68 views 10 secs 0 comments

ਘੋੜੀ

ਲੇਖ
June 27, 2025

ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ‘ਘੋੜੀਆਂ’ ਦੇ ਸਿਰਲੇਖ ਹੇਠ ਦੋ ਛੰਤ ਲਿਖੇ ਹੋਏ ਹਨ :
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥
ਵਡਭਾਗੀ ਪਾਈ ਨਾਮੁ ਸਖਾਈ
ਜਨ ਨਾਨਕ ਰਾਮਿ ਉਪਾਈਆ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੭੫)

ਮਨੁੱਖ ਦਾ ਇਹ ਸਰੀਰ ਮੰਨ ਲਉ ਇਸ ਤਰ੍ਹਾਂ ਜਿਵੇਂ ਇਹ ਘੋੜੀ ਹੈ। ਇਸ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ। ਜਿਸ ਵਿੱਚ ਇਹ ਕਾਂਇਆ ਮਿਲਦੀ ਹੈ। ਚੰਗੀ ਕਿਸਮਤ ਨਾਲ ਹੀ ਜੀਵ ਨੇ ਇਹ ਕਾਂਇਆ ਮਿਲਦੀ ਹੈ। ਪਰ ਉਸੇ ਮਨੁੱਖ ਦੀ ਕਾਂਇਆ ਸੋਨੇ ਵਰਗੀ ਹੈ ਅਤੇ ਸੋਹਣੀ ਹੈ । ਜਿਹੜਾ ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਿਲ ਕਰਦਾ ਹੈ। ਉਸ ਮਨੁੱਖ ਦੀ ਕਾਂਇਆ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ। ਇਹ ਕਾਂਇਆ ਸੋਹਣੀ ਹੈ ਕਿਉਂਕਿ ਇਸ ਕਾਂਇਆ ਨਾਲ ਮੈਂ ਪ੍ਰਮਾਤਮਾ ਦਾ ਨਾਮ ਜਪ ਸਕਦਾ ਹਾਂ। ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆ ਸੋਹਣੀ ਬਣ ਜਾਂਦੀ ਹੈ। ਹੇ ਭਾਈ! ਉਸੇ ਵੱਡੇ ਭਾਗਾਂ ਵਾਲੇ ਮਨੁੱਖ ਨੇ ਹੀ ਇਹ ਕਾਂਇਆ ਪ੍ਰਾਪਤ ਕੀਤੀ ਸਮਝ, ਪ੍ਰਮਾਤਮਾ ਦਾ ਨਾਮ ਜਿਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ। ਹੇ ਦਾਸ ਨਾਨਕ ! ਨਾਮ ਸਿਮਰਨ ਵਾਸਤੇ ਹੀ ਇਹ ਕਾਂਇਆ ਪ੍ਰਮਾਤਮਾ ਨੇ ਪੈਦਾ ਕੀਤੀ ਹੈ।
ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥
ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥
ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ॥
ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥ ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੫੭੫)

ਇਹ ਮਨੁੱਖਾ ਸਰੀਰ-ਘੋੜੀ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਕਿ ਇਸ ਘੋੜੀ ਉਤੇ ਚੜ੍ਹ ਕੇ ਜੀਵ ਜੀਵਨ-ਸਫ਼ਰ ਨੂੰ ਸਫ਼ਲਤਾ ਨਾਲ ਤੈਅ ਕਰੇ। ਸੋ ਜਿਸ ਸਰੀਰ-ਘੋੜੀ ਦੀ ਰਾਹੀਂ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ। ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ। ਇਸ ਦੀ ਰਾਹੀਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ।

ਇਸ ਸੋਹਣੀ ਕਾਂਇਆ-ਘੋੜੀ ਉਤੇ ਚੜ੍ਹ, ਇਹ ਘੋੜੀ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ, ਇਸ ਦੇ ਰਾਹੀਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮ ਆਨੰਦ ਦੇ ਮਾਲਕ ਪ੍ਰਮਾਤਮਾ ਨੂੰ ਮਿਲ। ਪੂਰਨ ਪ੍ਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ ਵਿਆਹ ਰਚਾ ਦਿੱਤਾ ਜਿਸ ਜਿੰਦ-ਵਹੁਟੀ ਨੂੰ ਆਪਣੇ ਨਾਲ ਮਿਲਾਣ ਦਾ ਢੋਅ ਢੁਕਾ ਦਿੱਤਾ । ਸਤ-ਸੰਗੀਆਂ ਨਾਲ ਮਿਲ ਕੇ ਮਾਨੋ, ਉਸ ਦੀ ਜੰਞ ਆ ਗਈ। ਹੇ ਦਾਸ ਨਾਨਕ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਿਲ ਕਰ ਲਿਆ। ਉਸ ਨੇ ਆਤਮਿਕ ਆਨੰਦ ਮਿਲ ਜਾਂਦਾ ਹੈ।
ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥ ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੭੫)

ਤਥਾ

ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ॥ ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥ ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥ ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੭੫)

ਉਹ ਕਾਂਇਆ ਸੋਹਣੀ ਘੋੜੀ ਹੈ। ਜੀਵ-ਰਾਹੀ ਦੇ ਜੀਵਨ-ਸਫਰ ਵਾਸਤੇ ਚੰਗੀ ਘੋੜੀ ਹੈ। ਜੋ ਪ੍ਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ, ਜੋ ਗੁਰੂ ਪਾਸੋਂ ਆਤਮਿਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ। ਜੋ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਮੰਗਦੀ ਹੈ, ਪ੍ਰਮਾਤਮਾ ਦੀ ਸੋਹਣੀ ਸਿਫ਼ਤਿ-ਸਾਲਾਹ ਕਰਦੀ ਹੈ। ਪ੍ਰਮਾਤਮਾ ਦਾ ਨਾਮ ਜਪਦੀ ਹੈ, ਜੋ ਇਹ ਸਮਝਣ ਦਾ ਜਤਨ ਕਰਦੀ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਤੇ ਕਿੱਡਾ ਵੱਡਾ ਹੈ। ਕਰਤਾਰ ਨੇ ਅਜਿਹੀ ਕਾਂਇਆ-ਘੋੜੀ ਦਾ ਸਾਰਾ ਜਨਮ ਸਫਲ ਕਰ ਦਿੱਤਾ ਹੈ। ਕਿਉਂਕਿ ਉਹ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੀ ਹੈ। ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦੀ ਰਹਿੰਦੀ ਹੈ ਪ੍ਰਮਾਤਮਾ ਦੇ ਭਗਤ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰ ਕੇ ਪ੍ਰਮਾਤਮਾ ਦੀ ਭਗਤੀ ਦੀ ਦਾਤ ਮੰਗਦੇ ਰਹਿੰਦੇ ਹਨ। ਦਾਸ ਨਾਨਕ ਆਖਦਾ ਹੈ—ਹੇ ਸੰਤ ਜਨੋ! ਇਹ ਸੋਹਣੀ ਕਾਂਇਆ ਘੋੜੀ ਪ੍ਰਾਪਤ ਕਰ ਕੇ ਪ੍ਰਮਾਤਮਾ ਦੀ ਸੋਹਣੀ ਭਗਤੀ ਕਰਦੇ ਰਹੋ।

ਗਿਆਨੀ ਗੁਰਮੁੱਖ ਸਿੰਘ ਖਾਲਸਾ ਐਮ.ਏ.