
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਏ ਦਿਨ ਹੀ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਸਮੁੱਚਾ ਪੰਥ ਹੈਰਾਨ ਰਹਿ ਜਾਂਦਾ ਹੈ। ਜਿਥੇ ਬੀਤੇ ਦਿਨੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ‘ਤੇ ਲੱਗੀ ਰੋਕ ਹਟਾ ਕੇ ਉਨ੍ਹਾਂ ਇੱਕ ਨਵੀਂ ਚਰਚਾ ਛੇੜ ਦਿੱਤੀ ਸੀ, ਭਾਵੇਂ ਕਿ ਬਹੁਤੇ ਪੰਥ ਦਰਦੀਆਂ ਵੱਲੋਂ ਉਨ੍ਹਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ।ਉਥੇ ਹੀ ਅੱਜ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਉਨ੍ਹਾਂ ਦੀ ਅਚਨਚੇਤ ਮੁਲਾਕਾਤ ਇੱਕ ਫਾਰ ਫਿਰ ਸਾਰੇ ਮੀਡੀਆ ਦੀ ਮੁੱਖ ਖਬਰ ਬਣੀ ਹੋਈ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਧਿਆਨ ਸਿੰਘ ਮੰਡ ਨਾਲ ਮੁਲਾਕਾਤ ਕੀਤੀ। ਗਿਆਨੀ ਗੜਗੱਜ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਸੰਘਰਸ਼ੀ ਪਰਿਵਾਰ ਨਾਲ ਸੰਬੰਧਿਤ ਭਾਈ ਧਿਆਨ ਸਿੰਘ ਮੰਡ, ਜਿਨ੍ਹਾਂ ਦੇ ਤਿੰਨ ਭਰਾ ਸੰਘਰਸ਼ ਦੌਰਾਨ ਸ਼ਹੀਦ ਹੋਏ ਸਨ, ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਹਨ। ਉਨ੍ਹਾਂ ਦੀ ਸਿਹਤ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲਗਾਤਾਰ ਸਮੁੱਚੇ ਪੰਥ ਨੂੰ ਇੱਕਜੁੱਟ ਕਰਨ ਵਿੱਚ ਲੱਗੇ ਹੋਏ ਹਨ।ਇਸਦੇ ਤਹਿਤ ਉਹ ਖੁਦ ਧਰਮ ਪ੍ਰਚਾਰ ਕਾਰਜਾਂ ਵਿੱਚ ਨਿਰੰਤਰ ਰੁੱਝੇ ਹੋਏ ਹਨ ਅਤੇ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਕਰਨ ਦੇ ਨਿਰੰਤਰ ਯਤਨ ਕਰ ਰਹੇ ਹਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ, ਦੇਹਧਾਰੀ ਪਖੰਡੀ ਡੇਰੇਦਾਰਾਂ ਤੇ ਨਸ਼ਿਆਂ ਤੋਂ ਦੂਰ ਰਹਿਣ, ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ, ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਲਈ ਦਸਵੰਧ ਕੱਢ ਕੇ ਉਸਦੀ ਸਾਰਥਕ ਵਰਤੋਂ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਇਸਦੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ ਦਾ ਪ੍ਰਣ ਵੀ ਸਮੇਂ-ਸਮੇਂ ਕਰਵਾਉਂਦੇ ਰਹਿੰਦੇ ਹਨ।