ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਏਤੁ ਦੁਆਰੈ ਧੋਇ ਹਛਾ ਹੋਇਸੀ॥
(ਅੰਗ ੭੩੦)
ਭਾਂਡਾ-ਬਾਹਰੀ ਤੌਰ ‘ਤੇ ਸਰੀਰ ਦਾ ਵੀ ਪ੍ਰਤੀਕ ਹੈ ਪਰ ਵਸਤ ਸਮਾਉਣ ਲਈ ਹਿਰਦੇ ਦਾ ਵੀ ਹੈ, ਜਾਂ ਇੰਜ ਕਹੀਏ ਕਿ ਹਿਰਦੇ ਰੂਪੀ ਭਾਂਡੇ ਵਿਚ ਜਿਹੜੀ ਮੱਤ ਹੋਵੇ, ਉਹ ਸਰੀਰ ਰੂਪੀ ਭਾਂਡੇ ‘ਚੋਂ ਵੀ ਪ੍ਰਗਟ ਹੁੰਦੀ ਹੈ। ਸਮ ਅਰਥ ਕੋਸ਼ ਵਿਚ ਭਾਂਡਾ ਦੇ ਸਮਾਨ-ਅਰਥੀ ਸ਼ਬਦ-ਅਧਾਰ, ਪਾਤ੍ਰ, ਬਰਤਨ, ਭਾਜਨ, ਪਤ੍ਰ, ਭਾਂਡ ਆਦਿ ਹਨ। ‘ਮਹਾਨ ਕੋਸ਼ ਅਨੁਸਾਰ ਭਾਂਡ ਸੰਗਯਾ ਪਾਤ੍ਰ, ਬਰਤਨ, ਅੰਤਹਕਰਣ, ਸੰਚਾ (ਉਹ ਪਾਤੂ ਜਿਸ ਵਿਚ ਢਾਲੀ ਹੋਈ ਧਾਤੁ ਪਾਈਏ) ਉਪਦੇਸ਼ ਦਾ ਪਾਤ੍ਰ, ਉੱਤਮ ਅਧਿਕਾਰੀ ਹੈ।
ਦਰਅਸਲ ਮਨੁੱਖ ਵਿਚਾਰਾਂ ਦਾ ਵਜੂਦ ਜਾਂ ਮੁਜੱਸਮਾ ਹੈ। ਵਿਚਾਰ ਸ਼ਕਤੀ ਹੀ ਮਨੁੱਖ ਦੀ ਸ਼ਖ਼ਸੀਅਤ ਜਾਂ ਹੋਂਦ ਹੈ। ਵਿਚਾਰਾਂ ਦੀ ਖੰਡਤਾ ਜਾਂ ਭਟਕਣਾ ਹੀ ਇਸ ਨੂੰ ਮਨਮੁੱਖ ਦਾ ਦਰਜਾ ਦਿੰਦੀ ਹੈ। ਵਿਚਾਰ ਹੀ ਬੇਭਰੋਸਗੀ ਤੇ ਅਸ਼ਰਧਾ ਹੈ। ਵਿਚਾਰਾਂ ਦੀ ਘਾੜਤ ਲਈ ਸਤਿਸੰਗਤ ਦੀ ਪ੍ਰੇਰਨਾ ਹੈ। ਵਿਚਾਰਾਂ ਵਿਚ ਨਿਰਭਉ ਨਿਰਵੈਰ ਦੀ ਅਰਾਧਨਾ ਹੋਵੇ ਤਾਂ ਸੁਭਾਅ ਬਦਲਦਾ ਹੈ। ਦੁਚਿੱਤੀ ਤੇ ਦੁਬਿਧਾ ਮਾਨਵੀ ਜੀਵਨ ਲਈ ਐਸੇ ਸ਼ਬਦ ਹਨ, ਜੋ ਕਈ ਵਾਰ ਬਹੁਤਿਆਂ ਨੂੰ ਕਿਸੇ ਪਾਸੇ ਕਦਮ ਨਹੀਂ ਪੁੱਟਣ ਦਿੰਦੇ, ਜਾਂ ਜੇਕਰ ਚੱਲਦੇ ਵੀ ਹਨ ਤਾਂ ਪ੍ਰਾਪਤੀ ਕੋਈ ਨਹੀਂ ਹੁੰਦੀ, ਕੇਵਲ ਪਾਣੀ ‘ਚ ਮਧਾਣੀ ਵਾਲੀ ਗੱਲ ਹੋ ਜਾਂਦੀ ਹੈ।
ਇਸ ਸਮੇਂ ਸਿੱਖ ਸਮਾਜ ਦਾ ਕਾਫੀ ਹਿੱਸਾ ਗ਼ਲਤਫ਼ਹਿਮੀਆਂ, ਅਗਿਆਨਤਾ ਤੇ ਅੰਧਵਿਸ਼ਵਾਸਾਂ ਦੀ ਉਲਝਣ ਵਿਚ ਉਲਝ ਕੇ ਰਹਿ ਗਿਆ ਹੈ। ਇਹ ਗੁਰਦੁਆਰੇ ਤੋਂ ਭੱਜ ਕੇ ਹੋਰ ਜਿੱਥੇ ਵੀ ਜਾਂਦਾ, ਹੋਰ ਦੇ ਹੋਰ ਭਰਮਾਂ ‘ਚ ਪੈ ਜਾਂਦਾ ਹੈ। ਇਸ ਲੇਖ ਦੇ ਅਰੰਭ ਵਿਚ ਅੰਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸੂਹੀ ਰਾਗ ਵਿਚ ਦਰਜ ਪੰਕਤੀਆਂ ਸਾਨੂੰ ਏਹੋ ਸੁਚੇਤਤਾ ਦਿੰਦੀਆਂ ਹਨ ਕਿ ਉਹੀ ਭਾਂਡਾ (ਹਿਰਦਾ) ਪਵਿੱਤਰ ਹੈ, ਜੋ ਉਸ ਪ੍ਰਭੂ ਨੂੰ ਭਾਅ ਜਾਂਦਾ ਹੈ। ਜੇ ਮਨੁੱਖੀ ਹਿਰਦਾ ਵਿਕਾਰਾਂ ਨਾਲ ਮਲੀਨ ਹੋਵੇ ਤਾਂ ਕੇਵਲ ਬਾਹਰੋਂ ਧੋਤਿਆਂ ਸ਼ੁੱਧ ਨਹੀਂ ਹੋ ਸਕਦਾ। ਫਿਰ ਸ਼ੁੱਧ ਕਿਵੇਂ ਹੋਵੇ? ਨਾਲ ਹੀ ਉੱਤਰ ਹੈ ਕਿ ਗੁਰੂ ਦਾ ਦਰ (ਗੁਰਦੁਆਰਾ) ਪਕੜੀਏ, ਤਾਂ ਸੋਝੀ ਮਿਲੇਗੀ ਤੇ ਉੱਤਮ ਅਧਿਕਾਰੀ ਬਣ ਕੇ ਗੁਰੂ ਦੀ ਸਿੱਖਿਆ ਮਨ ‘ਚ ਵਸਾਈਏ। ਭਾਵ ਹਿਰਦੇ ਰੂਪੀ ਭਾਂਡੇ ਨੂੰ ਗੁਰੂ ਗਿਆਨ ਨਾਲ ਧੋਈਏ ਤਾਂ ਪਵਿੱਤਰਤਾ ਕਾਇਮ ਰਹੇਗੀ। ਇੱਥੇ ਗੁਰਬਾਣੀ ਪੜ੍ਹਨ, ਸੁਣਨ ਤੇ ਅਮਲ ਕਰਨ ਦੀ ਪ੍ਰੇਰਨਾ चै।
ਹੁਣ ਜੇਕਰ ਹਿਰਦਾ ਰੂਪੀ ਭਾਂਡਾ ਅਤਿ ਮਲੀਣ ਹੋਵੇ ਤਾਂ ਫਿਰ ਕੀ ਹੁੰਦਾ ਹੈ? ਇਕ ਸਿੱਖ ਨੂੰ ਸਰਲ ਤਰੀਕੇ ਨਾਲ ਸਮਝਾਉਣਾ ਹੋਵੇ ਤਾਂ ਇਹੋ ਕਹਾਂਗੇ ਕਿ ਉਹ ਗੁਰਮਤਿ ਤੋਂ ਟੁੱਟ ਕੇ ਥਾਂ-ਥਾਂ ਭਟਕਦਾ ਹੈ। ਜਿਨ੍ਹਾਂ ਵਿਚਾਰਾਂ ਨੂੰ ਸਾਡੇ ਸਤਿਗੁਰਾਂ ਨੇ ਨਕਾਰਿਆ ਤੇ ਦੁਰਕਾਰਿਆ ਸੀ, ਅਸੀਂ ਉਨ੍ਹਾਂ ਵਿਚਾਰਾਂ ਨੂੰ ਮੰਨਣ ਵੱਲ ਤੁਰ ਪਏ ਹਾਂ। ਕਬਰਾਂ, ਜਠੇਰਿਆਂ ਦੇ ਨਾਂ ਉੱਪਰ ਮੇਲੇ ਲਾਉਣ ਲੱਗਿਆਂ ਹੱਦਾਂ ਬੰਨੇ ਟੱਪ ਚੱਲੇ ਹਾਂ। ਇੱਥੇ ਜਿਊਂਦੇ ਲੋਕ ਨਸ਼ਿਆਂ ਨੇ ਮਾਰ ਲਏ ਅਤੇ ਮਰਿਆਂ ਦੀਆਂ ਕਬਰਾਂ ਉੱਪਰ ਸ਼ਰਾਬ ਚੜਨ ਲੱਗ ਪਈ। ਸਾਡੀ ਸੂਝ ਦਾ ਕੇਂਦਰ ਤਾਂ ਗੁਰਦੁਆਰਾ ਸਾਹਿਬਾਨ ਹਨ। ਜੇਕਰ ਅਸੀਂ ਪਾਠ ਕਰਾਉਣਾ ਹੈ ਜਾਂ ਲੰਗਰ ਛਕਾਉਣਾ ਹੈ ਤਾਂ ਗੁਰਦੁਆਰਾ ਸਾਹਿਬ ਆਈਏ। ਜਠੇਰਿਆਂ ਦੇ ਨਾਉਂ ਉੱਪਰ ਭਰਮ-ਪਖੰਡ ਤੋਂ ਬਚੀਏ। ਦੁੱਧ-ਖੀਰ-ਜੰਮ-ਜੰਮ ਚੜਾਓ, ਪਰ ਗੁਰਦੁਆਰੇ ਦੇ ਲੰਗਰ ‘ਚ, ਗੁਰੂ ਦੀਆਂ ਸੰਗਤਾਂ ਲਈ ਲਿਆਈਏ। ਦੂਜੇ ਪਾਸੇ ਜੇਕਰ ਕਬਰਾਂ, ਮੜੀਆਂ ਉੱਪਰ ਅਖੰਡਪਾਠ ਸਾਹਿਬ ਕਰਾ ਕੇ ਵੀ ਕਿਧਰੇ ਗੁਰਬਾਣੀ ਸੁਣੀ ਹੁੰਦੀ, ਤਾਂ ਕਦੋਂ ਦੇ ਇਨ੍ਹਾਂ ਕਬਰਾਂ-ਮੜੀਆਂ ਨੂੰ ਤਿਆਗ ਕੇ ਗੁਰੂ ਵਾਲੇ ਬਣੇ ਹੁੰਦੇ। ਇਹ ਵੀ ਸੋਚੀਏ ਕਿ ਅਸੀਂ ਭਰਮਾਂ ‘ਚ ਪਏ ਅੰਦਰੋ-ਅੰਦਰੀ ਮੰਨੀਂ ਕਬਰਾਂ ਨੂੰ ਹੀ ਜਾਂਦੇ ਹਾਂ। ਹੁਣ ਜੇਕਰ ਪੰਜ ਭੂਤਕ ਸਰੀਰਾਂ ਵਾਲੇ ਚੰਗੇ ਭਲੇ ਮਨੁੱਖਾਂ ਨੇ ਬੋਤਲਾਂ ਪੀ-ਪੀ ਕੇ ਕੁਝ ਨਹੀਂ ਸੰਵਾਰਿਆ, ਤਾਂ ਕਬਰੀਂ ਦੱਬੇ ਮੁਰਦਿਆਂ ਨੇ ਲੱਖਾਂ ਬੋਤਲਾਂ ਦਾਰੂ ਪੀ-ਪੀ ਕੇ ਪੰਜਾਬ ਦਾ ਕੀ ਸੰਵਾਰ ਦੇਣਾ ਹੈ? ਆਓ! ਗੁਰੂ ਘਰਾਂ ਵੱਲ ਪਰਤੀਏ ਤੇ ਆਪਣੇ ਗੁਰੂ ਪਾਸੋਂ ਸੋਝੀ ਪਾਈਏ।
ਪੰਥ ਦੇ ਵਾਰਸੋ ! ਪੰਥ ਵਿਰੋਧੀ ਸ਼ਕਤੀਆਂ ਤਾਂ ਪਹਿਲਾਂ ਹੀ ਇਹੋ ਚਾਹੁੰਦੀਆਂ ਹਨ ਕਿ ਸਿੱਖ ਕੌਮ ਆਪਣੇ ਗੁਰੂ, ਸਿਧਾਂਤ, ਗੁਰਦੁਆਰਿਆਂ ਤੇ ਮਰਯਾਦਾ ਤੋਂ ਟੁੱਟ ਕੇ ਆਪ ਹੀ ਖੇਰੂੰ-ਖੇਰੂੰ ਹੋ ਜਾਵੇ। ਅਸੀਂ ਖੁਦ ਵਿਚਾਰ ਕਰੀਏ ਕਿ ਗੁਰਮਤਿ ਨੂੰ ਵਿਸਾਰ ਕੇ ਅਸੀਂ ਆਪਣੇ ਹੱਥੀਂ ਆਪ ਹੀ ਆਪਣੀਆਂ ਕੌਮੀ ਜੜ੍ਹਾਂ ਉੱਪਰ ਕੁਹਾੜਾ ਤਾਂ ਨਹੀਂ ਚਲਾ ਰਹੇ? ਸੱਚੀ ਗੱਲ ਕਿ ਜੇਕਰ ਘਰਾਂ ਵਿਚ ਨਿੱਤਨੇਮ ਹੁੰਦਾ ਹੋਵੇ ਤਾਂ ਕਿਸੇ ਦੇਹਧਾਰੀ ਤੋਂ ਨਾਮ-ਦਾਨ ਲੈਣ ਲਈ ਭੱਜਣ ਦੀ ਲੋੜ ਨਹੀਂ। ਗੁਰਦੁਆਰਾ ਸਾਹਿਬ ਜਾਣ ਦਾ ਸੁਭਾਅ ਹੋਵੇ ਤਾਂ ਜਠੇਰਿਆਂ ਦੀਆਂ ਕਬਰਾਂ ਤੋਂ ਕੀ ਲੈਣਾ? ਸਾਡੇ ਗੁਰੂ ਸਾਹਿਬਾਨ, ਸਿੱਖ ਯੋਧਿਆਂ, ਸ਼ਹੀਦਾਂ, ਮੁਰੀਦਾਂ, ਸੂਰਮਿਆਂ ਤੇ ਬੰਦਗੀ ਵਾਲੀਆਂ ਰੂਹਾਂ ਤੋਂ ਵੱਡਾ ਹੋਰ ਕੋਈ ਜਠੇਰਾ ਨਹੀਂ ਹੈ। ਕਿਸੇ ਦੀ ਯਾਦ ਮਨਾਉਣੀ ਹੈ ਤਾਂ ਗੁਰਦੁਆਰਿਆਂ ਵੱਲ ਵਹੀਰਾਂ ਘੱਤੋਂ। ਸਿਧਾਂਤਕ ਕੱਚੇਪਣ ਕਰ ਕੇ ਅਸੀਂ ਭਰਾ-ਮਾਰੂ ਜੰਗ ਵੱਲ ਵੀ ਵੱਧ ਰਹੇ ਹਾਂ। ਪੱਗ ਕਿਸੇ ਦੀ ਵੀ ਲੱਥੇ ਪਰ ਦਸਤਾਰ ਸਜਾਉਣ
ਦਾ ਅਧਿਕਾਰ ਤਾਂ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨਾਂ ਨੇ ਹੀ ਲੈ ਕੇ ਦਿੱਤਾ ਸੀ। ਜੋ ਗਿਆਨ ਕਰ ਕੇ ਸੱਜੀਆਂ ਸਨ, ਉਹ ਅਗਿਆਨਤਾ ਵਿਚ ਹਮੇਸ਼ਾਂ ਲੱਥੀਆਂ ਹਨ। ਜੇ ਗੁਰੂ ਦਾ ਦਰ ਛੱਡਾਂਗੇ ਤਾਂ ਹਾਲ ਤੋਂ ਬੇਹਾਲ ਹੀ ਹੋਵਾਂਗੇ। ਗੁਰੂ-ਗੁਰਬਾਣੀ ਤੇ ਗੁਰਦੁਆਰੇ ਤੋਂ ਬੇਮੁੱਖ ਨਾ ਹੋਈਏ। ਪਿੰਡਾਂ/ਕਸਬਿਆਂ/ਸ਼ਹਿਰਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਤਕ ਗੁਰਦੁਆਰਾ ਸਾਹਿਬਾਨ ਨੂੰ ਗੁਰਮਤਿ ਦੇ ਪ੍ਰਚਾਰ ਲਈ ਮੁੱਖ ਕੇਂਦਰ ਬਣਾ ਕੇ ਜੀਵਨ ਸਫ਼ਲ ਕਰੀਏ। (ਜੋ ਦੇਸ਼/ਵਿਦੇਸ਼ ਵਿਚ ਗੁਰਮਤਿ ਪ੍ਰਚਾਰ ਲਈ ਕਾਰਜਸ਼ੀਲ ਹਨ, ਉਨ੍ਹਾਂ ਪ੍ਰਬੰਧਕਾਂ ਤੇ ਸੰਗਤਾਂ ਨੂੰ ਮੁਬਾਰਕਬਾਦ ਹੈ।)
ਡਾ. ਇੰਦਰਜੀਤ ਸਿੰਘ ਗੋਗੋਆਣੀ
