190 views 4 secs 0 comments

ਭਗਤ ਕਬੀਰ ਜੀ

ਲੇਖ
June 11, 2025

ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਨ੍ਹਾਂ 15 ਭਗਤਾਂ ਦੀ ਬਾਣੀ ਦਰਜ ਹੈ, ਉਨ੍ਹਾਂ ਚੋਂ ਇਕ ਹਨ ਭਗਤ ਕਬੀਰ ਜੀ।
ਭਗਤ ਜੀ ਦਾ ਜਨਮ ਜੇਠ ਮਹੀਨੇ ਦੀ ਪੁੰਨਿਆ ਨੂੰ ਬਿਕਰਮੀ ਸੰਮਤ 1455 ਈਸਵੀ ਸੰਨ 1398 ਨੂੰ ਬਨਾਰਸ( ਕਾਸ਼ੀ)ਸ਼ਹਿਰ ‘ਚ ਵਸਦੇ ਇੱਕ ਮੁਸਲਮਾਨ ਪਰਿਵਾਰ ਚ ਹੋਇਆ। ਪਿਤਾ ਬਾਬਾ ਨੀਰੂ (ਅਲੀ) ਜੀ ਮਾਤਾ ਨੀਮਾ ਜੀ ਸੀ। ਜਾਤ ਦੇ ਜੁਲਾਹੇ ਸਨ। ਇਸ ਲਈ ਕੁਝ ਜਾਤ ਅਭਿਮਾਨੀਆਂ ਵੱਲ ਆਪ ਜੀ ਨੂੰ ਸ਼ੂਦਰ ਨੀਚ ਜ਼ਾਤ ਕਹਿ ਦੁਰਕਾਰਿਆ ਵੀ ਗਿਆ। ਭਗਤ ਜੀ ਨੇ ਜਾਤੀਵਾਦ ਦੀ ਖੁੱਲ੍ਹ ਕੇ ਵਿਰੋਧ ਕੀਤਾ।
ਆਪ ਜੀ ਨੇ ਸੁਆਮੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ । ਇਹ ਗਾਥਾ ਵੀ ਅਨੋਖੀ ਹੈ , ਰਾਮਾਨੰਦ ਜੀ ਰੋਜ਼ ਇਸ਼ਨਾਨ ਕਰਨ ਲਈ ਗੰਗਾ ਜਾਂਦੇ ਸਨ। ਛੋਟੀ ਉਮਰੇ ਹੀ ਇਕ ਦਿਨ ਕਬੀਰ ਜੀ ਉਸ ਰਸਤੇ ਤੇ ਬਾਬਾ ਰਾਮਾਨੰਦ ਜੀ ਦੇ ਜਾਣ ਤੋਂ ਪਹਿਲਾਂ ਹੀ ਲੰਮੇ ਪੈ ਗਏ। ਅੰਮ੍ਰਿਤ ਵੇਲਾ ਅਜੇ ਹਨ੍ਹੇਰਾ ਸੀ। ਜਦੋਂ ਬਾਬਾ ਰਾਮਾਨੰਦ ਜੀ ਦੇ ਪੇੈੇਰ ਨੂੰ ਠੋਕਰ ਲੱਗੀ ਤਾਂ ਉਹਨਾ ਸੁਭਾਵਿਕ ਕਿਹਾ “ਉਠੋ ਰਾਮ ਬੋਲੋ”!
ਭਾਈ ਗੁਰਦਾਸ ਜੀ ਨੇ ਏਹ ਸਾਰੀ ਘਟਨਾ ਨੂੰ ਇੰਜ ਬਿਆਨ ਕੀਤਾ ਹੈ:-

ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ॥
ਅੰਮ੍ਰਿਤ ਵੇਲੇ ਉਠਕੇ ਜਾਂਦਾ ਗੰਗਾ ਨ੍ਹਾਵਣ ਤਾਈ॥
ਅਗੋਂ ਹੀ ਦੇ ਜਾਇਕੇ ਲੰਮਾ ਪਿਆ ਕਬੀਰ ਤਿਥਾਈ॥
ਪੈਰੀਂ ਟੁੰਬ ਉਠਾਲਿਆ ਬੋਲਹੁ ਰਾਮ ਸਿਖ ਸਮਝਾਈ॥

ਭਗਤ ਕਬੀਰ ਜੀ ਨੇ ” ਬੋਲਹੁ ਰਾਮ” ਇਸਨੂੰ ਗੁਰਮੰਤਰ ਜਾਣ ਬੰਦਗੀ ਸ਼ੁਰੂ ਕਰ ਦਿੱਤੀ ਬੰਦਗੀ ਵੀ ਐਸੀ ਕਿ ਰੱਬ ਦਾ ਰੂਪ ਹੋਗੇ ਭਗਤ ਜੀ ਖੁਦ ਕਹਿੰਦੇ ਨੇ ਮੇਰੇ ਚ ਤੇ ਪ੍ਰਮਾਤਮਾ ਚ ਕੋਈ ਭੇਦ ਨਹੀਂ:-
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥

ਭਗਤ ਜੀ ਗ੍ਰਹਿਸਤੀ ਵੀ ਹਨ। ਉਨ੍ਹਾਂ ਦੀ ਪਤਨੀ ਦਾ ਨਾਮ ਮਾਤਾ ਲੋਈ ਜੀ ਸੀ ਦੋ ਬੱਚੇ ਸਨ । ਪੁਤਰ ਕਮਾਲ ਜੀ ਤੇ ਪੁੱਤਰੀ ਕਮਾਲੀ। ਆਰਥਿਕ ਪੱਖੋਂ ਭਗਤ ਜੀ ਇੰਨੇ ਗ਼ਰੀਬ ਸੀ ਕਿ ਪਾਈਆ ਘਿਉ, ਅੱਧਾ ਕਿੱਲੋ ਦਾਲ, ਲੂਣ ਤੇ ਮੰਜਾ ਬਿਸਤਰਾ ਵੀ ਪਰਮਾਤਮਾ ਕੋਲੋਂ ਮੰਗਦੇ ਹਨ:-

ਦੁਇ ਸੇਰ ਮਾਂਗਉ ਚੂਨਾ ॥
ਪਾਉ ਘੀਉ ਸੰਗਿ ਲੂਨਾ ॥
ਅਧ ਸੇਰੁ ਮਾਂਗਉ ਦਾਲੇ ॥
ਮੋਕਉ ਦੋਨਉ ਵਖਤ ਜਿਵਾਲੇ ॥੨॥

ਪਰ ਫਿਰ ਵੀ ਦਾਨੀ ਸੁਭਾਅ ਇੰਨਾ ਹੈ ਕਿ ਹਰ ਆਏ ਗਏ ਦੀ ਸੇਵਾ ਕਰਨੀ ਘਰਵਾਲੀ ਅਤੇ ਮਾਂ ਤਾਂ ਗਿਲਾ ਵੀ ਕਰਦੀਆਂ ਹਨ ਕਿ ਇੱਕ ਦੋ ਸਾਧ ਰਸਤੇ ਚ ਹੁੰਦੇ ਇੱਕ ਦੋ ਘਰੇ ਬੈਠੇ ਹੁੰਦੇ ਹਨ। ਬੱਚਿਆਂ ਨੂੰ ਖਾਣ ਲਈ ਨਹੀਂ ਮਿਲਦਾ ।ਇਹ ਕਬੀਰ ਸਾਧਾਂ ਨੂੰ ਲੰਗਰ ਖਵਉਦਾ ਰਹਿੰਦਾ , ਜਿਹੜੀਆਂ ਚਾਰ ਰੋਟੀਆਂ ਪਕਾਈਆਂ ਹੋਣ ਉਨ੍ਹਾਂ ਨੂੰ ਖਵਾ ਦਿੰਦਾ ਹੈ ਤੇ ਸਾਨੂੰ ਕਹਿੰਦਾ ਹੈ ਛੋਲੇ ਖਾ ਕੇ ਸੌਂ ਜਓ:-
ਹਮ ਕਉ ਚਾਬਨੁ ਉਨ ਕਉ ਰੋਟੀ ॥੩॥

ਮਾਂ ਤੇ ਏਨੀ ਤੰਗ ਹੈ ਉਹਨੇ ਇੱਕ ਵਾਰ ਕਹਿ ਵੀ ਦਿੱਤਾ ਇਹ ਕਬੀਰ ਮਰ ਕਿਉਂ ਨਹੀਂ ਜਾਂਦਾ :-

…..ਇਹੁ ਮੁਡੀਆ ਕਿਉ ਨ ਮੁਇਓ ॥੨॥

ਭਗਤ ਜੀ ਸਮੇਂ ਲੋਧੀ ਸਾਮਰਾਜ ਦੀ ਹਕੂਮਤ ਸੀ ਬਾਦਸ਼ਾਹ ਸਿਕੰਦਰ ਲੋਧੀ ਸੀ ਇੱਕ ਵਾਰ ਜਦੋਂ ਬਾਦਸ਼ਾਹ ਬਨਾਰਸ ਆਇਆ ਤਾਂ ਪੰਡਤਾਂ ਬਾਹਮਣਾ ਮੌਲਵੀਆਂ ਨੇ ਉਸ ਕੋਲ ਸ਼ਿਕਾਇਤ ਕੀਤੀ, ਜਿਸ ਕਰਕੇ ਭਗਤ ਜੀ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ । ਭਗਤ ਜੀ ਨੂੰ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟਿਆ, ਫੇਰ ਗੰਗਾ ਚ ਡੋਬਣ ਦਾ ਯਤਨ ਕੀਤਾ ਪਰ ਮਾਲਕ ਨੇ ਹਰ ਥਾਂ ਪੇੈਜ਼ ਰੱਖੀ।
ਈਰਖਾ ਦੇ ਮਾਰੇ ਬਾਹਮਣਾ ਨੇ ਭਗਤ ਜੀ ਦੇ ਘਰ ਨੂੰ ਕਈ ਵਾਰ ਅਗ ਨਾਲ ਸਾੜਿਆ। ਹੱਥੋਪਾਈ ਵੀ ਹੋਏ ਚੋਰ ਜਾਰੀ ਦਾ ਦੋਸ਼ ਵੀ ਲਾਇਆ। ਭਗਤ ਜੀ ਨੇ ਏ ਸਭ ਦਾ ਜਿਕਰ ਖ਼ੁਦ ਆਪਣੇ ਸ਼ਬਦਾਂ ਚ ਕੀਤਾ ਆ ਜਿਵੇਂ :-
ਗੰਗ ਗੁਸਾਇਨਿ ਗਹਿਰ ਗੰਭੀਰ ॥
ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥

ਭਗਤ ਜੀ ਦੇ ਜੀਵਨ ਦਾ ਸਾਰਾ ਤੱਤ ਸਾਰ ਤੇ ਉਹਨਾਂ ਜਗਤ ਨੂੰ ਮੂਲ ਰੂਪ ਚੋਂ ਉਦੇਸ਼ ਦਿੱਤਾ ਓ ਇਸ ਸਲੋਕ ਚ ਸਮਾਇਆ ਹੋਇਆ:-
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥

ਭਾਵ ਅਕਾਲ ਪੁਰਖ ਵਲੋਂ ਦਾਤ ਰੂਪ ਚ ਮਿਲਿਆ ਇਹ ਜੀਵਨ ਇੱਕ ਦਿਨ ਮੁੱਕ ਜਾਣਾ ਏ ਸਰੀਰ ਲਾਜ਼ਮੀ ਚਲੇ ਜਾਣਾ ਏ ਸਦਾ ਨਹੀਂ ਰਹਿਣਾ। ਇਸ ਲਈ ਐ ਬੰਦੇ! ਜਿੰਨਾ ਵੀ ਸਮਾਂ ਤੇਰੇ ਕੋਲ ਸਰੀਰ ਹੈ ਜੀਵਨ ਹੈ ਉਸਨੂੰ ਸਫਲ ਕਰਨ ਲਈ ਜਾਂ ਸਤਿਸੰਗਤ ਕਰ ਜਾਂ ਹਰੀ ਦੇ ਗੁਣ ਗਾਓ !!

ਭਗਤ ਜੀ ਦੀ ਬਾਣੀ ਕਈ ਰਾਗਾਂ ਵਿਚ ਦਰਜ ਹੈ ਕੁਝ ਬਾਣੀ ਰਾਗ ਮੁਕਤ ਵੀ ਹੈ ਜਿਵੇਂ ਸਲੋਕ ਬਹੁਤ ਸਾਰੇ ਸ਼ਬਦ ਫ਼ਾਰਸੀ ਅਰਬੀ ਦੇ ਵੀ ਹਨ।
ਭਗਤ ਜੀ ਤੋਂ ਅੱਗੇ ਸੰਪਰਦਾ ਚੱਲਦੀ ਹੈ ਕਬੀਰ ਪੰਥੀ
ਬਹੁਤ ਸਾਰੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਤੋ ਬਾਹਰ ਵੀ ਹੈ ਉਸ ਗ੍ਰੰਥ ਨੂੰ ਕਬੀਰ ਬੀਜਕ ਕਹਿੰਦੇ ਹਨ।

ਅਜਿਹੇ ਰੱਬ ਰੂਪ ਗਿਆਨ ਦੇ ਨਿਮਰਤਾ ਦੇ ਪੁੰਜ ਸੂਰਬੀਰ ਯੋਧੇ ਭਗਤ ਕਬੀਰ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ
#ਲੱਖ_ਲੱਖ_ਮੁਬਾਰਕਾਂ

ਮੇਜਰ ਸਿੰਘ