ਸਿੱਖ ਆਪਣੀ ਸੁਰਤਿ ਸੰਭਾਲਦਿਆਂ ਹੀ ਨਾਮ ਜਪਣ ਦੀ ਮਹੱਤਾ ਬਾਰੇ ਸੁਨਣ ਲੱਗਦਾ ਹੈ ਕਿ “ ਨਾਨਕ ਕੈ ਘਰਿ ਕੇਵਲ ਨਾਮੁ ॥ “ । ਨਾਮ ਜਪਣ ਦੀ ਪ੍ਰੇਰਣਾ ਉਸ ਅੰਦਰ ਸਹਿਜ ਜਿਗਿਆਸਾ ਪੈਦਾ ਕਰ ਦਿੰਦੀ ਹੈ ਕਿ ਨਾਮ ਕੀ ਹੈ , ਕਿਵੇਂ ਜੱਪਣਾ ਹੈ ਤੇ ਇਹ ਕਿਵੇਂ ਲਾਭਕਾਰੀ ਹੈ । ਇਹ ਸਵਾਲ ਗੁਰੂ ਸਾਹਿਬਾਨ ਕੋਲੋਂ ਵੀ ਪੁੱਛੇ ਜਾਂਦੇ ਸਨ । ਗੁਰੂ ਸਾਹਿਬਾਨ ਸਾਰੇ ਨਿਦਾਨ ਪੁੱਛੇ ਗਏ ਸਵਾਲਾਂ ਦੇ ਭਿੰਨ ਭਿੰਨ ਸੰਦਰਭਾਂ ਦੇ ਅਨੁਕੂਲ ਕਰਦੇ ਜਿਸ ਨਾਲ ਸਿੱਖ ਦੁਵਿਧਾ ਮੁਕਤ ਹੋ ਜਾਂਦੇ । ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ ੧੭੦੮ ਵਿੱਚ ਗੁਰਤਾ ਗੱਦੀ ਸਦੀਵੀ ਗੁਰੂ ਵਜੋਂ ਸੌਂਪੀ ਕਿ ਹਰ ਕਾਲ , ਸਥਿਤੀ ਵਿੱਚ ਗੁਰੂ ਦੀ ਸਿਖਿਆ ਸਿੱਖ ਲਈ ਹਰ ਸਥਿਤੀ ਵਿੱਚ ਸਹਾਈ ਹੋਵੇਗੀ । ਗੁਰੂ ਹਰ ਸਵਾਲ ਤੇ ਸਪਸ਼ਟ ਹੈ ਪਰ ਅੱਜ ੩੧੭ ਸਾਲ ਬਾਅਦ ਵੀ ਨਾਮ ਜਪਣ ਬਾਰੇ ਦੁਵਿਧਾ ਬਣੀ ਵਿਖਾਈ ਦਿੰਦੀ ਹੈ । ਨਾਮ ਜਪਣ ਦੀ ਵਿਆਖਿਆ ਕਰਦਾ ਬਹੁਤ ਸਾਰਾ ਸਾਹਿਤ ਉਪਲਬੱਧ ਹੈ ਜੋ ਨਿਜੀ ਵਿਦਵਤਾ ਦੀ ਹੋੜ ਵਿੱਚ ਰਚਿਆ ਗਿਆ ਹੈ । ਇਸ ਨੇ ਵਿਸ਼ਾ ਗੁੰਝਲਦਾਰ ਬਣਾ ਦਿੱਤਾ ਹੈ । ਪਰ ਇਹ ਗੁੰਝਲਦਾਰ ਹੈ ਨਹੀਂ । ਗੁਰੂ ਸਾਹਿਬਾਨ ਦਾ ਪੂਰਾ ਫਲਸਫਾ ਹੀ ਸਹਿਜ ਤੇ ਸਰਲ ਹੈ । ਸਮੱਸਿਆ ਇਸ ਕਾਰਣ ਹੈ ਕਿ ਜਿਗਿਆਸਾ ਗੁਰੂ ਕੋਲੋਂ ਨਹੀਂ ਕੀਤੀ ਜਾ ਰਹੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਇੱਕ ਇੱਕ ਸ਼ਬਦ ਨਾਮ ਜਪਣ ਦੀ ਜਾਚ ਦੱਸਣ ਵਾਲਾ ਹੈ । ਗੁਰੂ ਅਮਰਦਾਸ ਸਾਹਿਬ ਮੁੱਢਲੀ ਜਿਗਾਸਾ ਸ਼ਾਂਤ ਕਰਦੇ ਹਨ ਕਿ ਨਾਮ ਜੱਪਣਾ ਕੀ ਹੈ ।
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੫੧੪ )
ਗੁਰਸਿੱਖ ਦਾ ਨਾਮ ਜਪਣਾ ਪਰਮਾਤਮਾ ਦੇ ਗੁਣਾਂ ਦਾ ਬਖਾਨ ਕਰਨਾ ਹੈ । ਉਹ ਜਾਣਦਾ ਹੈ ਕਿ ਸੰਸਾਰ ਵਿੱਚ ਇੱਕੋ ਇੱਕ ਪਰਮਾਤਮਾ ਹੈ ਜੋ ਗੁਣ ਨਿਧਾਨ ਹੈ । ਬਾਕੀ ਸਾਰਾ ਸੰਸਾਰ ਔਗੁਣਾਂ ਦੀ ਪੰਡ ਬੰਨੀ ਵਿਚਰ ਰਿਹਾ ਹੈ । ਪਰਮਾਤਮਾ ਦੇ ਗੁਣ ਹੀ ਮਨੁੱਖ ਨੂੰ ਜੀਵਨ ਬਖ਼ਸ਼ਣ ਵਾਲੇ ਤੇ ਜੀਵਨ ਦਾ ਆਧਾਰ ਦੇਣ ਵਾਲੇ ਹਨ “ ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥ “ । ਪਰਮਾਤਮਾ ਦਿਆਲੂ ਹੈ , ਉਸ ਨੇ ਦਇਆ ਕੀਤੀ ਤਾਂ ਜੀਵਨ ਪ੍ਰਾਪਤ ਹੋਇਆ । ਉਹ ਪਾਲਕ ਵੀ ਹੈ “ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥ “ , ਤਾਂ ਹੀ ਜੀਵਨ ਚੱਲ ਰਿਹਾ ਹੈ । ਗੁਰਸਿੱਖ ਜਾਣਦਾ ਹੈ ਕਿ ਕੋਈ ਹੋਰ ਨਾ ਅਜਿਹਾ ਦਿਆਲੂ ਹੈ ਨਾਂ ਪਾਲਕ । ਉਸ ਦੇ ਗੁਣ ਬੇਅੰਤ ਹਨ । ਆਪਣੇ ਗੁਣਾਂ ਕਾਰਣ ਹੀ ਇੱਕ ਪਰਮਾਤਮਾ ਦਾ ਹੀ ਜਸ ਗਾਇਨ ਕਰਨ ਜੋਗ ਹੈ । ਗੁਰੂ ਅਮਰਦਾਸ ਸਾਹਿਬ ਨੇ ਪਰਮਾਤਮਾ ਦੇ ਉਨ੍ਹਾਂ ਗੁਣਾਂ ਬਾਰੇ ਦੱਸਿਆ ਜੋ ਪਰਮਾਤਮਾ ਦੀ ਵਡਿਆਈ ਦੇ ਪ੍ਰਤੀਕ ਹਨ । ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਆਪਣੇ ਆਪ ਵਿੱਚ ਪੂਰਨ ਤੇ ਸਰਵਉੱਚ ਸੱਤਾ ਹੈ “ ਸਚਾ ਗਹਿਰ ਗੰਭੀਰੁ “ । ਪਰਮਾਤਮਾ ਨਿਰਮਲ ਗੁਣਾਂ ਵਾਲਾ , ਧੀਰਜ ਦਾ ਸੋਮਾ ਹੈ “ ਗੁਣਦਾਤਾ ਮਤਿ ਧੀਰੁ “ । ਉਹ ਸਰਬ ਵਿਆਪਕ ਹੈ “ ਸਭ ਮਹਿ ਰਹਿਆ ਸਮਾਇ “ । ਗੁਰੂ ਅਮਰਦਾਸ ਸਾਹਿਬ ਨੇ ਵਚਨ ਕੀਤਾ ਕਿ ਉਸ ਸਾਰੀ ਸ੍ਰਿਸ਼ਟੀ ਦਾ ਪਾਲਨ ਕਰ ਰਿਹਾ ਹੈ “ ਦੇਦਾ ਰਿਜਕੁ ਸਬਾਹਿ “ । ਗੁਰੂ ਸਾਹਿਬ ਨੇ ਗੁਰਸਿੱਖ ਦੀ ਹਰ ਸ਼ੰਕਾ ਦੂਰ ਕਰਦਿਆਂ ਸੇਧ ਦਿੱਤੀ ਕਿ ਨਾਮ ਜਪਣ ਦਾ ਅਰਥ ਪਰਮਾਤਮਾ ਦੇ ਬੇਅੰਤ ਗੁਣਾਂ ਨੂੰ ਚੇਤੇ ਕਰਨਾ ਹੈ । ਨਾਮ ਜਪਣ ਦੀ ਮਹਾਨਤਾ ਗੁਰੂ ਸਾਹਿਬ ਨੇ ਦੱਸੀ ।
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੫੧੫ )
ਗੁਰਸਿੱਖ ਤਨ , ਮਨ ਇਕਾਗਰ ਕਰ ਕੇ ਨਾਮ ਜਪੇ । ਪਰਮਾਤਮਾ ਵਿੱਚ ਧਿਆਨ ਕੇਂਦ੍ਰਿਤ ਹੋਵੇ ਭਾਵ ਮਾਇਆ , ਵਿਕਾਰਾਂ ਤੋਂ ਨਿਵ੍ਰ੍ਤ ਹੋਵੇ । ਇਹ ਅਤਿ ਕਠਿਨ ਸਾਧਨਾ ਹੈ । ਜਿਸ ਨਾਮ ਜਪਣ ਨੂੰ ਅਗਿਆਨਤਾ ਵੱਸ ਸੌਖਾ ਨਾਮ ਰਟਨ ਸਮਝ ਲਿਆ ਜਾਂਦਾ ਹੈ ਉਹ ਦਰਅਸਲ ਔਖਾ ਹੈ “ ਆਖਣਿ ਅਉਖਾ ਸਾਚਾ ਨਾਉ ॥ “ । ਲਿਵ ਲੱਗਣਾ ਹੀ ਤਾਂ ਔਖਾ ਹੈ । ਵਾਹਿਗੁਰੂ , ਵਾਹਿਗੁਰੂ ਜਪਿਆ ਜਾ ਰਿਹਾ ਹੈ ਜਾਂ ਸਤਿਨਾਮ ਸਤਿਨਾਮ , ਮਹੱਤਵਪੂਰਨ ਇਹ ਹੈ ਕਿ ਪਰਮਾਤਮਾ ਵਿੱਚ ਲਿਵ ਲੱਗੀ ਹੈ ਜਾਂ ਨਹੀਂ । ਪਰਮਾਤਮਾ ਵਿੱਚ ਲਿਵ ਲਾਉਣਾ ਉਸ ਦੇ ਸਨਮੁਖ ਹੋਣਾ ਹੈ । ਮੁਖ ਇੱਕ ਵੱਲ ਹੀ ਹੋ ਸਕਦਾ ਹੈ । ਲਿਵ ਸ਼ਬਦ ਮਾਤਰ ਧਿਆਨ ਨਹੀਂ ਪਰਮਾਤਮਾ ਪ੍ਰੇਮ ਵਿੱਚ ਭਿੱਜ ਕੇ ਧਿਆਨ ਲਾਉਣਾ ਹੈ । ਇਹ ਸੱਚਾ ਧਿਆਨ ਹੈ “ ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥ “ । ਮਾਇਆ , ਵਿਕਾਰਾਂ ਤੋਂ ਨਿਵ੍ਰਿਤ ਹੋ ਕੇ ਪਰਮਾਤਮਾ ਵਿੱਚ ਲਿਵ ਲੱਗ ਸਕਦੀ ਹੈ । ਮਾਇਆ ਦਾ ਮੋਹ ਤਿਆਗਣਾ ਤੇ ਵਿਕਾਰਾਂ ਨੂੰ ਵੱਸ ਵਿੱਚ ਕਰਨਾ ਹੀ ਔਖਾ ਹੈ ਤਾਂ ਹੀ ਨਾਮ ਜਪਣਾ ਔਖਾ ਹੈ । ਜਦੋਂ “ ਅਵਰ ਸੰਗਿ ਤੋਰੀ “ ਦਾ ਨਿਸ਼ਚਾ ਦ੍ਰਿੜ੍ਹ ਨਹੀਂ ਹੁੰਦਾ ਉੱਦੋਂ ਹੀ ਮਨ ਨਹੀਂ ਟਿਕਦਾ , ਲਿਵ ਨਹੀਂ ਲੱਗਦੀ ਜਿਹੀ ਬੇਬਸੀ ਸਾਹਮਣੇ ਆਉਂਦੀ ਹੈ । ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਿ ਮਾਇਆ ਤੇ ਵਿਕਾਰ ਪਰਮਾਤਮਾ ਨਾਲ ਮੇਲ ਵਿੱਚ ਸਭ ਤੋਂ ਵੱਡੇ ਵਿਘਨ ਹਨ ।
ਬਜਰ ਕਪਾਟ ਕਾਇਆ ਗੜ੍ ਭੀਤਰਿ ਕੂੜੁ ਕੁਸਤੁ ਅਭਿਮਾਨੀ ॥
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੫੧੪ )
ਲਿਵ ਕਿਵੇਂ ਲੱਗੇ , ਮਨ ਕਿਵੇਂ ਟਿਕੇ ਇਸ ਦਾ ਕੋਈ ਬਾਹਰੀ ਨਿਦਾਨ ਨਹੀਂ ਹੈ । ਇਸ ਦਾ ਉਪਾਇ ਗੁਰਸਿੱਖ ਨੂੰ ਆਪ ਹੀ ਕਰਨਾ ਹੈ । ਗੁਰੂ ਅਮਰਦਾਸ ਸਾਹਿਬ ਨੇ ਵਚਨ ਕੀਤਾ ਕਿ ਮਨ ਅੰਦਰ ਦੇ ਵਿਕਾਰ ਤਨ ਰੂਪ ਕਿਲੇ ਦੇ ਉਹ ਮਜਬੂਤ ਦਰਵਾਜੇ ਹਨ ਪਰਮਾਤਮਾ ਦੇ ਮਨੁੱਖ ਵਿਚਕਾਰ ਖੜੇ ਹਨ । ਇਨ੍ਹਾਂ ਦਰਵਾਜਿਆਂ ਨੂੰ ਖੋਲੇ ਬਿਨਾ ਪਰਮਾਤਮਾ ਵਿੱਚ ਲਿਵ ਲੱਗ ਹੀ ਨਹੀਂ ਸਕਦੀ । ਜਦੋਂ ਤੱਕ ਮਨ ਅੰਦਰ ਵਿਕਾਰ ਹਨ ਮਨੁੱਖ ਭਰਮ ਵਿੱਚ ਭਟਕਦਾ ਹੀ ਰਹੇਗਾ ਤੇ ਪਰਮਾਤਮਾ ਦੇ ਸਨਮੁਖ ਨਹੀਂ ਹੋ ਸਕੇਗਾ ਭਾਵੇਂ ਉਹ ਕਿੰਨੇ ਹੀ ਉਪਾਇ ਕਰਦਾ ਥੱਕ ਜਾਵੇ “ ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ “ । ਮਾਇਆ , ਵਿਕਾਰਾਂ ਤੋਂ ਨਿਵ੍ਰਿਤੀ ਦੀ ਰਾਹ ਵੀ ਗੁਰਬਾਣੀ ਹੀ ਦਰਸਾਉਂਦੀ ਹੈ । ਵਿਕਾਰਾਂ ਤੋਂ ਨਿਵ੍ਰਿਤੀ ਦਾ ਆਰੰਭ ਨਾਮ ਜਪਣ ਤੋਂ ਪਹਿਲਾਂ ਹੀ ਆਰੰਭ ਹੋ ਜਾਏ । ਗੁਰੂ ਅਮਰਦਾਸ ਸਾਹਿਬ ਨੇ ਹੇਠਲੀ ਇੱਕ ਪੰਕਤੀ ਵਿੱਚ ਹੀ ਨਾਮ ਜਪਣ ਦੀ ਭਾਵਨਾ ਸਮੋ ਦਿੱਤੀ ।
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੫੧੪ )
ਨਾਮ ਜਪਣ ਵਾਲਾ ਇਸ ਹੰਕਾਰ , ਅਭਿਮਾਨ ਤੋਂ ਮੁਕਤ ਹੋਵੇ ਕਿ ਉਹ ਨਾਮ ਜੱਪ ਰਿਹਾ ਹੈ । ਪਰਮਾਤਮਾ ਦਾ ਨਾਮ ਜੱਪ ਸਕੇ ਅਜਿਹੀ ਸਮਰੱਥਾ ਗੁਰਸਿੱਖ ਦੀ ਨਹੀਂ ਹੈ । ਪਰਮਾਤਮਾ ਸਮਰੱਥਾ ਬਖ਼ਸ਼ਦਾ ਹੈ , ਪਰਮਾਤਮਾ ਨਾਮ ਜਪਾਉਂਦਾ ਹੈ ਤਾਂ ਗੁਰਸਿੱਖ ਨਾਮ ਜੱਪਦਾ ਹੈ । ਮੁਖ ਤੋਂ ਵਾਹਿਗੁਰੂ ਤਾਂ ਹੀ ਨਿਕਲਦਾ ਹੈ ਜੇ ਪਰਮਾਤਮਾ ਨੂੰ ਭਾਉਂਦਾ ਹੈ । ਪਰਮਾਤਮਾ ਦੀ ਇਹ ਬਖਸ਼ਿਸ਼ ਗੁਰੂ ਦੀ ਕਿਰਪਾ ਤੇ ਗੁਰੂ ਦੀ ਦਿੱਤੀ ਸੇਧ ਤੇ ਚੱਲਣ ਨਾਲ ਹੀ ਪ੍ਰਾਪਤ ਹੁੰਦੀ ਹੈ । ਪਰਮਾਤਮਾ ਦੇ ਸਨਮੁਖ ਹੋਣ ਦੀ ਜਾਚ , ਨਾਮ ਜਾਪਣ ਦੀ ਯੋਗਤਾ ਪ੍ਰਾਪਤ ਕਰਨ ਦਾ ਢੰਗ ਗੁਰੂ ਹੀ ਸਿਖਾਉਂਦਾ ਹੈ । ਨਾਮ ਜੱਪਣਾ ਉਹੀ ਸਾਰਥਕ ਹੈ ਜੋ ਗੁਰੂ ਦੀ ਸਿਖਿਆ ਤੇ ਸੇਧ ਮੁਤਾਬਿਕ ਜਪਿਆ ਗਿਆ ਹੈ । ਗੁਰਸਿੱਖ ਜਦੋਂ ਗੁਰ ਸ਼ਬਦ ਦੀ ਵਿਕਾਰਾਂ ਤੋਂ ਮੁਕਤ ਹੋਣ ਦੀ ਪ੍ਰੇਰਣਾ ਧਾਰਨ ਕਰ ਨਿਮਾਣਾ , ਨਿਤਾਣਾ ਹੋ ਜਾਂਦਾ ਹੈ ਤੇ ਰਸਨਾ ਤੋਂ ਵਾਹਿਗੁਰੂ , ਵਾਹਿਗੁਰੂ ਨਾਮ ਜੱਪਦਾ ਹੈ ਤਾਂ ਉਸ ਦਾ ਨਾਮ ਜੱਪਣਾ ਸ਼ੋਭਨੀਕ ਹੋ ਜਾਂਦਾ ਹੈ । ਉਹ ਆਦਰ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ । ਨਾਮ ਜਪਣ ਵਾਲਾ ਗੁਰਸਿੱਖ ਜਦੋਂ ਗੁਰੂ ਦੇ ਹੁਕਮ ਤੇ ਪੂਰਾ ਉਤਰਦਾ ਹੈ , ਆਪਣਾ ਜੀਵਨ ਪੂਰਨ ਤੌਰ ਤੇ ਗੁਰੂ ਦੇ ਹੁਕਮ ਦੀ ਅਧੀਨ ਕਰ ਦਿੰਦਾ ਹੈ ਤਾਂ ਉਹ ਪਰਮਾਤਮਾ ਦੀ ਸ਼ਰਣ ਪ੍ਰਾਪਤ ਕਰ ਲੈਂਦਾ ਹੈ “ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ “ ।
ਗੁਰੂ ਅਮਰਦਾਸ ਸਾਹਿਬ ਨੇ ਗੁਰਸਿੱਖ ਨੂੰ ਪ੍ਰੇਰਿਤ ਕਰਨ ਤੇ ਭਰੋਸਾ ਦਿਵਾਉਣ ਲਈ ਨਾਮ ਜਪਣ ਦਾ ਫਲ ਵੀ ਦੱਸਿਆ । ਆਪ ਨੇ ਕਿਹਾ ਕਿ ਨਾਮ ਜਪਣ ਨਾਲ ਜੀਵਨ ਸੁੱਖਾਂ ਭਰਿਆ ਬਤੀਤ ਹੁੰਦਾ ਹੈ “ ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥ “ । ਨਾਮ ਜਾਪਣ ਵਾਲਾ ਗੁਰਸਿੱਖ ਨਾਮ ਜਪਣ ਲਈ ਜਿਸ ਅਵਸਥਾ ਦੀ ਸਿਰਜਣਾ ਕਰਦਾ ਹੈ ਉਹ ਆਪਣੇ ਆਪ ਵਿੱਚ ਸੁੱਖ ਦੀ ਹੀ ਅਵਸਥਾ ਹੈ । ਗੁਰੂ ਦੇ ਹੁਕਮ ਅੰਦਰ ਆਉਣਾ , ਮਾਇਆ , ਵਿਕਾਰਾਂ ਤੋਂ ਨਿਵ੍ਰਿਤ ਹੋ ਜਾਣਾ , ਸਹਿਜ , ਸੰਜਮ , ਸੰਤੋਖ ਜਿਹੇ ਗੁਣ ਧਾਰਨ ਕਰਨਾ , ਗੁਰੂ ਦੀ ਪ੍ਰੇਰਣਾ ਤੇ ਸੇਧ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਨਾ ਹੀ ਸੁੱਖ ਦੀ ਜੁਗਤ ਹੈ । ਇਹ ਅਵਸਥਾ ਮਨ ਤੇ ਕਰਮ ਦੁਹਾਂ ਦੇ ਮੇਲ ਨਾਲ ਬਣਦੀ ਹੈ “ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ “ । ਗੁਰੂ ਅਮਰਦਾਸ ਸਾਹਿਬ ਨੇ ਸੁੱਖ ਦੇ ਨਾਲ ਹੀ ਆਨੰਦ ਨੂੰ ਵੀ ਜੋੜਿਆ । ਸੁੱਖ ਹੈ ਦੁੱਖ ਦਾ ਨਾ ਹੋਣਾ , ਦੁੱਖ ਦੇ ਕਾਰਕ ਮਾਇਆ ਮੋਹ ਤੇ ਵਿਕਾਰਾਂ ਦਾ ਅਲੋਪ ਹੋ ਜਾਣਾ । ਆਨੰਦ ਹੈ ਜੀਵਨ ਅੰਦਰ ਪਰਮਾਤਮਾ ਵਿੱਚ ਸਦਾ ਲਿਵ ਦੀ ਤਾਂਘ ਦਾ ਬਣਿਆ ਰਹਿਣਾ ਤੇ ਗੁਰ ਸ਼ਬਦ ਦਾ ਮਨ ਵਿੱਚ ਵੱਸ ਜਾਣਾ “ ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥ “ । ਗੁਰੂ ਅਰਜਨ ਸਾਹਿਬ ਨੇ ਇਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ “ ਉਮਕਿਓ ਹੀਉ ਮਿਲਨ ਪ੍ਰਭ ਤਾਈ ॥ ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ “ । ਗੁਰੂ ਅਮਰਦਾਸ ਸਾਹਿਬ ਨੇ ਇਸ ਆਨੰਦ ਦੀ ਅਵਸਥਾ ਨੂੰ ਸੰਜਮ ਨਾਲ ਬੰਨ ਦਿੱਤਾ “ ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ “ ।
ਗੁਰੂ ਅਮਰਦਾਸ ਸਾਹਿਬ ਨੇ ਉਸ ਸ਼ੰਕਾ ਦਾ ਸੁੰਦਰ ਸਮਾਧਾਨ ਕੀਤਾ ਕਿ ਪਰਮਾਤਮਾ ਦਾ ਨਾਮ ਕੀ ਹੈ ਜੋ ਜਪਿਆ ਜਾਵੇ ।
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੫੧੫ )
ਪਰਮਾਤਮਾ ਦੀ ਹੋਂਦ ਹੀ ਸੱਚ ਹੈ , ਉਹ ਸੱਚ ਦੀ ਪਰਿਭਾਸ਼ਾ ਹੈ । ਉਸ ਦੇ ਗੁਣ ਸੱਚ ਹਨ , ਉਸ ਦੇ ਕਰਮ ਸੱਚ ਹਨ , ਉਸ ਦਾ ਆਕਾਰ ਸੱਚ ਹੈ , ਉਸ ਦੀ ਸੱਤਾ ਸੱਚ ਹੈ । ਸੱਚ ਨੂੰ ਕੋਈ ਇੱਕ ਨਾਮ ਨਹੀਂ ਦਿੱਤਾ ਜਾ ਸਕਦਾ । ਉਸ ਦੇ ਗੁਣ ਅਨੰਤ ਹਨ , ਉਸ ਦੇ ਨਾਮ ਵੀ ਅਨੰਤ ਹਨ । ਇਹ ਤਾਂ ਗੁਰੂ ਨਾਨਕ ਸਾਹਿਬ ਨੇ ਮੁੱਢਲੇ ਤੌਰ ਤੇ ਹੀ ਸਪਸ਼ਟ ਕਰ ਦਿੱਤਾ ਸੀ “ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥ “ । ਫਿਰ ਦੁਵਿਧਾ ਕਿਉਂ , ਭਂਬਲ ਭੂਸੇ ਕਿਉਂ ਕਿ ਕਿਹੜਾ ਨਾਮ ਜਪਿਆ ਜਾਵੇ । ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਿ ਜੇ ਉਸ ਦਾ ਨਾਮ ਹੀ ਜਾਣਨਾ ਚਾਹੁੰਦੇ ਹੋ ਤਾਂ ਉਸ ਦਾ ਨਾਮ ਅੰਮ੍ਰਿਤ ਹੈ ਭਾਵ ਉਸ ਦਾ ਨਾਮ ਅੰਮ੍ਰਿਤ ਵਰਗੇ ਹਨ । ਅੰਮ੍ਰਿਤ ਨੂੰ ਜਿਵੇਂ ਮੁਕਤੀ ਦਾ ਦਾਤਾ ਮੰਨਿਆ ਗਿਆ ਹੈ ਇਵੇਂ ਹੀ ਪਰਮਾਤਮਾ ਦਾ ਨਾਮ ਸਿਮਰਨ ਜੀਵਨ ਮੁਕਤ ਕਰਨ ਵਾਲਾ ਹੈ । ਗੁਰੂ ਸਾਹਿਬਾਨ ਨੇ ਭਰਮ ਤੋੜਨ ਲਈ ਹੀ ਪਰਮਾਤਮਾ ਦੇ ਕਿਤਨੇ ਹੀ ਨਾਮ ਵਰਤੇ ਪਰ ਭਕਤੀ ਦਾ ਇੱਕੋ ਹੀ ਮਾਰਗ ਦੱਸਿਆ । ਗੁਰੂ ਅਮਰਦਾਸ ਸਾਹਿਬ ਨੇ ਵਚਨ ਕੀਤਾ ਕਿ ਨਾਮ ਜਪਣ ਦਾ ਫਲ ਪ੍ਰਾਪਤ ਕਰਨਾ ਹੈ ਤਾਂ ਇੱਕੋ ਵਿਕਲਪ ਹੈ ।
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੫੧੫ )
ਨਾਮ ਜਪਣ ਦਾ ਫਲ ਪ੍ਰਾਪਤ ਕਰਨਾ ਹੈ ਤਾਂ ਸੇਵਕ ਭਾਵਨਾ ਧਾਰਨ ਕਰਨ । ਪਰਮਾਤਮਾ ਨੂੰ ਆਪਣਾ ਸੁਆਮੀ ਮੰਨ ਕੇ ਸੇਵਕ ਵਾਂਗੂੰ ਉਸ ਦੇ ਭਾਣੇ ਵਿੱਚ ਰਹਿਣਾ ਸਿਖੋ । ਸੁਆਮੀ ਸੇਵਕ ਦੀ ਸਮਰਪਣ ਭਾਵਨਾ ਤੇ ਸੇਵਾ ਕਾਰਜ ਤੋਂ ਪ੍ਰਸੰਨ ਹੁੰਦਾ ਹੈ ਤੇ ਇਨਾਮ ਬਖ਼ਸ਼ਦਾ ਹੈ । ਪਰਮਾਤਮਾ ਅਵਗਮਨ ਤੋਂ ਮੁਕਤ ਕਰਦਾ ਹੈ “ ਵਾਹੁ ਵਾਹੁ ਗੁਰਸਿਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥
ਡਾ ਸਤਿੰਦਰ ਪਾਲ ਸਿੰਘ
