81 views 22 secs 0 comments

ਸੰਤ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਭਿੰਡਰਾਂ ਵਾਲਿਆਂ ਦਾ ਸੰਖੇਪ ਜੀਵਨ

ਲੇਖ
June 28, 2025

ਸੰਸਾਰ ਦਾ ਅਥਾਹ ਸਾਗਰ ਪਦਾਰਥਾਂ ਦੇ ਖਾਰੇ ਜਲ ਨਾਲ ਲਬਾ ਲਬ ਭਰਿਆ ਹੋਇਆ ਹੈ । ਤਿੰਨਾਂ ਗੁਣਾਂ ਦੀਆਂ ਘੁੰਮਣ ਘੇਰੀਆਂ ਵਿੱਚ ਜ਼ਿੰਦਗੀਆਂ ਦੇ ਜਹਾਜ਼ ਗਰਕ ਹੋ ਰਹੇ ਹਨ। ਵਿਸ਼ੇ ਵਿਕਾਰਾਂ ਦੇ ਮਗਰ ਮੱਛ ਸ਼ੁਭ ਗੁਣਾਂ ਨੂੰ ਨਿਗਲ ਰਹੈ ਹਨ । ਅਗਿਆਨ ਦੇ ਪਹਾੜ ਤੇ ਅਵਿਦਿਆ ਦੀਆਂ ਚਟਾਨਾਂ ਨਾਲ ਟਕਰਾ ਕੇ ਮਨੁਖੀ ਜੀਵਨਾਂ ਦੇ ਜਹਾਜ਼ ਚਕਨਾ ਚੂਰ ਹੋ ਰਹੇ ਹਨ-ਕਿਉਂ? ਇਸ ਲਈ ਕਿ ਭਰਮ ਦੇ ਅਨ੍ਹੇਰੇ ਵਿੱਚ ਅਸਲੀਅਤ ਦੇ ਰਾਹ ਤੋਂ ਭਟਕ ਗਏ ਹਨ । ਗੁਰਮੁਖਿ ਮਹਾਂ ਪੁਰਖਾਂ ਦਾ ਜੀਵਨ ਉਹ ਚਾਨਣ ਮੁਨਾਰਾ ਹੈ ਜੋ ਜ਼ਿੰਦਗੀ ਦੇ ਜਹਾਜਾਂ ਨੂੰ ਠੀਕ ਰਾਹ ਵਿਖਾਣ ਲਈ ਚਾਨਣ ਕਰਦਾ ਹੈ । ਅਜਿਹੇ ਮਹਾਂ ਪੁਰਖ ਸ੍ਰੀ ਮਾਨ ਸੱਚਖੰਡ ਵਾਸੀ, ਪੂਰਨ ਬ੍ਰਹਮ ਗਿਆਨੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਭਿੰਡਰਾਂ ਵਾਲਿਆਂ ਦਾ ਪਵਿਤ੍ਰ ਜੀਵਨ ਹੈ ਜਿਸ ਬਾਰੇ ਏਥੋ ਅਸੀਂ ਸੰਖੇਪ ਵਰਨਣ ਪਾਠਕਾਂ ਦੇ ਪੇਸ਼ ਕਰਾਂਗੇ।
ਆਪ ਜੀ ਦਾ ਪਵਿਤੁ ਜਨਮ ਮਾਘ ਦੀ ਪੁੰਨਿਆ, ਫੱਗਣ ਦੀ ਸੰਗ੍ਰਾਂਦ ਸੰਮਤ ੧੯੫੯ ਬਿ: ਮੁਤਾਬਕ ੧੨ ਫਰਵਰੀ ੧੯੦੨ ਈ:
ਦਿਨ ਬੁੱਧਵਾਰ ਨੂੰ ਅੰਮ੍ਰਿਤ ਵੇਲੇ ਢਾਈ ਵਜੇ ਪਿੰਡ ਅਖਾੜਾ ਤਸੀਲ ਜਗਰਾਉਂ, ਜ਼ਿਲਾ ਲੁਧਿਆਣਾ ਵਿਖੇ ਹੋਇਆ। ਆਪ ਦੇ ਸਨਮਾਨ ਯੋਗ ਪਿਤਾ ਬਾਬਾ ਰੂੜ ਸਿੰਘ ਜੀ ਨਾਮ ਬਾਣੀ ਦੇ ਰਸੀਏ, ਸਿੱਖੀ ਰਹਿਤ ਬਹਿਤ ਵਿਚ ਪ੍ਰਪੱਕ ਪੂਰਨ ਗੁਰਸਿੱਖ ਸਨ ਅਤੇ ਪੂਜਨੀਕ ਮਾਤਾ ਅਨੰਦ ਕੌਰ ਜੀ ਗੁਰਬਾਣੀ ਦੇ ਮਹਾਨ ਨਿੱਤ ਨੇਮੀ, ਪ੍ਰੇਮੀ ਤੇ ਸਿੱਖੀ ਸ਼ਰਧਾ ਦੀ ਮੂਰਤਿ ਸਨ । ਪਿਤਾ ਜੀ ਬਰਮਾ ਅੰਦਰ ਸਿਖ ਫੌਜ ਵਿਚ ਭਰਤੀ ਹੋ ਕੇ ‘ਗ੍ਰੰਥੀ’ ਦੀ ਪਵਿਤ੍ਰ ਡਿਊਟੀ ਨਿਭਾਉਂਦੇ ਰਹੇ।
ਆਪ ਜੀ ਦੇ ਮਾਨ ਯੋਗ ਤਾਇਆ ਬਾਬਾ ਕਾਹਨ ਸਿੰਘ ਜੀ ਗੁਰਮਤਿ ਵਿਦਿਆ ਦੇ ਮਹਾਨ ਗਿਆਨੀ ਤੇ ਗੁਰਮਤਿ ਸੰਗੀਤ ਦੇ ਮਹਾਨ ਗੰਧਰਬ ਸਨ । ਆਪ ਦੀ ਅਰੰਭਕ ਜ਼ਿੰਦਗੀ ਤੇ ਵਧੇਰੇ ਪ੍ਰਭਾਵ ਮਾਤਾ ਪਿਤਾ ਅਤੇ ਤਾਇਆ ਜੀ ਦੀ ਗੁਰਮਤਿ ਰੰਗੀ ਜ਼ਿੰਦਗੀ ਦਾ ਹੀ ਪਿਆ ਸੀ ਜਿਸ ਦੇ ਪ੍ਰਤੱਖ ਅਸਰਾਂ ਨੂੰ ਆਪ ਦੀ ਜ਼ਿੰਦਗੀ ਵਿਚੋਂ ਸੰਗਤਾਂ ਨੇ ਭਲੀ ਭਾਂਤ ਤੱਕਿਆ। ਆਪ ਦੋ ਵਡੇ ਭ੍ਰਾਤਾ ਭਾਈ ਹਜ਼ਾਰਾ ਸਿੰਘ ਜੀ ਢੇਰ ਚਿਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਹੈਡ ਗ੍ਰੰਥੀ ਦੀ ਸੇਵਾ ਕਰਦੇ ਰਹੇ । ਐਉਂ ਆਪ ਦਾ ਸਾਰਾ ਖਾਨਦਾਨ ਹ] ਸਿਖੀ ਰੰਗਣ ਵਿਚ ਰੰਗਿਆ ਹੋਇਆ ਸੀ ।
੧੩ ਮਹੀਨਿਆਂ ਦੀ ਉਮਰ ਵਿਚ ਹੀ ਪੂਜਨੀਕ ਮਾਤਾ ਜੀ ਦਾ ਠੰਡਾ ਸਾਇਆ ਆਪ ਦੇ ਸਿਰ ਤੋਂ ਉਠ ਗਿਆ । ਸਤਿਕਾਰ ਯੋਗ ਦਾਦੀ ਮਾਤਾ ਰਾਜ ਕੌਰ ਜੀ, ਆਪ ਜੀ ਦੀ ਪਾਲਨਾ ਪੋਸਨਾ ਕਰਦੇ ਰਹੇ । ਦਾਦੀ ਜੀ ਦੇ ਗੁਰਪੁਰੀ ਪਇਆਨੇ ਤੋਂ ਬਾਦ ਆਪ ਜੀ ਨੂੰ ਆਦਰ ਯੋਗ ਭੂਆ ਸਾਹਿਬ ਕੌਰ ਜੀ ਆਪਣੇ ਪਿੰਡ ਕਿਸ਼ਨ ਪੂਰੇ ਲੈ ਗਈ ।
ਗੁਰਮਤਿ ਦੀ ਮੁੱਢਲੀ ਵਿਦਿਆ ਤਾਇਆ ਜੀ ਪਾਸੋਂ ਪੜ੍ਹੀ। ਭੂਆ ਜੀ ਪਾਸ ਜਾ ਕੇ ਸਕੂਲ ਵਿਚ ਦਾਖਲ ਹੋ ਗਏ ਉਥੇ ਪੰਜ ਜਮਾਤਾਂ ਉਰਦੂ ਪੜ੍ਹਦੇ ਰਹੇ । ਉਥੇ ਹੀ ਇਕ ਡੇਰੇ ਦੇ ਮਹੰਤ ਉਦਾਸੀ ਸਾਧੂ ਲਾਲ ਦਾਸ ਤੋਂ ਹਿੰਦੂ ਮਤਿ ਦੇ ਗ੍ਰੰਥ ਮਹਾਂ ਭਾਰਤ, ਰਮਾਇਣ, ਯੋਗ
ਵਿਸ਼ਿਸਟ ਆਦਿ ਤੇ ਵੈਦਕ ਦੇ ਪੁਸਤਕ ਪੜ੍ਹਦੇ ਰਹੇ । ੧੫ ਸਾਲ ਦੀ ਉਮਰ ਵਿੱਚ ਕਿਸ਼ਨ ਪੂਰੇ ਤੋਂ ਆਪਣੇ ਜਨਮ ਨਗਰ ਅਖਾੜੇ ਆ ਗਏ। ਤਿੰਨ ਸਾਲ ਪਿਤਾ ਜੀ ਨਾਲ ਖੇਤੀ ਬਾੜੀ ਦਾ ਕੰਮ ਕਰਵਾਂਦੇ ਰਹੇ । ੧੮ ਸਾਲ ਦੀ ਉਮਰ ‘ਚ ਆਪ ਜੀ ਦੀ ਸ਼ਾਦੀ ਪਿੰਡ ਰਾਜੋਆਣੇ ਜ਼ਿਲਾ ਲੁਧਿਆਣੇ ਵਿਖੇ ਸ: ਬਸੰਤ ਸਿੰਘ ਜੀ ਦੀ ਸਪੁਤਰੀ ਮਾਤਾ ਕਿਸ਼ਨ ਕੌਰ ਜੀ ਨਾਲ ਪੂਰਨ ਗੁਰਮਤਿ ਮਰਯਾਦਾ ਅਨੁਸਾਰ ਹੋ ਗਈ। ਤਿੰਨ ਸਾਲ ਬਾਦ ਮੁਕਲਾਵੇ ਦੀ ਰਸਮ ਹੋਈ।
੧੯੨੩ ਈ: ਨੂੰ ਮਹੀਨਾ ਪੋਹ ਵਿਚ ਆਪ ਦੇ ਘਰ ਸ਼ਾਂਤ
ਸਰੂਪ ਵਡੇ ਸਪੁਤਰ ਭਾਈ ਕਰਤਾਰ ਸਿੰਘ ਦਾ ਜਨਮ ਹੋਇਆ ਤੇ ੧੯੩੨ ਈ: ਨੂੰ ਵਿਸਾਖ ਦੇ ਮਹੀਨੇ ਛੋਟੇ ਸਪੁਤਰ ਭਾਈ ਭਗਵਾਨ ਸਿੰਘ ਨੇ ਜਨਮ ਲਿਆ ।
੧੯੨੦ ਈ: ਵਿੱਚ ਸਿੰਘ ਸਭਾ ਲਹਿਰ ਸਮੇਂ ਪਿੰਡ ਅਖਾੜੇ ਅੰਦਰ ਇਕ ਬਹੁਤ ਵੱਡਾ ਧਾਰਮਕ ਦੀਵਾਨ ਹੋਇਆ ਜਿਸ ਵਿਚ ਹੋਰ ਵਿਦਵਾਨਾਂ ਤੋਂ ਇਲਾਵਾ ਪੂਰਨ ਬ੍ਰਹਮ ਗਿਆਨੀ ਸ੍ਰੀ ਮਾਨ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵੀ ਜੱਥੇ ਸਮੇਤ ਪੁਜੇ ਹੋਏ ਸਨ । ਸੰਤ ਜੀ ਮਹਾਰਾਜ ਦੇ ਮੁਖੋਂ ਰਸੀਲੀ ਕਥਾ ਤੇ ਅਨੂਪਮ ਦਰਸ਼ਨ ਕਰਕੇ ਆਪ ਦਾ ਨਿਰਮਲ ਚਿੱਤ ਖਿੱਚਿਆ ਗਿਆ । ਇਸੇ ਦੀਵਾਨ ਦੀ ਸਮਾਪਤੀ ਤੇ ਏਥੇ ਹੀ ਸੰਤਾਂ ਦੇ ਜੱਥੇ ਪਾਸੋਂ ਖੰਡੇ ਦਾ ਅੰਮ੍ਰਿਤ ਛਕ ਲਿਆ। ਕੁਝ ਸਮਾਂ ਪਿੰਡ ਰਹੇ ਫਿਰ ੧੯੨੧ ਈ: ਨੂੰ ਸਾਵਣ ਦੀ ਸੰਗ੍ਰਾਂਦ ਵਾਲੇ ਦਿਨ ਸੰਤਾਂ ਕੋਲ ਭਿੰਡਰੀਂ ਪਹੁੰਚ ਗਏ ਤੇ ਪੱਕੇ ਤੌਰ ਤੇ ਜਥੇ ਵਿਚ ਰਹਿਣ ਲਗ ਪਏ ।
੧੯੨੧ ਈ: ਤੋਂ ੧੯੩੦ ਈ: ਤਕ ਲਗਾਤਾਰ ਸੰਤਾਂ ਦੀ
ਸੰਗਤ ਵਿੱਚ ਰਹੇ । ਇਸ ਸਮੇਂ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਰਥਾਂ ਸਮੇਤ ਚਾਰ ਮੁਕੰਮਲ ਕਥਾ ਸੁਣੀਆਂ, ਸ੍ਰੀ ਦਸਮ ਗੁਰੂ ਗ੍ਰੰਥ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਸੰਪੂਰਣ ਬਾਣੀਆ ਅਰਥਾਂ ਸਮੇਤ ਪੜ੍ਹੀ ਤੇ ਵੀਚਾਰੀ। ਸ੍ਰੀ ਗੁਰੂ ਨਾਨਕਪ੍ਰਕਾਸ਼, ਸ੍ਰੀ ਗੁਰ ਪ੍ਰਤਾਪ ਸੂਰਜ, ਸ੍ਰੀ ਗੁਰੂ ਪੰਥ ਪ੍ਰਕਾਸ਼, ਗੁਰ ਬਿਲਾਸ ਪਾ: ੬ ਵੀਂ ਤੇ ੧੦ ਵੀਂ ਕਈ ਵਾਰ ਅਰਥਾਂ ਨਾਲ ਸੁਣੇ ਤੇ ਵਿਚਾਰੇ । ਅਨ੍ਯ ਮੱਤਾਂ ਦੀ ਵਾਕਫ਼ੀ ਲਈ ਭਾਸ਼ਾ ਦੇ ਪੁਸਤਕ ਜਿਹਾ ਕਿ ਵਿਚਾਰ ਸਾਗਰ, ਪੰਚਦਸੀ, ਮੋਖ ਪੰਥ ਆਦਿ ਦਾ ਵੀ ਸੰਤਾਂ ਪਾਸੋਂ ਬੜੀ ਨੀਝ ਨਾਲ ਅਧਿਐਨ ਕੀਤਾ । ਸੰਤਾਂ ਦੇ ਨਾਲ ਵਿਚਰਨ ਸਮੇਂ ਸਾਰੇ ਇਤਹਾਸਕ ਗੁਰਦੁਆਰਿਆਂ ਦੀ ਯਾਤ੍ਰਾ ਕਰਦੇ ਰਹੇ ।
ਗੁਰਮਤਿ ਵਿਦਿਆ ਤੇ ਅਨ੍ਯ ਮਤਿ ਵਿਦਿਆ ਦੇ ਅਧਿਐਨ ਦੇ ਨਾਲ ਨਾਲ ਨਾਮ ਸਿਮਰਨ, ਜਾਪ, ਗੁਰਬਾਣੀ ਦਾ ਨਿੱਤ ਨੇਮ, ਨਿੰਮ੍ਰਤਾ, ਪਿਆਰ, ਤਿਆਗ ਆਦਿ ਦੈਵੀ ਗੁਣਾਂ ਨਾਲ ਵੀ ਆਪਣੀ ਨਿਰਮਲ ਆਤਮਾ ਨੂੰ ਲਬਾ ਲਬ ਭਰ ਲਿਆ। ਆਪ ਦੀ ਡਿਊਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਬਿਰਾਜਮਾਨ ਆਦਿ ਦੀ ਸੇਵਾ ਸੰਭਾਲ ਤੇ ਲੱਗੀ ਹੋਈ ਸੀ । ਆਪ ਜੀ ਦਾ ਅੰਮ੍ਰਿਤ ਵੇਲੇ ਜਾਗਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਤੇ ਸੇਵਾ ਸੰਭਾਲ, ਸਾਦਾ ਤੇ ਨਿੰਮ੍ਰਤਾ ਭਰਪੂਰ ਸੁਭਾਉ, ਨਾਮ ਸਿਮਰਨ ਦੀ ਮਸਤੀ ਤੇ ਅਮਲੀ ਜੀਵਨ ਅਤੇ ਗੁਰਮਤਿ ਵਿਦਿਆ ਦੇ ਪੜ੍ਹਨ ਪੜਾਉਣ ਦੇ ਸ਼ੌਂਕ ਤੇ ਤੀਖਣ ਬੁਧੀ ਤੋਂ ਪ੍ਰਭਾਵਤ ਹੋ ਕੇ ਅਤੇ ਹਰ ਤਰ੍ਹਾਂ ਯੋਗ ਸਮਝਕੇ ਮਹਾਂ ਪੁਰਖਾਂ ਨੇ ਆਪਣੇ ਥਾਂ ਗੁਰਮਤਿ ਵਿਦਿਆ ਪੜ੍ਹਾਉਣ, ਜਥਾ ਫੋਰਨ ਅਤੇ ਅੰਮ੍ਰਿਤ ਛਕਾਉਣ ਦੀ ਜ਼ਿੰਦਗੀ ਭਰ ਦੀ ਪੱਕੀ ਡਿਊਟੀ ਲਗਾ ਦਿੱਤੀ ।
ਸੰਤਾਂ ਤੋਂ ਬਾਦ ੧੫ ਫਰਵਰੀ ੧੯੩੦ ਈ: ਨੂੰ ਬ੍ਰਹਮ ਗਿਆਨੀ ਸੰਤ ਸੁੰਦਰ ਸਿੰਘ ਜੀ ਗੁਰਪੁਰੀ ਪਹੁੰਚ ਗਏ, ਉਨ੍ਹਾਂ ਦੇ ਬਾਦ ਪਹਿਲਾਂ ਸੰਤਾਂ ਦੀ ਵਿਚ ਰਹਿ ਗਈ ਗੁਰੂ ਗ੍ਰੰਥ ਸਾਹਿਬ ਦੀ ਕਥਾ ਪੂਰੀ ਕੀਤੀ । ਫਿਰ ਆਪਣੀ ਕਥਾ ਜੋ ਪੰਜੋਖਰੇ ਸ਼ੁਰੂ ਕੀਤੀ ਸੀ ਉਸ ਦਾ ਭੋਗ ਪਾਇਆ, ਤੀਜੀ ਕਥਾ ਖਾਸ ਬੋਪਾ ਰਾਇ ਸ਼ੁਰੂ ਕਰਕੇ ਸਾਰੀ ਕਥਾ ਏਥੇ ਹੀ ਕੀਤੀ । ਫਿਰ ਸਿੰਘਾਂ ਨੂੰ ਨਾਲ ਲੈ ਕੇ ਮਹਿਤੇ ਲਾਗੇ ਸਿੰਘ ਬੇਲੇ ਗੁਰਦੁਆਰੇ ਚੌਥੀ ਕਥਾ ਸੰਪੂਰਨ ਕੀਤੀ । ਬਾਕੀ ਸਾਰੀਆਂ ਕਥਾ ਵਿਚਾਰਕੇ ਕੀਤੀਆਂ ਕੁਲ ੨੭ ਕਥਾ ਮੁਕੰਮਲ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤੂ ਬਾਣੀ ਦੇ ਅਰਥ ਪੜ੍ਹਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਦਸਮ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀ ਬਾਣੀ ਸ੍ਰੀ ਗੁਰੂ ਨਾਨਕ ਪ੍ਰਕਾਸ਼, ਗੁਰ ਪਰਤਾਪ ਸੂਰਜ ਤੇ ਪੰਥ ਪ੍ਰਕਾਸ਼ ਅਤੇ ਗੁਰ ਬਿਲਾਸ ਪਾ: ੬ਵੀਂ ਤੇ ੧੦ਵੀਂ ਆਦਿ ਵੀ ਅਰਥਾਂ ਸਮੇਤ ਪੜ੍ਹਾਂਦੇ ਤੇ ਸੰਗਤਾਂ ਨੂੰ ਇਤਹਾਸ ਦੀ ਕਥਾ ਸੁਣਾ ਕੇ ਨਿਹਾਲ ਕਰਦੇ । ਪਹਿਲੋਂ ਪਹਿਲ ਜਥੇ ‘ਚ ਥੋੜੇ ਸਿੰਘ ਸਨ ਪਰ ਫਿਰ ਵਧਦੇ ਵਧਦੇ ਡੇਢ ਸੌ (੧੫੦) ਸਿੰਘ ਹੋ ਗਏ ਸਨ । ਏਡੇ ਵਡੇ ਜਥੇ ਨੂੰ ਨਾਲ ਲੈ ਕੇ ਭਾਰਤ ਭਰ ਦੇ ਕੋਨੇ ਕੋਨੇ ‘ਚ ਪਹੁੰਚ ਕੇ ਗੁਰਮਤਿ ਪ੍ਰਚਾਰ ਦਾ ਹੜ੍ਹ ਲੈ ਆਂਦਾ । ਲਗਾਤਾਰ ੩੯ ਸਾਲ ੪ ਮਹੀਨੇ ੧੨ ਦਿਨ ਇਹ ਪ੍ਰਵਾਹ ਚਲਦਾ ਰਿਹਾ। ਆਪ ਹਮੇਸ਼ਾਂ ਗੁਰਬਾਣੀ ਜਲ ਦੇ ਮੱਛ ਬਣੇ ਰਹੇ । “ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ’ ਦੇ ਪਵਿਤ੍ਰੁ ਮਹਾ ਵਾਕ ਦੇ ਭਾਵ ਨੂੰ ਆਪਦੀ ਜ਼ਿੰਦਗੀ ਚੋਂ ਪ੍ਰਤੱਖ ਤਕਿਆ ਜਾ ਸਕਦਾ ਸੀ । ਪੰਜਾਂ ਕਕਾਰਾਂ ਦੀ ਰਹਿਤ ਨਾਲ ਅਤਿਅੰਤ ਪਿਆਰ ਸੀ ਕਕਾਰਾਂ ਨੂੰ ਗੁਰੂ ਕਲਗੀਧਰ ਦੀਆਂ ਬਖਸ਼ਸ਼ਾਂ ਸਮਝਦੇ ਸਨ । ਕਕਾਰਾਂ ਨੂੰ ਹਮੇਸ਼ਾਂ ਅੰਗ ਸੰਗ ਰਖਣ ਦੀ ਭਾਰੀ ਹਦਾਇਤ ਕੀਤਾ ਕਰਦੇ। ਸਿੰਘਾਂ ਨੂੰ ਦਸਮ ਪਾਤਸ਼ਾਹ ਜੀ ਦੇ ਕਹੇ ਮਹਾਂ ਵਾਕਾਂ ਅਨੁਸਾਰ ਜ਼ਿੰਦਗੀ ਨੂੰ ਢਾਲ ਕੇ ਨਰੋਲ ਖਾਲਸਾ ਬਣਨ ਦੀ ਪਰੇਰਨਾ ਕਰਦੇ ਰਹਿੰਦੇ ਇਸੇ ਲਈ ਉਹ ਆਪਣੇ ਨਾਮ ਨਾਲ ‘ਖਾਲਸਾ’ ਉਪਨਾਮ ਵਰਤਦੇ। ਉਹਨਾਂ ਦੇ ਹਿਰਦੇ ਅੰਦਰ ਇਕੋ ਇਕ ਤੀਬਰ ਲਗਨ ਸੀ ਜਿਸ ਲਈ ਉਹ ਜ਼ਿੰਦਗੀ ਭਰ ਜਦੋ ਜਹਿਦ ਕਰਦੇ ਰਹੇ । ਹਰ ਪ੍ਰਾਣੀ ਮਾਤੂ ਨੂੰ ਉਹ ਸ਼ਬਦ ਦੇ ਸਹੀ ਅਰਥਾਂ ਵਿਚ ਖਾਲਸਾ ਵੇਖਣਾ ਚਾਹੁੰਦੇ ਸਨ । ਇਸ ਮਕਸਦ ਲਈ ਉਨ੍ਹਾਂ ਦੇ ਹੇਠ ਲਿਖੇ ਮੁੱਖ ਉਦੇਸ਼ ਸਨ :-
ਮੁੱਖ ਉਦੇਸ਼:-

(ੳ) ਵਿਦਿਆਰਥੀਆਂ ਤੇ ਸਿਖ ਸੰਗਤਾਂ ਨੂੰ ਗੁਰਬਾਣੀ ਦਾ ਸ਼ੁਧ ਪਾਠ ਕਰਾਉਣਾ ।
(ਅ) ਗੁਰਬਾਣੀ ਦੇ ਪੱਕੇ ਨਿੱਤ ਨੇਮੀ ਬਣਾਉਣ ਲਈ ਵਧ ਤੋਂ ਗੁਰਬਾਣੀ ਕੰਠ ਕਰਵਾਉਣੀ ।
(ੲ) ਅੰਮ੍ਰਿਤ ਛਕਾਉਣਾ ਤੇ ਰਹਿਤ ‘ਚ ਪ੍ਰਪੱਕ ਰਖਣਾ, ਢਿੱਲੇ ਨਾ ਹੋਣ ਦੇਣਾ।
(ਸ) ਸਿੰਘ ਨੂੰ ਗੁਰੂ ਦਾ ਰੂਪ ਸਮਝ ਕੇ ਸੇਵਾ ਤੇ ਸਤਿਕਾਰ ਕਰਨਾ।
(ਹ) ਅਪਣਾ ਤਨ ਮਨ ਧਨ ਗੁਰੂ ਕਾ ਜਾਨਣਾ ।
(ਕ) ਪੰਥ ਦੇ ਲੀਡਰ ਬਣਨ ਤੋਂ ਸੰਕੋਚ ਕਰਨਾ ਪਰ ਹਰ ਔਕੜ ਸਮੇਂ ਪੰਥ ਦੇ ਨਾਲ ਰਹਿਣਾ ਤੇ ਹਰ ਮੌਕੇ ਤੇ ਹਰ ਢੰਗ ਨਾਲ ਪੰਥਕ ਜਥੇਬੰਦੀ ਦੀ ਮਦਦ ਕਰਨੀ ।
ਵਿਸ਼ੇਸ਼ ਗੁਣ-
(੧) ਮਹਾਨ ਪ੍ਰਉਪਕਾਰ ਕਿਸੇ ਵਿਦਿਅਕ ਆਮ ਨੂੰ ਚਲਾਉਣ ਲਈ ਹਜ਼ਾਰਾਂ ਤੇ ਲੱਖਾਂ ਰੁਪਏ ਮਾਸਕ ਚਾਹੀਦੇ ਹਨ । ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ਚਲਾਏ ਜਾ ਰਹੇ ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੇ ਸਾਲ ਦਾ ਘਟੋ ਘਟ ਖਰਚ ਪੰਜਾਹ ਹਜ਼ਾਰ (੫੦੦੦੦) ਰੁਪਏ ਹੈ । ਸੰਤਾਂ ਵਲੋਂ ਚਲਾਏ ਜਾ ਰਹੇ ਇਸ ਗੁਰਮਤਿ ਵਿਦਿਆ ਦੇ ਚਲਦੇ ਫ਼ਿਰਦੇ ਕਾਲਜ ਦੇ ਸਾਰੇ ਖਰਚਾਂ ਦੇ ਪ੍ਰਬੰਧ, ਪੜ੍ਹਾਉਣ ਦੀ ਸਾਰੀ ਦੀ ਸਾਰੀ ਜ਼ਿਮੇਵਾਰੀ ਕੇਵਲ ਆਪ ਦੇ ਇਕੱਲਿਆਂ ਦੇ ਸਿਰ ਸੀ। ਜਿਸ ਨੂੰ ਆਪ ਨੇ ਜ਼ਿੰਦਗੀ ਦੇ ਅੰਤਮ ਸੁਆਸਾਂ ਤੱਕ ਬਖੂਬੀ ਨਿਭਾਇਆ। ਜੱਥਾ ਫੇਰਨ ਦੇ ਦੌਰਾਨ ਪੰਜਾਂ ਪਿਆਰਿਆਂ ‘ਚ ਆਪ ਸ਼ਾਮਲ ਹੋ ਕੋ ਲੱਖਾਂ ਪ੍ਰਾਣੀਆਂ ਨੂੰ ਕਲਗੀਧਰ ਜੀ ਦੇ ਖੰਡੇ ਦਾ ਅੰਮ੍ਰਿਤ ਪਾਨ ਕਰਵਾਇਆ ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਆਪ ਸੋਂ ਗੁਰਮਤਿ ਵਿਦਿਆ ਪ੍ਰਾਪਤ ਕੀਤੀ। ਜਿਨ੍ਹਾਂ ਵਿਚੋਂ ਹਜ਼ਾਰਾਂ ਅਖੰਡ ਪਾਠੀ, ਗ੍ਰੰਥੀ ਅਤੇ ਸੈਂਕੜੇ ਕਥਾਕਾਰ ਤੇ ਲੈਕਚਰਾਰ ਬਣਕੇ ਗੁਰੂ ਪੰਥ ਦੀ ਨਿੱਗਰ ਸੇਵਾ ਵਿੱਚ ਜੁੱਟੇ ਹੋਏ ਹਨ । ਡੇਢ ਦਰਜਨ ਦੇ ਕਰੀਬ ਅਜਿਹੇ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਨੇ ਆਪਣੀ ਵਿਦਵਤਾ ਤੇ ਸਿੱਖੀ ਦੇ ਅਮਲੀ ਜੀਵਨ ਰਾਂਹੀ ਪੰਥ ਵਿੱਚ ਆਪਣਾ ਤੇ ਮਹਾਂ ਪੁਰਖਾਂ ਦਾ ਨਾਮ ਰੌਸ਼ਨ ਕੀਤਾ ਹੈ। ਦਾਸ ਨੂੰ ਵੀ ਆਪ ਜੀ ਦੀ ਸੰਗਤ ਕਰਨ ਅਤੇ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੈ ।
(੨) ਗੁਰਮਤਿ ਵਿਦਿਆ ਦੀ ਪੜ੍ਹਾਈ-
ਗੁਰਮਤਿ ਸਾਹਿਤ ਦੇ ਸਾਰੇ ਗ੍ਰੰਥਾਂ ਦੀ ਉਨ੍ਹਾਂ ਵਰਗੀ ਪੜ੍ਹਾਈ ਮੇਰੇ ਖਿਆਲ ਵਿਚ ਉਨ੍ਹਾਂ ਦੇ ਸਮੇਂ ਵਿਚ ਕੋਈ ਹੋਰ ਦੂਸਰਾ ਨਹੀਂ ਕਰਵਾ ਸਕਦਾ ਸੀ । ਗੁਰਬਾਣੀ ਜਾਂ ਗੁਰ ਇਤਹਾਸ ਦੀਆਂ ਮੁਸ਼ਕਲ ਤੁਕਾਂ ਜਾਂ ਸ਼ਬਦ, ਜਿਨ੍ਹਾਂ ਦੇ ਅਰਥ ਟੀਕਿਆਂ ਪ੍ਰਯਾਵਾਂ, ਸ਼ਬਦਾਰਥਾਂ, ਕੋਸ਼ਾਂ ਤੇ ਵਿਦਵਾਨ ਕਥਾਕਾਰਾਂ ਪਾਸੋਂ ਵੀ ਸਪੱਸ਼ਟ ਨਹੀਂ ਹੁੰਦੇ ਸਨ, ਉਨ੍ਹਾਂ ਅਰਥਾਂ ਨੂੰ ਆਪ ਅਜਿਹੇ ਸਰਲ, ਸਾਦੇ ਤੇ ਮਿੱਠੇ ਲਫ਼ਜ਼ਾਂ ਵਿਚ ਬਿਆਨ ਕਰਦੇ ਕਿ ਸਨਣ ਵਾਲਿਆਂ ਦੀ ਪੂਰਨ ਤਸੱਲੀ ਹੋ ਜਾਂਦੀ । ਕੋਈ ਵੀ ਗੁਰਬਾਣੀ ਦਾ ਟੀਕਾ, ਪ੍ਰਯਾਯ ਜਾਂ ਕੋਸ਼ ਅਜਿਹਾ ਨਹੀਂ ਸੀ ਜੋ ਉਨ੍ਹਾਂ ਵੇਖਿਆ ਨ ਹੋਵੇ। ਵਿਦਿਆਰਥੀਆਂ ਦੇ ਸ਼ੰਕਾ ਕਰਨ ਤੇ ਕਈ ਵਾਰ ਵੱਖ ਵੱਖ ਵਿਦਵਾਨਾਂ ਦੇ ਕੀਤੇ ਅਰਥਾਂ ਨੂੰ ਸਪੱਸ਼ਟ ਕਰਦਿਆਂ ਕਰਦੇ ਸਨ । ਸਾਰੇ ਅਰਥ ਹਮੇਸ਼ਾ ਕੰਠ ਸਨ ਕਿਸੇ ਟੀਕੇ, ਪ੍ਰਯਾਯ ਜਾਂ ਕੋਸ਼ ਵੇਖਣ ਦੀ ਉਨ੍ਹਾਂ ਨੂੰ ਲੋੜ ਨਹੀਂ ਸੀ । ਛੇ ਸ਼ਾਸਤਾਂ ਤੇ ਹੋਰ ਮਤਾਂ ਦੇ ਸਿਧਾਂਤਾ ਦਾ ਵਰਨਣ ਕਰਕੇ ਉਨ੍ਹਾਂ ਨਾਲੋਂ ਗੁਰਮਤਿ ਸਿਧਾਤਾਂ ਨੂੰ ਸਰਵੋਤਮ ਵਰਨਣ ਕੀਤਾ ਕਰਦੇ। ਅਜਿਹੇ ਸਮੇਂ ਸੋਤਿਆਂ ਜਾਂ ਸ਼ੰਕਾ ਵਾਦੀਆਂ ਦੀ ਤਸੱਲੀ ਲਈ ਯੁਕਤੀਆਂ (ਦਲੀਲਾਂ), ਉਦਾਹਰਣਾਂ ਤੇ ਪ੍ਰਮਾਣਾਂ (ਸਬੂਤਾਂ) ਦੀ ਭਰਪੂਰ ਵਰਤੋਂ ਕਰਦੇ। ਅਰਥ ਕਰਨ ਸਮੇਂ ਸ਼ਬਦਾਂ ਦੀਆਂ ਸੰਗਲੀਆਂ ਮੇਲ ਦੇਂਦੇ ਤੇ ਸ਼ਬਦ ਦੀ ਹਰ ਤੁਕ ਨੂੰ ਦੂਜੀ ਤੁਕ ਨਾਲ ਇਸ ਤਰ੍ਹਾਂ ਮੇਲਦੇ ਕਿ ਵਿਦਿਆਰਥੀ ਚੱਕਤ ਹੋ ਜਾਂਦੇ । ਪੜ੍ਹਾਉਣ ਦਾ ਢੰਗ ਉਨ੍ਹਾਂ ਦਾ ਅਪਣਾ ਤੇ ਨਿਰਾਲਾ ਸੀ। ਉਨ੍ਹਾਂ ਦੇ ਦਸੇ ਹੋਏ ਅਰਥ ਸਪੱਸ਼ਟ ਹੋਣ ਤੋਂ ਇਲਾਵਾ ਛੇਤੀ ਦਿਮਾਗ ਵਿੱਚ ਬੈਠ ਜਾਇਆ ਕਰਦੇ ਸਨ । ਪੜ੍ਹਾਏ ਹੋਏ ਅਰਥਾਂ ਦੀ ਕਈ ਵਾਰ ਵਿਦਿਆਰਥੀਆਂ ਤੋਂ ਅਰਥ ਪੁੱਛ ਕੇ ਜਾਂ ਆਪਣੇ ਸਾਹਮਣੇ ਕਥਾ ਕਰਵਾ ਕੇ ਪ੍ਰੀਖਿਆ ਲੈਂਦੇ ਤੇ ਮਗਰੋਂ ਉਕਾਈਆਂ ਜਾਂ ਭੂਲਾਂ ਦੀ ਦਰੁਸਤੀ ਕਰਦੇ ।
(੩) ਸਿੰਘਾਂ ਨਾਲ ਪਿਆਰ:-
ਉਂਞ ਭਾਵੇਂ ਉਹ ਹਰ ਪ੍ਰਾਣੀ ਮਾਤੂ ਤੇ ਹਰ ਮਜਹਬ, ਭੇਖ, ਮਤਿ ਤੇ ਸੰਪ੍ਰਦਾਇ ਦੇ ਬੰਦਿਆਂ ਨਾਲ (ਉਨ੍ਹਾਂ ਨੂੰ ਰਾਮ ਦ] ਅੰਸ ਸਮਝ ਕੇ) ਪਿਆਰ ਕਰਦੇ ਸਨ ਪਰ ਅੰਮ੍ਰਿਤਧਾਰੀ ਤੇ ਰਹਿਤ ਮਰਯਾਦਾਂ ਵਿੱਚ ਪ੍ਰਪੱਕ ਸਿੰਘਾਂ ਨੂੰ ਵੇਖਕੇ ਜਾਂ ਮਿਲਕੇ ਵਧੇਰੇ ਖੁਸ਼ੀ ਮਹਿਸੂਸ ਕਰਦੇ ਸਨ । ਜਥੇ ਦੇ ਸਾਰੇ ਸਿੰਘਾਂ ਨਾਲ ਅਪਣੇ ਸਕੇ ਪੁਤਰਾਂ ਵਾਂਗ ਦਿਲੀ ਸਨੇਹ ਰਖਦੇ ਸਨ । ਮੈਨੂੰ ਇਹ ਜ਼ਾਤੀ ਤਜਰਬਾ ਹੈ ਕਿ ਜਥੇ ਦਾ ਹਰ ਇਕ ਸਿੰਘ ਇਹ ਮਹਿਸੂਸ ਕਰਦਾ ਸੀ ਕਿ ਬਾਕੀ ਸਾਰੇ ਸਿੰਘਾਂ ਨਾਲੋਂ ਸੰਤ ਮੇਰੇ ਨਾਲ ਵਧ ਪਿਆਰ ਕਰਦੇ ਹਨ । ਗਲ ਬਾਤ ਦੇ ਦੌਰਾਨ ਉਹ ਸਿੰਘਾਂ ਨੂੰ ਆਪਣੀ ਹਿੱਕ ਦੇ ਵਾਲਾਂ ਜਾਂ ਆਪਣੇ ਪ੍ਰਾਣਾਂ ਨਾਲ ਤੁਲਨਾ ਦਿਆ ਕਰਦੇ ਸਨ । ਉਨ੍ਹਾਂ ਦੀ ਇਸ ਪਿਆਰ ਖਿੱਚ ਦਾ ਸਦਕਾ ਹੀ ਬਹੁਤੇ ਸਿੰਘਾਂ ਨੇ ਜੀਵਨ ਭਰ ਸੰਤਾਂ ਦੀ ਸੰਗਤ ਵਿੱਚ ਰਹਿਣ ਦੇ ਪੂਣ ਕੀਤੇ ਹੋਏ ਸਨ । ਇਕ ਵਾਰ ਗਿ: ਮਨੀ ਸਿੰਘ ਜੀ ਨੇ ਸੰਤਾਂ ਨੂੰ ਕਿਹਾ ਮਹਾਰਾਜ ! ਜੱਥਾ ਫੇਰਨ ਸਮੇਂ ਉੱਚ ਵਿਦਿਆ ਪੜ੍ਹਨ ਵਾਲੇ ਵਿਦਿਆਰਥੀ ਹੀ ਨਾਲ ਰਖਿਆ ਕਰੋ । ਘਟ ਪੜ੍ਹੋ ਜਾਂ ਅਨਪੜ੍ਹ ਸਿੰਘਾਂ ਨੂੰ ਭਿੰਡਰੀਂ ਰਹਿਣ ਦਿਆ ਕਰੋ ਤਾਂ ਆਪ ਨੇ ਹੱਸ ਕੇ ਫੁਰਮਾਇਆ ਮਨੀ ਸਿੰਘ ਜੀ ‘ਕੀ ਪਤਾ ਹੈ ਕਿ ਰੱਬ ਅਨਪੜ੍ਹਾਂ ਵਿੱਚ ਹੀ ਵਸਦਾ ਹੋਵੇ ।’ ਇਹ ਸੁਣਕੇ ਸਿੰਘ ਹੈਰਾਨ ਰਹਿ ਗਏ ।
੪. ਉਦਾਰਤਾ:-
ਲਗ ਭਗ ਡੇਢ ਸੌ ਸਿੰਘਾਂ ਦੇ ਜੱਥੇ ਨੂੰ ਨਾਲ ਲੈ ਕੇ ਭਾਰਤ ਭਰ ਦੇ ਵਡੇ ਵਡੇ ਸ਼ਹਿਰਾਂ, ਗੁਰਧਾਮਾਂ, ਤੀਰਥਾਂ ਤੇ ਹੋਰ ਪਹਾੜੀ ਥਾਵਾਂ ਤੇ ਵਿਚਰਨ ਸਮੇਂ ਸਫਰ ਖਰਚ ਦੀ ਜ਼ਿਮੇਵਾਰੀ ਆਪ ਦੇ ਸਿਰ ਸੀ । ਸਿੰਘ ਦੇ ਕਪੜਿਆਂ, ਖਾਨਪਾਨ, ਪੁਸਤਕਾਂ, ਗੰਥਾਂ ਤੇ ਹੋਰ ਵਾਧੂ ਖਰਚਾਂ ਨੂੰ ਪੂਰਿਆਂ ਕਰਦੇ ਸਨ । ਇਤਿਹਾਸਕ ਗੁਰਧਾਮ ਸ੍ਰੀ ਹਰਿਮੰਦਰ ਸਾਹਿਬ, ਸਾਰੇ ਤਖਤ ਸਾਹਿਬਾਨ ਤੇ ਹੋਰ ਗੁਰਦੁਆਰਿਆਂ ਤੇ ਦਰਸ਼ਨਾਂ ਸਮੇਂ ਸੈਂਕੜੇ ਤੇ ਹਜ਼ਾਰਾਂ ਰੁਪਇਆਂ ਦੇ ਇਕੋ ਵਾਰ ਕੜਾਹ ਪ੍ਰਸ਼ਾਦ, ਮਿਠਿਆਈਆਂ ਦੇ ਪੱਕੇ ਲੰਗਰ, ਕਰਵਾਂਦੇ । ਭਿੰਡਰੀ ਆ ਕੇ ਘਿਉ ਦੀਆਂ ਕੜਛੀਆਂ ਤੇ ਜਲੇਬੀਆਂ ਦੇ ਭੰਡਾਰੇ ਵਰਤਾਂਦੇ । ਇਕ ਵਾਰ ਸ੍ਰੀ ਹਰਿਮੰਦਰ ਸਾਹਿਬ ੫੧੦੦) ਰੁਪਏ ਦਾ ਇਕੋ ਦਿਨ ਕੜਾਹ ਪ੍ਰਸ਼ਾਦ ਕਰਵਾਇਆ। ੩੧੦੦ , ੨੧੦੦ , ੧੧੦੦ ਤੇ ੫੦੦ ਰੁਪਏ ਦੇ ਕੜਾਹ ਪ੍ਰਸ਼ਾਦ ਤਾਂ ਕਈ ਵਾਰ ਕਰਵਾਏ। ਮਾਇਆ ਨੂੰ ਅਪਣੇ ਕੋਲ ਜਮਾਂ ਰਖਣਾ ਬੋਝ ਸਮਝਦੇ ਸਨ । ਸੰਗਤਾਂ ਵਲੋਂ ਆਏ ਕੀਮਤੀ ਕਪੜਿਆਂ ਤੇ ਹੋਰ ਵਸਤੂਆਂ ਨੂੰ ਉਸੇ ਵੇਲੇ ਵਰਤਾ ਦੇਂਦੇ । ਕਈ ਵਾਰ ਜ਼ਰੂਰੀ ਖਰਚਾਂ ਤੋਂ ਬਚੀ ਮਾਇਆ ਵੀ ਜੇਬ ਖਰਚ ਵਜੋਂ ਸਿੰਘਾਂ ਵਿਚ ਵੰਡ ਦਿਆ ਕਰਦੇ । ਜਿਨ੍ਹਾਂ ਸਿੰਘਾਂ ਨੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਨਹੀਂ ਸਨ ਕੀਤੇ ਹੁੰਦੇ ਉਨ੍ਹਾਂ ਨੂੰ ਅਪਣੇ ਕੋਲੋਂ ਆਉਣ ਜਾਣ ਦੇ ਖਰਚਾਂ ਲਈ ਮਾਇਆ ਦੇ ਕੇ ਯਾਤਰਾ ਲਈ ਤੋਰ ਦਿਆ ਕਰਦੇ । ਕਿਹਾ ਕਰਦੇ ਸਨ ਕਿ ਅਸਾਨੂੰ ਸਿੰਘ ਪੰਗਤ ਵਿਚ ਬੈਠ ਕੇ ਚੰਗੇ ਭੋਜਨ ਛਕਦੇ ਤੇ ਸੰਗਤ ਵਿਚ ਜੁੜ ਕੇ ਕਥਾ ਕੀਰਤਨ ਕਰਦੇ ਸੁਣਦੇ ਅਤੇ ਗੁਰ ਬਾਣੀ ਪੜ੍ਹਦੇ ਪੜ੍ਹਾਉਂਦੇ ਸੋਹਣੇ ਲਗਦੇ ਹਨ ।
ਉਦਾਰਤਾ ਇਕ ਰੱਬੀ ਗੁਣ ਹੈ ਜੋ ਹਰ ਇਨਸਾਨ ਵਿੱਚ ਨਹੀਂ ਹੋ ਸਕਦਾ ਕੇਵਲ ਰੱਬੀ ਪਿਆਰਿਆਂ ਵਿਚ ਹੋਣਾ ਹੀ ਸੰਭਵ ਹੋ ਸਕਦਾ ਹੈ । ਅਣਗਿਣਤ ਤਿਆਗੀਆਂ ਤੇ ਵੈਰਾਗੀਆਂ ਵਿੱਚ ਵੀ ਇਸ ਦੀ ਅਣਹੋਂਦ ਵੇਖੀ ਗਈ ਹੈ। ਉਦਾਰਤਾ ਦੇ ਪੱਖ ਤੋਂ ਸੰਤ ਜੀ  ਨੂੰ  ਤਕਿਆਂ ਇਕ ਸਾਧਾਰਨ ਮਨੁਖ ਦੀ ਬੁਧੀ ਚੱਕ੍ਰਿਤ ਹੋ ਜਾਂਦੀ ਸੀ । ਉਨ੍ਹਾਂ ਮਾਇਆ ਜਮ੍ਹਾ ਕਰਾਉਣ ਲਈ ਨ ਕਦੀ ਬੈਂਕ ਦਾ ਮੂੰਹ ਵੇਖਿਆ ਸੀ ਤੇ ਨਾਹੀਂ ਕਪੜਿਆਂ ਲਈ ਕੋਈ ਸਟੋਰ ਬਣਾਇਆ ਸੀ। ਉਹ ਗੁਰੂ ਕੀ ਸਾਧ ਸੰਗਤ ਨੂੰ ਹੀ ਅਪਣਾ ਬੈਂਕ ਤੇ ਸਟੋਰ ਸਮਝਦੇ ਸਨ । ਕਿਸੇ ਸ਼ੈ ਨੂੰ ਜਮਾਂ ਰਖਣ ਦਾ ਸ਼ਬਦ ਹੀ ਉਨ੍ਹਾਂ ਦੀ ਡਿਕਸ਼ਨਰੀ ਵਿਚ ਨਹੀਂ ਸੀ । ਘਟੋ ਘੱਟ ਮੈਂ ਅਪਣੀ ਜ਼ਿੰਦਗੀ ਵਿੱਚ ਸੰਤਾਂ ਵਰਗੀ ਉਦਾਰਤਾ ਕਿਸੇ ਦੂਸਰੇ ਵਿੱਚ ਨਹੀਂ ਤੱਕੀ ।
੫. ਨਿੰਮ੍ਰਤਾ-ਏਡੇ ਵਡੇ ਵਿਦਵਾਨ, ਦੈਵੀ ਸ਼ਕਤੀਆਂ ਦੇ
ਮਾਲਕ, ਗੁਣਾਂ ਦੇ ਪੰਜ ਤੇ ਪੰਥ ਵਿਚ ਸਭ ਤੋਂ ਉੱਚੀ ਧਾਰਮਕ ਸ਼ਖਸੀਅਤ ਹੋਣ ਦੇ ਬਾਵਜੂਦ ‘ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ’ ਦੇ ਮਹਾਵਾਕ ਅਨੁਸਾਰ ਨਿੰਮ੍ਰਤਾ ਦੇ ਘਰ ਵਿਚ ਵਿਚਰਦੇ ਸਨ । ਛੋਟੇ ਤੋਂ ਛੋਟੇ ਤੇ ਗਰੀਬ ਤੋਂ ਗਰੀਬ ਸਿੰਘ ਨੂੰ ਵੀ ‘ਜੀ’ ਸ਼ਬਦ ਨਾਲ ਬੁਲਾਂਦੇ । ਹਰ ਆਏ ਮਹਾਂ ਪੁਰਖ ਸਾਧੂ ਜਾਂ ਸਿੰਘ ਦਾ ਪਲੰਘ ਤੋਂ ਹੇਠ ਉਤਰ ਕੇ ਸਤਿਕਾਰ ਕਰਦੇ । ਜਦੋਂ ਤੋਂ ਮੈਂ ਜਾਂ ਸਿੰਘ ਸਾਹਿਬ ਗਿ: ਕਪੂਰ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ‘ਗ੍ਰੰਥੀ’ ਦੀ ਪਵਿਤੂ ਸੇਵਾ ਤੇ ਥਾਪੇ ਗਏ ਹਾਂ ਸਾਨੂੰ ਅਪਣੇ ਪਲੰਘ ਦੇ ਪਾਸ ਹੇਠ ਫ਼ਰਸ਼ ਤੇ ਨ ਬੈਠਣ ਦੇਂਦੇ ਤੇ ਵਿਸ਼ੇਸ਼ ਸਤਿਕਾਰ ਲਈ ਹੋਰ ਪਲੰਘ ਜਾਂ ਕੁਰਸੀ ਮੰਗਵਾਕੇ ਬਿਠਾਂਦੇ । ਜੇ ਅਸੀਂ ਕਹਿੰਦੇ ਕਿ ‘ਮਹਾਰਾਜ ਜੀ ! ਅਸੀਂ ਤਾਂ ਤੁਹਾਡੇ ਵਿਦਿਆਰਥੀ ਹਾਂ’ ਤਾਂ ਅਗੋਂ ਪਿਆਰ ਭਰੇ ਲਹਿਜੇ ‘ਚ ਫੁਰਮਾਉਂਦੇ ਨਾ ਭਾਈ ਹੁਣ ਤੁਸੀਂ ਸਤਿਕਾਰ ਯੋਗ ਬਾਬਾ ਬੁੱਢਾ ਜੀ ਅਤੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਗੱਦੀ ਦੇ ਮਾਲਕ ਹੋ ਇਸ ਲਈ ਸਾਨੂੰ ਤੁਹਾਡਾ ਸਤਿਕਾਰ ਕਰਨਾ ਹੀ ਬਣਦਾ ਹੈ। ਇਹ ਸੁਣਕੇ ਸਾਡਾ ਸਰੀਰ ਪਾਣੀ ਪਾਣੀ ਹੋ ਜਾਂਦਾ । ਜੇ ਕਿਸੇ ਸਿੰਘ ਨੂੰ ਉਸ ਦੇ ਕਿਸੇ ਕਸੂਰ ਬਦਲੇ ਤਾੜ ਵੀ ਲੈਂਦੇ ਤਾਂ ਥੋੜੀ ਹੀ ਦੇਰ ਬਾਦ ਉਸ ਤੋਂ ਹੱਥ ਜੋੜ ਕੇ ਮੁਆਫੀ ਮੰਗ ਲੈਂਦੇ ਜਿਸ ਦਾ ਸਿੰਘਾਂ ਦੀ ਜ਼ਿੰਦਗੀ ਤੇ ਇਹ ਅਸਰ ਹੁੰਦਾ ਕਿ ਆਪਸੀ ਝਗੜੇ ਦੇ ਫੌਰਨ ਬਾਦ ਸਿੰਘ ਇਕ ਦੂਜੇ ਤੋਂ ਮੁਆਫੀ ਮੰਗਕੇ ਇਕ ਸੁਰ ਹੋ  ਜਾਇਆ ਕਰਦੇ ਸਨ। ੧੯੩੯ ਈ: ਅਪ੍ਰੈਲ ਦੇ ਦਿਨਾਂ ਪਰ ਸਿੰਘ ਸਭਾ ਦੇ ਗੁਰਦੁਆਰੇ ਵਿੱਚ ਕਥਾ ਦੇ ਭੋਗ ਤੋਂ ਵਿੱਚ ਲਾਇਲ ਉਪਰੰਤ ਆਪ ਜੀ ਨੇ ਵਿਦਿਆਰਥੀਆਂ ਨੂੰ ਜੇ ਨਿੰਮ੍ਰਤਾ ਭਰੇ ਸ਼ਬਦ ਕਹੇ ਉਹ ਹੁਣ ਤੱਕ ਮੇਰੇ ਕੰਨਾਂ ਅੰਦਰ ਗੂੰਜਦੇ ਹਨ :- ਉਹ ਸ਼ਬਦ ਇਹ ਸਨ “ਸਿੰਘੋ ! ਮੈਂ ਤੁਹਾਡੀ ਸੰਗਤ ਵਿੱਚ ਰਹਿੰਦਾ ਰਿਹਾ ਹਾਂ, ਪੜ੍ਹਾਉਣ ਸਮੇਂ ਜਾਂ ਪ੍ਰਬੰਧ ਕਰਨ ਵਜੋਂ ਇਨ੍ਹਾਂ ਦਿਨਾਂ ਵਿਚ ਮੈਂ ਕਿਸੇ ਸਿੰਘ ਨੂੰ ਕੋਈ ਵਧ ਘਟ ਸ਼ਬਦ ਕਹਿ ਦਿਤਾ ਹੋਵੇ ਤਾਂ ਮੈਨੂੰ ਅਪਣਾ ਅਣਜਾਣ ਤੇ ਛੋਟਾ ਭਰਾ ਸਮਝ ਕੇ ਮੁਆਫ ਕਰ ਦੇਣਾ ।” ਇਹ ਸ਼ਬਦ ਸੁਣਕੇ ਸੰਗਤ ਅਤੇ ਵਿਦਿਆਰਥੀਆਂ ਦੇ ਨੇਤੂ ਸਜਲ ਹੋ ਗਏ ਤੇ ਕੰਠ ਰੁਕ ਗਏ।
੬. ਕਥਾ ਵਿਚ ਅਸਰ-ਗੁਰਬਾਣੀ ਜਾਂ ਗੁਰ ਇਤਿਹਾਸ
ਦੀ ਕਥਾ ਕਰਦਿਆਂ ਆਪ ਮਸਤ ਹੋ ਜਾਂਦੇ ਅਜੇਹੀ ਇਕਾਗੂਤਾ, ਪਿਆਰ ਤੇ ਵੈਰਾਗ ਭਰੇ ਮਿਠੇ ਤੇ ਸਾਦੇ ਸ਼ਬਦਾਂ ਵਿੱਚ ਬੋਲਦੇ ਕਿ ਸਰੋਤੇ ਮੂਰਤਾਂ ਬਣ ਜਾਂਦੇ । ਆਪ ਦੀ ਕਥਾ ਸਰੋਤਿਆਂ ਲਈ ਘੰਡਾ ਹੇੜੇ ਦਾ ਸ਼ਬਦ ਜਾਂ ਸੱਪ ਨੂੰ ਮਸਤ ਕਰਨ ਵਾਲੀ ਬੀਨ ਆਖਿਆ ਜਾ ਸਕਦਾ ਹੈ। ਕਈ ਸਾਲ ਪਹਿਲਾਂ ਸੁਣੀ ਆਪ ਦੀ ਕਥਾ ਕਈ ਵਾਰ ਹੁਣ ਵੀ ਮੇਰੇ ਕੰਨਾਂ ਵਿੱਚ ਗੂੰਜਣ ਲਗ ਪੈਂਦੀ ਹੈ । ਇਹ ਮੇਰਾ ਤੇ ਕਈ ਸਿੰਘਾਂ ਦਾ ਜਾਤੀ ਤਜਰਬਾ ਹੈ ਕਿ ਕਈ ਵਾਰ ਕਥਾ ਸੁਣਦਿਆਂ ਅਪਣੇ ਸਰੀਰ ਤੇ ਦੇਸ਼ ਕਾਲ ਦਾ ਚੇਤਾ ਭੁਲ ਜਾਂਦਾ ਸੀ। ਇਕ ਵਾਰ ਕੀ ਕਥਾ ਸੁਣੀ ਅੱਠ ਪਹਿਰ ਮਸਤੀ ਚੜ੍ਹਾਈ ਰਖਦੀ ਸੀ । ਕਈ ਸ਼ਰਧਾਲੂਆਂ ਅੰਦਰ ਇਹ ਅਸਰ ਮਹੀਨਾ ਭਰ ਤੇ ਕਈਆਂ ਅੰਦਰ ਸਾਲ ਭਰ ਰਹਿੰਦਾ ਸੀ । ਲਾਇਲਪੁਰ ਜ਼ਿਲੇ ਦੇ ਇਕ ਸਿੰਘ ਨੇ ਮੈਨੂੰ ਦਸਿਆ ਕਿ ਮੈਂ ਅਪਣੇ ਭਰਾ ਨਾਲ ਪਹਿਲੀ ਵਾਰ ਆਇਆ। ਮੈਂ ਕੁਝ ਪ੍ਰਸ਼ਨ ਮਨ ‘ਚ ਲੈ ਕੇ ਆਇਆ ਸਾਂ । ਸੰਤ ਔਂਦਿਆਂ ਨੂੰ ਕਥਾ ਕਰ ਰਹੇ ਸਨ । ਉਨ੍ਹਾਂ ਮੇਰੇ ਮਨ ਦੇ ਪ੍ਰਸ਼ਨਾਂ ਦੇ ਉਤਰ ਨੰਬਰ ਵਾਰ ਕਥਾ ‘ਚ ਹੀ ਸੁਣਾ ਦਿਤੇ ਜਿਸ ਨਾਲ ਮੈਂ ਸਦਾ ਉਨ੍ਹਾਂ ਦੀ ਸ਼ਰਧਾ ਦਾ ਪਾਤਰ ਬਣ ਗਿਆ। ਅਜਿਹੀਆਂ ਅਣਗਿਣਤ ਮਿਸਾਲਾਂ ਹਨ ।
ਕਈਆਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਕਥਾ ਦੇ ਪ੍ਰੋਗਰਾਮ ਸਮੇਂ, ਪੰਡਿਤ, ਮੌਲਵੀ ਤੇ ਹੋਰ ਵਿਦਵਾਨ ਚਰਚਾ ਦੇ ਖਿਆਲ ਨਾਲ ਆਏ ਪਰ ਕਥਾ ਸੁਣਕੇ ‘ਵਾਹ ਵਾਹ’ ਕਰ ਉਠੇ ਤੇ ਚਰਨ ਛੁਹ ਕੇ ਇਹ ਆਖਦੇ ਗਏ ਕਿ ਅਸਾਂ ਇਹ ‘ਅਨਭਵੀ ਵਿਦਿਆ ਨਹੀਂ ਪੜ੍ਹੀ। ਉਨ੍ਹਾਂ ਦੇ ਨਾ ਥਾਂ ਵਿਸਥਾਰ ਦੇ ਭੈ ਤੋਂ ਨਹੀਂ ਲਿਖੇ ।
ਸੰਤਾਂ ਦੀ ਕਥਾ ਦਾ ਜੋ ਅਸਰ ਆਮ ਸਿੱਖ ਸੰਗਤਾਂ ਤੇ ਪੈਂਦਾ ਸੀ ਉਸਦੀਆਂ ਕਈ ਮਿਸਾਲਾਂ ਮੇਰੇ ਕੋਲ ਨੋਟ ਹਨ ਉਨ੍ਹਾਂ ਵਿਚੋਂ ਇਕ ਮਿਸਾਲ ਪੇਸ਼ ਕਰਦਾ ਹਾਂ ਜੋ ਮੈਨੂੰ ਸ: ਅਮਰ ਸਿੰਘ ਜੀ ਬੁੱਟਰ (ਗੁਰਦਾਸ ਪੁਰ) ਮੈਂਬਰ ਐਗਜ਼ੈਕਟਿਵ ਕਮੇਟੀ ਸ਼੍ਰੋਮਣੀ ਗੁ: ਪ੍ਰ: ਕਮੇਟੀ, ਅੰਮ੍ਰਿਤਸਰ ਨੇ ਨੋਟ ਕਰਵਾਈ ਹੈ।
ਲਗ ਭਗ ੧੯੪੯ ਈ: ਦਾ ਸਮਾ ਸੀ ਜਦੋਂ ਬਣੇ ਪ੍ਰੋਗਰਾਮ ‘ਅਨੁਸਾਰ ਸਾਡੇ ਪਿੰਡ ਬੁੱਟਰ ਵਿੱਚ ਸੰਤ ਸ਼ਾਮ ਦੀ ਕਥਾ ਕਰ ਰਹੇ ਸਨ । ਕਥਾ ਵਿੱਚ ਲੜਕੀ ਦਾ ਪੈਸਾ ਲੈ ਕੇ ਸ਼ਾਦੀ ਕਰਨ ਵਾਲੇ ਪਾਪੀ ਬੰਦੇ ਨੂੰ ਹੋਣ ਵਾਲੀਆਂ ਸਜ਼ਾਵਾਂ ਦਾ ਜ਼ਿਕਰ ਚਲ ਰਿਹਾ ਸੀ। ਸੰਤਾਂ ਨੇ ਉਸ ਸਮੇਂ ਵੈਰਾਗ ‘ਚ ਢਲ ਕੇ ਅਜਿਹੇ ਦਰਦ ਭਰੇ ਵਾਕ ਕਹੋ ਕਿ ਸੰਗਤ ਵਿਚੋਂ ਪਿੰਡ ਦਾ ਇਕ ਸਰੋਤਾ ਫੌਜਾ ਸਿੰਘ ਉਠ ਖੜਾ ਹੋਇਆ ਤੇ ਹੱਥ ਜੋੜਕੇ ਅੱਥਰੂ ਭਰੇ ਨੇਤਾਂ ਅਤੇ ਰੁਕ ਹੋਏ ਗਲੇ ਨਾਲ ਬਹੁਤ ਅਧੀਨ ਹੋ ਕੇ ਬੇਨਤੀ ਕਰਨ ਲੱਗਾ ਤਾਂ ਸੰਤਾਂ ਨੇ ਕਥਾ ਰੋਕ ਕੇ ਉਸ ਨੂੰ ਪੁਛਿਆ ਕਿ ਕੀ ਗਲ ਹੈ ਤਾਂ ਉਸ ਨੇ ਮੁਰਝਾਏ ਹੋਏ ਮਨ ਨਾਲ ਅੰਖਾਂ ਚੋਂ ਹੰਝੂ ਕੇਰਦਿਆਂ ਆਖਿਆ ਕਿ ਮਹਾਰਾਜ! ਮੈਂ ਬੜਾ ਪਾਪੀ ਹਾਂ ਮੈਨੂੰ ਬਖਸ਼ ਲਉ ਕਿਉਂਕਿ ਮੈਂ ੧੪੦੦) ਰੁਪਇਆ ਲੈ ਕੇ ਫੇਰ ਆਪਣੀ ਭੈਣ ਦੀ ਸ਼ਾਦੀ ਕੀਤੀ ਹੈ। ਸੁਣਕੇ ਸੰਗਤਾਂ ਤੱਬਕ ਉਠੀਆਂ ਤੇ ਹੈਰਾਨੀ ਛਾ ਗਈ । ਸੰਤਾਂ ਕਿਹਾ ਕਲ ਨੂੰ ਸ਼ਾਮ ਦੀ ਕਥਾ ਸਮੇਂ ਅਪਣੀ ਭੈਣ ਤੇ ਭਣਵਈਏ ਨੂੰ ਨਾਲ ਲੈ ਕੇ ਸੰਗਤ ਵਿੱਚ ਹਾਜ਼ਰ ਹੋਵੀਂ ਤੇ ਨਾਲ ੧੪੦੦) ਰੁਪਏ ਵੀ ਲਈ ਆਵੀਂ । ਅਗਲੇ ਦਿਨ ਫ਼ੌਜਾ ਸਿੰਘ ਅਪਣੀ ਭੈਣ ਗਿਆਨ ਕੌਰ ਤੇ ਭਣਵਈਏ ਸੁਵਰਨ ਸਿੰਘ ਨੂੰ ਉਨ੍ਹਾਂ ਦੇ ਪਿੰਡ ਖਹਿਰੇ ਤੋਂ ਜੋ ਉਥੋਂ ਨੇੜੇ ਹੀ ਸੀ, ਨਾਲ ਲੈ ਕੇ ਸਮੇਂ ਸਿਰ ਕਥਾ ਅਸਥਾਨ ਤੇ ਪੁਜ ਗਿਆ । ਸੰਤਾਂ ਨੇ ਸਾਰੀ ਸੰਗਤ ਦੇ ਸਾਹਮਣੇ ਇਸ ਦੇ ਆਪਣੇ ਹੱਥੀਂ ਉਹ ੧੪੦੦) ਰੁਪਇਆ ਉਸ ਦੀ ਭੈਣ ਦੀ ਝੋਲੀ ਪੁਆ ਦਿਤਾ ਤੇ ਸੰਤਾਂ ਨੇ ਪ੍ਰਸੰਨ ਹੋ ਕੇ ਫੌਜਾ ਸਿੰਘ ਨੂੰ ਕਿਹਾ ਖੰਡੇ ਦਾ ਅੰਮ੍ਰਿਤ ਛਕ ਲਉ ਤੁਹਾਨੂੰ ਮਾਇਆ ਦੀ ਘਾਟ ਨਹੀਂ ਰਹੇਗੀ । ਸੰਤਾਂ ਦੇ ਬਚਨਾਂ ਅਨੁਸਾਰ ਫੌਜਾ ਸਿੰਘ ਨੇ ਖੰਡੇ ਦਾ ਅੰਮ੍ਰਿਤ ਛਕ ਲਿਆ । ਬਾਬਾ ਅਮਰ ਸਿੰਘ ਨੇ ਦਸਿਆ ਕਿ ਹੁਣ ਫੌਜਾ ਸਿੰਘ ਦਾ ਮੁਰੱਬਾ ਮੇਰੇ ਨਾਲ ਹੈ ਤੇ ਉਸ ਦੀ ਮਾਇਕ ਹਾਲਤ ਕਾਫੀ ਚੰਗੀ ਹੈ ਤੇ ਸਾਰਾ ਪਰਵਾਰ ਅਨੰਦ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ। ਇਹ ਸਭਸੰਤਾਂ ਦੀ ਪ੍ਰਸੰਨਤਾ ਦਾ ਹੀ ਫਲ ਹੈ।
ਆਪ ਦੀ ਕਥਾ ਵਿੱਚ ਜਾਦੂ ਵਰਗਾ ਅਸਰ ਸੀ ਜੋ ਨਾਸਤਕਾਂ ਤੇ ਮਨਮੁਖਾਂ ਨੂੰ ਵੀ ਗੁਰਬਾਣੀ ਦੀ ਰੰਗਣ ਚਾੜ੍ਹ ਦੇਂਦਾ ਸੀ ਜਿਸ ਦੀਆਂ ਬੇਅੰਤ ਉਦਾਹਰਣਾ ਮੇਰੇ ਪਾਸ ਨੋਟ ਹਨ।
ਆਪ ਦਾ ਸੁਭਾਉ ਬਚਪਨ ਤੋਂ ਹੀ ਨਰਮ ਸੰਕੋਚਵਾਂ, ਸਰਲ, ਸਾਦਾ, ਸ਼ਾਂਤ ਤੇ ਗੰਭੀਰ ਸੀ । ਜ਼ਿੰਦਗੀ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਰੀਜ਼ਰਵ ਕੀਤੀ ਹੋਈ ਸੀ । “ਜਨਮ ਮਰਣ ਦੁਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ । ਜੀਅ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨਿ ਮਿਲਾਇ’ ਮਹਾਂਵਾਕ ਦਾ ਅੱਖਰ ਅੱਖਰ ਆਪ ਦੀ ਜ਼ਿੰਦਗੀ ਤੇ ਪੂਰਾ ਢੁਕਦਾ ਸੀ । ਵਡੇਰੀ ਉਮਰ ਅਤੇ ੧੩ ਸਾਲ ਤੋਂ ਸਿਹਤ ਦੀ ਬੇਹੱਦ ਕਮਜ਼ੋਰੀ ਦੇ ਬਾਵਜੂਦ ਸੰਤਾਂ ਵਲੋਂ ਆਪ ਦੇ ਜ਼ਿਮੇ ਲਗੀ ਗੁਰਮਤਿ ਵਿਦਿਆ ਦੇ ਪੜ੍ਹਾਣ ਦੀ ਡਿਊਟੀ ਨੂੰ ਅੰਤਲੇ ਦਿਨ ਤੱਕ ਪੂਰੇ ਉਤਸ਼ਾਹ ਨਾਲ ਨਿਭਾਇਆ।
‘ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ’ ਦੇ ਮਹਾਂ ਵਾਕ ਅਨੁਸਾਰ ਸੱਚੀ ਦਰਗਾਹ ਦਾ ਸੱਦਾ ਆ ਜਾਣ ਤੇ ੨੭ ਤੇ ੨੮ ਜੂਨ ੧੯੬੯ ਈ: ਮੁ: ੧੪ ਤੇ ੧੫ ਹਾੜ ੨੦੨੬ ਬਿ: ਦਿਨ ਸ਼ੁਕਰ ਤੇ ਸਨਿੱਚਰ ਦੀ ਦਰਮਿਆਨੀ ਰਾਤ ਨੂੰ ਪਿੰਡ ਮਹਿਤਾ (ਅੰਮ੍ਰਿਤਸਰ) ਵਿਖੇ ਅੰਮ੍ਰਿਤ ਵੇਲੇ ਸਵਾ ਦੋ ਵਜੇ ਜੱਥੇ ਦੇ ਸਿੰਘਾਂ, ਪਰਵਾਰ, ਸਿਖ ਸੰਗਤਾਂ ਤੇ ਪੰਥ ਨੂੰ ਸਦੀਵੀ ਸਰੀਰਕ ਵਿਛੋੜਾ ਦੇ ਕੇ ਸੱਚਖੰਡ ਜਾ
ਬਿਰਾਜੇ । ੩੯ ਸਾਲ ੪ ਮਹੀਨੇ ੧੦ ਦਿਨ ਜੱਥਾ ਫੇਰਿਆ ਤੇ ਕੁਲ ਉਮਰ ੬੭ ਸਾਲ ੪ ਮਹੀਨੇ ੧੪ ਦਿਨ ਜਗਤ ਵਿੱਚ ਵਿਚਰੇ।
ਅੰਤਮ ਸੰਸਕਾਰ-ਇਹ ਹਿਰਦੇ ਵੇਧਕ ਤੇ ਦੁਖਦਾਈ ਖਬਰ ਸਾਰੇ ਸਿਖ ਜਗਤ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਨੂੰ ਸੁਣਦਿਆਂ ਸੰਸਾਰ ਭਰ ਦੇ ਸਿੱਖਾਂ ਵਿਚ ਸ਼ੋਕ ਦੀ ਲਹਿਰ ਦੌੜ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਸੰਤ ਚੰਨਣ ਸਿੰਘ ਜੀ ਮੌਕੇ ਤੇ ਪਹੁੰਚ ਗਏ। ਪ੍ਰਧਾਨ ਸਾਹਿਬ ਤੇ ਮੰਤ ਬਾਬਾ ਫਤਹ ਸਿੰਘ ਜੀ ਨੇ ਆਪ ਦੇ ਸ਼ਰੀਰਕ ਵਿਛੋੜੇ ਦਾ ਪੰਥ ਲਈ ਨ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਕੀਤਾ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ।
ਬਸਾਂ,ਟਰੱਕਾਂ ਤੇ ਕਾਰਾਂ ਦੇ ਕਾਫਲੇ ਨਾਲ ਆਪ ਦੇ ਸਰੀਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਤੇ ਇਸ਼ਨਾਨ ਕਰਵਾਕੇ ਰਾਤ ਭਿੰਡਰੀਂ ਲੈ ਜਾਇਆ ਗਿਆ। ਰਸਤੇ ਵਿਚ ਅੰਮ੍ਰਿਤਸਰ, ਤਰਨ ਤਾਰਨ, ਨੌਸ਼ਹਿਰੇ, ਸਰਹਾਲੀ ਤੇ ਹਰੀ ਕੇ ਪੱਤਣ, ਜ਼ੀਰਾ, ਈਸੇ ਖਾਂ ਦਾ ਕੋਟ ਤੇ ਭਿੰਡਰਾਂ ਵਿੱਚ ਲੱਖਾਂ ਲੋਕਾਂ ਨੇ ਆਪ ਜੀ ਦੇ ਅੰਤਮ ਦਰਸ਼ਨ ਕੀਤੇ ਤੇ ਸ਼ਰਧਾ ਦੇ ਫੁਲ ਭੇਟ ਕੀਤੇ । ਅਗਲੇ ਦਿਨ ੨੯ ਜੂਨ ਨੂੰ ਕੀਰਤਪੁਰ ਸਾਹਿਬ ਪਹੁੰਚ ਕੇ ਸਰਕਾਰੀ ਸਨਮਾਨਾਂ ਨਾਲ ਆਪ ਜੀ ਦਾ ਅੰਤਮ ਸੰਸਕਾਰ ਪੂਰਨ ਗੁਰਮਤਿ ਮਰਯਾਦਾ ਅਨੁਸਾਰ ਕਰ ਦਿਤਾ ਗਿਆ।

 

– ਗਿਆਨੀ ਕਿਰਪਾਲ ਸਿੰਘ