64 views 3 secs 0 comments

ਪਰਾਈ ਆਸ ਤੇ ਪਰਾਈ ਤਾਤ

ਲੇਖ
July 08, 2025

ਮਨੁੱਖੀ ਮਨ ਦੀ ਬਣਤਰ ਕੁਝ ਐਸੀ ਹੈ, ਇਹ ਸਹਾਰਾ ਲੱਭਦਾ ਹੈ, ਤੇ ਸਹਾਰੇ ਤੋਂ ਬਿਨਾਂ ਜੀਵਨ ਔਖਾ ਹੈ। ਪਰਾਈ ਆਸ ਵਿਚ ਜਿਊਣਾ ਇਸ ਦੀ ਆਦਤ ਹੈ।
ਮਨੁੱਖ ਜੀਵਦਾ ਪਰਾਈ ਆਸ ਵਿਚ ਯਾ ਪਰਾਈ ਤਾਤ ਵਿਚ । ਪਰਾਈ ਆਸ ਤੇ ਪਰਾਈ ਤਾਤ ਮਨ ਨੂੰ ਬੋਝਲ ਕਰ ਦੇਂਦੀ ਹੈ। ਐਸਾ ਮਨੁੱਖ ਰੱਬੀ ਮਿਲਾਪ ਦਾ ਆਨੰਦ ਮਾਨਣ ਤੋਂ ਸੱਖਣਾ ਰਹਿ ਜਾਂਦਾ ਹੈ।
ਮਨੁੱਖ ਪਰਾਈ ਆਸ, ਮਨੁੱਖ ਦੀ ਆਸਾ ਵਿਚ ਜੀਵੇ ਇਹ ਤਾਂ ਆਪਣੇ ਜੀਵਨ ਦੀ ਮਹਾਨਤਾ ਘਟਾਣ ਵਾਲੀ ਘਟਨਾ ਹੈ ਔਰ ਪਰਾਈ ਤਾਤ ਵਿਚ ਜੀਵਨਾ ਆਪਣੇ ਦੈਵੀ ਗੁਣ ਨਸ਼ਟ ਕਰਨੇ ਹਨ । ਪਰਾਈ ਆਸਾ ਵਿਚ ਜੀਵਨਾ ਸਮਾਂ ਨਸ਼ਟ ਕਰਨਾ ਹੈ ਤੇ ਆਸਾ ਵਿਅਰਥ ਜਾਂਦੀ ਹੈ, ਭਾਵ ਪੂਰੀ ਨਹੀਂ ਹੁੰਦੀ:
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥
ਦੇਵਨ ਕਉ ਏਕੈ ਭਗਵਾਨੁ ॥
(ਅੰਗ ੨੮੧ )
ਆਸਾ ਤੋਂ ਬਿਨਾਂ ਮਨੁੱਖ ਰਹਿ ਨਹੀਂ ਸਕਦਾ। ਹਰ ਸੁਆਸ ਆਸਾ ਨਾਲ ਭਰਿਆ ਹੋਇਆ ਹੈ, ਪਰ ਆਸਾ ਤਾਂ ਉਸ ਦੀ ਕਰੀਏ ਜੋ ਆਸਾ ਪੂਰੀ ਕਰ ਸਕਦਾ ਹੈ ਤੇ ਜੀ ਦੀ ਬਿਰਥਾ ਸਮਝਦਾ ਹੋਵੇ :
ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥
(ਅੰਗ ੧੩੬੯)
ਰਾਮ ਦੇ ਸਿਮਰਨ ਨਾਲ ਚੰਗੀ ਆਸਾ ਪੂਰੀ ਹੋ ਜਾਂਦੀ ਹੈ ਤੇ ਮਾੜੀ ਆਸਾ ਮਰ ਜਾਂਦੀ ਹੈ। ਇਸ ਤਰ੍ਹਾਂ ਹਰੀ ਆਪਣੇ ਪਿਆਰਿਆਂ ਦੇ ਹਿਰਦੇ ਨੂੰ ਇੱਛਾ ਤੋਂ ਰਹਿਤ ਕਰ ਦੇਂਦਾ ਹੈ, ਭਾਵ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਂਦਾ ਹੈ:
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥
(ਅੰਗ ੬੬੯)
ਪਰਾਈ ਤਾਤ ਇਕ ਬਹੁਤ ਵੱਡਾ ਦੁਰਗੁਣ ਹੈ। ਪਰਾਏ ਸਾੜੇ ਦੂਜੇ ਦੀ ਜਲਨ ਨਾਲ ਮਨੁੱਖ ਆਪਣਾ ਹੀ ਘਰ ਸਾੜ ਲੈਂਦਾ ਹੈ। ਪਰਾਈ ਤਾਤ ਸ਼ਰੀਕਾਂ ਦੇ ਤਲ ‘ਤੇ ਪੈਦਾ ਹੁੰਦੀ ਹੈ ਔਰ ਸ਼ਰੀਕ ਜਿਸ ਪਹਿਲੂ ਵਿਚ ਅੱਗੇ ਵਧਿਆ
ਹੋਵੇ, ਸਾੜਾ ਸ਼ੁਰੂ ਹੋ ਜਾਂਦਾ ਹੈ। ਇਹ ਜਲਨ ਦੂਜੇ ਦਾ ਤਾਂ ਕੁਝ ਵੀ ਨਹੀਂ ਵਿਗਾੜਦੀ ਪਰ ਮਨੁੱਖ ਇਸ ਸੜੇ ਦੀ ਅੱਗ ਨਾਲ ਖ਼ੁਦ ਭਸਮਾਭੂਤ ਹੋ ਜਾਂਦਾ ਹੈ। ਇਸ ਸਾੜੇ ਨਾਲ ਸਾਰੇ ਰੱਬੀ ਗੁਣ ਸੜ ਜਾਂਦੇ ਹਨ। ਪਰਾਈ ਤਾਤ ਰੱਖਣ ਵਾਲੇ ਦਾ ਕਦੇ ਵੀ ਭਲਾ ਨਹੀਂ ਹੁੰਦਾ:
ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ।
ਪਰਾਈ ਤਾਤ ਰੱਖਣ ਵਾਲਾ ਹਰ ਵਕਤ ਦੂਜੇ ਦਾ ਬੁਰਾ ਚਿਤਵਦਾ ਹੈ, ਜਿਸ ਕਰਕੇ ਉਸ ਦਾ ਆਪਣਾ ਹੀ ਬੁਰਾ ਹੁੰਦਾ ਹੈ। ਸਤਿਗੁਰੂ ਜੀ ਸਾਨੂੰ ਇਸ ਪਰਾਈ ਤਾਤ ਤੋਂ ਵਰਜਦੇ ਹਨ:
ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥
(ਅੰਗ ੩੮੬)
ਕੁਦਰਤ ਨੇ ਦੋ ਉੱਡਣ ਵਾਲੇ ਕੀੜੇ ਬਣਾਏ ਹਨ-ਇਕ ਜੁਗਨੂੰ ਤੇ ਦੂਜਾ ਪਤੰਗਾ। ਇਨ੍ਹਾਂ ਦੋਹਾਂ ਦੀ ਗੋਸ਼ਟੀ ਇਕਬਾਲ ਨੇ ਲਿਖੀ ਹੈ। ਬੁਲੰਦੀਆਂ ‘ਤੇ ਜੁਗਨੂੰ ਆਪਣੀ ਚਮਕ ਨਾਲ ਉੱਡ ਰਿਹਾ ਸੀ ਤੇ ਉਡ ਰਹੇ ਇਸ ਜੁਗਨੂੰ ਪਤੰਗੇ (ਪ੍ਰਵਾਨੇ) ਨੇ ਜੋ ਦੀਵੇ ਦੇ ਆਲੇ-ਦੁਆਲੇ ਪਰਿਕਰਮਾ ਕਰ ਰਿਹਾ ਸੀ-ਇਕ ਤਾਅਨਾ ਮਾਰਿਆ ਕਿ ਐ ਜੁਗਨੂੰ। ਤੂੰ ਮੇਰੀ ਪਹੁੰਚ ਤੋਂ ਪਰੇ ਹੈਂ ਕਿਉਂਕਿ ਤੇਰੇ ਕੋਲ ਜਿਹੜੀ ਰੋਸ਼ਨੀ ਹੈ, ਉਸ ਅੱਗ ਵਿਚ ਸੋਜ਼ ਤਪਸ਼ ਨਹੀਂ ਹੈ। ਜਿਸ ਦੀਵੇ ਤੋਂ ਮੈਂ ਸਦਕੇ ਹੋ ਰਿਹਾ ਹਾਂ—ਉਸ ਵਿਚ ਤਪਸ਼ ਹੈ, ਸੋਚ ਹੈ:
ਪ੍ਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂੰ ।
ਕਿਉਂ ਆਤਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂੰ ।
(ਇਕਬਾਲ)
ਤਾਂ ਜੁਗਨੂੰ ਨੇ ਪ੍ਰਵਾਨੇ ਨੂੰ ਕਿਹਾ ਕਿ ਠੀਕ ਹੈ, ਮੇਰੀ ਅੱਗ ਵਿਚ ਤਪਸ਼ ਹੈ। ਪਰ ਅੱਗ ਹੈ। ਮੈਂ ਆਪਣੀ ਰੋਸ਼ਨੀ ਵਿਚ ਮਸਤ ਹਾਂ ਤੇ ਤੂੰ ਦੂਜਿਆਂ ਦੇ ਦੀਵਿਆਂ ‘ਤੇ ਸੜਦਾ ਫਿਰਦਾ ਹੈ:
ਅੱਲਾਹ ਕਾ ਸ਼ੁਕਰ ਹੈ ਕਿ ਪ੍ਰਵਾਨਾ ਨਹੀਂ ਮੈਂ। ਦਰ ਯੂਜ਼ਾ ਗਰਿ ਆਤਿਸ਼ ਬੇਗਾਨਾ ਨਹੀਂ ਮੈਂ।
ਵਾਕਈ ਕਈ ਮਨੁੱਖ ਦੂਜਿਆਂ ਦੇ ਸਾੜੇ ਆਪਣੇ ਜੀਵਨ ਨੂੰ ਸਾੜਦੇ ਰਹਿੰਦੇ ਹਨ। ਪਰਾਈ ਤਾਤ ਵਿਚ ਜੀਵਨ ਵਾਲਾ ਤਾਂ ਜ਼ਮੀਨ ‘ਤੇ ਹੀ ਨਰਕ ਭੋਗਦਾ ਹੈ।
ਗੁਰਬਾਣੀ ਦਾ ਜਾਪ ਤੇ ਸਤਿਸੰਗਤ ਦੇ ਆਸਰੇ ਨਾਲ ਹੀ ਇਸ ਦੋਜਕ ਤੋਂ ਬਚਿਆ ਜਾ ਸਕਦਾ ਹੈ:
ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥੧॥
(ਅੰਗ ੧੨੯੯)

ਗਿਆਨੀ ਸੰਤ ਸਿੰਘ ਜੀ ਮਸਕੀਨ