
ਹਰ ਧਰਮ ਦੇ ਆਪਨੇ ਅਸਥਾਨ ਹਨ I ਸੰਸਾਰ ਦੀ ਦ੍ਰਿਸ਼ਟੀ ਵਿੱਚ ਗੁਰੂ ਘਰ ਸਿੱਖ ਪੰਥ ਦੇ ਧਰਮ ਅਸਥਾਨ ਹਨ I ਪਰ ਗੁਰੂ ਘਰ ਨੂੰ ਬਾਕੀ ਧਰਮਾਂ ਦੇ ਅਸਥਾਨਾਂ ਜਿਹਾ ਮੰਨ ਲੈਣਾ ਵੱਡਾ ਭੁਲੇਖਾ ਹੈ ਜੋ ਸਦਾ ਹੀ ਸਮਸਿਆਵਾਂ ਪੈਦਾ ਕਰਦਾ ਆਇਆ ਹੈ I ਗੁਰੂ ਘਰ ਆਮ ਧਰਮ ਅਸਥਾਨ ਜਿਹਾ ਨਹੀਂ ਤੇ ਨਾ ਹੀ ਕਿਸੇ ਰਾਜ ਦੇ ਅਧੀਨ ਹੈ I ਗੁਰੂ ਸਾਹਿਬਾਨ ਦੇ ਸਮਕਾਲੀ ਵਿਦਵਾਨ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਗੁਰੂ ਘਰ ਆਪਨੇ ਆਪ ‘ਚ ਇਕ ਪਾਤਿਸ਼ਾਹੀ ਹੈ I ਆਪਨੇ ਕਿਹਾ ਕਿ ਸਾਂਸਾਰਿਕ ਪਰੰਪਰਾ ਹੈ ਕਿ ਰਾਜ ਸੱਤਾ ਪਿਤਾ ਤੋਂ ਸੰਤਾਨ ਨੂੰ ਮਿਲਿਆ ਕਰਦੀ ਹੈ I ਬਾਦਸ਼ਾਹ ਦਾ ਹੁਕਮ ਚੱਲਦਾ ਹੈ ਤੇ ਸਾਰੇ ਲੋਗ ਉਸ ਤੇ ਦਾਸ ਵਾਂਗੂੰ ਅਮਲ ਕਰਦੇ ਰਹਿੰਦੇ ਹਨ I ਬਾਦਸ਼ਾਹ ਹੀ ਧਾਰਮਿਕ ਆਗੂ ਵੀ ਬਣ ਜਾਂਦਾ ਹੈ ਤੇ ਧਰਮ ਉਸ ਦੀ ਮੰਸ਼ਾ ਅਨੁਸਾਰ ਚੱਲਦਾ ਹੈ I ਬਾਦਸ਼ਾਹ ਦਾ ਹਰ ਹੁਕਮ , ਹਰ ਨਿਰਨਾਂ ਹੀ ਅਟਲ ਸਚ ਹੁੰਦਾ ਹੈ I ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ I ਪਰ ਗੁਰੂ ਘਰ ਦੀ ਆਪਣੀ ਰੀਤ , ਆਪਨੀ ਮਰਿਆਦਾ ਹੈ I ਇੱਥੇ ਕਿਸੇ ਬਾਹਰਲੀ ਸੱਤਾ ਦਾ ਹੁਕਮ ਨਹੀਂ ਚੱਲਦਾ I ਇਹ ਅਕਾਲ ਪੁਰਖ ਦਾ ਦਰਬਾਰ ਹੈ , ਇੱਕ ਉੱਸੇ ਦੀ ਅਧੀਨਗੀ ਹੈ ਤੇ ਉੱਸੇ ਦਾ ਨਿਆਂ ਹੈ ਜੋ ਗੁਰਸਿੱਖ ਦੇ ਸੁੱਖਾਂ ਦਾ ਸੋਮਾ ਹੈ I ਜਦੋਂ ਵੀ ਕਿਸੇ ਨੇ ਗੁਰੂ ਘਰ ਦੀ ਇਸ ਮਰਿਆਦਾ ਨੂੰ ਭੰਗ ਕਰਨ ਦਾ ਜਤਨ ਕੀਤਾ ਹੈ , ਪਰਮਾਤਮਾ ਦਾ ਨਿਆਂ ਵਰਤਿਆ ਹੈ I ਗੁਰਸਿੱਖ ਲਈ ਗੁਰੂ ਘਰ ਦੀ ਮਰਿਆਦਾ ਸਭ ਤੋਂ ਸ੍ਰੇਸ਼ਟ ਹੈ ਜਿਸ ਨੂੰ ਕਾਇਮ ਰੱਖਨ ਹਿਤ ਉਹ ਆਪਣਾ ਤਨੋ ਮਨੋ ਨਿਉਛਾਵਰ ਰਹਿੰਦਾ ਹੈ I ਗੁਰੂ ਘਰ ਤੇ ਗੁਰਸਿੱਖ ਦਾ ਸਬੰਧ ਵਿਲੱਖਣ ਹੈ ਜੋ ਮਨੁੱਖੀ ਸਭਿਅਤਾ ਦੇ ਇਤਿਹਾਸ ‘ਚ ਹੋਰ ਕਿਤੇ ਨਹੀਂ ਵਿਖਾਈ ਦਿੰਦਾ “ ਪੀਰ ਮੁਰੀਦਾ ਪਿਰਹੜੀ ਓਹੁ ਅਕਥ ਕਹਾਣੀ “ I ਇਸ ਅਕੱਥ ਸਬੰਧ ਨੇ ਕੁਰਬਾਨੀਆਂ ਦਾ ਲਾਸਾਨੀ ਇਤਿਹਾਸ ਰਚਿਆ ਤੇ ਸਿੱਖ ਕੌਮ ਦੇ ਜਾਹੋ ਜਲਾਲ ਨੂੰ ਸ਼ਿਖਰ ਤੇ ਪੁਜਾ ਦਿੱਤਾ I ਗੁਰਸਿੱਖ ਦਾ ਅਦੁੱਤੀ ਸੰਕਲਪ ਭਾਰੀ ਵਿਸਮਾਦ ਦਾ ਜਨਕ ਹੈ I ਕੁਰਬਾਨੀਆਂ ਉਨ੍ਹਾਂ ਲਈ ਖੇਡ ਬਣ ਗਾਈਆਂ “ ਹਮ ਲਰਨੋ ਮਰਨੋ ਕਿਮ ਸੰਗੈੰ ਯਹ ਹੈ ਹਮਰੀ ਨਿਤ ਖੇਲ “ I ਪਹਿਲਾ ਸਿੱਖ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਸੀ ਜੋ ਗੁਰੂ ਅਰਜਨ ਸਾਹਿਬ ਨੇ ਰਚਿਆ ਜਿਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਹੋਏ I ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਪਾਵਨ ਅਸਥਾਨ ਤੇ ਨਤ ਮਸਤਕ ਹੋ ਮੀਰੀ ਤੇ ਪੀਰੀ ਦੇ ਫਲਸਫੇ ਨਾਲ ਸਿੱਖ ਪੰਥ ਨੂੰ ਨਿਵਾਜਿਆ I ਸ੍ਰੀ ਦਰਬਾਰ ਸਾਹਿਬ ਸਿੱਖ ਪੰਥ ਦੇ ਰੂਹਾਨੀ ਰਾਜ ਦਾ ਮੁੱਖ ਕੇਂਦਰ ਹੈ ਜਿੱਥੇ ਗੁਰੂ ਦਾ ਹੁਕਮ ਚੱਲਦਾ ਆਇਆ ਹੈ I ਜਿਸ ਕਿਸੇ ਨੇ ਵੀ ਗੁਰੂ ਹੁਕਮ ਦੀ ਉਲੰਘਣਾ ਕਰਨ ਦਾ ਜਤਨ ਕੀਤਾ ਉਸ ਨੂੰ ਆਪਨੇ ਕੀਤੇ ਉਲੰਘਣਾ ਦੇ ਪਾਪ ਦਾ ਦੰਡ ਭੋਗਨਾ ਹੀ ਪਿਆ ਹੈ I ਦੰਡ ਤੋਂ ਬਚਣਾ ਸੰਭਵ ਨਹੀ ਹੈ “ ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ , ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ “ I ਸ੍ਰੀ ਹਰਿਮੰਦਰ ਸਾਹਿਬ ਅਜਿਹਾ ਬਖਸ਼ਿਸ਼ਾਂ ਵਾਲਾ ਦਰ ਹੈ ਜਿੱਥੇ ਆਈਆਂ ਜਨਮਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ I ਜੇ ਕੋਈ ਇਸ ਅਸਥਾਨ ਅੰਦਰ ਹੀ ਪਾਪ ਕਰਨ ਦੀ ਨੀਅਤ ਨਾਲ ਆਵੇ ਤੇ ਗੁਰੂ ਹੁਕਮ , ਮਰਿਆਦਾ ਭੰਗ ਕਰੇ ਤਾਂ ਉਸ ਨੂੰ ਕੌਣ ਬਖਸ਼ ਸਕਦਾ ਹੈ I ਪਰਮਾਤਮਾ ਦਾ ਨਿਆਂ ਸਦਾ ਹੁੰਦਾ ਆਇਆ ਹੈ I ਵਾਹਿਗੁਰੂ ਦੇ ਹੁਕਮੀ ਬੰਦੇ ਗੁਰੂ ਘਰ ਦੀ ਮਰਿਆਦਾ ਲਈ ਸਦਾ ਹੀ ਸ਼ਹੀਦੀਆਂ ਦਿੰਦੇ ਆਏ ਹਨ “ ਹਮਹ ਸ਼ਹੀਦੀ ਚਿਤ ਧਰੀ ਹਮ ਨਠ ਨਹਿੰ ਕਿਤ ਜਾਤ “ I ਸ੍ਰੀ ਦਰਬਾਰ ਸਾਹਿਬ ਤੇ ਵਾਰ ਵਾਰ ਹੰਮਲੇ ਹੋਏ ਤੇ ਹਰ ਵਾਰ ਸਿੱਖਾਂ ਦੇ ਲਹੂ ਨੇ ਡੁਲ੍ਹ ਕੇ ਗੁਰੂ ਘਰ ਦੇ ਜਾਹੋ ਜਲਾਲ ਨੂੰ ਜਿਆਦਾ ਰੂਪਮਾਨ ਕੀਤਾ I
ਆਪਰੇਸ਼ਨ ਬਲੂ ਸਟਾਰ ਗੁਰੂ ਘਰ ਦਾ ਹੁਕਮ ਭੰਗ ਹੀ ਨਹੀਂ , ਬੇਦੋਸ਼ੇ ਸਿੱਖਾਂ ਦੇ ਬੇਰਹਮ ਕਤਲੇਆਮ ਦਾ ਨਾ ਬਖਸ਼ਣ ਜੋਗ ਪਾਪ ਸੀ ਜਿਸ ਲਈ ਉਹ ਜਿੰਮੇਵਾਰ ਸਨ ਜਿਨ੍ਹਾਂ ਤੇ ਭਰੋਸਾ ਕੀਤਾ ਜਾਣਾ ਚਾਹੀਦਾ ਸੀ I ਕਿਸੇ ਦੇਸ਼ ਦੇ ਨਾਗਰਿਕ ਆਪਨੇ ਦੇਸ਼ ਦੀ ਸਰਕਾਰ ਤੇ ਤਾਂ ਭਰੋਸਾ ਕਰ ਸੱਕਦੇ ਹਨ I ਪਰ ਇਹ ਭਰੋਸਾ ਅਜਿਹੇ ਢੰਗ ਨਾਲ ਟੁੱਟਿਆ ਕਿ ਆਮ ਸਿੱਖ ਕੋਲ ਸ਼ਬਦ ਹੀ ਨਾ ਬਚੇ I ਕਦੇ ਸੋਚਿਆ ਵੀ ਨਹੀਂ ਸੀ ਗਿਆ ਕਿ ਆਪਨੇ ਦੇਸ਼ ਅੰਦਰ ਆਪਨੇ ਹੀ ਲੋਗਾਂ ਦੀਆਂ ਭਾਵਨਾਵਾਂ ਦਾ ਇਵੇਂ ਕਤਲੋ ਗਾਰਦ ਹੋਵੇਗਾ I ਬਾਹਰੋਂ ਆਏ ਹੰਮਲਾਵਰਾਂ ਦੇ ਹੰਮਲੇ ਹੋਏ ਤਾਂ ਸਮਝ ਆਉਂਦੀ ਸੀ ਕਿ ਉਨ੍ਹਾਂ ਦਾ ਇੱਕੋ ਮਕਸਦ ਆਪਣੀ ਹੁਕੂਮਤ ਕਾਇਮ ਕਰਣਾ ਸੀ I ਪਰ ਇਸ ਇਸ ਦੇਸ਼ ਅੰਦਰ ਇੱਸੇ ਦੇਸ਼ ਦੀ ਸਰਕਾਰ ਦੇ ਜੁਲਮ , ਜਬਰ ਨੂੰ ਮਨੁੱਖੀ ਫੈਸਲੇ ਤੇ ਹੌਸਲੇ ਦਾ ਦਰਜਾ ਨਹੀਂ ਦਿੱਤਾ ਜਾ ਸੱਕਦਾ I ਸ੍ਰੀ ਦਰਬਾਰ ਸਾਹਿਬ ਦੀ ਸਿੱਖ ਕੌਮ ਲਈ ਕੀ ਅਹਿਮੀਅਤ ਹੈ ਇਸ ਬਾਰੇ ਜਰਾ ਵੀ ਠੰਡੇ ਦਿਮਾਗ ਨਾਲ ਸੋਚਿਆ ਗਿਆ ਹੁੰਦਾ ਤਾਂ ਆਪਰੇਸ਼ਨ ਬਲੂ ਸਟਾਰ ਹਰਗਿਜ ਨਾ ਹੁੰਦਾ I ਕਿਸੇ ਵੀ ਸਰਕਾਰ ਦਾ ਕੰਮ ਸਿਰਫ ਫੈਸਲੇ ਲੈਣਾ ਹੀ ਨਹੀਂ ਹੁੰਦਾ I ਲੋਕਾਂ ਦੀਆਂ ਭਾਵਨਾਵਾਂ ਤੇ ਫੈਸਲੇ ਦੇ ਫਾਇਦੇ – ਨੁਕਸਾਨ ਤੋਲਣਾ ਵੀ ਹੁੰਦਾ ਹੈ I ਜੋ ਸਰਕਾਰਾਂ ਇਸ ਦ੍ਰਿਸ਼ਟੀ ਤੋਂ ਮਹਿਰੂਮ ਸਨ , ਉਨ੍ਹਾਂ ਨੂੰ ਸਦਾ ਹੀ ਖਾਮਿਆਜਾ ਭੁਗਤਨਾ ਪਿਆ ਹੈ I ਧਾਰਮਿਕ ਮਸਲਿਆਂ ਦੇ ਸੰਦਰਭ ‘ਚ ਇਹ ਅਟਲ ਸਚ ਹੈ I ਖਾਸ ਤੌਰ ਤੇ ਸਿੱਖ ਧਰਮ ਬਾਰੇ ਇਹ ਗੱਲ ਪੂਰੀ ਢੁਕਵੀਂ ਹੈ ਕਿਉਂਕਿ ਸਿੱਖ ਧਰਮ ਦੁਨਿਆ ਦਾ ਸਭ ਤੋਂ ਆਧੁਨਿਕ ਧਰਮ ਹੈ ਜਿਸ ਦੇ ਸਿਧਾਂਤਾਂ ਤੇ ਇਤਿਹਾਸਕ ਪਿੱਛੋਕੜ ਨੂੰ ਸਮਝਨਾ ਬਹੁਤ ਔਖਾ ਹੈ I ਸਿੱਖ ਕੌਮ ਆਪਨੇ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਹੀ ਨਹੀਂ ਆਪਣਾ ਸੁਆਮੀ ਤੇ ਆਪਨੇ ਆਪ ਨੂੰ ਉਨ੍ਹਾਂ ਦਾ ਦਾਸ ਮੰਨਦੀ ਹੈ I ਇਕ ਦਾਸ ਕੋਲ ਆਪਣਾ ਕੁਝ ਨਹੀਂ ਹੁੰਦਾ ਬਸ ਆਪਨੇ ਸੁਆਮੀ ਦਾ ਹੁਕਮ ਹੀ ਉਸ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ I ਦਾਸ ਆਪਨੇ ਲਈ ਨਹੀਂ ਆਪਣੇ ਮਾਲਿਕ ਲਈ ਜੀਉਂਦਾ ਹੈ I ਇਸ ਭਾਵਨਾ ਤੋਂ ਹੀ ਉਹ ਜੀਵਨ ਅੰਦਰ ਗੁਣ ਧਾਰਨ ਕਰਦਾ ਹੈ , ਮਾਇਆ ਮੋਹ , ਵਿਕਾਰਾਂ ਦਾ ਤਿਆਗ ਕਰਦਾ ਹੈ , ਪੂਰਨ ਸਮਰਪਣ ਨਾਲ ਹੁਕਮ ਦੀ ਪਾਲਨਾ ਕਰਦਾ ਹੈ I ਗੁਰਸਿੱਖ ਦਾ ਬਲਿਦਾਨ ਦਾ ਸੰਕਲਪ ਵੀ ਦਾਸ ਭਾਵਨਾ ਤੋਂ ਹੀ ਜਨਮ ਲੈਂਦਾ ਹੈ I ਇਸ ਨੂੰ ਚੰਗੀ ਤਰਹ ਸਮਝੇ ਬਿਨਾ ਸਿੱਖੀ ਤੇ ਸਿੱਖ ਨੂੰ ਸਮਝਨਾ ਹਰਗਿਜ ਮੁਮਕਿਨ ਨਹੀਂ ਹੈ I ਮੰਦਭਾਗੀ ਗੱਲ ਤਾਂ ਇਹ ਹੈ ਕਿ ਅੱਜ ਸਿੱਖ ਕੌਮ ਹੀ ਇਸ ਭਾਵਨਾ ਤੇ ਜਜਬੇ ਤੋਂ ਦੂਰ ਹੁੰਦੀ ਜਾ ਰਹੀ ਹੈ I ਅੱਜ ਭੇਖ ਤੇ ਜੋਰ ਹੈ , ਵਿਖਾਵੇ ‘ਚ ਦਿਲਚਸਪੀ ਹੈ , ਮਨ ਨਹੀਂ ਤਨ ਦੀ ਭਗਤੀ ਹੈ ਤੇ ਆਡੰਬਰ , ਪਖੰਡ ਵੀ ਜਗਹ ਬਣਾਉਂਦੇ ਜਾ ਰਹੇ ਹਨ I ਜੂਨ ਚੁਰਾਸੀ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ , ਸਿੱਖੀ ਨੂੰ ਸਮਰਪਿਤ ਸਿੱਖ ਬਹੁਤ ਘੱਟ ਤਦਾਦ ‘ਚ ਬਚੇ ਸਨ I ਜੇ ਕੌਮ ਜਾਗ੍ਰਤ ਤੇ ਇੱਕ ਜੁੱਟ ਹੁੰਦੀ ਤਾਂ ਸ਼ਾਇਦ ਸ੍ਰੀ ਦਰਬਾਰ ਸਾਹਿਬ ਵੱਲ ਬਦ ਨੀਅਤ ਨਾਲ ਵੇਖਣ ਦੀ ਵੀ ਕਿਸੇ ਦੀ ਹਿੰਮਤ ਨਾ ਪੈਂਦੀ I ਸ਼ਾਇਦ ਇਹੋ ਜਿਹੇ ਹਾਲਾਤ ਹੀ ਨਾ ਬਣਦੇ I ਪਰ ਆਪਰੇਸ਼ਨ ਬਲੂ ਸਟਾਰ ਹੋਇਆ . ਇਸ ਦਾ ਸੱਚਾ ਮੁਲਾਂਕਣ ਇਤਿਹਾਸ ਕਰੇਗਾ ਪਰ ਇਹ ਗੱਲ ਤੈ ਹੈ ਕਿ ਸਿੱਖ ਕੌਮ ਨੂੰ ਜੋ ਸਬਕ ਲੈਣੇ ਚਾਹੀਦੇ ਸਨ ਨਹੀਂ ਲਏ I ਬੇਸ਼ਕ ਸ੍ਰੀ ਅਕਾਲ ਤਖਤ ਸਾਹਿਬ ਮੁੜ ਉਸਾਰਿਆ ਗਿਆ , ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ ਬਹਾਲ ਹੋਈ ਪਰ ਕੀ ਸਿੱਖ ਕੌਮ ਦੀ ਨੀਂਦਰ ਟੁੱਟੀ ਹੈ ਤਾਂ ਜੋ ਕਿਸੇ ਦੂਜੇ ਆਪਰੇਸ਼ਨ ਬਲੂ ਸਟਾਰ ਦੀ ਸੰਭਾਵਨਾ ਸਦਾ ਲਈ ਮੁੱਕ ਜਾਏ I ਭਾਵੇਂ ਅਸੀਂ ਗੁਰੂ ਘਰ ਦੇ ਸੁੰਦਰ ਭਵਨ ਉਸਾਰ ਲਏ , ਸੰਗਤਾਂ ਉਤਸਾਹ ਨਾਲ ਦਰਸ਼ਨ ਕਰਨ ਆਉਂਦੀਆਂ ਹਨ ਪਰ ਕੌਮ ਦੀ ਸ਼ਾਨ ਉਸ ਦਾ ਜਿੰਦਾ ਹੋਣਾ ਹੈ I ਕੌਮ ਸੁੱਤੀ ਪਈ ਹੋਵੇ ਤਾਂ ਸ਼ਾਨਦਾਰ ਇਮਾਰਤਾਂ ਵੀ ਰੁਦਨ ਕਰਦਿਆਂ ਹਨ I ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੂਹ ਤਾਂ ਸਿੱਖਾਂ ਦਾ ਹੱਕ – ਸਚ ਦਾ ਸੰਕਲਪ ਹੈ I ਸਿੱਖਾਂ ਦੇ ਕਿੰਨੇ ਹੀ ਮੋਰਚੇ ਲੱਗੇ ਜੋ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਸੋਧ ਕੇ ਆਰੰਭ ਹੋਏ ਤੇ ਹਰ ਮੁਸ਼ਕਿਲ ਤੋਂ ਪਾਰ ਪਾਉਂਦੀਆਂ ਆਪਣੀ ਮੰਜਿਲ ਤੱਕ ਪੁੱਜ ਕੇ ਹੀ ਸਮਾਪਤ ਹੋਏ I ਇਹ ਮੋਰਚੇ ਕਿਸੇ ਨਿਜੀ ਪ੍ਰਾਪਤੀ ਲਈ ਨਹੀ , ਕੌਮ ਦੀ ਮਰਿਆਦਾ ਲਈ ਲਾਏ ਗਏ ਸਨ I ਇਨ੍ਹਾਂ ਮੋਰਚਿਆਂ ਦੀ ਕਾਮਿਆਬੀ ਦਾ ਸਿਹਰਾ ਵੀ ਕੌਮ ਦੇ ਸਿਰ ਹੀ ਬੰਨਿਆ ਗਿਆ I ਕਿੰਨੀਆਂ ਹੀ ਅਨਾਮ ਸ਼ਹੀਦੀਆਂ ਹੋਈਆਂ ਜਿਨ੍ਹਾਂ ਕੌਮ ਦਾ ਨਾਂ ਉਚਾ ਕੀਤਾ . ਅੱਜ ਆਪਨੇ ਨਾਂ , ਰੁਤਬੇ ਤੇ ਔਹਦੇ ਦੀ ਫਿਕਰ ਜਿਆਦਾ ਨਜਰ ਆਉਂਦੀ ਹੈ I ਇਹ ਕੌਮ ਦੇ ਸੁੱਤੇ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ I ਅੱਜ ਜੇ ਨਿਜੀ ਹਿੱਤ ਲੰਗਰ ਲਾਉਣ ਨਾਲ ਸਰਦੇ ਹਨ ਤਾਂ ਅਸੀਂ ਲੰਗਰ ਹੀ ਲਾਈ ਜਾ ਰਹੇ ਹਾਂ I ਗੁਰੂ ਸਾਹਿਬਾਨ ਦੀ ਮਹਿਮਾ , ਗੁਰਸਿੱਖੀ ਦੀ ਰਹਿਤ ਪਿੱਛੇ ਰਹਿ ਗਈ ਹੈ ਤੇ ਲੰਗਰ ਨੂੰ ਸਿੱਖੀ ਦਾ ਪ੍ਰਤੀਕ ਬਣਾਉਣ ਦਾ ਕੋਝਾ ਜਤਨ ਹੋ ਰਿਹਾ ਹੈ I ਨਿਜੀ ਹਿਤਾਂ ਦੇ ਲੋਭੀ ਅਜਿਹੇ ਜਤਨ ਕਰਦੇ ਆਏ ਹਨ ਪਰ ਸਮੇਂ ਨਾਲ ਅਤੀਤ ‘ਚ ਗੁੰਮ ਹੁੰਦੇ ਗਏ I ਅੱਜ ਕੋਈ ਉਨ੍ਹਾਂ ਨੂੰ ਯਾਦ ਕਰਨ ਵਾਲਾ ਵੀ ਨਹੀਂ ਹੈ I ਇਤਿਹਾਸ ਨਹੀਂ ਬਦਲਿਆ ਜਾ ਸੱਕਦਾ ਨਾਂ ਹੀ ਕਪਟ ਇਤਿਹਾਸ ਬਣ ਸੱਕਦਾ ਹੈ I ਸਿੱਖੀ ਉਚੇ ਸੁੱਚੇ ਆਦਰਸ਼ਾਂ ਤੇ ਲਾਸਾਨੀ ਕੁਰਬਾਨੀਆ ਦਾ ਨਾਂ ਹੈ I ਜੋ ਇਸ ਮਾਰਗ ਤੇ ਚੱਲਿਆ ਉਹ ਪ੍ਰੇਰਨਾ ਸ੍ਰੋਤ ਬਣ ਗਿਆ I ਔਹਦਿਆਂ ਵਾਲੇ ਤਾਂ ਹਰ ਕਾਲ ‘ਚ ਬਥੇਰੇ ਰਹੇ ਹਨ ਪਰ ਦਿਵਸ ਸਿੱਖੀ ਸਿਧਾਂਤਾਂ ਲਈ ਡੱਟ ਕੇ ਖੜੇ ਹੋਣ ਵਾਲੀਆਂ ਤੇ ਕੁਰਬਾਨੀਆਂ ਦੇਣ ਵਾਲੀਆਂ ਦੇ ਹੀ ਮਨਾਏ ਜਾਂਦੇ ਹਨ I ਸਿੱਖ ਕੌਮ ਅੱਜ ਵੀ ਆਪਣੀ ਪਛਾਣ ਲਈ ਸੰਘਰਸ਼ ਕਰ ਰਹੀ ਹੈ . ਭਾਰਤ ਹੀ ਨਹੀਂ ਸੰਸਾਰ ਦੇ ਵੱਖ ਵੱਖ ਮੁਲਕਾਂ ‘ਚ ਸਿੱਖਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ I ਇਹ ਸਪਸ਼ਟ ਹੈ ਕਿ ਅਸੀਂ ਗੁਰਸਿੱਖੀ ਬਾਰੇ ਨਾ ਤਾਂ ਆਪ ਸਮਝ ਸਕੇ ਹਾਂ ਨਾ ਦੁਨਿਆ ਨੂੰ ਸਮਝਾ ਪਾਏ ਹਾਂ I ਇਸ ਲਈ ਸਿੱਖ ਲੀਡਰਸ਼ਿਪ ਤਿਆਰ ਕਰਨ ਦੀ ਲੋੜ ਹੈ ਜਿਸ ਦੀ ਕੌਮ ਅੰਦਰ ਬਹੁਤ ਘਾਟ ਹੈ I ਸਿਆਸੀ ਦਲਾਂ ਦੇ ਸਿੱਖ ਲੀਡਰਾਂ ਤੋਂ ਇਹ ਆਸ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਆਪਨੇ ਨਿਜੀ ਸੁਆਰਥ ਕੁਰਬਾਨ ਕਰ ਕੌਮ ਦੇ ਮੁੱਦੇ ਚੁੱਕਣਗੇ I
ਡਾ. ਸਤਿੰਦਰ ਪਾਲ ਸਿੰਘ