113 views 3 secs 0 comments

ਸਿੱਖਾਂ ਦਾ ਇਤਿਹਾਸ ਕਮਾਲ ਦਾ ਹੋਵੇਗਾ…

ਲੇਖ
June 10, 2025

ਉਡੀਸ਼ਾ ਦੇ ਪ੍ਰਸਿੱਧ ਸ਼ਹਿਰ ਪੁਰੀ ਵਿਖੇ ਜਗਨਨਾਥ ਟੈਂਪਲ ਬਹੁਤ ਹੀ ਪ੍ਰਸਿੱਧ ਹੈ।ਇਥੋਂ ਦੀ ਯੂਨੀਵਰਸਿਟੀ ਤੋਂ ਆਏ ਵਿਸ਼ੇਸ਼ ਮਹਿਮਾਨ ਵਾਈਸ-ਚਾਂਸਲਰ ਅਤੇ ਉਨ੍ਹਾਂ ਦੀ ਪਤਨੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਵਾ ਕੇ ਜਦੋਂ ਵਾਪਸ ਪਰਤਦਿਆਂ ਘੰਟਾ ਘਰ ਦੀਆਂ ਪੌੜੀਆਂ ਚੜ੍ਹੇ ਤਾਂ ਉਹ ਸ੍ਰੀ ਦਰਬਾਰ ਸਾਹਿਬ ਵੱਲ ਹੱਥ ਜੋੜ ਖਲੋਅ ਗਏ। ਕਹਿਣ ਲੱਗੇ, “ਕੀ ਅਸੀਂ ਦੁਬਾਰਾ ਪਰਕਰਮਾ ਦਾ ਚੱਕਰ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਾਹਮਣੇ ਕੁਝ ਚਿਰ ਲਈ ਬਹਿ ਸਕਦੇ ਹਾਂ?” “ਕਿਉਂ ਨਹੀਂ? ਮੈਂ ਕਿਹਾ।” ਅਸੀਂ ਦੁਬਾਰਾ ਪਰਕਰਮਾ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਸਾਹਮਣੇ ਆ ਕੇ ਬਹਿ ਗਏ। ਜਦੋਂ ਅਸੀਂ ਮੱਥਾ ਟੇਕਣ ਪੁੱਜੇ ਸੀ,ਤਾਂ ਉਦੋਂ ਭੀੜ ਨਹੀਂ ਸੀ ਪਰ ਹੁਣ ਮੱਥਾ ਟੇਕਣ ਵਾਲਿਆਂ ਦੀ ਲੰਮੀ ਕਤਾਰ ਲੱਗ ਗਈ ਸੀ। ਉੱਥੇ ਕਾਫ਼ੀ ਚਿਰ ਬੈਠੇ ਰਹੇ ਅਤੇ ਫਿਰ ਬਾਹਰ ਵੱਲ ਤੁਰ ਪਏ। ਉਹ ਜਿੰਨਾ ਚਿਰ ਬੈਠੇ, ਉਨ੍ਹਾਂ ਦਾ ਧਿਆਨ ਕਤਾਰ ਵਿਚ ਲੱਗੇ ਸ਼ਰਧਾਲੂਆਂ ਵੱਲ ਹੀ ਲੱਗਿਆ ਰਿਹਾ। ਉਹ ਕਹਿਣ ਲੱਗੇ, “ਸ਼ਰਧਾਲੂਆਂ ਦੀ ਸ਼ਰਧਾ ਵੇਖ ਕੇ ਸਿਰ ਝੁਕਦਾ ਹੈ। ਕੋਈ ਕਾਹਲ ਨਹੀਂ। ਆਰਾਮ ਨਾਲ ਖਲੋਤੇ ਆਪਣੀ ਵਾਰੀ ਉਡੀਕ ਰਹੇ ਹਨ। ਸ਼ਾਂਤ ਮਾਹੌਲ ਹੈ, ਕੋਈ ਰੌਲਾ-ਰੱਪਾ ਨਹੀਂ। ਕੋਈ ਉੱਚੀ ਨਹੀਂ ਬੋਲ ਰਿਹਾ। ਮੋਬਾਇਲ ਨਹੀਂ ਸੁਣ ਰਿਹਾ। ਉਨ੍ਹਾਂ ਕਿਹਾ, “ਇਸ ਮਾਹੌਲ ਨੇ ਮੈਨੂੰ ਮੋਹ ਲਿਆ ਹੈ। ਮੈਂ ਸਰਸ਼ਾਰ ਹੋ ਗਿਆ ਹਾਂ, ਮੇਰੀ ਰੂਹ ਤ੍ਰਿਪਤ ਹੋ ਗਈ ਹੈ।”
ਬਾਹਰ ਜਾਣ ਲਈ ਪੌੜੀਆਂ ਚੜ੍ਹਨ ਲੱਗੇ ਤਾਂ ਉਹ ਖਲੋਅ ਗਏ। ਕਹਿਣ ਲੱਗੇ, “ਜਦੋਂ ਅਸੀਂ ਆਏ ਸਾਂ, ਉਦੋਂ ਇਸ ਗੱਲ ਵੱਲ ਮੇਰਾ ਧਿਆਨ ਨਹੀਂ ਸੀ ਗਿਆ ਪਰ ਹੁਣ ਮੈਨੂੰ ਇਹ ਦੱਸੋ ਕਿ ਸਾਰੇ ਧਾਰਮਿਕ ਸਥਾਨ ਥੋੜ੍ਹੇ ਉੱਚੇ ਸਥਾਨ ’ਤੇ ਹੁੰਦੇ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੀਵੇਂ ਸਥਾਨ ’ਤੇ ਕਿਉਂ ਹੈ? ਮੈਂ ਕਿਹਾ, “ਜਦੋਂ ਵੀ ਮਨੁੱਖ ਤੁਰਦਾ ਹੈ ਤਾਂ ਉਸ ਦਾ ਮੂੰਹ ਸਾਹਮਣੇ ਵੱਲ ਹੁੰਦਾ ਹੈ। ਇਸ ਲਈ ਇਹ ਕੁਦਰਤੀ ਗੱਲ ਹੈ ਕਿ ਜਦੋਂ ਅਸੀਂ ਧਾਰਮਿਕ ਅਸਥਾਨ ਵਿਚ ਦਾਖ਼ਲ ਹੁੰਦੇ ਹਾਂ ਤਾਂ ਸਾਡੇ ਵਿਚ ਨਿਮਰਤਾ ਹੁੰਦੀ ਹੈ ਅਤੇ ਜਦੋਂ ਅਸੀਂ ਪੌੜੀਆਂ ਉਤਰ ਕੇ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹਾਂ ਤਾਂ ਸਾਡਾ ਸਿਰ ਨਿਮਰਤਾ ਤੇ ਸ਼ਰਧਾ ਨਾਲ ਝੁਕਿਆ ਹੁੰਦਾ ਹੈ।”
ਉਹ ਪੌੜੀਆਂ ਚੜ੍ਹ ਕੇ ਇਕ ਪਾਸੇ ਖਲੋਅ ਗਏ। ਮੈਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ, “ਅਸੀਂ ਬਹੁਤ ਸਾਰੇ ਧਾਰਮਿਕ ਅਸਥਾਨ ਵੇਖੇ ਹਨ ਪਰ ਸਿੱਖ ਧਰਮ ਨਾਲ ਸੰਬੰਧਿਤ ਇਹ ਪਹਿਲਾ ਧਾਰਮਿਕ ਅਸਥਾਨ ਵੇਖਿਆ ਹੈ। ਇਸ ਲਈ ਇਹ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਕਿਸੇ ਧਰਮ ਦਾ ਵਿਲੱਖਣ ਅਸਥਾਨ ਕਿਤੇ ਨਾ ਸੁਣਿਆ ਤੇ ਨਾ ਹੀ ਵੇਖਿਆ ਹੈ।” ਉਨ੍ਹਾਂ ਇਹ ਗੱਲ ਆਖੀ ਤਾਂ ਮੇਰਾ ਧਿਆਨ ਮੁੱਖ ਦੁਆਰ ’ਤੇ ਲਿਖਿਆ ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ ਵੱਲ ਗਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਵੇਖੋ ਉਹ ਉੱਪਰ ਜੋ ਲਿਖਿਆ ਹੈ, ਉਹ ਇਹੋ ਕੁਝ ਹੈ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਕਰਵਾਉਣ ਤੋਂ ਬਾਅਦ ਇਹ ਸ਼ਬਦ ਕਹੇ ਸਨ, ਜਿਨ੍ਹਾਂ ਨੂੰ ਮੁੱਖ ਦੁਆਰ ’ਤੇ ਉੱਕਰਿਆ ਗਿਆ ਹੈ।
ਉਡੀਸ਼ਾ ਤੋਂ ਆਏ ਇਹ ਵਾਈਸ-ਚਾਂਸਲਰ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ,ਸ੍ਰੀ ਅੰਮ੍ਰਿਤਸਰ ਵੱਲੋਂ ਉਚੇਰੀ ਸਿੱਖਿਆ ਬਾਰੇ ਕਰਵਾਏ ਗਏ ਇਕ ਵਿਸ਼ੇਸ਼ ਸੰਮੇਲਨ ਵਿਚ ਸ਼ਾਮਲ ਹੋਣ ਆਏ ਸਨ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਲੈ ਗਿਆ ਸਾਂ। ਸੂਚਨਾ ਅਧਿਕਾਰੀ ਨੂੰ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਵਿਸ਼ੇਸ਼ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ। ਉਨ੍ਹਾਂ ‘ਜੀ ਆਇਆਂ ਨੂੰ’ ਆਖਿਆ ਅਤੇ ਸੇਵਾਦਾਰ ਨੇ ਉਨ੍ਹਾਂ ਦੇ ਸਿਰ ’ਤੇ ਪਟਕਾ ਬੰਨ੍ਹ ਦਿੱਤਾ। ਵਾਈਸ-ਚਾਂਸਲਰ ਨੇ ਉਸੇ ਵੇਲੇ ਜੇਬ੍ਹ ਵਿੱਚੋਂ ਪੈਸੇ ਕੱਢੇ ਤੇ ਮੈਨੂੰ ਪੁੱਛਣ ਲੱਗੇ ਕਿ ਮੱਥਾ ਟੇਕਣ ਲਈ ਪਰਚੀ ਦੇ ਕਿੰਨੇ ਪੈਸੇ ਦੇਵਾਂ। ਮੈਂ ਉਨ੍ਹਾਂ ਨੂੰ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਕੋਈ ਪੈਸਾ ਨਹੀਂ ਲਗਦਾ ਤੇ ਨਾ ਹੀ ਕੋਈ ਪਰਚੀ ਕੱਟੀ ਜਾਂਦੀ ਹੈ। ਸਿਰ ’ਤੇ ਪਟਕਾ ਇਸ ਕਰਕੇ ਬੰਨਿ੍ਹਆ ਹੈ ਕਿ ਦਰਸ਼ਨ ਕਰਨ ਲਈ ਸਿਰ ਢੱਕ ਕੇ ਜਾਣਾ ਜ਼ਰੂਰੀ ਹੈ, ਮੈਂ ਆਖਿਆ। ਸੂਚਨਾ ਕੇਂਦਰ ਤੋਂ ਬਾਹਰ ਆ ਕੇ ਮੱਥਾ ਟੇਕਣ ਲਈ ਜਾਣ ਲੱਗੇ ਤਾਂ ਉਨ੍ਹਾਂ ਮੈਨੂੰ ਰੋਕ ਕੇ ਕਿਹਾ “ਮੈਂ ਸਰਕਾਰੀ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਹੋਣ ਕਰਕੇ ਸਰਕਾਰ ਵੱਲੋਂ ਜਗਨਨਾਥ ਪੁਰੀ ਮੰਦਿਰ ਦੀ ਕਮੇਟੀ ਦਾ ਮੈਂਬਰ ਵੀ ਹਾਂ। ਪਰ ਜਦੋਂ ਮੈਂ ਮੱਥਾ ਟੇਕਣ ਜਾਣਾ ਹੋਵੇ ਤਾਂ ਮੈਨੂੰ ਵੀ ਪਰਚੀ ਕਟਾ ਕੇ ਹੀ ਅੰਦਰ ਜਾਣਾ ਪੈਂਦਾ ਹੈ।”
ਮੈਂ ਆਖਿਆ, “ਸਿੱਖ ਧਰਮ ਦੇ ਕਿਸੇ ਵੀ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਤੁਹਾਡੇ ਕੋਲੋਂ ਕੋਈ ਪੈਸੇ ਨਹੀਂ ਮੰਗੇਗਾ। ਮੱਥਾ ਟੇਕਣ ਵੇਲੇ ਭਾਵੇਂ ਤੁਸੀਂ ਪੈਸੇ ਰੱਖ ਕੇ ਮੱਥਾ ਟੇਕੋ ਜਾਂ ਬਿਨਾਂ ਪੈਸੇ ਤੋਂ, ਇਹ ਤੁਹਾਡੀ ਇੱਛਾ ਹੈ ਪਰ ਕੋਈ ਵੀ ਪੈਸੇ ਨਹੀਂ ਮੰਗੇਗਾ। ਇਹ ਤੁਸੀਂ ਆਪ ਹੀ ਵੇਖ ਲੈਣਾ।” ਮੇਰੀ ਗੱਲ ਸੁਣ ਕੇ ਉਨ੍ਹਾਂ ਨੂੰ ਤਸੱਲੀ ਹੋ ਗਈ ਸੀ।
ਮੱਥਾ ਟੇਕਣ ਲਈ ਪਰਕਰਮਾ ਕਰਦਿਆਂ ਉਨ੍ਹਾਂ ਨੂੰ ਸਰੋਵਰ, ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਜੀ ਅਤੇ ਬਾਬਾ ਦੀਪ ਸਿੰਘ ਜੀ ਦੇ ਸਥਾਨ, ਤੇ ਪੁੱਜ ਕੇ ਸੰਖੇਪ ਵਿਚ ਜਾਣਕਾਰੀ ਦਿੱਤੀ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਮਗਰੋਂ ਉਨ੍ਹਾਂ ਨੂੰ ਧਰਮ ਅਤੇ ਸਿਆਸਤ ਦਾ ਸੁਮੇਲ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਸੁਸ਼ੋਭਿਤ ਦੋ ਨਿਸ਼ਾਨ ਸਾਹਿਬ (ਮੀਰੀ ਪੀਰੀ) ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਧਰਮ ਅਤੇ ਸਿਆਸਤ ਦੇ ਸੁਮੇਲ ਬਾਰੇ ਇਨ੍ਹਾਂ ਨਿਸ਼ਾਨ ਸਾਹਿਬ ਵਿਚ ਪੀਰੀ ਭਾਵ ਧਰਮ ਅਤੇ ਮੀਰੀ ਭਾਵ ਸਿਆਸਤ ਹੈ ਪਰ ਮੀਰੀ (ਸਿਆਸਤ) ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਥੋੜ੍ਹਾ ਛੋਟਾ ਹੈ।
ਉਨ੍ਹਾਂ ਨੂੰ ਲੰਗਰ ਵਿਚ ਪਰਸ਼ਾਦਾ ਛਕਣ ਬਾਰੇ ਗੱਲ ਕੀਤੀ ਤਾਂ ਫਿਰ ਉਨ੍ਹਾਂ ਦਾ ਇਹੀ ਸਵਾਲ ਸੀ ਕਿ ਕੀ ਖਾਣੇ ਦੇ ਪੈਸੇ ਲੱਗਣਗੇ। ਮੈਂ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਕਿ ਗੁਰੂ ਦਾ ਲੰਗਰ ਹਰੇਕ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਚ ੨੪ ਘੰਟੇ ਚੱਲਦਾ ਹੈ, ਜਿੱਥੇ ਸ਼ਰਧਾਲੂ ਪੰਗਤ ਵਿਚ ਬਹਿ ਕੇ ਪਰਸ਼ਾਦਾ ਛਕਦੇ ਹਨ। ਪਰਸ਼ਾਦਾ ਛਕਾਉਣ ਵੇਲੇ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਉਹ ਕਿਹੜੀ ਜਾਤ, ਕਿਹੜੇ ਧਰਮ ਜਾਂ ਕਿਹੜੀ ਨਸਲ ਨਾਲ ਸੰਬੰਧ ਰੱਖਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਚ ਰੋਜ਼ਾਨਾ ਸਵੇਰੇ, ਦੁਪਹਿਰੇ, ਰਾਤ ਨੂੰ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਲੰਗਰ ਛਕਦੇ ਹਨ। ਉਨ੍ਹਾਂ ਕਿਹਾ ਕਿ, “ਸਿੱਖ ਧਰਮ ਦਾ ਇਹ ਧਾਰਮਿਕ ਅਸਥਾਨ ਵੇਖ ਕੇ ਲਗਦਾ ਹੈ ਕਿ ਇਸ ਕੌਮ ਦਾ ਇਤਿਹਾਸ ਵੀ ਬਹੁਤ ਕਮਾਲ ਹੋਵੇਗਾ।” ਉਨ੍ਹਾਂ ਪੁੱਛਿਆ ਕਿ ਸਿੱਖ ਧਰਮ ਦੇ ਮੁੱਖ ਸਿਧਾਂਤ ਕੀ ਹਨ? ਮੈਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਕੁੱਲ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਸੀ ਕਿ “ਨਾਮ ਜਪੋ,ਕਿਰਤ ਕਰੋ ਤੇ ਵੰਡ ਛਕੋ” ਇਸ ਸਿਧਾਂਤ ’ਤੇ ਹੀ ਸਿੱਖ ਧਰਮ ਦੀ ਬੁਨਿਆਦ ਟਿਕੀ ਹੋਈ ਹੈ।
ਵਾਪਸ ਪਰਤਦਿਆਂ ਉਨ੍ਹਾਂ ਆਖਿਆ,“ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਮੈਨੂੰ ਬਹੁਤ ਸਕੂਨ ਮਹਿਸੂਸ ਹੋਇਆ ਹੈ। ਇੱਥੋਂ ਦੀ ਪਰੰਪਰਾ, ਵਿਸ਼ੇਸ਼ ਕਰਕੇ ਲੰਗਰ ਬਾਰੇ ਜਾਣ ਕੇ, ਮੱਥਾ ਟੇਕਣ ਲਈ ਪਰਚੀ ਦਾ ਨਾ ਕੱਟੇ ਜਾਣਾ ਅਤੇ ਲੋਕਾਂ ਦੀ ਸ਼ਰਧਾ ਵੇਖ ਕੇ ਮੈਂ ਅੰਦਾਜ਼ਾ ਲਾ ਸਕਦਾ ਹਾਂ ਕਿ ਸਿੱਖ ਕੌਮ ਦਾ ਇਤਿਹਾਸ ਵਿਲੱਖਣ ਅਤੇ ਬਹੁਤ ਕਮਾਲ ਦਾ ਹੋਵੇਗਾ।”

-ਸ. ਮਨਮੋਹਨ ਸਿੰਘ