
ਆਸ਼ਾ ਇਸ਼ਟ ਉਪਾਸ਼ਨਾ, ਖਾਣ ਪਾਨ ਪਹਿਰਾਣ॥
ਖਸ਼ਟ ਲਛਣ ਯਹਿ ‘ਰਜਬ ਮਿਲੈ, ਤਾਹਿ ਸੁਮਤਿ ਤੁਮ ਜਾਣ॥
(ਰਜਬ ਕਵੀ)
ਗ੍ਰਿਹਸਤ ਜੀਵਨ ਦੀ ਉਪਮਾ ਕਰਦਿਆਂ ਵਿਦਵਾਨਾਂ ਨੇ ਗ੍ਰਿਹਸਤ ਨੂੰ ਉੱਤਮ ਧਰਮ ਦਾ ਦਰਜਾ ਦਿੱਤਾ ਹੈ। ਇਸ ਨੂੰ ਸਫਲਤਾ ਨਾਲ ਨਿਭਾਉਣਾ ਸੱਚੇ-ਸੁੱਚੇ ਧਰਮ ਦੀ ਪਾਲਣਾ ਕਰਨਾ ਹੈ। ਜਿਵੇਂ ਕਿਸਾਨ ਜਦ ਫ਼ਸਲ ਬੀਜਦਾ ਹੈ ਤਾਂ ਜੀਵ-ਜੰਤੂਆਂ, ਪੰਛੀਆਂ ਤੋਂ ਲੈ ਕੇ ਲੋੜਵੰਦ, ਦਿਹਾੜੀਦਾਰ, ਵਪਾਰੀ, ਕਰਮਚਾਰੀ, ਅਫ਼ਸਰ ਆਦਿ ਸਾਰੇ ਹੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸਾਨ ਉੱਪਰ ਨਿਰਭਰ ਹੁੰਦੇ ਹਨ। ਇਸੇ ਤਰਾਂ ਗ੍ਰਿਹਸਤ ਵੀ ਸਮਾਜ ਦਾ ਕੇਂਦਰੀ ਧੁਰਾ ਹੈ, ਜਿਸ ਨਾਲ ਦੁਨੀਆਂਦਾਰੀ ਚੱਲਦੀ ਹੈ।
ਦੂਜੇ ਪਾਸੇ ਅੰਕੜਿਆਂ ਤੇ ਪ੍ਰਕਾਸ਼ਿਤ ਖ਼ਬਰਾਂ ਤੋਂ ਮਹਿਸੂਸ ਕੀਤਾ ਜਾਂਦਾ ਹੈ ਕਿ ਕਾਫ਼ੀ ਗਿਣਤੀ ‘ਚ ਗ੍ਰਿਹਸਤੀ ਲੋਕ ਅਸ਼ਾਂਤ ਹਨ ਅਤੇ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਕਲਾ-ਕਲੇਸ਼ ਦੀ ਭੇਟਾ ਚੜ ਰਹੇ ਹਨ। ਇਸ ਤਰ੍ਹਾਂ ਤਲਾਕ ਦੀ ਨੌਬਤ ਵਧ ਰਹੀ ਹੈ। ਪੱਛਮੀ ਸੱਭਿਅਤਾ ਵਿਚ ਤਾਂ ਇਹ ਪੁਰਾਤਨ ਵਰਤਾਰਾ ਸੀ ਪਰ ਹੁਣ ਭਾਰਤੀ ਸਮਾਜ ਵਿਚ ਵੀ ਇਹ ਵਰਤਾਰਾ ਵਧ ਰਿਹਾ ਹੈ। ਇਸ ਦਾ ਮਾਰੂ ਅਸਰ ਸਮੁੱਚੇ ਸਮਾਜ ਉੱਪਰ ਪੈਣਾ ਕੁਦਰਤੀ ਹੈ। ਕੋੜਮੇ ਕਬੀਲੇ ਦੀਆਂ ਲੜਾਈਆਂ, ਨਫ਼ਰਤ, ਪੈਦਾਇਸ਼ੀ ਔਲਾਦ ਦੀ ਮਾਨਸਿਕਤਾ, ਅਦਾਲਤਾਂ ਦੇ ਖ਼ਰਚੇ ਤੇ ਦੋਹੀਂ ਪਾਸੀਂ ਮਾਨਸਿਕ ਪੀੜਾ ਕੇਵਲ ਚਿੰਤਾ ਤੇ ਈਰਖਾਲੂ ਬਿਰਤੀ ਵਾਲਾ ਸਮਾਜ ਹੀ ਪੈਦਾ ਕਰੇਗੀ। ਇਸ ਤਰਾਂ ਦਾ ਸਮਾਜ ਅੱਗੇ ਚੱਲ ਕੇ ਵੱਧ ਕਲੇਸ਼ਾਂ ਵਿਚ ਉਲਝੇਗਾ।
ਉਪਰੋਕਤ ਪੰਕਤੀਆਂ ਵਿਚ ਸਫ਼ਲ ਗ੍ਰਿਹਸਤੀ ਲਈ ਛੇ ਗੁਣ ਵਰਣਨ ਕਰਦਿਆਂ ‘ਰਜਬ ਕਵੀ ਨੇ ਜੀਵਨ ਦਾ ਤੱਤਸਾਰ ਦਿੱਤਾ ਹੈ ਕਿ ਪਹਿਲਾ ਗੁਣ ਪਤੀ-ਪਤਨੀ ਦਾ ਆਸ਼ਾ ਇਕ ਹੋਣਾ ਚਾਹੀਦਾ ਹੈ (ਜਿਸ ਕੌਮ, ਜਥੇਬੰਦੀ ਜਾਂ ਪਰਿਵਾਰ ਦਾ ਆਸ਼ਾ ਇਕ ਨਹੀਂ ਉਹ ਕਦੇ ਸਫਲ ਨਹੀਂ ਹੋ ਸਕਦੇ)। ਜੇ ਆਸ਼ਾ ਇਕ ਹੈ ਤਾਂ ਇਸ਼ਟ ਤੇ ਉਪਾਸ਼ਨਾ ਵੀ ਇਕ ਹੋਣੀ ਚਾਹੀਦੀ ਹੈ। ਇਸ ਤੋਂ ਅੱਗੇ ਗ੍ਰਹਿਸਤੀ ਜੀਵਨ ਦੇ ਬਹੁਤੇ ਝਗੜੇ ਖਾਣ-ਪੀਣ ਦੇ ਆਪਸੀ ਵਿਰੋਧ ਤੋਂ ਪ੍ਰਗਟ ਹੋ ਰਹੇ ਹਨ। ਇਸ ਵਿਚ ਨਸ਼ੇ ਤੇ ਨਸ਼ੀਲੀਆਂ ਵਸਤਾਂ ਵੀ ਹਨ। ਬਹੁਤੇ ਨੌਜਵਾਨ ਸਰੀਰਿਕ, ਮਾਨਸਿਕ ਤੇ ਆਰਥਿਕ ਪੱਖੋਂ ਨਕਾਰੇ ਹੋ ਰਹੇ ਹਨ ਤੇ ਇਨ੍ਹਾਂ ਪੱਖਾਂ ਤੋਂ ਨਕਾਰਾ ਮਨੁੱਖ ਸਫਲ ਗ੍ਰਿਹਸਤੀ ਹੋ ਹੀ ਨਹੀਂ ਸਕਦਾ। ਛੇਵਾਂ ਗੁਣ ਪਹਿਨਣਾ ਹੈ, ਜੋ ਉੱਚ ਸ਼ਖ਼ਸੀਅਤ ਦੀ ਉੱਘੜਵੀਂ ਪਛਾਣ ਹੈ। ਖਾਉ ਮਨ ਭਾਉਂਦਾ ਤੇ ਪਹਿਨੋ ਜੱਗ ਭਾਉਂਦਾ ਪੰਜਾਬੀ ਅਖਾਣ ਇਸ ਸਿਆਣਪ ਦੀ ਸਿਖ਼ਰ ਹੈ। ਪਤੀ-ਪਤਨੀ ਦੇ ਇਹ ਖੁਸ਼ਟ (ਛੇ) ਲੱਛਣ ਜੇਕਰ ਮਿਲਦੇ ਹੋਣ ਤਾਂ ਸ਼ਾਂਤੀ ਤੇ ਇਤਫਾਕ ਹੋਵੇਗਾ ਨਹੀਂ ਤਾਂ ਬੇਇਤਫ਼ਾਕੀ ਤੇ ਅਸ਼ਾਂਤੀ ਹੋਵੇਗੀ। ਗ੍ਰਿਹਸਤ ਜੀਵਨ ਦੀ ਸਫਲਤਾ ਲਈ ‘ਰਜਬ ਕਵੀ ਦੁਆਰਾ ਦਰਸਾਏ ਇਹ ਛੇ ਗੁਣ ਗ੍ਰਹਿਸਤੀਆਂ ਲਈ ਮਹਾਨ ਸਬਕ ਹਨ।
ਡਾ. ਇੰਦਰਜੀਤ ਸਿੰਘ ਗੋਗੋਆਣੀ