾਂ ਨੂੰ ਫੂਲਕਿਆਂ ਵਰਗੇ ਸਿੱਖ ਜ਼ਿਮੀਂਦਾਰਾਂ/ ਚੌਧਰੀਆਂ ਨੇ ਆਪਣੇ ਵੱਲੋਂ ਭਾੜੇ ਉੱਤੇ ਭਰਤੀ ਕਰ ਕੇ ਤੇ ਹਥਿਆਰ, ਰਸਦ, ਖਰਚ ਆਦਿ ਦੇ ਕੇ ਮਦਦ ਲਈ ਭੇਜਿਆ ਸੀ। ਤੀਜੀ ਕਿਸਮ ਦੇ ਉਹ ਲੋਕ ਸਨ ਜੋ ਮੁਗ਼ਲ ਅਧਿਕਾਰੀਆਂ ਤੇ ਖ਼ਾਨਦਾਨੀ ਜਗੀਰਦਾਰਾਂ ਦੇ ਅੱਤਿਆਚਾਰਾਂ ਤੇ ਵਧੀਕੀਆਂ ਤੋਂ ਤੰਗ ਸਨ। ਇਹ ਲੋਕ ਬਦਲੇ ਦੀ ਭਾਵਨਾ ਅਧੀਨ ਮੌਕੇ ਦਾ ਫਾਇਦਾ ਉਠਾਉਣ ਲਈ ਖਾਲਸਾ ਦਲ ਨਾਲ ਆ ਰਲੇ ਸਨ।

ਇਸ ਸ਼੍ਰੇਣੀ ਵਿਚ ਸਥਾਨਕ ਧਾੜਵੀ ਤੇ ਲੁਟੇਰੇ ਵੀ ਸਨ ਜੋ ਲੁੱਟ ਦੇ ਲਾਲਚ ਕਾਰਨ ਸ਼ਾਮਲ ਹੋਏ ਸਨ। ਖਾਲਸਾ ਦਲ ਦੀ ਸ਼ਕਤੀ ਮੁੱਖ ਤੌਰ ’ਤੇ ਸਿਰਲੱਥ ਸੂਰਮਿਆਂ–ਮਲਵਈ, ਮਝੈਲ ਤੇ ਦੁਆਬੀਏ ਸਿੰਘਾਂ ਉੱਪਰ ਨਿਰਭਰ ਸੀ। ਸਫਬੰਦੀ ਲਈ ਮਝੈਲ ਤੇ ਮਲਵਈ ਸਿੰਘਾਂ ਦੇ ਜਥੇ ਅਲਹਿਦਾ-ਅਲਹਿਦਾ ਗਠਿਤ ਕੀਤੇ ਗਏ। ਮਲਵਈ ਸਿੱਖਾਂ ਦੀ ਕਮਾਨ ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ ਆਦਿ ਨੂੰ ਅਤੇ ਮਝੈਲ ਸਿੰਘਾਂ ਦੀ ਜਥੇਦਾਰੀ ਭਾਈ ਬਾਜ ਸਿੰਘ, ਬਾਬਾ ਬਿਨੋਦ ਸਿੰਘ, ਭਾਈ ਰਾਮ ਸਿੰਘ, ਭਾਈ ਸ਼ਾਮ ਸਿੰਘ ਆਦਿ ਨੂੰ ਸੌਂਪੀ ਗਈ। ਖਾਲਸਾ ਦਲ ਤੇ ਇਸ ਦੇ ਜਥਿਆਂ ਦੀ ਨਿਗਰਾਨੀ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਕੈਂਪ ਇਕ ਉੱਚੇ ਟਿੱਲੇ ਉੱਤੇ ਲਾ ਲਿਆ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਨੇੜੇ ਢੁੱਕਿਆ ਸੁਣ ਕੇ ਵਜ਼ੀਰ ਖਾਨ ਸਰਹਿੰਦ ਤੋਂ ਉੱਤਰ-ਪੂਰਬ ਵਿਚ ਚੱਪੜ-ਚਿੜੀ ਦੇ ਮੈਦਾਨ ਵਿਚ ਆ ਡਟਿਆ। ਖਾਲਸਾ ਦਲ ਦਾ ਮੁਕਾਬਲਾ ਕਰਨ ਲਈ ਸਰਹਿੰਦੀ ਫੌਜ ਦੇ ਅੱਗੇ ਤੋਪਾਂ, ਜੰਬੂਰੇ ਤੇ ਰਹਿਕਲਿਆਂ ਦੀ ਦੀਵਾਰ ਖੜ੍ਹੀ ਕਰ ਦਿੱਤੀ। ਇਨ੍ਹਾਂ ਦੇ ਇਕ ਪਾਸੇ ਬੰਦੂਕਚੀ ਤੇ ਦੂਜੇ ਪਾਸੇ ਤੀਰ-ਅੰਦਾਜ਼ ਤੇ ਪਯਾਦੇ ਤਾਇਨਾਤ ਕਰ ਦਿੱਤੇ। ਸਿੰਘਾਂ ਨੂੰ ਮਸਤ ਹਾਥੀਆਂ ਦੇ ਪੈਰਾਂ ਥੱਲੇ ਦਰੜ ਕੇ ਮਾਰਨ ਦਾ ਇੰਤਜ਼ਾਮ ਵੀ ਕਰ ਲਿਆ। ਆਖਿਰ 24 ਰਬੀਆ-ਉਲ-ਸਾਨੀ 1122 ਹਿਜ਼ਰੀ ਨੂੰ ਚੱਪੜ-ਚਿੜੀ ਦੇ ਮੈਦਾਨ ਵਿਚ ਦੋਨਾਂ ਦਲਾਂ ਦਾ ਮੁਕਾਬਲਾ ਹੋਇਆ। ਜਦੋਂ ਖਾਲਸਾ ਦਲ ਧਾਵਾ ਕਰਨ ਲਈ ਸਰਹਿੰਦੀ ਫੌਜ ਵੱਲ ਵਧਿਆ ਤਾਂ ਵਜ਼ੀਰ ਖਾਨ ਦੇ ਤੋਪਖਾਨੇ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਜੰਬੂਰਿਆਂ ਤੇ ਰਹਿਕਲਿਆਂ ਨੇ ਮੀਂਹ ਵਾਂਗ ਐਸੇ ਗੋਲੇ ਬਰਸਾਏ ਕਿ ਖਾਲਸਾ ਦਲ ਵਿਚ ਸ਼ਾਮਲ ਭਾੜੇ ਦੇ ਲੋਕ ਤੇ ਲੁਟੇਰਿਆਂ ਦੀ ਭੀੜ, ਜਾਨ ਬਚਾਉਣ ਲਈ ਪਿਛਾਂਹ ਨੂੰ ਦੌੜ ਗਈ। ਸਰਹਿੰਦੀ ਫੌਜ ਉੱਪਰ ਗਲਬਾ ਪਾਉਣ ਲਈ ਸਿੰਘਾਂ ਨੇ ਜ਼ੋਰਦਾਰ ਹੱਲਾ ਤਾਂ ਕੀਤਾ ਪਰ ਇਸ ਵਿਚ ਕਈ ਸਿੰਘ ਸ਼ਹੀਦੀਆਂ ਪਾ ਗਏ। ਜਦੋਂ ਜੰਗ ਭਖੀ ਹੋਈ ਸੀ ਤੇ ਪੂਰੀ ਤੁਲਵੀਂ ਲੜਾਈ ਹੋ ਰਹੀ ਸੀ ਤਾਂ ਐਨ ਮੌਕੇ ’ਤੇ ਵਜ਼ੀਰ ਖਾਨ ਵੱਲੋਂ ਰਚੀ ਸਾਜ਼ਿਸ਼ ਦੇ ਤਹਿਤ ਸਰਹਿੰਦ ਦਾ ਹਿੰਦੂ ਦਗ਼ਾਬਾਜ਼ ਸਰਦਾਰ ਖਾਲਸਾ ਦਲ ਦਾ ਸਾਥ ਛੱਡ ਕੇ ਦੌੜ ਗਿਆ। ਭਾਈ ਬਾਜ ਸਿੰਘ ਤੇ ਭਾਈ ਸ਼ਾਮ ਸਿੰਘ ਵਰਗੇ ਸਿੱਖ ਸਰਦਾਰਾਂ ਨੂੰ ਚਿੰਤਾ ਹੋਣ ਲੱਗੀ ਕਿ ਕਿਧਰੇ ਬਾਜ਼ੀ ਹੱਥੋਂ ਨਾ ਚਲੀ ਜਾਏ। ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਦਲ ਦੀ ਮਦਦ ਉੱਤੇ ਆਉਣ ਦੀ ਬੇਨਤੀ ਕੀਤੀ। ਇਸ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੀਰ-ਕਮਾਨ ਸੰਭਾਲਿਆ ਤੇ ਘੋੜੇ ’ਤੇ ਸਵਾਰ ਹੋ ਕੇ ਮੈਦਾਨ-ਏ-ਜੰਗ ਵਿਚ ਕੁੱਦ ਪਿਆ। ਉਸ ਨੇ ਆਪਣੇ ਤੀਰ ਨਾਲ ਐਸੇ ਨਿਸ਼ਾਨੇ ਫੁੰਡੇ ਕਿ ਜੰਗ ਦਾ ਰੁਖ਼ ਹੀ ਬਦਲ ਕੇ ਰੱਖ ਦਿੱਤਾ।

ਵਜ਼ੀਰ ਖਾਨ ਦੀਆਂ ਜੰਗੀ ਤਿਆਰੀਆਂ ਦੀ ਸੂਚਨਾ ਦਿੰਦਾ ਹੋਇਆ ਖ਼ਾਫ਼ੀ ਖਾਨ ਲਿਖਦਾ ਹੈ ਕਿ “ਵਜ਼ੀਰ ਖਾਨ ਨੇ ਫੌਜ ਇਕੱਠੀ ਕਰਨ ਤੇ ਸਾਮਾਨ ਤਿਆਰ ਕਰਨ ਦਾ ਇੰਤਜ਼ਾਮ ਕੀਤਾ। ਚਾਰ-ਪੰਜ ਪ੍ਰਸਿੱਧ ਫ਼ੌਜਦਾਰਾਂ ਤੇ ਵੱਡੇ-ਵੱਡੇ ਜ਼ਿਮੀਂਦਾਰਾਂ ਨੂੰ ਆਪਣੇ ਨਾਲ ਲਿਆ। ਗੋਲਾ-ਬਰੂਦ ਦਾ ਜ਼ਖੀਰਾ ਲੈ ਕੇ ਉਹ (ਸਿੱਖਾਂ ਦੇ) ਮੁਕਾਬਲੇ ਲਈ ਚੜ੍ਹ ਪਿਆ। ਉਸ ਦੇ ਨਾਲ ਚਾਰ-ਪੰਜ ਹਜ਼ਾਰ ਘੋੜ-ਸਵਾਰ, ਸੱਤ-ਅੱਠ ਹਜ਼ਾਰ ਬੰਦੂਕਚੀ, ਪਯਾਦੇ ਤੇ ਤੀਰ-ਅੰਦਾਜ਼ ਸਨ। ਤੋਪਖਾਨੇ ਦਾ ਸਾਜ਼ੋ-ਸਾਮਾਨ ਤੇ ਮਸਤ ਜੰਗੀ ਹਾਥੀ ਵੀ ਸਨ।” ਮੁਹੰਮਦ ਸ਼ਫ਼ੀ ਵਾਰਿਦ ਦੇ ਸ਼ਬਦਾਂ ਵਿਚ, “ਸੋ ਕਸਬਾ (ਚੱਪੜ-ਚਿੜੀ) ਦੇ ਲਾਗੇ, ਜੋ ਸਰਹਿੰਦ ਤੋਂ ਉੱਪਰ ਸ਼ਿਵਾਲਿਕ ਦੇ ਪਹਾੜੀ ਇਲਾਕੇ ਵੱਲ ਛੇ ਕੋਹ ’ਤੇ ਆਬਾਦ ਹੈ, ਦੋਨਾਂ ਧਿਰਾਂ ਦਾ ਟਾਕਰਾ ਹੋ ਗਿਆ।” ਫਤੂਹਾਤਨਾਮਾ-ਏ-ਸਮਦੀ ਦਾ ਲੇਖਕ ਗ਼ੁਲਾਮ ਮੁਹੀਉਦੀਨ ਮੈਦਾਨ-ਏ-ਜੰਗ ਦਾ ਨਕਸ਼ਾ ਖਿੱਚਦਾ ਹੋਇਆ ਲਿਖਦਾ ਹੈ ਕਿ “ਭਾਵੇਂ ਵਜ਼ੀਰ ਖਾਨ ਨੇ ਬਹਾਦਰੀ ਤੇ ਅਡੋਲਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਸਤੇ ਮਰਦਾਨਗੀ ਦੀ ਦਾਦ ਦਿੱਤੀ ਤੇ ਜੰਗ ਵਿਚ ਚੰਗੇ ਹੱਥ ਵਿਖਾਏ, ਉਸ ਫ਼ਸਾਦ ਨੂੰ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕੀਤੀ, ਤੋਪਾਂ ਦੇ ਗੋਲਿਆਂ ਨਾਲ ਉਨ੍ਹਾਂ ਦੇ ਮੋਰਚਿਆਂ ਨੂੰ ਤਬਾਹ ਕਰਨ ਅਤੇ ਮੈਦਾਨ-ਏ-ਜੰਗ ਵਿਚ ਕਾਇਮ ਰਹਿਣ ਲਈ ਤਲਵਾਰਾਂ ਵਾਹੁਣ ਤੇ ਤੀਰ ਚਲਾਉਣ ਵਿਚ ਕਿਸੇ ਪ੍ਰਕਾਰ ਦੀ ਲਾਪਰਵਾਹੀ ਨਾ ਕੀਤੀ ਪਰ ਰੱਬ ਦੀ ਮਰਜ਼ੀ ਤਕਦੀਰ ਦੇ ਖਿਡੌਣੇ ਵਿਚ ਹੋਰ ਹੀ ਖਿਡੌਣਾ ਤਿਆਰ ਕਰ ਰਹੀ ਸੀ।” ਭਾਵੇਂ ਵਜ਼ੀਰ ਖਾਨ ਨੇ ਮਸਤ ਹਾਥੀਆਂ ਤੋਂ ਇਲਾਵਾ ਤੋਪਖਾਨੇ ਦੀ ਵੀ ਖੂਬ ਵਰਤੋਂ ਕੀਤੀ ਪਰ ਸਿੰਘਾਂ ਦੇ ਜੋਸ਼ ਅੱਗੇ ਇਹ ਸਭ ਨਾਕਾਮ ਹੋ ਗਏ। ਖ਼ਾਫ਼ੀ ਖਾਨ ਲਿਖਦਾ ਹੈ ਕਿ ਜਦੋਂ ਦੋਨੋਂ ਫ਼ੌਜਾਂ ਇਕ ਦੂਜੇ ਦੇ ਸਾਹਮਣੇ ਆਈਆਂ ਤਾਂ “ਸਿੱਖਾਂ ਨੇ ਜੰਗੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਹ ਵਜ਼ੀਰ ਖਾਨ ਦਾ ਮੁਕਾਬਲਾ ਕਰਨ ਲਈ ਦੌੜੇ ਤੇ ਬੜੀ ਬਹਾਦਰੀ ਨਾਲ ਹਮਲਾ ਕੀਤਾ। ਚੁਨਾਂਚਿ ਉਹ (ਸਿੱਖ) ਤਲਵਾਰਾਂ ਧੂਹ ਕੇ ਹਾਥੀਆਂ ਉੱਤੇ ਚੜ੍ਹ ਗਏ ਤੇ ਇਕ ਦੋ ਹਾਥੀਆਂ ਨੂੰ ਗਿਰਾ ਵੀ ਲਿਆ। ਮੁਸਲਮਾਨ (ਸਿਪਾਹੀ) ਬੜੀ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਹੱਥੋਂ ਸ਼ਹੀਦ ਹੋ ਗਏ ਤੇ ਬਹੁਤ ਸਾਰੇ ਸਿੱਖ ਵੀ ਮੁਸਲਮਾਨਾਂ ਦੇ ਹੱਥੋਂ ਮਾਰੇ (ਸ਼ਹੀਦ) ਗਏ।”

ਸਿੱਖਾਂ ਨੇ ਆਪਣੇ ਵਿਸ਼ੇਸ਼ ਜੰਗੀ ਹੁਨਰ ਤੇ ਬਹਾਦਰੀ ਦੇ ਜਜ਼ਬੇ ਸਦਕਾ ਆਪਣੇ ਤੋਂ ਬਿਹਤਰ ਹਥਿਆਰਾਂ ਨਾਲ ਲੈਸ ਫੌਜ ਨੂੰ ਸ਼ਿਕੱਸਤ ਦੇਣ ਵਿਚ ਸਫਲਤਾ ਪਾਈ। ਮੈਦਾਨ-ਏ-ਜੰਗ ਦਾ ਹਾਲ ਬਿਆਨ ਕਰਦਾ ਹੋਇਆ ਗ਼ੁਲਾਮ ਮੁਹੀਉਦੀਨ ਲਿਖਦਾ ਹੈ ਕਿ “ਨਾਨਕ-ਪ੍ਰਸਤ ਆਪਣੇ ਜ਼ੋਰ ਸਦਕਾ ਅੱਗੇ ਵਧਦੇ ਗਏ ਤੇ ਵਜ਼ੀਰ ਖਾਨ ਦਾ ਕਾਫੀਆ ਵਧੇਰੇ ਤੰਗ ਕਰ ਕੇ ਤੇ ਇਕੱਠੇ ਹੋ ਕੇ ਪਿੱਛੇ ਤੋਂ ਆ ਕੇ ਢਾਲਾਂ ਤਲਵਾਰਾਂ ਸਮੇਤ ਇਕ ਦੂਜੇ ਨਾਲ ਮਿਲ ਕੇ, ਉਨ੍ਹਾਂ ਦੇ ਸਿਰਾਂ ਉਤੇ ਆ ਚੜ੍ਹੇ ਤੇ ਪਾਣੀ ਦੇ ਹੜ੍ਹ ਵਾਂਗ ਜਿਹੜਾ ਪਹਾੜ ਦੀ ਉਚਾਈ ਤੋਂ ਹੇਠਾਂ ਆਉਂਦਾ ਆਪਣੇ ਜ਼ੋਰ ਨਾਲ ਘਾਹ-ਫੂਸ ਤੇ ਕੂੜਾ-ਕਰਕਟ ਨੂੰ ਆਪਣੇ ਅੱਗੇ ਵਹਾ ਕੇ ਲੈ ਜਾਂਦਾ ਹੈ, ਉਹ ਸਾਰੇ ਜਣੇ ਧਾਵਾ ਬੋਲ ਕੇ ਵਜ਼ੀਰ ਖਾਨ ਦੀ ਫ਼ੌਜ ਦੇ ਦਰਮਿਆਨੀ ਹਿੱਸੇ ਵਿਚ ਜਾ ਵੜੇ ਅਤੇ ਬਹੁਤ ਸਾਰੇ ਫੌਜ ਦੇ ਸਰਦਾਰਾਂ ਨੂੰ ਧੱਕੇ ਨਾਲ ਮਿੱਟੀ ਵਿਚ ਮਿਲਾ ਦਿੱਤਾ।” ਇਉਂ ਲਗਦਾ ਹੈ ਜਿਵੇਂ ਸਿੰਘ ਤੇਗਾਂ ਧੂਹ ਕੇ ਪੂਰੇ ਜੋਸ਼ ਨਾਲ ਧੁੱਸ ਦੇ ਕੇ ਵਜ਼ੀਰ ਖਾਨ ਦੇ ਤੋਪਖਾਨੇ ਉੱਤੇ ਟੁੱਟ ਪਏ ਸਨ ਤੇ ਤੋਪਚੀਆਂ ਨੂੰ ਦੁਬਾਰਾ ਪਲੀਤੇ ਝਾੜਨ ਦਾ ਮੌਕਾ ਹੀ ਨਾ ਦਿੱਤਾ। ਇਸ ਤੋਂ ਇਲਾਵਾ ਸਿੰਘਾਂ ਨੇ ਆਪਣੀ ਵਿਸ਼ੇਸ਼ ਜੰਗੀ ਚਾਲ ‘ਮਾਰੋ, ਦੌੜੋ, ਘੇਰੋ ਤੇ ਮਾਰੋ’ ਨੂੰ ਵੀ ਪ੍ਰਯੋਗ ਕੀਤਾ। ਇਸ ਸੰਬੰਧੀ ਮੁਹੰਮਦ ਸ਼ਫ਼ੀ ਵਾਰਿਦ ਕਹਿੰਦਾ ਹੈ ਕਿ “ਪਹਿਲਾਂ ਤਾਂ ਥੋੜ੍ਹੀ ਜਿਹੀ ਝਪਟ ਹੋਣ ਨਾਲ ਉਸ (ਬਾਬਾ ਬੰਦਾ ਸਿੰਘ ਬਹਾਦਰ) ਦੇ ਸਾਥੀ ਸਾਬਿਕਾ ਦਸਤੂਰ ਅਨੁਸਾਰ ਭੱਜ ਗਏ ਅਤੇ ਇਕ ਪ੍ਰਕਾਰ ਦੀ ਫਤਿਹ ਵਜ਼ੀਰ ਖਾਨ ਦੀ ਫੌਜ ਦੇ ਹੱਥ ਲੱਗ ਗਈ ਸੀ, ਅਚਾਨਕ ਉਸ ਜੰਗਜੂ ਗਿਰੋਹ (ਸਿੱਖਾਂ) ਨੇ ਪਿੱਛੇ ਤੋਂ ਪੁੱਜ ਕੇ ਭੱਜੇ ਜਾਂਦੇ ਸਿੱਖਾਂ ਨੂੰ ਦਿਲਾਸਾ ਦੇ ਕੇ ਸਾਰਿਆਂ ਨੂੰ ਇਕੱਠਾ ਕਰ ਕੇ ਮੁਸਲਮਾਨਾਂ ਦੀਆਂ ਸਫ਼ਾਂ ਉੱਤੇ ਹਮਲਾ ਕਰ ਦਿੱਤਾ। ਦੀਨ ਦੀ ਪਨਾਹ ਵਾਲੇ ਮੁਜਾਹਿਦਾਂ ਨੇ ਬਥੇਰੀ ਬਹਾਦਰੀ ਵਿਖਾਈ ਪਰੰਤੂ ਆਖਿਰ ਕੁਝ ਆਗੂਆਂ ਦੇ ਮਾਰੇ ਜਾਣ ਕਰ ਕੇ ਵਜ਼ੀਰ ਖਾਨ ਦੇ ਲਸ਼ਕਰ ਦੀ ਹਾਰ ਹੋਈ।”

ਇਕ ਹੋਰ ਸਮਕਾਲੀ ਇਤਿਹਾਸਕਾਰ ਮੁਹੰਮਦ ਕਾਸਿਮ ਲਾਹੌਰੀ ਇਸ ਜੰਗ ਦਾ ਹਾਲ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ “ਵਜ਼ੀਰ ਖਾਨ ਦੇ ਲਸ਼ਕਰ ਦੇ ਜਵਾਨਾਂ ਨੇ ਬਹਾਦਰੀ ਦੀ ਦਾਦ ਦਿੱਤੀ ਤੇ ਉਹ ਸ਼ਹਾਦਤ ਦਾ ਜਾਮ ਪੀ ਰਹੇ ਸਨ। ਵਿਸ਼ੇਸ਼ ਤੌਰ ’ਤੇ ਕੋਟਲੇ ਦੇ ਅਫਗਾਨਾਂ, ਸ਼ੇਰ ਮੁਹੰਮਦ ਖਾਨ ਤੇ ਖਵਾਜਾ ਅਲੀ ਨੇ, ਜਿਹੜੇ ਸਰਕਾਰ ਵਿਚ ਦਸ ਹਜ਼ਾਰ ਫੌਜ ਦੇ ਸਰਦਾਰ ਤੇ ਭਰੋਸੇਯੋਗ ਵਿਅਕਤੀ ਸਨ, ਇਸ ਲੜਾਈ ਵਿਚ ਨੁਮਾਇਆ ਰੋਲ ਅਦਾ ਕੀਤਾ। ਬਹੁਤ ਮਾਰ-ਧਾੜ ਮਗਰੋਂ ਸ਼ੇਰ ਮੁਹੰਮਦ ਖਾਨ ਮਾਰਿਆ ਗਿਆ।… ਇਸੇ ਦੌਰਾਨ ਰੱਬੀ ਭਾਣੇ ਅਨੁਸਾਰ ਫੌਜ ਦੇ ਹੋਰ ਸਰਦਾਰ ਵੀ ਮਾਰੇ ਗਏ। ਵੱਡੀ ਉਮਰ ਦਾ ਤੇ ਕਮਜ਼ੋਰ ਹੋਣ ਦੇ ਬਾਵਜੂਦ ਤੀਰ ਚਲਾਉਣ ਤੇ ਸਾਥੀਆਂ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।… ਪਰੰਤੂ ਜਿਸ ਕਿਸੇ ਦੀ ਉਮੀਦ ਦੀ ਕਿਸ਼ਤੀ ਸਖ਼ਤ ਦੁਰਘਟਨਾ ਨਾਲ ਤਬਾਹ ਹੋ ਗਈ ਹੋਵੇ ਉਸ ਨੂੰ ਫਿਰ ਕੋਈ ਤਜ਼ਰਬੇਕਾਰ ਮਲਾਹ ਵੀ ਬਾਹੂ-ਬਲ ਨਾਲ ਅੱਗੇ ਨਹੀਂ ਲਿਜਾ ਸਕਦਾ। ਆਖਿਰਕਾਰ (ਸਿੱਖਾਂ ਨੇ) ਹਾਥੀਆਂ ਵਾਲੀ ਫ਼ੌਜ ਦੇ ਸਰਦਾਰ ਨੂੰ ਵੀ ਮਾਰ ਮੁਕਾਇਆ ਤੇ (ਵਜ਼ੀਰ) ਖਾਨ ਦੀ ਲੋਥ ਨੂੰ… ਇਕ ਦਰੱਖਤ ਨਾਲ ਲਟਕਾ ਦਿੱਤਾ।”

ਖਾਫ਼ੀ ਖਾਨ ਦੇ ਕਥਨ ਅਨੁਸਾਰ, “ਮੁਸਲਮਾਨਾਂ ਦੇ ਜਵਾਬੀ ਹਮਲੇ ਦੀ ਵਜ੍ਹਾ ਕਾਰਨ ਸਿੱਖਾਂ ਦੇ ਪੈਰ ਉਖੜਨ ਦੇ ਕਰੀਬ ਸਨ ਕਿ ਅਚਾਨਕ ਬੰਦੂਕ ਦੀ ਇਕ ਗੋਲੀ ਵਜ਼ੀਰ ਖਾਨ ਨੂੰ ਆ ਲੱਗੀ ਤੇ ਉਹ ਮਰ ਗਿਆ।”
ਫ਼ਾਰਸੀ ਦੇ ਹੋਰ ਇਤਿਹਾਸਕਾਰ ਵਜ਼ੀਰ ਖਾਨ ਦੀ ਮੌਤ ਸੰਬੰਧੀ ਉਕਤ ਬਿਆਨ ਨਾਲ ਸਹਿਮਤ ਨਹੀਂ ਹਨ। ਗ਼ੁਲਾਮ ਮੁਹੀਉਦੀਨ ਲਿਖਦਾ ਹੈ ਕਿ “ਜਦੋਂ ਸਿੱਖਾਂ ਨੇ ਜ਼ੋਰਦਾਰ ਹਮਲਾ ਕਰ ਕੇ ਬਹੁਤ ਸਾਰੇ ਮੁਗ਼ਲ ਸਰਦਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਵਜ਼ੀਰ ਖਾਨ ਨੇ ਆਪਣੇ ਸਾਹਮਣੇ ਦਾ ਮੈਦਾਨ ਆਦਮੀਆਂ ਤੋਂ ਖਾਲੀ ਵੇਖਿਆ ਤਾਂ ਉਸ ਨੇ ਸੋਚਿਆ ਕਿ ਮੌਤ ਦੇ ਇਸ ਮੈਦਾਨ ਵਿੱਚੋਂ ਛੁਟਕਾਰਾ ਮੁਸ਼ਕਿਲ ਹੈ ਤਾਂ ਉਸ ਨੇ ਇਕੱਲੇ ਹੀ ਹੱਥ ਵਿਚ ਤੀਰ-ਕਮਾਨ ਲੈ ਕੇ ਉਨ੍ਹਾਂ ਦਿਉਆਂ (ਸਿੱਖਾਂ) ਦੇ ਗਿਰੋਹਾਂ ਦੇ ਗਿਰੋਹ ਵਿੱਚੋਂ ਬੜੀ ਕੋਸ਼ਿਸ਼ ਨਾਲ ਕੁਝ ਕੁ ਆਦਮੀਆਂ ਨੂੰ ਮਾਰ ਮੁਕਾਇਆ। ਆਖਿਰ ਉਹ ਉਨ੍ਹਾਂ (ਸਿੱਖਾਂ) ਦੀਆਂ ਤੇਗਾਂ ਨਾਲ ਉਸ ਪਕੜ-ਧਕੜ ਵਾਲੇ ਰਣ-ਖੇਤਰ ਵਿਚ ਸ਼ਹਾਦਤ ਦਾ ਜਾਮ ਪੀ ਗਿਆ।” ਤਾਰੀਖਿ-ਜਹਾਂਦਾਰ ਸ਼ਾਹ ਦੇ ਲੇਖਕ ਨੂਰੂਦੀਨ ਫਾਰੂਕੀ ਨੇ ਵਜ਼ੀਰ ਖਾਨ ਦੀ ਮੌਤ ਦਾ ਜੋ ਦ੍ਰਿਸ਼ ਖਿੱਚਿਆ ਹੈ, ਉਹ ਅਸਲੀਅਤ ਦੇ ਬੜਾ ਨੇੜੇ ਹੈ।

ਉਹ ਲਿਖਦਾ ਹੈ ਕਿ “ਵਜ਼ੀਰ ਖਾਨ ਤੇ ਬਾਜ ਸਿੰਘ ਦਾ ਮੈਦਾਨ-ਏ-ਜੰਗ ਵਿਚ ਆਹਮੋ-ਸਾਹਮਣਾ ਹੋ ਗਿਆ। ਵਜ਼ੀਰ ਖਾਨ ਨੇ ਬਾਜ ਸਿੰਘ ਨੂੰ ਲਲਕਾਰਿਆ ਕਿ ਐ ਲਾਅਨਤੀ! ਖ਼ਬਰਦਾਰ ਹੋ ਜਾ। ਇਹ ਕਹਿੰਦੇ ਹੋਏ ਉਸ ਨੇ ਨੇਜ਼ਾ ਹੱਥ ਵਿਚ ਫੜ ਕੇ ਉਸ ਵੱਲ ਦੇ ਮਾਰਿਆ। ਉਸ (ਬਾਜ ਸਿੰਘ) ਨੇ ਉਹੋ ਨੇਜ਼ਾ ਜ਼ੁਰਅੱਤ ਨਾਲ ਹੱਥ ਵਿਚ ਬੋਚ ਕੇ ਉਸ ਧਾਵਾ ਬੋਲਣ ਵਾਲੇ ਸਰਦਾਰ (ਵਜ਼ੀਰ ਖਾਨ) ਦੇ ਘੋੜੇ ਦੇ ਮੱਥੇ ਵਿਚ ਮਾਰਿਆ ਤੇ ਘੋੜਾ ਜ਼ਖ਼ਮੀ ਕਰ ਦਿੱਤਾ। ਕੁਝ ਪਲ ਬੀਤਣ ਉਪਰੰਤ ਉਸ ਜੰਗਜੂ ਖਾਨ ਨੇ ਕਮਾਨ ਸੰਭਾਲੀ ਅਤੇ ਆਪਣੇ ਤਰਕਸ਼ ਵਿੱਚੋਂ ਤੀਰ ਕੱਢ ਕੇ (ਬਾਜ ਸਿੰਘ) ਦੀ ਬਾਂਹ ਉੱਤੇ ਮਾਰਿਆ। ਦੂਜੀ ਵਾਰ ਉਹ ਚਾਹੁੰਦਾ ਸੀ ਕਿ ਉਹ ਤਲਵਾਰ ਦੇ ਇੱਕੋ ਵਾਰ ਨਾਲ ਉਸ ਨੂੰ ਮਾਰ ਮੁਕਾਵੇ, ਇਸ ਲਈ ਉਹ ਤਲਵਾਰ ਦਾ ਮੁੱਠਾ ਹੱਥ ਵਿਚ ਫੜ ਕੇ (ਬਾਜ ਸਿੰਘ) ਵੱਲ ਜਾ ਰਿਹਾ ਸੀ ਕਿ ਕੁੱਦ ਕੇ ਉਸ ਉਤੇ ਤਲਵਾਰ ਦਾ ਵਾਰ ਕਰੇ ਪਰ ਫਤਿਹ ਸਿੰਘ ਘਾਤ ਲਗਾ ਕੇ ਬੈਠਾ ਸੀ। ਉਸ ਨੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਉਸ ਬਹਾਦਰ ਸਰਦਾਰ ਵਜ਼ੀਰ ਖਾਨ ਦੇ ਮੋਢੇ ’ਤੇ ਅਜਿਹਾ ਵਾਰ ਕੀਤਾ ਕਿ ਜਿਹੜਾ ਮੋਢੇ ਤੋਂ ਲੈ ਕੇ ਕਮਰ ਤਕ ਚਲਾ ਗਿਆ ਤੇ ਉਸ ਦਾ ਸਿਰ ਜੁਦਾ ਹੋ ਕੇ ਜ਼ਮੀਨ ’ਤੇ ਡਿਗ ਪਿਆ।”

ਨੂਰੂਦੀਨ ਅੱਗੇ ਲਿਖਦਾ ਹੈ ਕਿ “ਸਿੱਖਾਂ ਦੇ ਜਥੇ ਨੇ ਦੀਨਦਾਰ ਸਰਦਾਰ ਵਜ਼ੀਰ ਖਾਨ ਨੂੰ ਕਤਲ ਕਰਨ ਮਗਰੋਂ ਇਕੱਠੇ ਹੋ ਕੇ ਸ਼ਹਿਰ ਸਰਹਿੰਦ ਵਿਚ ਦਾਖ਼ਲ ਹੋ ਕੇ ਲੋਕਾਂ ਦਾ ਮਾਲ ਲੁੱਟ ਲਿਆ ਤੇ ਸਲਤਨਤ ਦੇ ਉਸ ਸ਼ਹਿਰ ਨੂੰ ਅੱਠ ਦਿਨਾਂ ਤਕ ਤੇਜ਼ ਰਫਤਾਰ ਘੋੜਿਆਂ ਦੇ ਪੱਥਰਾਂ ਨੂੰ ਤੋੜਨ ਵਾਲੇ ਸੁੰਮਾਂ ਦੇ ਹੇਠ ਮਿੱਟੀ ਵਿਚ ਮਿਲਾ ਦਿੱਤਾ।” ਵਜ਼ੀਰ ਖਾਨ ਦੇ ਮਰਨ ਦੀ ਖ਼ਬਰ ਸੁਣ ਕੇ ਸਰਹਿੰਦੀ ਫੌਜ ਵਿਚ ਭਗਦੜ ਮੱਚ ਗਈ। ਮਿਰਜ਼ਾ ਮੁਹੰਮਦ ਹਾਰਿਸੀ ਦੱਸਦਾ ਹੈ ਕਿ “ਇਸ ਉਪਰੰਤ ਸਰਹਿੰਦ ਦੇ ਲਸ਼ਕਰ ਵਿਚ ਕਿਆਮਤ ਦੇ ਦਿਨ ਵਰਗਾ ਚੀਕ-ਚਿਹਾੜਾ ਪੈ ਗਿਆ। ਬਹੁਤ ਜ਼ਿਆਦਾ ਫੌਜੀ ਕਤਲ ਤੇ ਜ਼ਖ਼ਮੀ ਹੋ ਗਏ ਅਤੇ ਜੋ ਕਤਲ ਹੋਣੋਂ ਬਚ ਗਏ ਉਹ ਖਿੰਡ-ਪੁੰਡ ਗਏ। ਸਰਹਿੰਦ ਦੇ ਲੋਕਾਂ ਨੇ ਜਦੋਂ ਇਸ ਵੱਡੇ ਫਸਾਦ ਬਾਰੇ ਸੁਣਿਆ ਤਾਂ ਜਿਹੜਾ ਭੱਜ ਸਕਿਆ ਭੱਜ ਕੇ ਨਿਕਲ ਗਿਆ ਅਤੇ ਜਿਹੜਾ ਸ਼ਹਿਰ ਵਿਚ ਰਹਿ ਗਿਆ ਉਸ ਨੇ ਇਹ ਆਇਤ ਪੜ੍ਹੀ ਕਿ ‘ਸਾਰੇ ਵਜੂਦ ਮੌਤ ਦਾ ਖਾਜਾ ਹਨ।’… ਸਿਵਾਏ ਉਨ੍ਹਾਂ ਮੁਸਲਮਾਨਾਂ ਦੇ ਕੋਈ ਮੁਸਲਮਾਨ ਬਾਕੀ ਨਾ ਬਚਿਆ ਜਿਹੜੇ ਹਿੰਦੂਆਂ ਦੇ ਵਾਕਿਫ ਹੋਣ ਸਦਕਾ ਉਨ੍ਹਾਂ ਦੇ ਘਰਾਂ ਵਿਚ ਲੁਕੇ ਰਹੇ।” ਗ਼ੁਲਾਮ ਮੁਹੀਉਦੀਨ ਲਿਖਦਾ ਹੈ ਕਿ ਸਰਹਿੰਦੀ ਫੌਜ ਦੀ ਹਾਰ ਦੀ ਖ਼ਬਰ ਸੁਣ ਕੇ ਲੋਕ ਸ਼ਹਿਰ ਛੱਡ ਕੇ ਦੌੜ ਗਏ ਤੇ ਵੱਡੇ-ਵੱਡੇ ਆਦਮੀਆਂ ਦਾ ਕੰੰਮ-ਕਾਰ ਬਰਬਾਦ ਹੋ ਗਿਆ। ਕੁਝ ਨਮਕ-ਹਲਾਲ ਤੇ ਵਫ਼ਾਦਾਰ ਲੋਕਾਂ ਨੇ ਵਜ਼ੀਰ ਖਾਨ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਬਾਲ-ਬੱਚਿਆਂ ਸਮੇਤ ਦਿੱਲੀ ਪਹੁੰਚਾ ਦਿੱਤਾ। ਸਰਕਸ਼ ਨਾਨਕ-ਪ੍ਰਸਤਾਂ ਨੇ ਵਜ਼ੀਰ ਖਾਨ ਦੇ ਹੱਥ ਪੈਰ ਵੱਢ ਕੇ ਸ਼ਹਿਰ ਸਰਹਿੰਦ ਦੇ ਦਰਵਾਜ਼ਿਆਂ ਉੱਤੇ ਲਟਕਾ ਦਿੱਤਾ।”

ਮੁਹੰਮਦ ਹਾਦੀ ਕਾਮਵਾਰ ਖਾਨ ਉਪਰੋਕਤ ਬਿਆਨ ਦੀ ਪੁਸ਼ਟੀ ਕਰਦਾ ਲਿਖਦਾ ਹੈ ਕਿ “ਵਜ਼ੀਰ ਖਾਨ ਦੇ ਪੁੱਤਰ, ਪੋਤਰੇ, ਸੰਬੰਧੀ ਤੇ ਟੱਬਰ ਅਤੇ ਸਰਹਿੰਦ ਦੇ ਪੀਰਜ਼ਾਦੇ ਆਪਣੇ ਘਰਾਂ ਦਾ ਮਾਲ-ਅਸਬਾਬ ਛੱਡ ਕੇ ਰਾਜਧਾਨੀ (ਦਿੱਲੀ) ਵੱਲ ਚਲੇ ਗਏ। (ਸਿੱਖ) ਜਿਹੜੇ ਟਿੱਡੀ ਦਲ ਨਾਲੋਂ ਵੀ ਜ਼ਿਆਦਾ ਸਨ, ਅੱਖ ਦੇ ਫੋਰੇ ਵਿਚ ਸਰਹਿੰਦ ਪੁੱਜ ਗਏ ਤੇ ਉਨ੍ਹਾਂ ਨੇ ਵਜ਼ੀਰ ਖਾਨ ਦੀ ਕੋਈ ਦੋ ਕਰੋੜ ਰੁਪਏ ਦੀ ਨਕਦੀ ਤੇ ਮਾਲ-ਮੱਤਾ ਅਤੇ ਉਸ ਦੇ ਨਾਇਬ ਸੁੱਚਾ ਨੰਦ ਦਾ ਕੁਝ ਲੱਖ ਰੁਪਏ ਦਾ ਮਾਲ ਤੇ ਉਸ ਸ਼ਹਿਰ ਦੇ ਅਮੀਰ ਆਦਮੀਆਂ ਦਾ ਬੇਹੱਦ ਨਕਦ ਰੁਪਈਆ ਆਪਣੇ ਕਬਜ਼ੇ ਵਿਚ ਲੈ ਲਿਆ।”

ਮੁਹੰਮਦ ਕਾਸਿਮ ਲਾਹੌਰੀ ਦਾ ਬਿਆਨ ਵੀ ਬੜਾ ਧਿਆਨਯੋਗ ਹੈ। ਉਹ ਕਹਿੰਦਾ ਹੈ ਕਿ “ਸਿੱਖਾਂ ਹੱਥੋਂ ਸਰਹਿੰਦੀ ਫੌਜ ਦੀ ਹਾਰ ਦੀ ਦੁਖ ਭਰੀ ਖ਼ਬਰ ਸਾਰੇ ਸ਼ਹਿਰ ਵਿਚ ਫੈਲ ਗਈ। ਮਾੜੇ-ਮੋਟੇ ਹਾਕਮਾਂ ਤੇ ਮਜਬੂਰ ਪਰਜਾ ਦੇ ਸਾਹ ਸੂਤੇ ਗਏ। ਵਜ਼ੀਰ ਖਾਨ ਦਾ ਵੱਡਾ ਪੁੱਤਰ ਆਪਣੇ ਖ਼ਜ਼ਾਨਿਆਂ ਨੂੰ ਛੱਡ ਕੇ ਤੇ ਆਪਣੇ ਛੋਟੇ-ਵੱਡੇ ਸੰਬੰਧੀਆਂ ਨੂੰ ਨਾਲ ਲੈ ਕੇ ਸ਼ਾਹਜਹਾਨਾਬਾਦ ਵੱਲ ਚਲਾ ਗਿਆ।… ਅੱਖ ਦੇ ਪਲਕਾਰੇ ਵਿਚ (ਸਿੱਖਾਂ ਦੇ) ਦਲਾਂ ਦੇ ਦਲ ਸ਼ਹਿਰ ਵਿਚ ਆ ਵੜੇ। ਸ਼ਹਿਰ ਨੂੰ ਇਸ ਤਰ੍ਹਾਂ ਘੇਰ ਲਿਆ ਜਿਵੇਂ ਬਾਗ ਨੂੰ ਕੰਢਿਆਂ ਦੀ ਵਾੜ ਨੇ। ਉਨ੍ਹਾਂ ਨੇ ਹਰੇਕ ਜਗ੍ਹਾ ਦੇ ਛੋਟੇ-ਵੱਡੇ ਦਾ ਮਾਲ ਲੁੱਟ ਲਿਆ, ਖਾਸ ਤੌਰ ’ਤੇ ਵਜ਼ੀਰ ਖਾਨ ਦੇ ਨਾਇਬ ਸੁੱਚਾ ਨੰਦ ਖੱਤਰੀ ਦੇ ਮਕਾਨਾਂ ਤੇ ਮਾਲ-ਮੱਤਾ ਨੂੰ ਲੁੱਟਿਆ ਜਿਵੇਂ ਕਿ ਉਸ ਨੇ ਇਸੇ ਦਿਨ ਖ਼ਾਤਰ ਮਕਾਨ ਬਣਾਏ ਹੋਣ ਤੇ ਮਾਲ ਜਮ੍ਹਾਂ ਕੀਤਾ ਹੋਵੇ।” ਸੁੱਚਾ ਨੰਦ ਦੇ ਗਰੀਬਾਂ ਉੱਤੇ ਅੱਤਿਆਚਾਰਾਂ ਸੰਬੰਧੀ ਜੋ ਮੁਹੰਮਦ ਕਾਸਿਮ ਲਾਹੌਰੀ ਨੇ ਲੋਕਾਂ ਤੋਂ ਸੁਣਿਆ ਸੀ ਅਤੇ ਜੋ ਦੈਵੀ ਇਨਸਾਫ਼ ਦਾ ਤਕਾਜ਼ਾ ਸੀ, ਉਸ ਬਾਰੇ ਉਹ ਕਹਿੰਦਾ ਹੈ ਕਿ “ਦੇਖੋ ਰੱਬ ਇਕ ਕਮਜ਼ੋਰ ਕੀੜੀ ਨੂੰ, ਲੋਕਾਂ ਨੂੰ ਦੁਖੀ ਕਰਨ ਵਾਲੇ ਸੱਪ ਨੂੰ ਮਾਰਨ ਦਾ ਕਾਰਨ ਤੇ ਨਿਤਾਣੇ ਮੱਛਰ ਨੂੰ ਖੂੰਖਾਰ ਹਾਥੀ ਨੂੰ ਪਾਰ ਬੁਲਾਉਣ ਦਾ ਸਬੱਬ ਬਣਾ ਦਿੰਦਾ ਹੈ।ਜੋ ਕੁਝ ਉਸ ਸ਼ਹਿਰ ਦੇ ਮਾਸ਼ਕੀ ਤੋਂ ਸੁਣਿਆ ਗਿਆ ਹੈ, ਉਹ ਇਹ ਹੈ ਕਿ ਇਸ (ਸੁੱਚਾ ਨੰਦ) ਅਨਿਆਈ ਤੇ ਵਿਨਾਸ਼ਕਾਰੀ ਸ਼ਖ਼ਸ ਨੇ (ਵਜ਼ੀਰ) ਖਾਨ ਦੀ ਹਕੂਮਤ ਦੇ ਦਿਨਾਂ ਵਿਚ ਗਰੀਬਾਂ ਉੱਤੇ ਕਿਹੜੇ ਜ਼ੁਲਮ ਜਾਇਜ਼ ਨਹੀਂ ਠਹਿਰਾਏ, ਭਾਵ ਹਰ ਪ੍ਰਕਾਰ ਦੇ ਜ਼ੁਲਮ ਕੀਤੇ ਅਤੇ ਇਸ (ਸੁੱਚਾ ਨੰਦ) ਨੇ ਆਪਣੇ ਲਈ ਫਸਾਦ ਦੇ ਜਿਹੜੇ ਬੀਜ ਬੀਜੇ ਸਨ, ਉਸ ਦਾ ਇਸ ਨੂੰ ਫਲ ਮਿਲ ਗਿਆ।” ਖ਼ਾਫ਼ੀ ਖਾਨ ਦੀ ਸੂਚਨਾ ਅਨੁਸਾਰ, “ਸਾਰਾ ਜੰਗੀ ਸਾਮਾਨ ਤੇ ਹਾਥੀ (ਸਿੱਖਾਂ ਦੇ) ਕਬਜ਼ੇ ਵਿਚ ਆ ਗਏ। ਜੋ ਸਵਾਰ (ਮੁਗ਼ਲ ਫੌਜੀ) ਜੰਗ ਵਿੱਚੋਂ ਬਚ ਕੇ ਨਿਕਲੇ ਉਹ ਸਿਰਫ ਆਪਣੇ ਤਨ ਦੇ ਕੱਪੜਿਆਂ ਨਾਲ ਹੀ ਜਾਨ ਬਚਾ ਕੇ ਭੱਜ ਸਕੇ। ਇਸ ਲੜਾਈ ਵਿਚ ਬੇਸ਼ੁਮਾਰ ਪਯਾਦੇ ਤੇ ਘੋੜ-ਸਵਾਰ (ਸਿੱਖਾਂ ਦੇ ਹੱਥੋਂ) ਮਾਰੇ ਗਏ। ਸਿੱਖਾਂ ਦਾ ਪੇਸ਼ਵਾ (ਬਾਬਾ ਬੰਦਾ ਸਿੰਘ ਬਹਾਦਰ) ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਸਰਹਿੰਦ ਪਹੁੰਚ ਗਿਆ।”

ਵਜ਼ੀਰ ਖਾਨ ਦੀ ਮੌਤ ਦੀ ਖ਼ਬਰ ਫੈਲਦਿਆਂ ਉਸ ਦੀ ਫੌਜ ਮੈਦਾਨ ਛੱਡ ਕੇ ਭੱਜ ਗਈ। ਉਸ ਦੀ ਫੌਜ ਦਾ ਬਹੁਤ ਸਾਰਾ ਜੰਗੀ ਸਾਮਾਨ-ਤੋਪਾਂ, ਘੋੜੇ, ਹਾਥੀ ਤੇ ਹਥਿਆਰ ਸਿੱਖਾਂ ਦੇ ਹੱਥ ਆ ਗਿਆ, ਕਿਉਂਕਿ ਚੱਪੜ-ਚਿੜੀ ਦੀ ਲੜਾਈ ਦਿਨ ਦੇ ਤੀਜੇ ਪਹਿਰ ਤਕ ਗਰਮ ਰਹੀ ਸੀ, ਇਸ ਲਈ ਮਾਲੂਮ ਹੁੰਦਾ ਹੈ ਕਿ ਖਾਲਸਾ ਦਲ ਨੇ ਅਗਲੇ ਦਿਨ ਸਰਹਿੰਦ ਸ਼ਹਿਰ ਵੱਲ ਕੂਚ ਕੀਤਾ। ਵਜ਼ੀਰ ਖਾਨ ਦੀ ਹਾਰ ਤੇ ਮੌਤ ਦੇ ਕਾਰਨ ਸਰਹਿੰਦ ਵਿਚ ਪਹਿਲੋਂ ਹੀ ਮਾਤਮ ਛਾਇਆ ਹੋਇਆ ਸੀ। ਵਜ਼ੀਰ ਖਾਨ ਦਾ ਪੁੱਤਰ ਆਪਣੇ ਟੱਬਰ ਨੂੰ ਲੈ ਕੇ ਪਹਿਲੋਂ ਹੀ ਦਿੱਲੀ ਵੱਲ ਭੱਜ ਗਿਆ ਸੀ। ਭਾਵੇਂ ਸਰਹਿੰਦ ਵਿਚ ਸਿੰਘਾਂ ਦਾ ਟਾਕਰਾ ਕਰਨ ਵਾਲਾ ਕੋਈ ਹੋਰ ਮੁਗ਼ਲ ਸਰਦਾਰ ਨਹੀਂ ਸੀ ਪਰ ਪ੍ਰੋਫ਼ੈਸਰ ਗੰਡਾ ਸਿੰਘ ਅਨੁਸਾਰ ਇਕ ਤੋਪ ਕਿਲ੍ਹੇ ਤੋਂ ਕਾਫੀ ਦੇਰ ਤਕ ਗੋਲੇ ਛੱਡਦੀ ਰਹੀ ਜਿਸ ਨਾਲ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਸਿੰਘਾਂ ਨੇ ਇਸ ਨੂੰ ਨਿਕੰਮਾ ਕਰਨ ਲਈ ਇਸ ਦੇ ਨੇੜੇ ਇਕ ਉੱਚੇ ਥੇਹ ’ਤੇ ਪਹੁੰਚ ਕੇ ਬੰਦੂਕਾਂ ਦੀ ਅਜਿਹੀ ਵਾੜ ਝਾੜੀ ਕਿ ਸਾਰੇ ਤੋਪਚੀ ਉਡਾ ਦਿੱਤੇ। ਅਗਲੇ ਦਿਨ 26 ਰਬੀਅ ਉਲ ਅਵਲ 1122 ਹਿਜ਼ਰੀ ਮੁਤਾਬਿਕ 14 ਮਈ, 1710 ਈ: ਨੂੰ ਸਰਹਿੰਦ ਉੱਪਰ ਸਿੰਘਾਂ ਦਾ ਪੂਰਾ ਕਬਜ਼ਾ ਹੋ ਗਿਆ।

ਖਾਲਸਾ ਦਲ ਦੇ ਨਾਲ ਬਹੁਤ ਸਾਰੇ ਲੁਟੇਰੇ ਤੇ ਧਾੜਵੀ ਵੀ ਸ਼ਹਿਰ ਪ੍ਰਵੇਸ਼ ਕਰ ਗਏ, ਜਿਨ੍ਹਾਂ ਨੇ ਸਰਹਿੰਦ ਸ਼ਹਿਰ ਵਿਚ ਲੁੱਟ ਮਚਾ ਦਿੱਤੀ। ਸਿੰਘਾਂ ਦੀ ਮਾਰ ਦਾ ਜ਼ਿਆਦਾਤਰ ਅਸਰ ਮੁਸਲਮਾਨੀ ਮੁਹੱਲਿਆਂ ਵਿਚ ਰਹਿਣ ਵਾਲੇ ਅਮੀਰਾਂ, ਪੀਰਜ਼ਾਦਿਆਂ ਤੇ ਮੌਲਾਣਿਆਂ ਉੱਪਰ ਹੋਇਆ ਕਿਉਂਕਿ ਇਹ ਲੋਕ ਵਜ਼ੀਰ ਖਾਨ ਦੇ ਬੜੇ ਵੱਡੇ ਸਮਰਥਕ ਸਨ। ਸਿਰਫ਼ ਉਹ ਮੁਸਲਮਾਨ ਹੀ ਬਚ ਸਕੇ ਜਿਨ੍ਹਾਂ ਨੇ ਜਾਂ ਤਾਂ ਭੇਸ ਵਟਾ ਲਿਆ ਸੀ ਜਾਂ ਫਿਰ ਆਪਣੇ ਹਿੰਦੂ ਦੋਸਤਾਂ ਦੇ ਘਰ ਵਿਚ ਸ਼ਰਨ ਲੈ ਲਈ ਸੀ। ਜਿਨ੍ਹਾਂ ਮੁਗ਼ਲ ਅਮੀਰਾਂ, ਸੱਯਦਾਂ, ਪਠਾਨਾਂ, ਪੀਰਜ਼ਾਦਿਆਂ ਤੇ ਮੌਲਾਣਿਆਂ ਨੇ ਹਕੂਮਤ ਦੇ ਹੰਕਾਰ ਵਿਚ ਲੋਕਾਂ ਉੱਤੇ ਅੱਤ ਚੁੱਕੀ ਹੋਈ ਸੀ, ਉਨ੍ਹਾਂ ਦੇ ਘਰ-ਘਾਟ ਬਰਬਾਦ ਹੋ ਗਏ। ਇੱਥੋਂ ਤਕ ਕਿ ਸੁੱਚਾ ਨੰਦ ਵਰਗੇ ਹਿੰਦੂ ਖੱਤਰੀਆਂ ਦੇ ਘਰ ਵੀ ਲਪੇਟ ਵਿਚ ਆ ਗਏ। ਫ਼ਾਰਸੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉੱਪਰ ਫਤਿਹ ਸਮੇਂ ਮੁਸਲਮਾਨਾਂ ਦੀਆਂ ਮਸਜਿਦਾਂ, ਮਕਬਰੇ, ਮਜ਼ਾਰ, ਕਬਰਾਂ ਆਦਿ ਤਹਿਸ-ਨਹਿਸ ਕਰ ਦੇਣ ਤੋਂ ਇਲਾਵਾ ਮੁਸਲਮਾਨਾਂ ਦੀ ਵਿਆਪਕ ਪੱਧਰ ਉੱਤੇ ਲੁੱਟ-ਮਾਰ ਤੇ ਕਤਲ-ਓ-ਗਾਰਤ ਕਰਨ ਦਾ ਦੋਸ਼ਾਰੋਪਣ ਕੀਤਾ ਹੈ। ਪਰ ਭਾਈ ਰਤਨ ਸਿੰਘ (ਭੰਗੂ) ਉਪਰੋਕਤ ਮਤ ਨਾਲ ਸਹਿਮਤ ਨਹੀਂ। ਉਹ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਪਰ ਕਬਜ਼ਾ ਕਰ ਕੇ ਇਸ ਨੂੰ ਲੁੱਟਣ ਦੀ ਖੁੱਲ ਨਹੀਂ ਸੀ ਦਿੱਤੀ। ਸ਼ਹਿਰ ਦੀ ਰਖਵਾਲੀ ਚਾਹੁਣ ਵਾਲੇ ਵਪਾਰੀਆਂ ਤੇ ਸ਼ਾਹੂਕਾਰਾਂ ਤੋਂ ਉਗਰਾਹੀ ਵਸੂਲ ਲਈ ਸੀ। ਇਸੇ ਹੀ ਤਰ੍ਹਾਂ “ਅਖਬਾਰਿ-ਦਰਬਾਰਿ-ਮੁਅੱਲਾ” ਦੀ ਖ਼ਬਰ ਜਿਸ ਵਿਚ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਦੇ ਸਿੱਖਾਂ ਹੱਥੋਂ ਮਾਰੇ ਜਾਣ ਦੀ ਤਾਰੀਖ਼ ਦਿੱਤੀ ਹੋਈ ਹੈ, ਉਸ ਵਿਚ ਜ਼ਿਕਰ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਪਰ ਕਬਜ਼ਾ ਕਰ ਕੇ ਹੁਕਮ ਜਾਰੀ ਕੀਤੇ ਸਨ ਕਿ ਇਨਸਾਨ ਤਾਂ ਕੀ ਕੋਈ ਕਿਸੇ ਜਾਨਵਰ ਨੂੰ ਵੀ ਨਾ ਮਾਰੇ। ਸਰਹਿੰਦ ਵਿਚ ਬਹੁਤ ਸਾਰੀਆਂ ਮਸੀਤਾਂ ਅਤੇ ਖਾਸ ਕਰ ਕੇ ਨਕਸ਼ਬੰਦੀ ਸਿਲਸਿਲੇ ਦੇ ਪ੍ਰਮੁੱਖ ਸੂਫ਼ੀ ਪੀਰ ਸ਼ੇਖ ਅਹਿਮਦ ਸਰਹਿੰਦੀ ਦਾ ਰੋਜ਼ਾ ਸ਼ਰੀਫ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ, ਜੋ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਨੂੰ ਵਿਆਪਕ ਪੱਧਰ ਉੱਤੇ ਤਬਾਹ ਕਰ ਦੇਣ ਦੇ ਦੋਸ਼ ਨੂੰ ਝੁਠਲਾਉਂਦਾ ਹੈ।