
ਭੰਗੀਆਂ ਦੀ ਮਿਸਲ ਵਿਚ ਸਰਦਾਰ ਝੰਡਾ ਸਿੰਘ ਬੜਾ ਸੂਰਮਾ, ਪ੍ਰਾਕਰਮੀ, ਪਰਤਾਪਵਾਨ ਤੇ ਤੇਜਸਵੀ ਯੋਧਾ ਸੀ। ਆਪਣੇ ਪਿਤਾ ਹਰੀ ਸਿੰਘ ਦੀ ਥਾਂ ਇਸਨੂੰ ਜਥੇਦਾਰੀ ਮਿਲੀ। ਇਹਦੇ ਸਮੇਂ ਵਿਚ ਇਸ ਮਿਸਲ ਨੇ ਬੜੀਆਂ ਮੱਲਾਂ ਮਾਰੀਆਂ। ਮੁਲਤਾਨ ਡੇਰਾ ਜਾਤ ਤੇ ਦੂਜੇ ਪਾਸੇ ਜੰਮੂ ਤੇ ਜਮਨਾ ਤਕ ਦਾ ਇਲਾਕਾ ਇਨ੍ਹਾਂ ਦੇ ਘੋੜਿਆਂ ਨੇ ਟਾਪਾਂ ਨਾਲ ਗਾਹਿਆ।
ਗੁਜਰਾਂਵਾਲੇ ਦੇ ਜ਼ਿਲੇ ਵਿਚ ਚੱਠੇ ਇਕ ਬੜੀ ਸਖਤ ਕੌਮ ਸੀ। ਰਾਮਗੜ੍ਹ ਇਨਾਂ ਨੇ ਆਪਣੀ ਰਾਜਧਾਨੀ ਬਣਾ ਕੇ ਦੂਰ ਨੇੜੇ ਦੇ ਇਲਾਕੇ ਵਿਚ ਲੁੱਟ ਮਾਰ ਸ਼ੁਰੂ ਕਰ ਰਖੀ ਸੀ। ਸਿੰਘਾਂ ਨਾਲ ਵੀ ਇਨਾਂ ਦੇ ਟਾਕਰੇ ਹੋ ਜਾਂਦੇ ਸਨ, ਜਿਨਾਂ ਵਿਚ ਕਦੇ ਇਕ ਧਿਰ ਉੱਚੀ ਹੋ ਜਾਂਦੀ ਸੀ ਤੇ ਕਦੇ ਦੂਜੀ। ਝੰਡਾ ਸਿੰਘ ਦਾ ਐਸ਼ਵਰਯ ਤੇ ਪ੍ਰਤਾਪ ਵਧਦਾ ਵੇਖਕੇ ਚੱਠਾ ਚਮਕੇ ਸਰਦਾਰ ਨੇ ਇਨਾਂ ਨੂੰ ਆਪਣੀ ਥਾ ‘ਤੇ ਸ਼ਾਂਤ ਰਹਿਣ ਦੀ ਸਲਾਹ ਦਿਤੀ, ਪ੍ਰੰਤੂ ਜਦ ਕਿਸੇ ਦੇ ਦਿਨ ਪੁਠੇ ਆ ਜਾਣ ਤਦ ਕੁਦਰਤ ਡਾਂਗ ਫੜਕੇ ਉਹਦੇ ਸਿਰ ਵਿਚ ਨਹੀ ਮਾਰਦੀ ਤੇ ਨਾ ਹੀ ਜਿਸਦੇ ਭਾਗ ਸਵੱਲੇ ਹੋਣ ਉਹਨੂੰ ਛਤ ਪਾੜਕੇ ਕੁਛ ਦੇ ਜਾਂਦੀ ਹੈ। ਮੰਦੇ ਤੇ ਚੰਗੇ ਸਮੇਂ ਵੇਲੇ ਮਨੁੱਖ ਦੀ ਬੁਧੀ ਹੀ ਅਜਹੀ ਬਦਲ ਜਾਂਦੀ ਹੈ ਕਿ ਓਹ ਤਮਾਮ ਕੰਮ ਹੀ ਉਜਹੇ ਕਰਦਾ ਹੈ ਜਿਸ ਤੋਂ ਉਸਨੂੰ ਡੰਡ ਸਜ਼ਾ, ਜਾਂ ਲਾਭ ਤੇ ਸੁਖ ਪ੍ਰਾਪਤ ਹੋਵੇ।
ਚੱਠਿਆਂ ਨੂੰ ਆਪਣੀ ਬਹੁਗਿਣਤੀ ‘ਤੇ ਮਾਣ ਸੀ ਤੇ ਤੋਪਾਂ ਤੇ ਤੀਰਾਂ ਦੇ ਬਲ ਨੇ ਉਨਾਂ ਦੇ ਦਿਮਾਗ਼ ਆਕਾਸ਼ ਤੇ ਚੜ੍ਹਾ ਰਖੇ ਸਨ। ਉਹ ਸਰਦਾਰ ਝੰਡਾ ਸਿੰਘ ਦੀ ਗੱਲ ਨੂੰ ਕਦ ਸੁਣਦੇ ਸੀ ? ਜੰਗ ਦਾ ਅਲਟੀਮੇਟਮ ਦੇ ਦਿਤਾ। ਸਰਦਾਰ ਝੰਡਾ ਸਿੰਘ ਨੇ ਇਸ ਨਿਮੰਤਰਨ ਨੂੰ ਪ੍ਰਵਾਨ ਕਰ ਲਿਆ। ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਠਿਆਂ ਦੇ ਕੂਚ ਕਰਨ ਤੋਂ ਪਹਿਲਾਂ ਹੀ ਰਾਮ ਨਗਰ ਦੇ ਲਾਗੇ ਜਾ ਡੇਰੇ ਲਾਏ, ਚੱਠੇ ਤਾਂ ਅੱਗੇ ਤਯਾਰ ਹੀ ਸਨ। ਜੋ ਪਗ ਬੰਨ੍ਹ ਨਾਮ ਦਾ ਚੱਠਾ ਸੀ, ਰਾਮ ਨਗਰ ਪੁਜ ਗਿਆ। ਆਪਣੇ ਵੈਰ ਵਿਰੋਧ ਭੁਲਾ ਕੇ ਸਾਰੇ ਆ ਗਏ, ਚੱਠਿਆਂ ਦੇ ਇਕ ਆਸ਼ੇ ਲਈ ਇਕ ਝੰਡੇ ਹੇਠ ਵੈਰ ਵਿਰੋਧ ਭੁਲਾ ਕੇ ਇਸ ਮੈਦਾਨ ਵਿਚ ਆ ਜੁੜਨ ਦੇ ਏਕੇ ਨੂੰ ਵੇਖਕੇ ਲੋਕੀ ਦੰਗ ਰਹਿ ਗਏ। *
ਸਬ ਤੋਂ ਅੱਗੇ ਚੱਠਿਆਂ ਨੇ ‘ਜ਼ਮ ਜ਼ਮਾ ** ਤੋਪ ਬੀੜੀ, ਉਸਦੇ ਨਾਲ ਸਜੇ ਖਬੇ ਹੋਰ ਤੋਪ ਰੱਖੀਆਂ, ਇਨਾਂ ਦੇ ਪਿਛੇ ਬੰਦੂਕਚੀ ਸਨ, ਫਿਰ ਤਲਵਾਰੀਏ, ਤੀਰ ਅੰਦਾਜ਼ ਇਨ੍ਹਾਂ ਤੋਂ ਪਿਛੇ ਘੁੜ ਸਵਾਰ ਸਨ। ਸਿੱਖਾਂ ਦੇ ਪਾਸ ਤੋਪਾਂ ਨਹੀ ਸਨ। ਇਨਾਂ ਪਾਸ ਬੰਦੂਕਾਂ ਤੇ ਤੀਰ ਸਨ ਤੇ ਖਾਲਸੇ ਦਾ ਮਖ਼ਸੂਸ ਹਥਿਆਰ ਤਲਵਾਰ ਸੀ, ਜਿਸ ਪੁਰ ਖਾਲਸੇ ਨੇ ਵਾਹਿਗੁਰੂ ਤੇ ਗੁਰੂ ਤੋਂ ਪਿਛੇ ਸਦੀਵ ਭਰੋਸਾ ਰਖਿਆ ਹੈ।
* ਚਠੇ, ਖਾਣ ਪੀਣ ਨੂੰ ਵਖੋ ਵਖ ਤੇ ਲੜਨ ਭਿੜਨ ਨੂੰ ਕੱਠੇ, ਦੀ ਕਹਾਵਤ ਇਸੇ ਜੰਗ ਸਮੇਂ ਬਾਣੀ ਜਾਪਦੀ ਹੈ। -ਲੇਖਕ
** ਅਹਿਮਦ ਸ਼ਾਹ ਨੇ ਹਿੰਦੂਆਂ ਦੇ ਘਰਾਂ ‘ਤੇ ਪਿੱਤਲ ਦੇ ਬਰਤਨ ਲੁਟ ਕੇ ਲਾਹੌਰ ਦੇ ਮਸ਼ਹੂਰ ਕਾਰੀਗਰ ਸ਼ਾਹ ਨਜ਼ੀਰ ਪਾਸੋਂ ੧੭੫੭ ਵਿੱਚ ਇਹ ਤੋਪ ਬਣਵਾਈ ਸੀ। ਇਹ ਸਾਢੇ ਚੌਦਾਂ ਫੁੱਟ ਲੰਬੀ ਤੇ ਇਹਦਾ ਮੂੰਹ ਸਾਢੇ ਨੌ ਇੰਚ ਹੈ। ਇਹ ਤੋਪ ਅਜਕਲ ਲਾਹੌਰ ਪੰਜਾਬ ਯੂਨੀਵਰਸਿਟੀ ਦੀ ਇਮਾਰਤ ਦੇ ਲਾਗੇ ਅਜਾਇਬ ਘਰ ਦੇ ਸਾਮ੍ਹਣੇ ਰੱਖੀ ਹੋਈ ਹੈ। -ਲੇਖਕ
ਭਾਈ ਸਾਹਿਬ ਭਾਈ ਵੀਰ ਸਿੰਘ ਜੀ