74 views 3 secs 0 comments

ਬਿਲਾਈ  

ਲੇਖ
July 02, 2025

ਪੰਜਾਬੀ ਭਾਸ਼ਾ ਦੇ ਵਿੱਚ ਬੋਲਿਆ ਜਾਣ ਵਾਲਾ ਸ਼ਬਦ ਬਿੱਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਿਲਾਈ, ਬਿਲਈਆ ਦੋ ਰੂਪਾਂ ਦੇ ਵਿੱਚ ਮੌਜੂਦ ਹੈ।
ਬਿੱਲੀ ਪਾਲਤੂ ਅਤੇ ਜੰਗਲੀ ਦੋਨੋਂ ਤਰ੍ਹਾਂ ਦੀ ਹੁੰਦੀ ਹੈ। ਪਾਲਤੂ ਬਿੱਲੀ ਦੀਆਂ 300 ਤੋਂ ਜ਼ਿਆਦਾ ਨਸਲਾਂ ਹੁੰਦੀਆਂ ਹਨ, ਮਨੁੱਖਾਂ ਨਾਲ ਇਹਨਾਂ ਦੀ ਜੋਟੀਦਾਰੀ ਚੂਹਿਆਂ ਨੂੰ ਮਾਰ ਸਕਣ ਦੀ ਕਾਬਲੀਅਤ ਦੇ ਕਰਕੇ ਹੈ। ਦੁਨੀਆ ਭਰ ਦੇ ਵਿੱਚ ਇਹਨਾਂ ਦੀ ਗਿਣਤੀ 50 ਕਰੋੜ ਤੋਂ ਵੱਧ ਹੈ ।ਹਰੇਕ ਸਾਲ ਵਿਸ਼ਵ ਪੱਧਰ ‘ਤੇ 8 ਅਗਸਤ ਬਿੱਲੀ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਬਿਲਾਈ ਨੂੰ ਸੰਸਕ੍ਰਿਤ ਦਾ ਸ਼ਬਦ ਮੰਨਦੇ ਹਨ। ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਲਿਖਦੇ ਹਨ ਕਿ ਸੰਸਕ੍ਰਿਤ ਦੇ ਵਿੱਚ ਵਿਡਾਲਾ, ਹਿੰਦੀ ਦੇ ਵਿੱਚ ਬਿਲਾਰ, ਬਿਲਾਈ ਤੇ ਪੰਜਾਬੀ ਦੇ ਵਿੱਚ ਬਿੱਲੀ ਕਹਿੰਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਬਿੱਲੀ ਦੇ ਅਰਥ ਬਿੱਲੀ ਹੀ ਕਰਦੇ ਹਨ :
ਬਿਲਾਈ, ਬਿਨਾ ਅਲਾਈ ਦਾ ਸੰਖੇਪ ਹੈ ।
ਬਿਨਾਂ ਆਵਾਜ਼ ਕਰਨ ਵਾਲਾ ਜਾਨਵਰ, ਜਿਵੇਂ ਦੂਸਰੇ ਜਾਨਵਰ, ਪੰਛੀ ਸਮੇਂ ਦੇ ਨਾਲ, ਜਾਂ ਕਿਸੇ ਨੂੰ ਦੇਖ ਕੇ ਬੋਲਦੇ ਹਨ, ਬਿੱਲੀਆਂ ਇਸ ਤਰ੍ਹਾਂ ਨਹੀਂ ਕਰਦੀਆਂ। ਚਿੜੀਆਂ ਪਹੁ ਫੁਟਣ ਦੇ ਨਾਲ ਚੁਹਕਣ ਲੱਗ ਪੈਂਦੀਆਂ ਨੇ, ਮੋਰ ਤੇ ਬੰਬੀਹੇ ਕਾਲੇ ਬੱਦਲਾਂ ਨੂੰ ਵੇਖ ਕੇ ਬੋਲਦੇ ਨੇ, ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰ ਕੇ ਬੁਕਦੇ ਹਨ ।
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤ ਤਰੰਗ ||                        ( ਸ੍ਰੀ ਗੁਰੂ ਗ੍ਰੰਥ ਸਾਹਿਬ ,319)
ਮੋਰ ਬਬੀਹੇ ਬੋਲਦੇ ਵੇਖਿ ਬਦਲ ਕਾਲੇ ||
( ਭਾਈ ਗੁਰਦਾਸ ਜੀ ਵਾਰ 27ਵੀਂ ਪੳੜੀ 4)
ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਏ ||
ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ||
ਅੰਧਾ ਕਿਸ ਨੋ ਬੁਕਿ ਸੁਣਾਵੈ || ਖਸਮੈ ਮੂਲਿ ਨ ਭਾਵੈ ||                  ( ਸ੍ਰੀ ਗੁਰੂ ਗ੍ਰੰਥ ਸਾਹਿਬ, 1286)

ਗੁਰਬਾਣੀ ਦੇ ਵਿੱਚ ਮੌਤ ਨੂੰ ਵੀ ਬਿੱਲੀ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ।ਜਿਸ ਤਰ੍ਹਾਂ ਦੇ ਨਾਲ ਬਿੱਲੀ ਦੇ ਆਉਣ ਦਾ ਪਤਾ ਨਹੀਂ ਚੱਲਦਾ, ਉਸੇ ਤਰ੍ਹਾਂ ਦੇ ਨਾਲ ਮੌਤ ਵੀ ਆਉਣ ਲੱਗਿਆਂ ਆਵਾਜ਼ ਨਹੀਂ ਕਰਦੀ.
ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ||                (ਸ਼੍ਰੀ ਗੁਰੂ ਗ੍ਰੰਥ ਸਾਹਿਬ,855)

ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਹਨ ਕਿ ਇੱਕ ਵਾਰ ਚੂਹਿਆਂ ਨੇ ਬੜਾ ਭਾਰੀ ਇਕੱਠ ਕੀਤਾ, ਸਾਰੇ ਚੂਹਿਆਂ ਦੇ ਵਿੱਚ ਸਮੱਸਿਆ ਵਿਚਾਰੀ ਗਈ ਕਿ ਬਿੱਲੀ ਦਾ ਸਾਨੂੰ ਆਉਂਣ ਦਾ ਪਤਾ ਨਹੀਂ ਚੱਲਦਾ ਤੇ ਉਹ ਚੂਹਿਆਂ ਨੂੰ ਫੜ ਕੇ ਖਾ ਜਾਂਦੀ ਹੈ, ਇਸ ਸਮੱਸਿਆ ਦੇ ਹੱਲ ਦੇ ਵਾਸਤੇ ਸਾਰਿਆਂ ਨੇ ਸਲਾਹ ਕੀਤੀ ਕਿ ਬਿੱਲੀ ਦੇ ਗਲ ਦੇ ਵਿੱਚ ਘੰਟੀ ਪਾਈ ਜਾਵੇ, ਤਾਂ ਜੋ ਸਾਨੂੰ ਬਿੱਲੀ ਦੇ ਆਉਣ ਦਾ ਪਤਾ ਚੱਲ ਜਾਵੇ ਤੇ ਅਸੀਂ ਲੁਕ ਕੇ ਆਪਣੀ ਜਾਨ ਬਚਾ ਸਕੀਏ , ਸਰਬ ਸੰਮਤੀ ਦੇ ਨਾਲ ਇਸ ਸਲਾਹ ਨੂੰ ਪ੍ਰਵਾਨ ਕਰਕੇ ਚੂਹਿਆਂ
ਨੇ ਬਿੱਲੀ ਦੇ ਗਲ ਵਿੱਚ ਪਾਉਣ ਦੇ ਵਾਸਤੇ ਘੰਟਾ ਘੜਾ ਵੀ ਲਿਆ, ਪਰ ਉਹਦੇ ਗਲ ਦੇ ਵਿੱਚ ਘੰਟੀ ਪਾਵੇ ਕੌਣ ?

ਘੰਟੁ ਘੜਾਇਆ ਚੂਹਿਆਂ ਗਲਿ ਬਿਲੀ ਪਾਈਐ.

( ਭਾਈ ਗੁਰਦਾਸ ਜੀ ਵਾਰ 36ਵੀਂ ਪਉੜੀ 16ਵੀਂ )

ਗਿਆਨੀ ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ