127 views 1 sec 0 comments

ਧੁਰਵ ਰਾਠੀ , ਵਾਪਾਰ ਮੰਡਲ , ਸ਼ਰਧਾਲੂ , ਸੁਚੇਤ ਵਰਗ

ਲੇਖ
May 31, 2025

ਧੁਰਵ ਰਾਠੀ ਦੀ ਨਵੀਂ ਬਣੀ ਵੀਡੀਓ ਵਿੱਚ ਕਾਫ਼ੀ ਸਿਧਾਂਤਕ ਤੇ ਇਤਿਹਾਸਿਕ ਗਲਤੀਆਂ ਹਨ। ਜਿਸਤੇ ਕਾਫ਼ੀ ਚਰਚਾ ਹੋ ਰਹੀ ਹੈ ਤੇ ਹੋਣੀ ਚਾਹੀਦੀ ਹੈ। ਇਸ ਮਸਲੇ ਤੇ ਗੱਲ ਕਰਨ ਤੋਂ ਪਹਿਲਾਂ ਸੋਚਿਆ ਪੁਰਾਣਾ ਰਾਗ ਦੁਬਾਰਾ ਅਲਾਪ ਲਿਆ ਜਾਏ :-

ਫਿਲਮਾਕਣ:- ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਕੇਵਲ ਸ਼ਬਦ ਦੇ ਨਾਲ ਜੋੜਿਆ, ਇਸੇ ਲਈ ਉਹਨਾਂ ਨੇ ਕਦੇ ਵੀ ਆਪਣੀਆਂ ਤਸਵੀਰਾਂ ਨਹੀਂ ਬਣਨ ਦਿੱਤੀਆਂ। ਸਿੱਖਾਂ ਪਾਸੋਂ ਪਹਿਲੀ ਗਲਤੀ ਇੱਥੇ ਹੋਈ ਜਦ ਤਸਵੀਰਾਂ ਬਣੀਆਂ, ਉਹ ਪ੍ਰਤੀਕਾਤਮਕ ਹੀ ਸਨ, ਪਰ ਹੌਲੀ ਹੌਲੀ ਉਹ ਪੂਜਾ ਦਾ ਆਧਾਰ ਬਣੀਆਂ। ਕਾਗਤ ਤੋਂ ਟੁਰੀ ਗੱਲ ਮੂਰਤੀਆਂ ਤੱਕ ਪਹੁੰਚ ਗਈ ਤੇ ਹੁਣ ਇਸ ਨੇ ਚਲਚਿਤ੍ਰ ਦਾ ਰੂਪ ਧਾਰਨ ਕਰ ਲਿਆ। ਅੱਜ ਤੋਂ ੮੦ ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਹ ਸਮੇਂ ਨੂੰ ਵੇਖ ਲਿਆ ਸੀ , ਜਿਸਕਰਕੇ ਉਸ ਵਕਤ ਦੀ ਸਿੱਖਾਂ ਦੀ ਇੱਕੋ ਇੱਕ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਮਤਾ ਪਾਕੇ ਗੁਰੂ ਸਾਹਿਬਾਨ , ਸਿੱਖ ਸ਼ਹੀਦਾਂ ਅਤੇ ਗੁਰੂ ਸਾਹਿਬ ਦੇ ਪਰਿਵਾਰ ਦੇ ਜੀਆਂ ਨੂੰ ਫਿਲਮਾਉਣ ਤੇ ਪੂਰੀ ਰੋਕ ਲਗਾਈ। ਬਹੁਤ ਸਮਾਂ ਉਹ ਹੁਕਮ ਲਾਗੂ ਰਿਹਾ , ਫਿਰ ਉਹ ਟੁੱਟਣਾ ਸ਼ੁਰੂ ਹੋਇਆ ਜਦ ਬੱਚਿਆਂ ਲਈ ਚਿਤ੍ਰਾਵਲੀ ਕਿਤਾਬਾਂ ਤਿਆਰ ਹੋਈਆਂ (ਇਹ ਕਾਰਜ ਚਾਹੇ ਚੰਗੀ ਸੋਚ ਵਿੱਚੋਂ ਸੀ, ਪਰ ਇਸਨੂੰ ਵਰਤਨ ਲਈ ਵਾਪਾਰ ਮੰਡਲ ਬੈਠਾ ਸੀ), ਫਿਰ ਬੈੱਡ ਟਾਈਮ ਸਟੋਰੀ, ਕਾਮਿਕ ਬੁਕਸ ਬਣਨ ਲੱਗੀਆਂ , ਪਰ ਕਿਸੇ ਨੂੰ ਇਹ ਗਲਤ ਇਸ ਲਈ ਨਹੀਂ ਲੱਗਾ ਕਿਉਂਕਿ ਲੋਕ ਮਹਿਸੂਸ ਕਰ ਰਹੇ ਸਨ , ਇਸ ਨਾਲ ਜਾਣਕਾਰੀ ਬੱਚਿਆਂ ਨੂੰ ਮਿਲ ਰਹੀ ਹੈ । ਅਸਲ ਵਿੱਚ ਧਾਰਮਿਕ ਵਿੱਦਿਆ ਨੂੰ ਸਕੂਲੀ ਵਿੱਦਿਆ ਵਾਲਾ ਜਾਮਾ ਪਹਿਨਾਇਆ ਗਿਆ। ਇਸ ਵਿੱਚੋਂ ਫਿਰ ਸਭ ਤੋਂ ਪਹਿਲਾਂ ਜਿਸ ਚਲਚਿਤ੍ਰ ਨੇ ਵਾਪਰਿਕ ਪੱਖ ਤੋਂ ਸਥਾਪਤੀ ਦਾ ਬੂਹਾ ਖੋਲਿਆ ਉਹ ਸੀ “ਚਾਰ ਸਾਹਿਬਜ਼ਾਦੇ”। ਇਸਤੋਂ ਬਾਅਦ ਤੇ ਹੋੜ ਲੱਗ ਗਈ ਐਨੀਮੇਸ਼ਨ , ਥ੍ਰੀ ਡੀ ਐਨੀਮੇਸ਼ਨ ਬਣਾਉਣ ਦੀ ਤੇ ਇੱਕ ਵੱਡੇ ਸਿੱਖਾਂ ਦੇ ਵਰਗ ਵਿੱਚ ਇਹ ਸਲਾਹੀ ਜਾ ਰਹੀ ਹੈ , ਉਹਨਾਂ ਨੂੰ ਇਸ ਵਿੱਚ ਦਿੱਕਤ ਨਹੀਂ ਲੱਗੀ । ਥੋਡੇ ਆਸੇ ਪਾਸੇ ਉਹ ਸਭ ਹੋਣਗੇ ਜਿਨ੍ਹਾਂ ਪਿੰਡਾਂ ਵਿੱਚ ਪ੍ਰੋਜੈਕਟਰ ਤੇ ਇਹ ਸਭ ਦਿਖਾਈਆਂ ਨੇ। ਇਸਨੂੰ ਬਹੁਤ ਵੱਡੀ ਸੇਵਾ ਸਮਝ ਕੇ!

ਅਜੇ ਮੈਂ ਦੂਜੀਆਂ ਫਿਲਮਾਂ ਦੀ ਗੱਲ ਹੀ ਨਹੀਂ ਕਰਦਾ ਜੋ ਸਾਕਾ ਨਨਕਾਣਾ ਸਾਹਿਬ , ੮੪ ਜਾਂ ਹੋਰ ਮਸਲਿਆਂ ਤੇ ਹੋਇਆ ਸ਼ਹੀਦਾਂ ਨੂੰ ਲੈਕੇ ਫਿਲਮਾਈਆਂ ਗਈਆਂ ਹਨ।

ਬੜੇ ਸਮੇਂ ਤੋਂ ਆਪਾਂ ਗੱਲ ਕਰ ਰਹੇ ਹਾਂ ਕਿ ਮਸਲਾ ਸਹਾ ਨਹੀਂ ਪਹਾ ਹੈ ਜੋ ਪੈ ਰਿਹਾ ਹੈ । ਪਰ ਸਿੱਖਾਂ ਵਿੱਚ ਸੁਚੇਤਪੁਣੇ ਦੀ ਵੱਡੀ ਖੜੋਤ , ਆਪਸ ਵਿੱਚ ਉਲਝਾਈ ਰੱਖਦੀ ਹੈ , ਜਿਸਦੇ ਫਲਸਰੂਪ ਸਿੱਖਾਂ ਨਾਲ ਸਬੰਧਤ ਕਿਸੇ ਤਰ੍ਹਾਂ ਦੇ ਵੀ ਚਲਚਿਤ੍ਰ ਹੋਵਣ ਸੋਹਣੀ ਕਮਾਈ ਦਾ ਸਾਧਨ ਹਨ ਤੇ ਵਾਪਾਰੀ ਬੰਦੇ ਲਈ ਉਹਨਾਂ ਦਾ ਬਿਜਨਸ ਬਹੁਤ ਵੱਡੀ ਗੱਲ ਹੁੰਦੀ ਹੈ, ਹਰ ਬੰਦਾ ਆਪਣੇ ਫ਼ਾਇਦੇ ਬਾਰੇ ਸੋਚੇਗਾ। ਇਸ ਲਈ ਮੁੱਢ ਵਿੱਚ ਤਾਂ ਸਿੱਖਾਂ ਨੂੰ ਆਪਣੇ ਅੰਦਰ ਸਮੂਹਿਕ ਝਾਤੀ ਮਾਰਕੇ ਸੋਚਣਾ ਚਾਹੀਦਾ ਕਿ ਉਹਨਾਂ ਦੁਆਰਾ ਕਬੂਲ ਕੀਤੀ ਗਲਤ ਧਾਰਾ ਕਿੱਥੇ ਲੈ ਕੇ ਜਾ ਰਹੀ ਹੈ ਤੇ ਜਾਵੇਗੀ ।

ਧਰੁਵ ਰਾਠੀ ਦੇ ਫਿਲਮਾਂਕਣ ਬਾਰੇ:- ਧਰੁਵ ਰਾਠੀ ਦੀ ਨੀਅਤ ਠੀਕ ਜਾਂ ਗਲਤ ਇਸ ਬਾਰੇ ਮੈ ਕੁਝ ਨਹੀਂ ਲਿਖਣਾ, ਉਹ ਆਪ ਜਾਂ ਵਾਹਿਗੁਰੂ ਜਾਣਦਾ ਹੈ। ਅਗਲੀ ਗੱਲ ਉਸਦੀ ਵੀਡੀਓ ਵਿੱਚ ਸਿਧਾਂਤਕ, ਇਤਿਹਾਸਿਕ ਗਲਤੀਆਂ ਕਾਫ਼ੀ ਹਨ। ਪਰ ਉਹਨਾਂ ਦੀ ਚਰਚਾ ਵੀ ਨ ਕਰਦਾ ਹੋਇਆ ਮੈਂ ਸਿਰਫ ਫਿਲਮਾਂਕਣ ਤੱਕ ਰਹਾਂਗਾ। ਪਹਿਲੀ ਗੱਲ ਤੇ ਇਹ ਕਿ ਗੁਰੂ ਸਾਹਿਬ ਦਾ ਫਿਲਮਾਂਕਣ ਕਰਨਾ ਹੀ ਗਲਤ ਸੀ । ਪਰ ਇਸ ਗਲਤ ਅੰਦਰ ਵੀ ਜੋ ਗਲਤੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਬਣਦਾ ਹੈ । ੧ . ਭਾਈ ਜੈਤਾ ਤੇ ਗੁਰੂ ਗੋਬਿੰਦ ਰਾਏ(ਉਸ ਵਕਤ ਸਿੰਘ ਨਹੀ) ਦਾ ਮਿਲਾਪ ਦਰੁਸਤ ਨਹੀ, ਸੀਸ ਥਾਲ਼ੀ ਵਿੱਚ ਰੱਖ ਕੇ ਗੁਰੂ ਸਾਹਿਬ ਅੱਗੇ ਪੇਸ਼ ਕਰਨਾ , ਬਿਲਕੁਲ ਗਲਤ ਫਿਲਮਾਂਕਣ ਹੈ। ੨. ਅਕਬਰ ਦਾ ਆਦਿ ਗ੍ਰੰਥ ਸਾਹਿਬ ਦੀ ਪੋਥੀ ਨੂੰ ਪੱਟਾਂ ਤੇ ਰੱਖ ਕੇ ਖੋਲਣ ਵਾਲਾ ਫਿਲਮਾਂਕਣ ਗਲਤ ਹੈ। ੩. ਗੁਰੂ ਗੋਬਿੰਦ ਰਾਏ ਨੂੰ ਰੋੰਦੇ ਵਿਖਾਉਣਾ ਵੱਡੀ ਗਲਤੀ ਹੈ । ੪. ਛੋਟੇ ਸਾਹਿਬਜ਼ਾਦਿਆਂ ਨੂੰ ਭੈ ਭੀਤ ਵਿਖਾਉਣਾ ਵੱਡੀ ਗਲਤੀ ਹੈ। ੫. ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੇ ਤਾਜ (ਨਾਦਰਸਾਹੀ) ਫਿਲਮਾਉਣਾ ਗਲਤ ਹੈ। ੬. ਬਾਬਾ ਬੰਦਾ ਸਿੰਘ ਬਹਾਦਰ ਨੂੰ ਅਬਦੁਲ ਸਮੁਦ ਖਾਂ ਸਾਹਮਣੇ ਹਥਿਆਰ ਸੁੱਟਦੇ ਵਿਖਾਉਣਾ ਗਲਤ ਹੈ ।
ਇਹ ਤੇ ਮੈਂ ਕੁਝ ਵੱਡੀਆਂ ਫਿਲਮਾਂਕਣ ਦੀਆਂ ਗਲਤੀਆਂ ਦਾ ਜ਼ਿਕਰ ਕੀਤਾ ਹੈ, ਇਸਤੋਂ ਛੁੱਟ ਵੀ ਕਈ ਹਨ।

ਬਲਦੀਪ ਸਿੰਘ ਰਾਮੂੰਵਾਲੀਆ