
ਬੈਨਬਰੀ ਦੇ ਸਿੱਖ ਭਾਈਚਾਰੇ ਨੂੰ ਨਵੇਂ ਗੁਰਦੁਆਰੇ ਲਈ ਢੁੱਕਵੀ ਜਗਾ ਦੀ ਖੋਜ ਵਿੱਚ ਸ਼ਹਿਰ ਦੇ ਐਮਪੀ ਦਾ ਸਮਰਥਨ ਮਿਲਿਆ ਹੈ। ਚੈਰਵੈਲ ਜ਼ਿਲ੍ਹਾ ਪ੍ਰੀਸ਼ਦ ਨਾਲ ਯੋਜਨਾਬੰਦੀ ਸੰਬੰਧੀ ਚੁਣੌਤੀਆਂ ਅਤੇ ਸੰਚਾਰ ਦੀ ਕਮੀ ਕਾਰਨ, ਭਾਈਚਾਰੇ ਨੂੰ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਲਈ ਕੋਈ ਢੁੱਕਵੀਂ ਜਗਾ ਨਹੀ ਮਿਲ ਰਹੀ ਸੀ।ਇਸ ਸੰਦਰਭ ਵਿੱਚ ਐਮਪੀ ਸੀਨ ਵੁੱਡਕੌਕ ਨੇ ਦਖ਼ਲ ਦਿੱਤਾ ਹੈ।
ਵੈਸਟ ਸਟਰੀਟ ਉਤੇ ਮੌਜੂਦਾ ਗੁਰਦੁਆਰਾ ਪਿਛਲੇ 30 ਸਾਲਾਂ ਤੋਂ ਸਿੱਖ ਸੰਗਤ ਦਾ ਮਾਰਗ ਦਰਸ਼ਨ ਕਰ ਰਿਹਾ ਹੈ, ਪਰ ਹੁਣ ਇਹ ਥਾਂ ਉਨ੍ਹਾਂ ਦੀਆਂ ਵਧ ਰਹੀਆਂ ਲੋੜਾਂ ਲਈ ਥੋੜੀ ਘੱਟ ਜਾਪਦੀ ਹੈ।
ਸੀਨ ਵੁੱਡਕੌਕ ਨੇ ਕਿਹਾ, “ਮੈਂ ਅਪ੍ਰੈਲ ਵਿੱਚ ਮੌਜੂਦਾ ਗੁਰਦੁਆਰੇ ਦਾ ਦੌਰਾ ਕੀਤਾ ਸੀ ਅਤੇ ਆਪਣੀ ਅੱਖੀਂ ਦੇਖਿਆ ਕਿ ਇਹ ਥਾਂ ਉਨ੍ਹਾਂ ਦੇ ਵਧਦੇ ਭਾਈਚਾਰੇ ਲਈ ਢੁਕਵੀਂ ਨਹੀਂ ਰਹੀ।
ਇਹ ਗੁਰਦੁਆਰਾ ਇੱਕ ਛੋਟੀ ਗਲੀ ਵਿੱਚ ਸਥਿਤ ਹੈ, ਜਿੱਥੇ ਘੱਟ ਪਾਰਕਿੰਗ ਅਤੇ ਜਗ੍ਹਾ ਦੀ ਕਮੀ ਇੱਕ ਵੱਡੀ ਸਮੱਸਿਆ ਹੈ। ਸਿੱਖ ਭਾਈਚਾਰਾ ਕਈ ਸਾਲਾਂ ਤੋਂ ਇੱਕ ਨਵੀਂ, ਢੁਕਵੀਂ ਥਾਂ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਕਿਹਾ, “ਮੈਂ ਹਾਲੀਆ ਸਾਲਾਂ ਵਿੱਚ ਉਨ੍ਹਾਂ ਦੀ ਇਸ ਜਰੂਰਤ ਦੇ ਪੂਰਾ ਨਾ ਹੋਣ ਕਾਰਨ ਉਨ੍ਹਾਂ ਦੀ ਨਿਰਾਸ਼ਾ ਨੂੰ ਭਲੀਭਾਂਤ ਸਮਝਦਾ ਹਾਂ।”
ਵੁੱਡਕੌਕ ਨੇ ਹੁਣ ਚੈਰਵੈਲ ਜ਼ਿਲ੍ਹਾ ਪ੍ਰੀਸ਼ਦ ਨੂੰ ਸਿਫ਼ਾਰਸ਼ ਕੀਤੀ ਹੈ ਕਿ ਉਹ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਖ਼ਾਸ ਅਧਿਕਾਰੀ ਦਾ ਸਮਾਂ ਨਿਰਧਾਰਤ ਕਰਨ।ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਇੱਕ ਅਧਿਕਾਰੀ ਨੂੰ ਭਾਈਚਾਰੇ ਨਾਲ ਸੰਪਰਕ ਕਰਨ ਲਈ ਸਪੈਸ਼ਲ ਨਾਮਜ਼ਦ ਕੀਤਾ ਜਾਵੇ।
ਵੁੱਡਕੌਕ ਨੇ ਕਿਹਾ, “ਮੈਂ ਉਤਸ਼ਾਹਤ ਹਾਂ ਕਿ ਚੈਰਵੈਲ ਜ਼ਿਲ੍ਹਾ ਪ੍ਰੀਸ਼ਦ ਨੇ ਇਹ ਸੁਝਾਅ ਸਵੀਕਾਰ ਕਰ ਲਿਆ ਹੈ ਕਿ ਇੱਕ ਅਧਿਕਾਰੀ ਨੂੰ ਕੇਸ ਲਈ ਸਮਰਪਿਤ ਕੀਤਾ ਜਾਵੇ ਅਤੇ ਭਾਈਚਾਰੇ ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਉੱਤੇ ਚਰਚਾ ਕਰਨ ਲਈ ਸਮਾਂ ਦਿੱਤਾ ਜਾਵੇ।
“ਮੈਨੂੰ ਉਮੀਦ ਹੈ ਕਿ ਇਸ ਨਾਲ ਜਲਦੀ ਕੋਈ ਹੱਲ ਨਿਕਲ ਸਕੇਗਾ, ਜਿਸ ਨਾਲ ਬੈਨਬਰੀ ਵਿੱਚ ਸਿੱਖ ਭਾਈਚਾਰੇ ਨੂੰ ਉਹ ਜਗ੍ਹਾ ਮਿਲੇਗੀ ਜਿੱਥੇ ਉਹ ਆਜ਼ਾਦੀ ਨਾਲ ਆਪਣੇ ਧਰਮ ਦੀ ਅਭਿਆਸ ਕਰ ਸਕਣ।”