51 views 1 sec 0 comments

ਸਿਖ ਇਤਿਹਾਸ ਦਾ ਅਣਛਪਿਆ ਪੱਤਰਾ

ਲੇਖ
July 15, 2025

ਇਕ ਵੇਰ ਲਾਹੌਰ ਦਰਬਾਰ ਦੀ ਸੈਨਾ ਜਮਰੌਦ ਨੂੰ ਚੜ੍ਹੀ ਤਾਂ ਨਵਾਂ ਸ਼ਹਿਰ ਹਰੀ ਪੁਰ ਹਜ਼ਰੋ ਲਾਹੌਰ, ਥਾਣੀ ਹੁੰਦੇ ਹੋਏ ਜਦ ‘ਤੋਰੂ” ਅਪੜੇ ਤਾਂ ਵਸਨੀਕ ਅਗੋਂ ਆਕੜੇ, ਹਥਯਾਰ ਲੈ ਕੇ ਸਾਹਮਣੇ ਹੋਏ । ਅਗੇ ਖਾਲਸਾ ਕੇਹੜਾ ਚੂੜੀਆਂ ਪਾਈ ਬੈਠਾ ਸੀ, ਹੱਥੋ ਹਥ ਨਬੇੜਾ ਹੋਣ ਲਗਾ। ਘੇਰ ਕੇ ਵੈਰੀ ਦੇ ਆਹੂ ਲਾਹ ਦਿੱਤੇ। ਜੋ ਅੜੇ ਸੋ ਝੜੇ, ਜੋ ਭਜੇ ਉਹ ਵੀ ਮਾਰੇ ਗਏ। ਇਥੋਂ ਯਾਰੂ ਸੈਣ, ਤਿਲਾਂ ਦੀ, ਥਿਵਾ, ਕੋਟਾ ਬੈਰਾਬਾਦ ਥਾਣੀ ਹੋ ਕੇ ਪੇਸ਼ਾਵਰ ਪੁਜੇ । ਪੀਰ ਮੁਹੰਮਦ ਤਾਂ ਮਿਲ ਪਿਆ, ਪਰ ਦੋਸਤ ਮੁਹੰਮਦ ਡਟਿਆ ਰਿਹਾ। ਦੋਸਤ ਮੁਹੰਮਦ ਨੇ ਜਮਰੌਦ ਦਾ ਘੇਰਾ ਘੱਤਿਆ ਹੋਇਆ ਸੀ, ਖਾਲਸੇ ਨੇ ਰਾਤੋ ਰਾਤ ਹੀ ਕੱਚੀ ਕੰਧ ਉਸਾਰ ਲਈ। ਪਠਾਣਾਂ ਨੇ ਘੇਰਾ ਘੱਤੀ ਰਖਯਾ, ਅਤੇ ਪਾਣੀ ਨਾਲੇ ਦਾ ਬੰਦ ਕਰ ਲਿਆ, ਜੋ ਕਿਲੇ ਨੂੰ ਆਉਦਾ ਸੀ, ਅੰਨ ਵੀ ਅੰਦਰ ਮੁਕ ਚੁੱਕਾ ਸੀ, ਪੰਜ ਦਿਨ ਭੁਖੇ ਰਹੇ । ਸ੍ਰ. ਮਹਾਂ ਸਿੰਘ ਨੇ ਕਿਹਾ ਕਿ ਘੋੜੇ ਖਾ ਲਈਏ, ਕੀ ਦੋਸ਼ ਹੈ ? ਪਰ ਸ੍ਰ. ਕਾਹਨ ਸਿੰਘ ਰੋਸੇ ਨੇ ਕਿਹਾ ਕਿ ਅਸੀ ਉਨ੍ਹਾਂ ਉਤੇ ਹੀ ਚੜ੍ਹੀਏ ਅਤੇ ਉਹਨਾਂ ਨੂੰ ਹੀ ਖਾਈਏ, ਇਹ ਨਹੀਂ ਹੋਣਾ। ਅੰਤ ਨੂੰ ਲੜਾਈ ਲਈ ਤਿਆਰ ਹੋ ਪਏ। ਨਜੀਬਾਂ ਨੇ ਸੱਜਾ ਬੱਨਾਂ ਲਿਆ ਅਤੇ ਖਾਲਸੇ ਨੇ ਖੱਬਾ । ਨਜੀਬ ਰਤਾ ਕੁ ਉੱਤੋਂ ਹੋ ਕੇ ਪਏ, ਜਿਸ ਨਾਲ ਉਹ ਦੁਸ਼ਮਣਾਂ ਦੇ ਪਿਛੇ ਚਲੇ ਗਏ, ਅਤੇ ਖਾਲਸੇ ਸਾਹਮਣਿਓਂ, ਵਿਚਕਾਰ ਦੁਸ਼ਮਣ ਨੂੰ ਲੈ ਕੇ ਗਭੇ ਵਾਢ ਕੀਤੀ। ਨਜੀਬ ਤੇ ਸਿਖ ਵੈਰੀ ਨੂੰ ਪਿੱਛੋਂ ਤੇ ਅਗੋਂ ਵਢਦੇ ਆ ਮਿਲੇ। ਦੋਸਤ ਮੁਹੰਮਦ ਖਾਂ ਨੂੰ ਨਸਣ ਤੋਂ ਬਿਨਾਂ ਜਦ ਕੋਈ ਚਾਰਾ ਹੀ ਨਾ ਰਿਹਾ ਤਦ ਉਹ ਸਿਰ ‘ਤੇ ਪੈਰ ਰਖ ਕੇ ਭਜਾ ਭੁੱਖ ਦੇ ਦੁੱਖ ਨੇ ਸਿੱਖ ਸੈਨਾ ਨੂੰ ਵੀ ਆਤਰ ਕਰ ਰਖਿਆ ਸੀ ਇਸ ਕਰ ਕੇ ਬਹੁਤੀ ਦੂਰ ਤਕ ਸਿਖਾਂ ਨੇ ਵੀ ਪਿੱਛਾ ਨਾ ਕੀਤਾ ਤੇ ਜਮਰੌਦ ਵਿਚ ਵਾਪਸ ਆ ਗਏ। ਤਦ ਪੀਣ ਜੋਗਾ ਪਾਣੀ ਮਿਲਿਆ ਤੇ ਫੇਰ ਮਸਾਂ ਅੰਨ ਦੇ ਮੱਥੇ ਲੱਗੇ।

ਭਾਈ ਸਾਹਿਬ ਭਾਈ ਵੀਰ ਸਿੰਘ ਜੀ