
ਜੀਵਨ ਵਿਚ ਨਿਤਾਪ੍ਰਤਿ ਹੀ ਸਿੱਖ ਅਰਦਾਸ ਕਰਦਾ ਹੈ ਅਤੇ ਅਕਾਲ ਪੁਰਖ ਕੋਲੋਂ ਸੁਰੱਖਿਆ ਦੀ ਖ਼ੈਰ ਮੰਗਦਾ ਹੈ। ਸਿੱਖ ਦਾ ਇਹ ਵਿਸ਼ਵਾਸ ਹੈ ਕਿ ਜਦੋਂ ਅਰਦਾਸ ਦੇ ਰਾਹੀਂ ਪ੍ਰਮਾਤਮਾ ਮੇਰੀ ਝੋਲੀ ਵਿਚ ਮਿਹਰ ਦੀ ਖ਼ੈਰ ਪਾ ਦਿੰਦਾ ਹੈ ਤਾਂ ਫਿਰ ਖ਼ੈਰ ਹੀ ਖ਼ੈਰ ਹੈ। ਫਿਰ ਤਾਂ ਸੱਤੇ ਹੀ ਖ਼ੈਰਾਂ ਹਨ। ਜਦੋਂ ਸਾਨੂੰ ਕੋਈ ਐਸਾ ਆਸਰਾ ਮਿਲ ਜਾਏ ਜਿਸ ਨੂੰ ਪਾ ਕੇ ਅਸੀਂ ਸਮਝੀਏ ਕਿ ਹੁਣ ਕੋਈ ਵੀ ਖ਼ਤਰਾ ਨਹੀਂ ਤਾਂ ਸਾਡੇ ਮੂੰਹੋ ਇਕ ਸ਼ਬਦ ਨਿਕਲਦਾ ਹੈ ਕਿ ਹੁਣ ਤਾਂ ਸੱਤੇ ਹੀ ਖੈਰਾਂ ਹਨ। ਇਹ ਸੱਤੇ ਖੈਰਾਂ ਪਤਾ ਨਹੀਂ ਉਹ ਸੱਜਣ ਕਿਹੜੀਆਂ ਗਿਣਦੇ ਸਨ। ਖੈਰ ਸ਼ਬਦ ਇਸਲਾਮੀ ਸਾਹਿਤ ਵਿਚੋਂ ਆਇਆ ਹੈ। ਬਾਬਾ ਫ਼ਰੀਦ ਜੀ ਇਹ ਲਫ਼ਜ਼ ਵਰਤਦੇ ਹਨ :
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥
ਖ਼ੈਰ ਦਾ ਅਰਥ ਹੈ ਖ਼ੈਰਾਤ ਮਿਲੀ ਹੋਈ ਭਿੱਖਿਆ। ਸੂਫ਼ੀ ਸਾਹਿਤ ਵਿਚ ਖ਼ੈਰ ਸ਼ਬਦ ਆਮ ਵਰਤਿਆ ਗਿਆ ਹੈ। ਮੁਸਲਮਾਨ ਵੀਰ ਪਤਾ ਨਹੀਂ ਸੱਤੇ ਖੈਰਾਂ ਕਿਹੜੀਆਂ ਕਹਿੰਦੇ ਹਨ। ਪਰ ਸਿੱਖ ਧਰਮ ਦੀ ਅਰਦਾਸ ਵਿਚ ਤਾਂ ਸੱਤੇ ਖੈਰਾਂ ਸਪੱਸ਼ਟ ਹਨ ਤੇ ਜਿਸ ਸਿੱਖ ਨੂੰ ਇਹ ਸੱਤੇ ਖੈਰਾਂ ਪ੍ਰਾਪਤ ਹੋ ਜਾਂਦੀਆਂ ਹਨ। ਉਸਦਾ ਅੰਮ੍ਰਿਤਸਰ ਦਾ ਇਸ਼ਨਾਨ ਹੋ ਜਾਂਦਾ ਹੈ। ਫਿਰ ਉਹ ਕਦੀ ਨਹੀਂ ਮਰਦਾ। ਉਸ ਨੂੰ ਸਦੀਵੀ ਆਤਮਿਕ ਜੀਵਨ ਮਿਲ ਜਾਂਦਾ ਹੈ। ਸੱਤੇ ਖੈਰਾਂ ਤਾਂ ਉਸ ਦਿਨ ਹੀ ਹੋਣਗੀਆਂ ਜਿਸ ਦਿਨ ਮੌਤ ਦਾ ਡਰ ਵੀ ਮੁੱਕ ਜਾਏ ਤੇ ਨਿਰਭੈ ਅਵਸਥਾ ਮਿਲ ਜਾਏ।
ਪਹਿਲੀ ਖ਼ੈਰ ਹੈ ਸਿੱਖੀ ਦਾਨ, ਜਿਸਨੂੰ ਸਤਿਗੁਰੂ ਨੇ ਸਿੱਖੀ ਦੇ ਦਿੱਤੀ ਉਸਦੀ ਝੋਲੀ ਅਮੁੱਲ ਹੋ ਗਈ। ਪਤਾ ਨਹੀਂ ਕਿੰਨੇ ਜਨਮ ਹੋ ਗਏ ਹਨ ਭਟਕਦਿਆਂ। ਇਹ ਜੀਵ ਕਿਥੇ-ਕਿਥੇ ਫਿਰਦਾ ਰਿਹਾ ਹੈ ਤਾਂ ਕਿਤੇ ਸਿੱਖੀ ਪ੍ਰਾਪਤ ਹੋਈ ਹੈ। ਤਾਂ ਇਸਨੂੰ ਸਤਿਗੁਰੂ ਨੇ ਸ਼ਬਦ ਸੁਣਾਇਆ ਹੈ। ਗੁਰਬਾਣੀ ਵਿਚ ਇਕ ਪੰਗਤੀ ਹੈ :
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥ ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾਂ ਸਤਿਗੁਰਿ ਸਬਦੁ ਸੁਣਾਇਆ॥
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨੀ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥ (ਅੰਗ ੪੬੫)
ਸਿੱਖੀ ਮਿਲ ਗਈ ਤਾਂ ਸਤਿਗੁਰੂ ਜ਼ੁੰਮੇਵਾਰ ਹੋ ਗਏ। ਸਿੱਖੀ ਦੀ ਦਾਤ ਮਿਲ ਗਈ। ਜਨਮ ਸਫਲ ਹੋਣ ਦੀ ਆਸ ਬਣ ਗਈ। ਭਾਈ ਗੁਰਦਾਸ ਜੀ ਸਿੱਖੀ ਦੀ ਖ਼ੈਰ ਬਾਰੇ ਖੋਲ੍ਹ ਕੇ ਵਿਆਖਿਆ ਕਰਦੇ ਹਨ :
ਹਉ ਸਦਕੇ ਤਿਨ੍ਹਾਂ ਗੁਰਸਿਖਾਂ ਸਤਿਗੁਰ ਨੋ ਮਿਲਿ ਆਪੁ ਗਵਾਇਆ।
ਹਉ ਸਦਕੇ ਤਿਨ੍ਹਾਂ ਗੁਰਸਿਖਾਂ
ਕਰਨਿ ਉਦਾਸੀ ਅੰਦਰ ਮਾਇਆ ॥
ਹਉ ਸਦਕੇ ਤਿਨ੍ਹਾਂ ਗੁਰਸਿਖਾਂ
ਗੁਰਮਤਿ ਗੁਰ ਚਰਣੀ ਚਿਤੁ ਲਾਇਆ॥
ਹਉ ਸਦਕੇ ਤਿਨ੍ਹਾਂ ਗੁਰਸਿਖਾਂ
ਗੁਰ ਸਿਖ ਦੇ ਗੁਰਸਿਖ ਮਿਲਾਇਆ ।
ਹਉ ਸਦਕੇ ਤਿਨ੍ਹਾਂ ਗੁਰਸਿਖਾਂ
ਬਾਹਿਰ ਜਾਂਦਾ ਵਰਜਿ ਰਹਾਇਆ ।
ਹਉਂ ਸਦਕੇ ਤਿਨ੍ਹਾਂ ਗੁਰਸਿਖਾਂ ਆਸਾ ਵਿਚ ਨਿਰਾਸੁ ਵਲਾਇਆ।…
(ਵਾਰ ਬਾਰ੍ਹਵੀਂ ਪਉੜੀ ਛੇਵੀਂ ,ਭਾਈ ਗੁਰਦਾਸ ਜੀ)
ਗੁਰਸਿਖੀ ਬਾਰੀਕ ਹੈ ਖੰਡੇਧਾਰ ਗਲੀ ਅਤਿ ਭੀੜੀ ।
ਓਥੈ ਟਿਕੈ ਨਾ ਭੁਣਹਨਾ ਚਲਿ ਨ ਸਕੈ ਉਪਰਿ ਕੀੜੀ।
(ਵਾਰ ਗਿਆਰਵੀਂ ਪਉੜੀ ਪਉੜੀ ਪੰਜਵੀਂ,ਭਾਈ ਗੁਰਦਾਸ ਜੀ)
ਭਾਈ ਸਾਹਿਬ ਸਤਿਗੁਰਾਂ ਦੇ ਸਿੱਖਾਂ ਤੇ ਕੁਰਬਾਨ ਜਾਂਦੇ ਹਨ। ਸਦਕੇ ਜਾਂਦੇ ਹਨ। ਗੁਰਸਿੱਖਾਂ ਨੂੰ ਉਹ ਅਸਲ ਜੋਗੀ ਮੰਨਦੇ ਹਨ। ਗੁਰਸਿੱਖ ਮਾਇਆ ਵਿਚ ਉਦਾਸੀ ਵਾਲੀ ਬ੍ਰਿਤੀ ਧਾਰਨ ਕਰੀ ਰੱਖਦੇ ਹਨ:-
ਗੁਰਸਿਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ।
ਸਿੱਖੀ ਦੀ ਦਾਤ ਮਿਲ ਗਈ ਤਾਂ ਸਮਝ ਲੈਣਾ ਕਿ ਉਹ ਭਾਂਡਾ ਮਿਲ ਗਿਆ ਜਿਸ ਵਿਚ ਅੰਮ੍ਰਿਤ ਟਿਕਣਾ ਹੈ। ਉਹ ਝੋਲੀ ਮਿਲ ਗਈ ਜਿਸ ਵਿਚ ਦਾਤ ਟਿਕ ਸਕੇਗੀ। ਆਮ ਕਰਕੇ ਬੰਦਾ ਦਾਤ ਤਾਂ ਮੰਗਦਾ ਹੈ ਪਰ ਝੋਲੀ ਇਸਦੇ ਪਾਸ ਹੈ ਹੀ ਨਹੀਂ। ਇਹ ਪ੍ਰਮਾਤਮਾ ਮੰਗਦਾ ਹੈ ਪਰ ਬਿਨਾਂ ਸਿੱਖ ਬਣਿਆ ਹੀ ਚਾਹੁੰਦਾ ਹੈ ਨਾਮ ਦੀ ਦਾਤ ਮਿਲ ਜਾਏ। ਪਹਿਲੀ ਖ਼ੈਰ ਹੈ, ਖ਼ੈਰ ਪਾਉਣ ਲਈ ਪਾਤਰ ਮਿਲ ਜਾਏ। ਉਹ ਪਹਿਲੀ ਖੈਰ ਹੈ ਸਿੱਖੀ ਦਾਨ।
ਦੂਜੀ ਖ਼ੈਰ ਹੈ ਕੇਸ ਦਾਨ। ੧ ਅਪ੍ਰੈਲ ੧੯੯੭ ਨੂੰ ‘ਅਜੀਤ’ ਅਖ਼ਬਾਰ ਦੀ ਖ਼ਬਰ ਸੀ ਕਿ ਕਾਬਲ ਵਿਚ ਦਾਹੜੀ ਕਟਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਗਈ ਜੁਰਮਾਨਾ ਹੋਇਆ, ਦਿਹਾੜੀ ਦੋ ਕੈਦ, ਕੋਰੜੇ ਵੀ ਮਾਰੇ ਗਏ। ਸਤਿਗੁਰਾਂ ਨੇ ਕੋਈ ਜ਼ਬਰਦਸਤੀ ਨਹੀਂ ਕੀਤੀ। ਕਹਿ ਦਿੱਤਾ ਇਹ ਕੇਸ ਪ੍ਰਮਾਤਮਾ ਵਲੋਂ ਤੈਨੂੰ ਦਾਨ ਹਨ। ਇਹ ਖ਼ੈਰ ਉਸਨੇ ਤੇਰੀ ਝੋਲੀ ਵਿਚ ਪਾਈ ਹੈ। ਸਿੱਖ ਬਣਨ ਤੋਂ ਬਾਅਦ ਜੇ ਪਹਿਲੀ ਖ਼ੈਰ ਝੋਲੀ ਵਿਚ ਪਈ ਉਹ ਕੇਸ ਹਨ। ਸੱਤੇ ਖੈਰਾਂ ਤਾਂ ਹੀ ਹੋਣਗੀਆਂ ਜੇ ਤੂੰ ਇਨ੍ਹਾਂ ਖ਼ੈਰਾਂ ਨੂੰ ਸੰਭਾਲ ਕੇ ਰੱਖੇਗਾ। ਜ਼ਰਾ ਉਨ੍ਹਾਂ ਵਲ ਵੇਖ ਜਿਨ੍ਹਾਂ ਨੂੰ ਇਹ ਦਾਤ ਰੱਬ ਵਲੋਂ ਨਹੀਂ ਮਿਲੀ ਜਾਂ ਕਿਸੇ ਬਿਮਾਰੀ ਦੇ ਕਾਰਨ ਝੜ ਗਏ ਹਨ। ਉਹ ਬਨਾਵਟੀ ਕੇਸ ਲੈ ਕੇ ਸਿਰ ‘ਤੇ ਰੱਖ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਦੇਸ਼, ਜਾਤੀ ਦਾ ਕੋਈ ਮਹਾਂਪੁਰਖ ਰੂਹਾਨੀਅਤ ਨੂੰ ਪ੍ਰਾਪਤ ਹੋਇਆ ਹੈ ਤਾਂ ਉਸ ਦਿਨ ਤੋਂ ਬਾਅਦ ਉਹ ਕੇਸ ਨਹੀਂ ਕਟਾ ਸਕਿਆ। ਸਿੱਖ ਨੇ ਸਿੱਖੀ ਦਾਨ ਲੈ ਕੇ ਰੂਹਾਨੀਅਤ ਦੇ ਦੇਸ਼ ਵਿਚ ਕਦਮ ਰੱਖਿਆ ਇਸ ਲਈ ਕੇਸਾਂ ਦੀ ਖੈਰ ਇਸਦੀ ਝੋਲੀ ਵਿਚ ਪੈ ਗਈ।
ਤੀਜੀ ਖੈਰ ਹੈ ਰਹਿਤ ਦਾਨ, ਰਹਿਤ ਦੀ ਖ਼ੈਰ ਹੈ ਕਿ ਜੋ ਖੈਰ ਸਤਿਗੁਰਾਂ ਨੇ ਦਿੱਤੀ ਹੈ ਉਸਦੀ ਸੰਭਾਲ ਕਰਨੀ ਹੈ। ਕੇਸਾਂ ਦੀ ਦਾਤ ਮਿਲ ਗਈ ਆਲਸੀ ਨਹੀਂ ਹੋਣਾ, ਇਸ਼ਨਾਨਹੀਣ ਨਹੀਂ ਹੋਣਾ। ਕੇਸਾਂ ਦੀ ਸਫਾਈ ਲਈ ਹੀ ਕੰਘਾ ਦਿੱਤਾ ਸੀ, ਕੰਘਾ ਰਹਿਤ ਦਾਨ ਹੈ। ਇਸ਼ਨਾਨ ਰਹਿਤ ਦਾਨ ਹੈ। ਗੁਰੂ ਦੀ ਮਤਿ ਅਨੁਸਾਰ ਰਹਿਣਾ ਹੈ। ਹਰ ਥਾਂ ਰਹਿਣ ਦੀ ਮਰਯਾਦਾ ਹੈ। ਜਦੋਂ ਕੋਈ ਉਸ ਮਰਯਾਦਾ ਨੂੰ ਤੋੜਦਾ ਹੈ ਤਾਂ ਉਸ ਥਾਂ ਤੋਂ ਉਸਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਹਰ ਪਿੰਡ. ਸ਼ਹਿਰ, ਦੇਸ਼ ਵਿਚ ਰਹਿਣ ਦੀ ਕੋਈ ਮਰਯਾਦਾ ਹੈ। ਸਤਿਗੁਰੂ ਦੇ ਘਰ ਵਿਚ ਰਹਿਣ ਦੀ ਮਰਯਾਦਾ ਹੀ ਰਹਿਤ ਹੈ। ਇਹ ਖ਼ੈਰ ਵੀ ਝੋਲੀ ਵਿਚ ਪੈ ਗਈ ਕਿ ਸਤਿਗੁਰੂ ਦੇ ਘਰ ਵਿਚ ਕਿਵੇਂ ਰਹਿਣਾ ਹੈ।
ਚੌਥੀ ਖ਼ੈਰ ਹੈ ਬਿਬੇਕ ਦਾਨ ਸਿੱਖ ਨੂੰ ਸਤਿਗੁਰਾਂ ਨੇ ਸਿੱਖਿਆ ਦੀ ਰੋਸ਼ਨੀ ਦਿੱਤੀ ਹੈ। ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ ਤੂੰ ਪ੍ਰਮਾਤਮਾ ਦਾ ਵੈਰਾਟ ਸਰੂਪ ਵੇਖਣਾ ਹੈ ਤਾਂ ਇਨ੍ਹਾਂ ਅੱਖਾਂ ਨਾਲ ਨਹੀਂ ਵੇਖ ਸਕੇਗਾ, ਮੈਂ ਤੈਨੂੰ ਦਿਵ ਚਕਸ਼ ਦਿੰਦਾ ਹਾਂ। ਸਤਿਗੁਰਾਂ ਨੇ ਪ੍ਰਮਾਤਮਾ ਦੇ ਦਰਸ਼ਨਾਂ ਵਾਸਤੇ ਸਿੱਖ ਨੂੰ ਬਿਬੇਕ ਦੇ ਨੇਤਰ ਪ੍ਰਦਾਨ ਕੀਤੇ ਹਨ। ਸਿੱਖ ਨੇ ਸੰਸਾਰ ਵਿਚ ਤੁਰਨਾ ਹੈ। ਇਹ ਅੰਨ੍ਹਿਆਂ ਵਾਂਗੂੰ ਲੋਕਾਂ ਪਾਸੋਂ ਰਾਹ ਨਹੀਂ ਪੁੱਛਦਾ ਫਿਰੇਗਾ। ਅੰਨ੍ਹੇ ਰਾਹ ਪੁਛਦੇ ਹਨ। ਪਰ ਨੇਤਰਾਂ ਵਾਲੇ ਤਾਂ ਜਿਥੇ ਨਹੀਂ ਰਾਹ ਉਥੋਂ ਵੀ ਰਾਹ ਬਣਾਉਂਦੇ ਹਨ। ਨੇਤਰਾਂ ਵਾਲੇ ਤਾਂ ਦਰਿਆਵਾਂ ‘ਤੇ ਪੁਲ ਬੰਨ੍ਹ ਦਿੰਦੇ ਹਨ। ਪਹਾੜ ਕੱਟ ਕੇ ਨਵਾਂ ਮਾਰਗ ਤਿਆਰ ਕਰ ਦਿੰਦੇ ਹਨ। ਚੌਥੀ ਖ਼ੈਰ ਹੈ ਕਿ ਸਤਿਗੁਰਾਂ ਨੇ ਸਿੱਖ ਨੂੰ ਬਿਬੇਕੀ ਬਣਾਇਆ ਹੈ। ਵਿਚਾਰ ਦੇ ਨੇਤਰ ਦਿੱਤੇ ਹਨ। ਉਹ ਦਿਵ ਚਕਸ਼ੂ ਦਿਵ ਬਾਣੀ ਗੁਰਬਾਣੀ ਵਿਚੋਂ ਮਿਲੇ ਹਨ। ਜਿਨ੍ਹਾਂ ਨੇ ਸਿੱਖ ਨੂੰ ਸੱਚੀ ਪਰਖ ਦਿੱਤੀ ਹੈ ਸੱਚਾ ਪਾਰਖੂ ਬਣਾਇਆ ਹੈ। ਸਿੱਖ ਖਰੇ ਖੋਟੇ ਦੀ ਪਹਿਚਾਨ ਕਰ ਸਕਦਾ ਹੈ ਇਹ ਭਟਕੇਗਾ ਨਹੀਂ। ਇਹ ਬਿਬੇਕ ਦੀ ਚੌਥੀ ਖ਼ੈਰ ਹੈ।
ਪੰਜਵੀਂ ਖ਼ੈਰ ਸਿੱਖ ਨੂੰ ਵਿਸਾਹ ਦਾਨ ਹੈ। ਕੋਈ ਸੈਂਕੜੇ ਦਲੀਲਾਂ ਦੇ ਕੇ ਸ਼ੱਕ ਪਾਉਣ ਦਾ ਜਤਨ ਕਰੇ ਕਿ ਪ੍ਰਮਾਤਮਾ ਨਹੀਂ। ਸਿੱਖ ਉੱਤੇ ਕੋਈ ਅਸਰ ਨਹੀਂ ਹੁੰਦਾ। ਉਸਦੀ ਝੋਲੀ ਵਿਚ ਗੁਰੂ ਨੇ ਵਿਸਾਹ ਦਾਨ ਪਾਇਆ ਹੈ। ਸਿੱਖ ਤਾਂ ਕਹਿੰਦਾ ਹੈ ਹੋਰ ਕਿਸੇ ਪ੍ਰਮਾਣ ਦੀ ਲੋੜ ਨਹੀਂ ਮੈਂ ਹੀ ਪ੍ਰਮਾਣ ਹਾਂ। ਉਸਤੋਂ ਬਿਨਾਂ ਮੈਂ ਕਿਵੇਂ ਹੋ ਸਕਦਾ ਹਾਂ। ਜੇ ਮੈਂ ਆਪਣੇ ਆਪ ਤੋਂ ਇਨਕਾਰ ਨਹੀਂ ਕਰ ਸਕਦਾ ਤਾਂ ਆਪਣੀ ਜੜ੍ਹ ਪ੍ਰਮਾਤਮਾ ਤੋਂ ਕਿਵੇਂ ਇਨਕਾਰ ਕਰਾਂ। ਭਾਈ ਕਾਹਨ ਸਿੰਘ ਜੀ ਲਿਖਦੇ ਹਨ ਗੁਰਮਤਿ ਵਿਚ ਤਿੰਨ ਘੋਰ ਪਾਪ ਮੰਨੇ ਗਏ ਹਨ:-
ਪਹਿਲਾ ਪਾਪ ਹੈ ਪਰਮ ਪਿਤਾ ਪ੍ਰਮਾਤਮਾ ਦੀ ਹੋਂਦ ‘ਤੇ ਸ਼ੱਕ ਕਰਨਾ।
ਦੂਸਰਾ ਪਾਪ ਹੈ ਕਿਸੇ ਦਾ ਦਿਲ ਦੁਖਾਉਣਾ।
ਤੀਸਰਾ ਪਾਪ ਹੈ ਆਲਸੀ ਹੋਣਾ।
ਇਹ ਠੀਕ ਹੈ ਸਾਰੇ ਪਾਪਾਂ ਦਾ ਮੂਲ ਹੈ ਪ੍ਰਮਾਤਮਾ ਤੋਂ ਬੇਮੁਖ ਹੋਣਾ। ਜਦੋਂ ਕੋਈ ਜੀਵ ਪ੍ਰਮਾਤਮਾ ਤੋਂ ਮੂੰਹ ਫੇਰ ਲੈਂਦਾ ਹੈ ਤਾਂ ਸਾਰੇ ਸੁਖ ਇਸ ਤੋਂ ਮੂੰਹ ਫੇਰ ਲੈਂਦੇ ਹਨ। ਅਤੇ ਦੁੱਖ ਹੀ ਦੁੱਖ ਇਸ ਨੂੰ ਘੇਰਾ ਪਾ ਲੈਂਦੇ ਹਨ। ਪਰ ਸਿੱਖ ਇਸ ਪਾਪ ਤੋਂ ਬਚ ਜਾਂਦਾ ਹੈ ਕਿਉਂਕਿ ਇਸਦੀ ਝੋਲੀ ਵਿਚ ਗੁਰੂ ਨੇ ਵਿਸਾਹ ਦਾਨ ਪਾਇਆ ਹੈ
ਛੇਵੀਂ ਖ਼ੈਰ ਸਿੱਖ ਦੀ ਝੋਲੀ ਵਿਚ ਹੈ ਭਰੋਸਾ ਦਾਨ। ਪੜ੍ਹਨ ਲੱਗਿਆ ਵਿਸਾਹ ਦਾਨ ਤੇ ਭਰੋਸਾ ਦਾਨ ਇਕੋ ਜਿਹੇ ਸ਼ਬਦ ਜਾਪਣਗੇ ਪਰ ਇਨ੍ਹਾਂ ਦੋਹਾਂ ਸ਼ਬਦਾਂ ਵਿਚ ਸੂਖਸ਼ਮ ਭੇਦ ਹੈ ਜਿਸ ਨਾਲ ਗੁਰਮਤਿ ਦੇ ਵਿਦਵਾਨ ਸਹਿਮਤ ਹਨ। ਵਿਸਾਹ ਦਾ ਅਰਥ ਹੈ ਪ੍ਰਮਾਤਮਾ ਦਾ ਵਿਸ਼ਵਾਸ ਕਿ ਉਹ ਹੈ ਅਤੇ ਭਰੋਸਾ ਦਾਨ ਦਾ ਅਰਥ ਹੈ ਕਿ ਜਦੋਂ ਵੀ ਮੈਨੂੰ ਲੋੜ ਪਈ ਉਹ ਸਮੇਂ ਸਿਰ ਆ ਕੇ ਮੈਨੂੰ ਬਚਾਏਗਾ। ਮੇਰੀ ਰੱਖਿਆ ਕਰੇਗਾ। ਉਹ ਵੇਲੇ ਸਿਰ ਬਹੁੜੇਗਾ। ਸਿੱਖ ਦੀ ਸ਼ਰਧਾ ਵਿਚ ਕਦੀ ਵੀ ਤਰੇੜ ਨਹੀਂ ਆਉਂਦੀ। ਉਸਦੀ ਝੋਲੀ ਵਿਚ ਸਤਿਗੁਰੂ ਨੇ ਵਿਸਾਹ ਦਾਨ ਤੇ ਭਰੋਸਾ ਦਾਨ ਦੀ ਖ਼ੈਰ ਪਾਈ ਹੈ। ਸਿੱਖ ਅਹਿਲ ਹੋ ਜਾਂਦਾ ਹੈ. ਅਡੋਲ ਹੋ ਜਾਂਦਾ ਹੈ, ਨਿਰਭੈ ਹੋ ਜਾਂਦਾ ਹੈ:
ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ॥ (ਅੰਗ ੫੧)
ਮਾਤਾ-ਪਿਤਾ ਨਾਲ ਲਾਡ ਕਰਦਿਆਂ ਜਿਹੜੇ ਦਿਨ ਬਤੀਤ ਹੋਏ ਹਨ ਜਦੋਂ ਵੀ ਕਿਸੇ ਮਨੁੱਖ ਨੂੰ ਯਾਦ ਆ ਜਾਂਦੇ ਹਨ ਤਾਂ ਮਨੁੱਖ ਦਾ ਹਿਰਦਾ ਖਿੜ ਜਾਂਦਾ ਹੈ। ਉਹ ਯਾਦਾਂ ਆਉਂਦੀਆਂ ਹਨ ਬੱਚਾ ਕਿੰਨਾ ਬੇਫ਼ਿਕਰ ਹੈ। ਇਸੇ ਤਰ੍ਹਾਂ ਰੱਬ ਦੇ ਭਰੋਸੇ ਵਾਲੇ ਸਿੱਖ ਦੇ ਜ਼ਿੰਦਗੀ ਦੇ ਦਿਨ ਅਨੰਦ ਭਰਪੂਰ ਬਤੀਤ ਹੁੰਦੇ ਹਨ ਕਿਉਂਕਿ ਉਸਦੀ ਝੋਲੀ ਵਿਚ ਭਰੋਸਾ ਦਾਨ ਹੈ, ਭਰੋਸੇ ਦੀ ਖ਼ੈਰ ਹੈ।
ਸੱਤਵੀਂ ਖ਼ੈਰ ਹੈ ਦਾਨਾਂ ਸਿਰ ਦਾਨ ਸਭ ਤੋਂ ਸਿਰਮੌਰ ਦਾਨ। ਜੇ ਇਹ ਖ਼ੈਰ ਨਾ ਮਿਲੇ ਤਾਂ ਜੋ ਮਿਲਿਆ ਹੈ ਉਹ ਸਾਰਾ ਹੀ ਵਿਅਰਥ ਹੈ-ਇਹ ਹੈ ਨਾਮ ਦਾਨ। ਸਿੱਖੀ ਦੀ ਝੋਲੀ ਤਾਂ ਹੀ ਸਫਲ ਹੈ ਜੇ ਵਿਚ ਨਾਮ ਦਾਨ ਹੈ। ਕੇਸ ਵੀ ਤਾਂ ਹੀ ਸੁੰਦਰ ਲੱਗਦੇ ਹਨ ਜੇ ਕੇਸਾਧਾਰੀ ਨਾਮ ਜਪਦਾ ਹੈ, ਜੇ ਕੇਸਾਧਾਰੀ ਦੀ ਝੋਲੀ ਵਿਚ ਨਾਮ ਦਾਨ ਹੈ। ਰਹਿਤ ਵੀ ਤਾਂ ਹੀ ਸਫਲ ਹੋਵੇਗੀ ਜੇ ਰਹਿਤਧਾਰੀ ਨਾਮ ਜਪੇ ਹੋਰ ਸਾਰੀਆਂ ਰਹਿਤਾਂ ਰੱਖੇ ਪਰ ਨਾਮ ਵਿਹੂਣਾ ਹੋਵੇ ਤਾਂ ਰਹਿਤਾਂ ਕਿਸੇ ਕੰਮ ਨਹੀਂ।
ਬਿਬੇਕੀ ਵੀ ਤਾਂ ਹੀ ਸਫਲ ਹੋਵੇਗਾ ਜੇ ਝੋਲੀ ਵਿਚ ਨਾਮ ਦਾਨ ਹੈ। ਜੇ ਨਾਮ ਨਹੀਂ ਤਾਂ ਵਿਚਾਰਵਾਨ ਸਿਰਫ ਦਲੀਲਾਂ ਦੀ ਉਧੇੜਬੁਣ ਵਿਚ ਪਿਆ ਰਹੇਗਾ। ਉਸਦੇ ਪਾਸ ਆਤਮਿਕ ਗਿਆਨ ਨਹੀਂ ਹੋਵੇਗਾ। ਉਸਦੀ ਵਿਚਾਰ ਮੁਕਤੀ ਨਹੀਂ ਬਣ ਸਕੇਗੀ ਸਗੋਂ ਉਸਦੀ ਸਾਰੀ ਸਿਆਣਪ ਇਕ ਜਾਲ ਤਿਆਰ ਕਰੇਗੀ ਜਿਸ ਵਿਚ ਉਹ ਆਪ ਵੀ ਫਸੇਗਾ ਤੇ ਹੋਰ ਅਨੇਕਾਂ ਨੂੰ ਫਸਾਏਗਾ। ਨਾਮ ਦਾਨ ਨਹੀਂ ਤਾਂ ਵਿਸਾਹ ਦਾਨ ਜ਼ੁਬਾਨ ‘ਤੇ ਹੋਵੇਗਾ ਪਰ ਹਿਰਦੇ ਵਿਚ ਸ਼ੱਕ ਟਿਕਿਆ ਹੀ ਰਹੇਗਾ ਕਿ ਪਤਾ ਨਹੀਂ ਪ੍ਰਮਾਤਮਾ ਹੈ ਕਿ ਨਹੀਂ। ਨਾਮ ਦਾਨ ਨਹੀਂ ਤਾਂ ਭਰੋਸਾ ਦਾਨ ਇਥੇ ਕੁ ਟਿਕੇਗਾ ਕਿ ਚਲੇ ਜੇ ਕੰਮ ਹੋ ਗਿਆ ਤਾਂ ਠੀਕ, ਨਾ ਹੋਇਆ ਤਾਂ ਨਾ ਸਹੀ।
ਨਾਮ ਦਾਨ ਹੀ ਨਹੀਂ ਤਾਂ ਭਰੋਸਾ ਹਿਲਦਾ ਰਹੇਗਾ। ਇਸੇ ਲਈ ਕਿਹਾ ਹੈ ਦਾਨਾਂ ਸਿਰ ਦਾਨ ਨਾਮ ਦਾਨ। ਨਾਮ ਦਾਨ ਕੀ ਹੈ-ਸਤਿਗੁਰੂ ਨੇ ਪਰਤੱਖ ਦਰਸ਼ਨ ਕਰਾ ਦਿੱਤੇ ਹਨ। ਹਿਰਦੇ ਵਿਚ ਪ੍ਰਮਾਤਮਾ ਪਰਗਟ ਹੋਇਆ ਹੈ। ਹੁਣ ਸ਼ਬਦ ਰਾਹੀਂ ਅੰਦਰ ਗੋਬਿੰਦ ਗਜ ਰਿਹਾ ਹੈ। ਹੁਣ ਉਸ ਅੰਮ੍ਰਿਤਸਰ ਦੇ ਇਸ਼ਨਾਨ ਹੋ ਰਹੇ ਹਨ:
ਜਿਸ ਅੰਮ੍ਰਿਤ ਦੀ ਬੂੰਦ ਨੂੰ ਦੇਵਤੇ ਤਰਸਦੇ ਸਨ। ਸਾਰਾ ਜਗਤ ਤਰਸਦਾ ਸੀ ਹੁਣ ਤਾਂ:
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ
ਸਬਦੇ ਕਾਢਿ ਪੀਐ ਪਨਿਹਾਰੀ ॥ (ਅੰਗ ੫੭੦)
ਅੰਦਰੋਂ ਮਨ ਅੰਮ੍ਰਿਤ ਨਾਲ ਤ੍ਰਿਪਤ ਹੋ ਜਾਂਦਾ ਹੈ। ਸਿੱਖ ਹੈਰਾਨ ਹੋ ਜਾਂਦਾ ਹੈ ਹੁਣ ਤਾਂ ਜੇ ਅੰਦਰ ਅੰਮ੍ਰਿਤ ਦਾ ਸਰੋਵਰ ਗੁਰੂ ਨੇ ਬਖਸ਼ਿਆ ਹੈ ਉਹੀ ਬਾਹਰ ਭਰਿਆ ਪਿਆ ਹੈ, ਜੋ ਸਿੱਖ ਪੰਥ ਦਾ ਕੇਂਦਰੀ ਅਸਥਾਨ ਹੈ ਜਿਥੇ ਇਕ-ਇਕ ਜ਼ੱਰੇ ਨੂੰ ਸਤਿਗੁਰਾਂ ਦੀ ਛੋਹ ਪ੍ਰਾਪਤ ਹੈ। ਜਿਥੇ ਦਿਨ ਰਾਤ ਨਾਮ ਅੰਮ੍ਰਿਤ ਦੀ ਬਰਸਾਤ ਹੁੰਦੀ ਹੈ ਸਿੱਖ ਅੰਦਰੋਂ ਬਾਹਰੋਂ ਅੰਮ੍ਰਿਤਸਰ ਦਾ ਇਸ਼ਨਾਨ ਕਰਦਾ ਹੈ। ਹੁਣ ਸਿੱਖ ਨੂੰ ਸੱਤੇ ਹੀ ਖੈਰਾਂ ਹਨ ਕਿਉਂਕਿ ਅਰਦਾਸ ਰਾਹੀਂ ਸਤਿਗੁਰੂ ਨੇ ਸੱਤ ਖੈਰਾਂ ਇਸਦੀ ਡੋਲੀ ਵਿਚ ਪਾ ਦਿੱਤੀਆਂ ਹਨ। ਹੁਣ ਮੌਤ ਦਾ ਡਰ ਨਹੀਂ। ਸਿੱਖ ਅੰਮ੍ਰਿਤਸਰ ਵਿਚ ਇਸ਼ਨਾਨ ਕਰ ਰਿਹਾ ਹੈ। ਮੌਤ ਅੰਮ੍ਰਿਤ ਦੇ ਨੇੜੇ ਨਹੀਂ ਆ ਸਕਦੀ। ਇਹ ਬਰਕਤਾਂ ਕਿਥੋਂ ਮਿਲੀਆਂ ਹਨ ਇਹ ਸਾਰੀਆਂ ਅਰਦਾਸ ਦੀਆਂ ਹੀ ਬਰਕਤਾਂ ਹਨ।
ਗਿਆਨੀ ਜਸਵੰਤ ਸਿੰਘ ਪਰਵਾਨਾ