
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ॥
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ॥
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ॥੨॥ (ਅੰਗ ੭੮੮)
ਉਸ ਕਾਦਰ ਦਾ ਕੁਦਰਤੀ ਵਿਧਾਨ ਹੈ ਕਿ ਸ੍ਰਿਸ਼ਟੀ ਦੇ ਹਰ ਬਾਸ਼ਿੰਦੇ ਨੂੰ ਆਪਣੀ ਸੋਚ ਵਰਗਾ ਸਾਥ ਮਿਲ ਜਾਂਦਾ ਹੈ। ਬਾਹਰੀ ਤਲ ‘ਤੇ ਤੁਰਨ ਵਾਲੇ ਨੂੰ ਤੁਰਨ ਵਾਲਾ ਮਿਲ ਜਾਂਦਾ ਹੈ ਅਤੇ ਉੱਡਣ ਵਾਲੇ ਨੂੰ ਉੱਡਣ ਵਾਲਾ। ਇਸੇ ਪ੍ਰਕਾਰ ਜਿਊਂਦੇ ਨੂੰ ਜਿਊਂਦਿਆਂ ਦਾ ਸਾਥ ਮਿਲ ਜਾਂਦਾ ਹੈ ਅਤੇ ਮੁਰਦਿਆਂ ਨੂੰ ਮੁਰਦੇ ਮਿਲ ਜਾਂਦੇ ਹਨ।
ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਪੰਜਵੀਂ ਵਾਰ ਦੀ ਚੌਥੀ ਪਉੜੀ ਵਿਚ ਅਜਿਹਾ ਹੀ ਇਕ ਦ੍ਰਿਸ਼ਟਾਂਤ ਦਿੱਤਾ ਹੈ :
ਅਮਲੀ ਰਚਨਿ ਅਮਲੀਆ ਸੋਫੀ ਸੋਫੀ ਮੇਲੁ ਕਰੰਦੇ।
ਜੁਆਰੀ ਜੂਆਰੀਆਂ ਵੇਕਰਮੀ ਵੇਕਰਮ ਰਚੰਦੇ।
ਚੋਰਾ ਚੋਰਾ ਪਿਰਹੜੀ ਠਗ ਠਗ ਮਿਲਿ ਦੇਸ ਠਗੰਦੇ।
ਮਸਕਰਿਆ ਮਿਲਿ ਮਸਕਰੇ ਚੁਗਲਾ ਚੁਗਲ ਉਮਾਹਿ ਮਿਲੰਦੇ।
ਮਨਤਾਰੂ ਮਨਤਾਰੂਆਂ ਤਾਰੂ ਤਾਰੂ ਤਾਰ ਤਰੰਦੇ।
ਦੁਖਿਆਰੇ ਦੁਖਿਆਰਿਆਂ ਮਿਲਿ ਮਿਲਿ ਅਪਣੇ ਦੁਖ ਰੁਵੰਦੇ।
ਸਾਧਸੰਗਤਿ ਗੁਰਸਿਖੁ ਵਸੰਦੇ॥੪॥
ਭਾਵ ਕਿ ਅਮਲੀ (ਨਸ਼ੱਈ) ਲੋਕ ਅਮਲੀਆਂ ਨਾਲ ਰਲਦੇ ਹਨ ਅਤੇ ਸੋਫੀ (ਜੋ ਨਸ਼ਾ ਨਹੀਂ ਕਰਦੇ) ਲੋਕ ਸੋਫੀਆਂ ਨਾਲ ਮਿਲ ਜਾਂਦੇ ਹਨ। ਜੁਆਰੀਏ ਜੁਆਰੀਆਂ ਨਾਲ ਤੇ ਦੁਰਾਚਾਰੀ (ਵੇਕਰਮੀ) ਦੁਰਾਚਾਰੀਆਂ ਨੂੰ ਮਿਲ ਪੈਂਦੇ ਹਨ।
ਚੋਰਾਂ ਦੀ ਚੋਰਾਂ ਨਾਲ ਪ੍ਰੀਤ (ਪਿਰਹੜੀ) ਹੈ ਅਤੇ ਠੱਗ ਲੋਕ ਠੱਗਾਂ ਨੂੰ ਮਿਲ ਕੇ ਦੇਸ਼ ਠੱਗਦੇ ਹਨ। ਮਸਖਰਿਆਂ ਨੂੰ ਮਸਖਰੇ ਮਿਲਦੇ ਹਨ ਅਤੇ ਚੁਗਲਬਾਜ਼ਾਂ ਨੂੰ ਚੁਗਲਬਾਜ਼ ਬੜੀ ਖ਼ੁਸ਼ੀ ਨਾਲ ਮਿਲਦੇ ਹਨ।
ਅੱਗੇ ਭਾਈ ਸਾਹਿਬ ਸਮਝਾਉਂਦੇ ਹਨ ਕਿ ਮਨਤਾਰੂਆਂ ਨੂੰ ਮਨਤਾਰੂ ਭਾਵ ਅਨਤਾਰੂ ਨੂੰ ਅਨਤਾਰੂ ਅਤੇ ਤਾਰੂ ਲੋਕ ਤਾਰੂਆਂ ਨੂੰ ਮਿਲ ਕੇ ਤਰਦੇ ਤੇ ਤਾਰਦੇ ਹਨ। ਇਸ ਤਰ੍ਹਾਂ ਦੁਖੀਏ ਲੋਕ ਦੁਖੀਆਂ ਨੂੰ ਮਿਲ ਮਿਲ ਕੇ ਆਪੋ-ਆਪਣੇ ਦੁੱਖ ਰੋਂਦੇ ਹਨ। ਇਸ ਪਉੜੀ ਦਾ ਤੱਤਸਾਰ ਹੈ ਕਿ ਤਿਵੇਂ ਹੀ ਸਾਧ-ਸੰਗਤ ਵਿਚ ਗੁਰੂ ਦੇ ਸਿੱਖ ਵੱਸਦੇ ਹਨ ਭਾਵ ਕਿ ਗੁਰਸਿੱਖਾਂ ਦਾ ਗੁਰਸਿੱਖਾਂ ਨਾਲ ਮੇਲ ਹੁੰਦਾ ਹੈ। ਇਸੇ ਸੰਦਰਭ ਵਿਚ ਭਾਈ ਗੁਰਦਾਸ ਜੀ ਦਾ ਇਕ ਹੋਰ ਦ੍ਰਿਸ਼ਟਾਂਤ ਹੈ :
ਹਸਤ ਹਸਤ ਪੂਛੈ ਹਸਿ ਹਸਿ ਕੈ ਹਸਾਇ
ਰੋਵਤ ਰੋਵਤ ਪੂਛੈ ਰੋਇ ਅਉ ਰੁਵਾਇ ਕੈ॥
ਬੈਠੇ ਬੈਠੇ ਪੂਛੈ ਬੈਠਿ ਬੈਠਿ ਕੈ ਨਿਕਟਿ ਜਾਇ
ਚਾਲਤ ਚਲਤ ਪੂਛੈ ਦਹਦਿਸਿ ਧਾਇ ਕੈ॥
(ਕਬਿਤ ਸਵਈਏ ੪੩੮)
ਭਾਵ ਕਿ ਹੱਸਦਾ ਮਨੁੱਖ, ਹੱਸਦੇ ਮਨੁੱਖ ਨੂੰ ਹੱਸ-ਹੱਸ ਕੇ ਹੱਸਣ ਦੀਆਂ ਗੱਲਾਂ ਪੁੱਛਦਾ ਹੈ ਅਤੇ ਰੋਂਦਾ ਮਨੁੱਖ, ਰੋਂਦੇ ਨੂੰ ਰੋ-ਰੋ ਕੇ ਰੋਣ ਦੀਆਂ ਬਾਤਾਂ ਪੁੱਛਦਾ ਹੈ। ਇਸੇ ਤਰ੍ਹਾਂ ਕਿਸੇ ਥਾਂ ਟਿਕਿਆ ਹੋਇਆ ਮਨੁੱਖ, ਕਿਸੇ ਟਿਕਾਣੇ ਟਿਕੇ ਹੋਏ ਮਨੁੱਖ ਦੇ ਨੇੜੇ ਬਹਿ ਕੇ ਟਿਕਾਣੇ ਲੱਗਣ ਦੀਆਂ ਗੱਲਾਂ ਪੁੱਛਦਾ ਹੈ ਅਤੇ ਕਿਸੇ ਰਾਹ ਪਿਆ ਮਨੁੱਖ, ਕਿਸੇ ਰਾਹੇ ਪਏ ਮਨੁੱਖ ਨੂੰ ਦਸੀਂ ਦਿਸ਼ਾਵੀਂ ਜਾ ਕੇ ਵੀ ਰਾਹੇ ਪੈਣ ਦੀਆਂ ਗੱਲਾਂ ਹੀ ਪੁੱਛਦਾ ਹੈ।
ਇਸੇ ਸੰਦਰਭ ਵਿਚ ਇਕ ਅਖਾਣ ਹੈ- “ਜੈਸੇ ਕੋ ਤੈਸਾ ਮਿਲੇ, ਕਰ ਕਰ ਲੰਬੇ ਹਾਥ” ਜੋ ਹਰ ਜੀਵ ਦਾ ਸਹਿਜ-ਭਾਵੀ ਵਰਤਾਰਾ ਹੈ। ਹਥਲੇ ਲੇਖ ਦੇ ਅਰੰਭ ਵਿਚ ਦਿੱਤਾ ਹੋਇਆ ਸ਼ਬਦ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਲੋਕ ਹੈ। ਇਸ ਸਲੋਕ ਦਾ ਅੰਤਰੀਵ ਅਰਥ ਕਰੀਏ ਤਾਂ ਸਤਿਗੁਰੂ ਸਿੱਖਿਆ ਦੇ ਰਹੇ ਹਨ ਕਿ ਅਧਿਆਤਮਿਕ ਤਲ ‘ਤੇ ਜੋ ਧਰਮ ਦੇ ਮਾਰਗ ‘ਤੇ ਤੁਰਦੇ ਹਨ ਤਾਂ ਉਨ੍ਹਾਂ ਨੂੰ ਉਸੇ ਤਰ੍ਹਾਂ ਦੇ ਸੰਗੀ ਮਿਲ ਜਾਂਦੇ ਹਨ ਅਤੇ ਰੂਹਾਨੀਅਤ ਪੱਧਰ ਉੱਤੇ ਉੱਚੀਆਂ ਸੁਰਤੀਆਂ ਵਾਲਿਆਂ ਨੂੰ ਉਹੋ ਜਿਹੀ ਅਵਸਥਾ ਦੇ ਮਾਲਕ ਉੱਚੀ ਸੁਰਤੀ ਵਾਲੇ ਮਿਲ ਪੈਂਦੇ ਹਨ।
ਦੂਸਰੀ ਪੰਕਤੀ ਦਾ ਭਾਵ ਜੀਵਦਿਆਂ ਨੂੰ ‘ਸੋ ਜੀਵਿਆ ਜਿਸੁ ਮਨਿ ਵਸਿਆ ਸੋਇ’ ਦੀ ਗੁਰਬਾਣੀ ਕਸਵੱਟੀ ਉੱਪਰ ਪੂਰੇ ਉਤਰਨ ਵਾਲੇ ਜਿਊਂਦੇ ਇਨਸਾਨ ਮਿਲ ਪੈਂਦੇ ਹਨ ਪਰ ਦੂਜੇ ਪਾਸੇ ਜੋ ਆਤਮਿਕ ਤਲ ‘ਤੇ ਮੁਰਦੇ ਵਿਚਾਰਾਂ ਵਾਲਿਆਂ ਨੂੰ ਉਨ੍ਹਾਂ ਵਰਗੇ ਮੁਰਦੇ (ਮੂਏ) ਮਿਲ ਪੈਂਦੇ ਹਨ। ਅੰਤਲੀ ਪੰਕਤੀ ਵਿਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਨਾਨਕ ! ਉਸ ਦੀ ਸਿਫਤ ਸਾਲਾਹ ਕਰੋ, ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਅਤੇ ਉਸ ਨਾਲ ਹੀ ਮਨ ਜੋੜੋ, ਜੋ ਕਿ ਸਫਲ ਜੀਵਨ-ਯਾਤਰਾ ਲਈ ਮਹਾਨ ਸੰਦੇਸ਼ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ