ਸਯਦ ਮੁਹੰਮਦ ਲਤੀਫ ਦਾ ਕਹਿਣਾ ਹੈ ਕਿ ਜਦ ਵੀ ਭਾਈ ਮਰਦਾਨਾ ਜੀ ਰਬਾਬ ਨੂੰ ਟੁੰਕਾਰਦੇ ਉਸ ਵਿੱਚ ਪਹਿਲੀ ਆਵਾਜ਼ ਇਹ ਨਿਕਲਦੀ “ਤੂੰ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾ” ਪੁਰਾਤਨ ਜਨਮ ਸਾਖੀ ਨੇ ਜ਼ਿਕਰ ਕੀਤਾ ਹੈ ਕਿ ਜਦ ਵੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਹਿੰਦੇ ਤਾਂ ਪਹਿਲਾਂ ਇਹ ਬਚਨ ਜ਼ਰੂਰ ਬੋਲਦੇ ‘ਛੇੜ ਮਰਦਾਨਿਆ ਰਬਾਬ, ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ’। ਹਰ ਕੋਈ ਜਾਣਨਾ ਚਾਹੇਗਾ ਕਿ ਉਹ ਰਬਾਬ ਭਾਈ ਮਰਦਾਨਾ ਜੀ ਦੇ ਹੱਥ ਕੈਸੇ ਆਈ। ਸਾਡੇ ਇਤਿਹਾਸ ਦਾ ਕਹਿਣਾ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਸੁਲਤਾਨਪੁਰ ਮੋਦੀਖਾਨਾ ਦਾ ਕਾਰਜ ਸੰਭਾਲਣ ਲਈ ਆਏ ਸਨ ਤਾਂ ਮਰਦਾਨਾ ਜੀ ਨੂੰ ਨਾਲ ਹੀ ਲੈ ਆਏ ਸਨ। ਮਰਦਾਨਾ ਰਬਾਬ ਵਜਾਂਦਾ ਤੇ ਗੁਰੂ ਨਾਨਕ ਦੇਵ ਜੀ ਬਾਣੀ ਉਚਾਰਦੇ। ਇੱਕ ਸੰਗਤ ਜਿਹੀ ਬਣ ਗਈ ਸੀ। ਇਹ ਕੋਈ ਦੁਹਰਾਉਣ ਦੀ ਲੋੜ ਨਹੀਂ ਕਿ ਭਾਈ ਮਰਦਾਨਾ ਜੀ ਦਾ ਅਸਲ ਨਾਂ ਦਾਨਾ ਸੀ ਤੇ ਤਲਵੰਡੀ ਵਿਖੇ ਹੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਹਿਆ ਸੀ ਕਿ ‘ਸ਼ਬਦ ਪਾਇਕੈ ਰਾਗ ਗਾਏ ਤਾਂ ਤੂੰ ਮਰਦਾਨਾ ਕਹਿਲਾਏ।’ ਕੀਰਤਨ ਕੋਈ ਸੂਰਮਾ ਹੀ ਕਰ ਸਕਦਾ ਹੈ। ਕਿਤਨਾ ਕੁ ਸੰਕੋਚਨਾ ਪੈਂਦਾ ਹੈ । ਸਾਢੇ ਚਾਰ ਸਾਲ ਮੋਦੀਖ਼ਾਨੇ ਦੀ ਕਾਰ ਸੰਭਾਲਣ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਹੁਣ ਹੁਣ ਨਿਰਣਾ ਲੈ ਲਿਆ ਸੀ ਕਿ ਲੋਕਾਈ ਨੂੰ ਸੋਧਣ ਲਈ ਉਦਾਸੀ ਕਰਨ ਦੀ ਲੋੜ ਹੈ। ਵੇਈਂ ਤੋਂ ਨਿਕਲਦੇ ਸਾਰ ਹੀ ਕਫਨੀ ਬੰਨ੍ਹ ਫੁਰਮਾਇਆ ਸੀ ‘ਨਾ ਕੋ ਹਿੰਦੂ ਨਾ ਮੁਸਲਮਾਨ’। ਐਸਾ ਉਪਦੇਸ਼ ਤੇ ਕਫਨ ਸਿਰ ‘ਤੇ ਬੰਨ੍ਹ ਕੇ ਹੀ ਦਿੱਤਾ ਜਾ ਸਕਦਾ ਸੀ। ਮਸੀਤੇ ਜੁੜੇ ਇਮਾਮ ਦਾ ਮਨ ਤੋਲ ਕੇ ਆਖ ਦਿੱਤਾ ਸੀ ਕਿ ਭੇਸ ਤੇਰਾ ਬੰਦਗੀ ਦਾ ਹੈ ਪਰ ਮਨ ਦਸ ਪਾਸੇ ਜਾ ਰਿਹਾ ਹੈ। ਜੇ ਇਮਾਮ ਦਾ ਹੀ ਮਨ ਨਹੀਂ ਠਹਿਰਿਆ ਤਾਂ ਪਿਛੇ ਲਗ ਨਾਮ ਨੂੰ ਪੜ੍ਹਨ ਵਾਲਿਆਂ ਦਾ ਕਿਵੇਂ ਟਿਕੇਗਾ। ਕਾਜ਼ੀ ਜੀ! ਘੋੜੇ ‘ਤੇ ਕੋਈ ਅਣਜਾਨ ਚੜ੍ਹ ਜਾਏ ਤਾਂ ਘੋੜਾ ਪਟਕਾ ਮਾਰੇਗਾ ਪਰ ਜੇ ਕੋਈ ਸਿਆਣਾ ਸਵਾਰ ਕਾਬੂ ਕਰ ਚੜ੍ਹੇ ਤਾਂ ਜਿਥੇ ਚਾਹੇਗਾ ਘੋੜਾ ਜਾਏਗਾ; ਤਿਵੇਂ ਮਨ ਜੇ ਨਾਮ ਪ੍ਰਾਪਤ ਅਸਵਾਰ ਹੇਠ ਹੈ ਤਾਂ ਭਜ ਕਿਧਰੇ ਨਹੀਂ ਜਾਏਗਾ । ਇਹ ਮਨ ਦਾ ਟਿਕਾਉ ਬਾਣੀ ਸੁਣਦੇ ਸਾਰ ਹੀ ਆ ਜਾਂਦਾ ਹੈ।
ਸੋ ਧਰਤ ਲੋਕਾਈ ਨੂੰ ਸੋਧਣ ਲਈ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦਾ ਸਹਾਰਾ ਲਿਆ ਤੇ ਰਬਾਬ ਨੂੰ ਵਸੀਲਾ ਬਣਾਇਆ। ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਰਬਾਬ ਉਚੇਚੀ ਚਾਹੀਦੀ ਹੈ ਅਤੇ ਸਹੀ ਰਬਾਬ ਬਣਾਉਣ ਦਾ ਵੱਲ ਫਿਰੰਦੇ ਨੂੰ ਆਉਂਦਾ ਹੈ ਅਤੇ ਉਹ ਸਤਲੁਜ ਤੋਂ ਪਰ੍ਹੇ ਸਰਾਇਗਾਮਾ ਰਹਿੰਦਾ ਹੈ। ਜੋ ਮੁੱਲ ਮੰਗੇ ਦੇ ਆਵੀਂ। ਭੈਣ ਜੀ ਕੋਲੋਂ ਸੱਤ ਰੁਪਏ ਲੈ ਕੇ ਦਿੱਤੇ। ਰਾਹ ਦੀਆਂ ਦੁਸ਼ਵਾਰੀਆਂ ਝੱਲਦਾ ਮਰਦਾਨਾ ਸਰਾਇਗਾਮਾ ਪੁੱਜਾ ਪਰ ਲੋਕਾਂ ਨੇ ਦੱਸਿਆ ਕਿ ਫਿਰੰਦੇ ਦਾ ਬਸੇਰਾ ਤਾਂ ਜੰਗਲ-ਬੇਲੇ ਹੈ। ਜਦ ਹਾਰ ਥੱਕ ਵਾਪਸ ਮੁੜਨ ਲੱਗਾ ਤਾਂ ਜੰਗਲ ਵਿੱਚ ਹੀ ਇੱਕ ਬੰਦੇ ਨੇ ਪੁੱਛਿਆ ਕਿ ਇਤਨਾ ਕਿਉਂ ਵਿਆਕੁਲ ਹੈਂ, ਤਾਂ ਮਰਦਾਨੇ ਨੇ ਕਿਹਾ, ‘ਮੇਰਾ ਨਾਂ ਮਰਦਾਨਾ ਹੈ, ਗੁਰੂ ਨਾਨਕ ਦੇਵ ਜੀ ਨੇ ਭੇਜਿਆ ਹੈ ਕਿ ਫਿਰੰਦੇ ਨਾਂ ਦੇ ਬੰਦੇ ਕੋਲੋਂ ਰਬਾਬ ਲਿਆਉਣੀ ਹੈ ।’ ਫਿਰਦੇ ਦੱਸਿਆ ਕਿ ਜਿਸ ਪਾਸ ਤੂੰ ਖੜ੍ਹਾ ਹੈ, ਉਹ ਹੀ ਫਿਰੰਦਾ ਹੈ ਅਤੇ ਮੈਂ ਤਾਂ ਉਡੀਕ ਵਿੱਚ ਸਾਂ ਕਿ ਮਿਹਨਤ ਨਾਲ ਬਣਾਈ ਰਬਾਬ ਦਾ ਕੋਈ ਗਾਹਕ ਆਵੇ ਸੋ ਇਸਨੂੰ ਸੰਭਾਲਾਂ । ਮਰਦਾਨਾ ਜੀ ਨੇ ਪੁੱਛਿਆ ਕਿ ਮੁੱਲ ਕਿਤਨਾ ਹੈ ਤਾਂ ਫਿਰੰਦੇ ਨੇ ਕਿਹਾ ਕਿ ਇਸ ਕੀਮਤੀ ਰਬਾਬ ਦਾ ਮੂਲ ਇਤਨਾ ਹੈ ਕਿ ਸਿਵਾਇ ਗੁਰੂ ਨਾਨਕ ਦੇਵ ਜੀ ਤੋਂ ਹੋਰ ਕਿਸੇ ਮਨੁੱਖ ਅੱਗੇ ਨਾ ਵਜਾਈਂ।
ਭਨਤ ਫਿਰੰਦਾ-
ਮ੍ਰਿਤ ਮੰਡਲ ਕੋ ਇਹ ਰਬਾਬ ਨਹਿ ਲਖਿਯੋ ਮਾਨ ਆਗ ਸੇ ਨਹੀਂ ਬਜਾਵਹੁ।
ਸ੍ਰੀ ਨਾਨਕ ਜਹਿ ਪਿਖਯੋ ।
ਮਰਦਾਨਾ ਜੀ ਚਾਈਂ ਚਾਈਂ ਰਬਾਬ ਲੈ ਕੇ ਗੁਰੂ ਨਾਨਕ ਦੇਵ ਜੀ ਪਾਸ ਪੁੱਜੇ ਪਰ ਸਾਡੇ ਰਾਗੀਆਂ, ਰਬਾਬੀਆਂ, ਕੀਰਤਨੀਆਂ ਲਈ ਪੂਰਨੇ ਪਾ ਗਏ ਕਿ ਸ਼ਬਦ ਗੁਰੂ ਦੀ ਹਜੂਰੀ ਵਿਚ ਹੀ ਗਾਉਣਾ ਹੈ ਅਤੇ ਕਲਾ ਨੂੰ ਕਦੇ ਮਨੁੱਖ ਮਾਤ੍ਰ ਦੀ ਉਪਮਾ, ਖ਼ੁਸ਼ਾਮਦ ਜਾਂ ਫੁਲਾਉਨੀ ਲਈ ਨਹੀਂ ਵਰਤਣਾ। ਗੁਰੂ ਨਾਨਕ ਦੇਵ ਜੀ ਅੱਗੇ ਰਬਾਬ ਜਦ ਮਰਦਾਨਾ ਜੀ ਨੇ ਰੱਖੀ ਤਾਂ ਉਨ੍ਹਾਂ ਕਿਹਾ ਕਿ ਬੇਬੇ ਨਾਨਕੀ ਨੂੰ ਕਹਿ ਕਿ ਤੇਰੇ ਹੱਥ ਪਕੜਾਏ।
ਬੇਬੇ ਨਾਨਕੀ ਨੇ ਰਬਾਬ ਮਰਦਾਨਾ ਹੱਥ ਦਿੱਤੀ ਤੇ ਜਦ ਮਰਦਾਨਾ ਜੀ ਨੇ ਵਜਾਈ ਤਾਂ ਪਹਿਲੀ ਆਵਾਜ਼ ਉਸ ਮੂੰਹ ਨਿਕਲੀ “ਤੂੰ ਹੀ ਨਿਰੰਕਾਰ, ਨਿਰੰਕਾਰ ਕਰਤਾਰ॥”
ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ। ਸ਼ਬਦ ਦੀ ਧੁਨੀ ਕੀ ਉੱਠੀ ਕਿ ਪਸ਼ੂ ਪੰਛੀ ਮੋਹੇ ਗਏ, ਉਨ੍ਹਾਂ ਨੂੰ ਚਾਲ ਹੀ ਭੁਲ ਗਈ। ਦਰੱਖਤਾਂ ਤੋਂ ਰਸ ਚੋਣ ਲਗ ਪਿਆ।
ਤਰਵਰ ਤੇ ਰਸ ਨਿਚਾਨ ਲਗਯੋ
ਵਿਸਰਾ ਸਭਨਾ ਅਪਾਨਾ।
ਮਰਦਾਨੇ ਨੂੰ ਸ਼ੱਕ ਹੋ ਗਿਆ ਕਿ ਉਸ ਦੀ ਰਬਾਬ ਵਜਾਉਣ ਕਾਰਨ ਹੋ ਰਹਿਆ ਹੈ। ਗੁਰੂ ਨਾਨਕ ਦੇਵ ਜੀ ਨੇ ਅੱਖਾਂ ਮੁੰਦ ਲਈਆਂ ਤੇ ਸ਼ਬਦ ਉਚਾਰਨਾ ਬੰਦ ਕਰ ਦਿੱਤਾ। ਮਰਦਾਨਾ ਦੇਖ ਹੈਰਾਨ ਹੋਇਆ ਕਿ ਫਿਰ ਸਭ ਪਾਸੇ ਹਲਚਲ ਮਚ ਗਈ। ਉਸੇ ਵੇਲੇ ਹੀ ਖਿਮਾ ਮੰਗੀ ਕਿ ਮੈਨੂੰ ਭੁਲੇਖਾ ਪੈ ਗਿਆ ਕਿ ਇਹ ਰਾਗ ਦੀ ਸ਼ਕਤੀ ਕਰਕੇ ਹੋ ਰਹਿਆ ਹੈ ਪਰ ਸ਼ੁਕਰ ਹੈ ਤੁਸਾਂ ਹੀ ਪਰਦਾ ਉਤਾਰ ਦਿੱਤਾ ਹੈ ਕਿ ਰਾਗ ਆਪਣੇ ਆਪ ਨਿਰਾਰਥ ਹੈ ਜਦ ਤੱਕ ਨਾਲ ਸ਼ਬਦ ਨਹੀਂ ਰਲਿਆ।
ਅੱਜ ਸਭ ਮਹਾਨ ਰਾਗੀ, ਕੀਰਤਨੀਏ, ਸਾਜ਼ਿੰਦੇ ਇਹ ਹੀ ਜਾਣ ਜਾਈਏ ਕਿ ਚਮਤਕਾਰ ਤਾਂ ਸ਼ਬਦ ਨੇ ਕਰਨਾ ਹੈ, ਮਨ ਤਾਂ ਸ਼ਬਦ ਨੂੰ ਪਰੋ ਰੱਖਣ ਦਾ ਇੱਕ ਢੰਗ ਹੈ, ਤਾਂ ਹੀ ਸਾਡੀ ਸਭ ਦੀ ਘਾਲ ਥਾਇ ਪਈ ਜਾਣਾਂਗੇ। ਸਲੋਕ, ਵਾਰਾਂ ਤੇ ਵਧੀਕ ਵਿੱਚ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ ਕਿ:
ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ॥
ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ॥
ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥(੧੪੧੪)
ਨਾਮ ਵਿੱਚ ਲਿਵ ਨਿਰਵਿਘਨ ਲੱਗੀ ਰਵੇਗੀ। ਸ਼ਬਦ ਦੀ ਧੁਨੀ ਉੱਠਦੇ ਸਾਰ ਧਿਆਨ ਜੁੜ ਜਾਵੇਗਾ। ਜੁੜੇ ਧਿਆਨ ਵਿੱਚ ਉਸਨੂੰ ਜਾਣਨਾ ਸਹਲਾ ਹੋ ਜਾਏਗਾ। ਕਿਤਨੀ ਅਥਾਹ ਸ਼ਕਤੀ ਹੈ ਗੁਰਬਾਣੀ ਦੀ!
ਧੁਨਿ ਮਹਿ ਧਿਆਨੁ ਧਿਆਨੁ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ॥
(ਰਾਮਕਲੀ ਮ: ੧, ਅੰਗ ੮੭੯)
ਪ੍ਰਿੰਸੀਪਲ ਸਤਿਬੀਰ ਸਿੰਘ
