
ਸਰੀਰ ਤਿੰਨ ਤਰ੍ਹਾਂ ਦੇ ਹਨ-
ਅਸਥੂਲ ਸਰੀਰ, ਸੂਖਮ ਸਰੀਰ ਤੇ ਆਤਮਕ ਮੰਡਲ। ਅਸਥੂਲ ਸਰੀਰ ਦੀ ਗਿਣਤੀ ਵਿਚ ਪਸ਼ੂ-ਪੰਖੀ, ਜਲ-ਜੰਤੂ, ਥਲ-ਜੰਤੂ ਤੇ ਨਭ-ਜੰਤੂ ਆ ਜਾਂਦੇ ਹਨ। ਸੋ ਮਨੁੱਖ ਦਾ ਪੰਜ-ਭੂਤਕ ਸਰੀਰ ਅਸਥੂਲ ਸਰੀਰ ਹੈ। ਸੂਖਮ ਸਰੀਰ ਵਿਚ ਭੂਤ-ਪ੍ਰੇਤ ਤੇ ਦੇਵ ਆ ਜਾਂਦੇ ਹਨ। ਮੁਕਤ ਮੰਡਲ ਅਧਿਆਤਮਕ ਮੰਡਲ ਹੈ। ਸੋ ਜੀਵਨ ਤਿੰਨ ਪ੍ਰਕਾਰ ਦਾ ਹੈ ਤੇ ਸਮੂਹ ਜਗਤ ਵਿਚ ਇਹ ਤਿੰਨੇ ਸਰੀਰ ਕਿਸੇ ਨਾ ਕਿਸੇ ਰੂਪ ਵਿਚ ਮੰਨੇ ਜਾਂਦੇ ਹਨ। ਭੂਤ-ਪ੍ਰੇਤ ਤੇ ਦੇਵ ਇਹ ਸੂਖਮ ਸਰੀਰ ਹਨ। ਇਹ ਸਿਰਫ਼ ਹਵਾ ਤੇ ਅੱਗ ਦੇ ਸੂਖਮ ਤੱਤ ਤੋਂ ਬਣੇ ਹਨ। ਪੰਜ-ਭੂਤਕ ਸਰੀਰ ਅੰਡੇ, ਜੇਰ, ਸਵਤਜ ਤੇ ਉਤਭੁਜ ਖਾਣੀਆਂ ਰਾਹੀਂ ਜਨਮ ਲੈਂਦਾ ਹੈ। ਸਭ ਤੋਂ ਵੱਡੀ ਖਾਣ ਅੰਡੇ ਹਨ- ਕੀੜੇ ਮਕੌੜੇ, ਮੱਖੀਆਂ, ਪੰਛੀ ਤੇ ਜਲ-ਜੰਤੂ ਆਦਿਕ ਆਂਡਿਆਂ ਤੋਂ ਹੀ ਪੈਦਾ ਹੁੰਦੇ ਹਨ। ਮਨੁੱਖ ਤੇ ਚੌਪਾਇ ਜਾਨਵਰ ਜੇਰ, ਪੇਟ ਰਾਹੀਂ ਜਨਮ ਲੈਂਦੇ ਹਨ। ਪਸੀਨੇ ਤੋਂ ਚਿੱਚੜ, ਜੂੰ ਤੇ ਹੋਰ ਸੂਖਮ ਜੰਤੂ ਜਨਮ ਲੈਂਦੇ ਹਨ ਤੇ ਉਤਭੁਜ ਖਾਣ ਬਨਸਪਤੀ, ਜੋ ਧਰਤੀ ਤੋਂ ਪੈਦਾ ਹੁੰਦੇ ਹਨ। ਸੂਖਮ ਸਰੀਰ ਭਾਵ ਭੂਤ-ਪ੍ਰੇਤ ਤੇ ਦੇਵ ਜੋਨੀਆਂ ਦੀ ਬਣਤਰ ਇਸ ਖਾਣੀ ਤੋਂ ਅੱਡਰੀ ਹੈ। ਇਹ ਸੂਖਮ ਢਾਂਚਾ ਹੈ ਤੇ ਬਣਤਰ ਨਿਰਾਲੀ ਹੈ।
ਮਨੁੱਖ ਕੋਲ ਮਨ ਇਕ ਅਦਭੁਤ ਤੇ ਮਹਾਨ ਸ਼ਕਤੀ ਹੈ। ਮਨ ਕਰਕੇ ਅਸੀਂ ਜੋ ਵੇਖਦੇ ਹਾਂ, ਸੁਣਦੇ ਹਾਂ ਔਰ ਕਰਦੇ ਹਾਂ, ਭਾਵ ਜੋ ਵੀ ਕਰਮ ਮਨ ਕਰਕੇ ਕੀਤਾ ਜਾਂਦਾ ਹੈ, ਉਸ ਦੇ ਸੰਸਕਾਰ ਬਣਦੇ ਹਨ, ਜਿਸ ਨੂੰ ਚਿਤਰ-ਗੁਪਤ ਆਖਦੇ ਹਨ। ਉਹ ਚਿਤਰ ਜੋ ਗੁਪਤ ਹੈ, ਜੋ ਵੀ ਇਸ ਜੀਵਨ ਵਿਚ ਮਨ ਕਰਕੇ ਕੀਤਾ ਹੈ, ਉਸ ਦਾ ਸੂਖਮ ਸਰੂਪ ਇਹ ਚਿਤਰ-ਗੁਪਤ ਹੈ। ਸੰਸਕਾਰ ਕੁਛ ਪੂਰਬਲੇ ਜਨਮਾਂ ਦੇ ਨਾਲ ਚੱਲਦੇ ਹਨ- ਜੀਵਨ, ਉਮਰ ਬਹੁਤ ਛੋਟੀ ਹੈ ਤੇ ਮੰਗਾਂ, ਖਾਹਿਸ਼ਾਂ ਬਹੁਤ ਜ਼ਿਆਦਾ ਹਨ ਤੇ ਹਰ ਜਨਮ ਨੇ ਖ਼ਾਹਿਸ਼ਾਂ ਦਾ ਅੰਬਾਰ ਵਧਾਇਆ ਤੇ ਖ਼ਾਹਿਸ਼ਾਂ ਦੀ ਪੂਰਤੀ ਲਈ ਜੀਵਨ ਚਾਹੀਦਾ ਹੈ। ਜੈਸੇ ਜੈਸੇ ਹਰ ਜਨਮ ਵਿਚ ਖ਼ਾਹਿਸ਼ਾਂ ਵਧੀਆਂ ਤੇ ਖ਼ਾਹਿਸ਼ਾਂ ਦੀ ਪੂਰਤੀ ਲਈ ਨਵਾਂ ਜਨਮ ਮਿਲਦਾ ਰਿਹਾ, ਖ਼ਾਹਿਸ਼ਾਂ ਵਧਦੀਆਂ ਗਈਆਂ ਤੇ ਜਨਮ ਮਰਨ ਦੀ ਸ਼ੰਖਲਾ
ਵੀ ਲੰਬੀ ਹੁੰਦੀ ਗਈ। ਸੋ ਸੰਸਕਾਰਾਂ ਦਾ ਜੋ ਢਾਂਚਾ ਹੈ, ਉਹ ਸੂਖਸ਼ਮ ਸਰੀਰ ਹੈ ਤੇ ਇਸੇ ਨੂੰ ਹੀ ਚਿਤਰ-ਗੁਪਤ ਆਖਦੇ ਹਨ। ਅੰਤਿਮ ਸਮੇਂ ਜਦ ਸਥੂਲ ਸਰੀਰ ਨੂੰ ਸਾੜ ਦੇਂਦੇ ਹਨ, ਯਾ ਦਫ਼ਨ ਕਰ ਦੇਂਦੇ ਹਨ ਤਾਂ ਇਹ ਸੂਖਮ ਸਰੀਰ ਨਵੇਂ ਜਨਮ ਦੀ ਯਾਤਰਾ ‘ਤੇ ਚੱਲ ਪੈਂਦਾ ਹੈ। ਆਮ ਸੂਖਮ ਸਰੀਰ ਦਾ ਢਾਂਚਾ ਤੇਰਾ ਦਿਨਾਂ ਦੇ ਅੰਦਰ ਕਿਸੇ ਨਾ ਕਿਸੇ ਗਰਭ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਵਾਸਤੇ ਤੇਰ੍ਹਵੇਂ ਦੀ ਰਸਮ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈ। ਪਰ ਤੇਰ੍ਹਵਾਂ ਦਿਨ ਨਿਸ਼ਚਿਤ ਨਹੀਂ ਹੈ। ਤੇਰਾਂ ਦਿਨਾਂ ਦੇ ਅੰਦਰ ਅੰਦਰ ਕਿਸੇ ਗਰਭ ਵਿਚ ਇਹ ਸੂਖਮ ਸਰੀਰ ਜੋ ਸੰਸਕਾਰਾਂ ਦਾ ਪੁਤਲਾ ਹੈ, ਪ੍ਰਵੇਸ਼ ਕਰ ਜਾਂਦਾ ਹੈ।
ਆਮ ਕਰਕੇ ਇਹ ਸੂਖਮ ਸਰੀਰ ਮਨੁੱਖੀ ਮਾਂ ਦੇ ਹੀ ਗਰਭ ਵਿਚ ਪ੍ਰਵੇਸ਼ ਕਰਦਾ ਹੈ, ਪਰ ਸੂਖਮ ਢਾਂਚਾ ਅਤਿਅੰਤ ਅੰਧਕਾਰ ਪੂਰਨ ਹੋਵੇ ਤਾਂ ਕਿਸੇ ਪਸ਼ੂ ਵਿਚ ਵੀ ਪ੍ਰਵੇਸ਼ ਕਰ ਜਾਂਦਾ ਹੈ। ਆਮ ਪ੍ਰਭੂ ਦੀ ਬਣਾਈ ਨਿਯਮਾਵਲੀ ਅਨੁਸਾਰ ਮਨੁੱਖੀ ਮਾਂ ਦੇ ਗਰਭ ਵਿਚ ਪ੍ਰਵੇਸ਼ ਕਰਦਾ ਹੈ।
ਸੂਖਮ ਢਾਂਚਾ ਸੰਸਕਾਰ ਅਤਿਅੰਤ ਮਲੀਨ ਹੋਵਣ ਤਾਂ ਛੇਤੀ ਜਨਮ ਨਹੀਂ ਹੁੰਦਾ ਯਾ ਸੂਖਮ ਢਾਂਚਾ ਅਤਿਅੰਤ ਨਿਰਮਲ ਹੋਵੇ ਤਾਂ ਵੀ ਛੇਤੀ ਜਨਮ ਨਹੀਂ ਮਿਲਦਾ।
ਅਤਿਅੰਤ ਮਲੀਨ ਸੂਖਮ ਸਰੀਰ ਨੂੰ ਜਨਮ ਦੇਣ ਲਈ ਕੋਈ ਬਹੁਤ ਮਲੀਨ ਮਾਂ ਤੇ ਪਿਤਾ ਚਾਹੀਦਾ ਹੈ। ਗੰਦ ਨੂੰ ਗੰਦੀ ਥਾਂ ‘ਤੇ ਹੀ ਸੁੱਟੀਦਾ ਹੈ। ਸੋ ਮਲੀਨ, ਜ਼ਾਲਮ, ਅਤਿਅੰਤ ਦੇਖੀ ਸੁਭਾਵ ਦਾ ਬੰਦਾ ਮਰ ਕੇ ਛੇਤੀ ਜਨਮ ਨਹੀਂ ਲੈਂਦਾ ਕਿਉਂਕਿ ਉਸ ਨੂੰ ਅਨੁਕੂਲ ਗਰਭ ਉਪਲਬਧ ਨਹੀਂ ਹੈ—ਕੋਈ ਬਹੁਤ ਕਠੋਰ ਤੇ ਮਲੀਨ ਮਾਂ ਤੇ ਅਤਿਅੰਤ ਜ਼ਾਲਮ ਪਿਤਾ ਰਾਹੀਂ ਜਨਮ ਹੋ ਸਕੇਗਾ। ਸੋ ਇਸ ਤਰ੍ਹਾਂ ਦੇ ਸੂਖਮ ਸਰੀਰ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੈ ਤੇ ਇਸ ਤਰ੍ਹਾਂ ਦਾ ਭਟਕਣ ਵਾਲਾ ਸੂਖਮ ਢਾਂਚਾ ਭੂਤ-ਪ੍ਰੇਤ ਕਹਿਲਾਂਦਾ ਹੈ।
ਜੋ ਬਹੁਤ ਨਿਰਮਲ ਤੇ ਪੁਨੀਤ ਹੈ ਪਰ ਮਰ ਕੇ ਅਗਰ ਮੋਖਸ਼ ਨਾ ਮਿਲੀ ਹੋਵੇ, ਜਿਵੇਂ ਸੌ ਡਿਗਰੀ ‘ਤੇ ਪਹੁੰਚ ਕੇ ਪਾਣੀ ਭਾਫ਼ ਬਣਦਾ ਹੈ—ਇਕ ਖ਼ਾਸ ਹਾਲਤ ਵਿਚ ਪੁੱਜ ਕੇ ਮੋਖਸ਼ ਮਿਲਦੀ ਹੈ। ਅਗਰ ਕੁਛ ਘਾਟ ਰਹਿ ਗਈ ਹੋਵੇ ਤਾਂ ਉਸ ਘਾਟ ਨੂੰ ਪੂਰਾ ਕਰਨ ਲਈ ਫਿਰ ਦੁਬਾਰਾ ਜਨਮ ਮਿਲਦਾ ਹੈ ਤੇ ਅਕਸਰ ਇਸ ਤਰ੍ਹਾਂ ਦੇ ਸੰਸਕਾਰ ਦੇ ਜੀਵ ਜਨਮ ਤੋਂ ਸੀਲ-ਸੰਜਮੀ, ਹਲੀਮੀ ਤੇ ਪਵਿੱਤਰਤਾ ਦੇ ਧਾਰਨੀ ਹੁੰਦੇ ਹਨ। ਇਸ ਤਰ੍ਹਾਂ ਦੇ ਪਵਿੱਤਰ ਸੂਖਮ ਸਰੀਰ ਨੂੰ ਵੀ ਛੇਤੀ ਜਨਮ ਨਹੀਂ ਮਿਲਦਾ, ਕਿਉਂਕਿ ਕੋਈ ਬਹੁਤ ਪਵਿੱਤਰ ਤੇ ਪਾਵਨ ਮਾਂ ਹੀ ਇਸ ਤਰ੍ਹਾਂ ਦੇ ਸੂਖਮ ਢਾਂਚੇ ਨੂੰ ਜਨਮ ਦੇ ਸਕਦੀ ਹੈ। ਇਸ ਤਰ੍ਹਾਂ ਦੇ ਸੂਖਮ ਢਾਂਚੇ ਨੂੰ ਦੇਵ ਆਖਦੇ ਹਨ। ਬ੍ਰਹਿਮੰਡ ਵਿਚ ਭੂਤ-ਪ੍ਰੇਤ ਤੇ ਦੇਵ ਸੂਖਮ ਰੂਪ ਵਿਚ ਕਾਫ਼ੀ ਸਮੇਂ ਤਕ ਰਹਿੰਦੇ ਹਨ। ਭੂਤ-ਪ੍ਰੇਤ ਚੂੰਕਿ ਮਲੀਨ ਤੇ ਦੋਖੀ ਹੁੰਦੇ ਹਨ, ਇਸ ਵਾਸਤੇ ਆਪਣੀ ਮਲੀਨ ਇੱਛਾ ਦੀ ਪੂਰਤੀ ਲਈ ਇਹ ਕਿਸੇ ਵੀ ਭੈ-ਭੀਤ ਤੇ ਮਲੀਨ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੇ ਹਨ। ਦੇਵ ਚੁੱਕਿ ਪਵਿੱਤਰ ਹਨ, ਇਹ ਕਿਸੇ ਸਰੀਰ ਅੰਦਰ ਪ੍ਰਵੇਸ਼ ਨਹੀਂ ਕਰਦੇ ਬਲਕਿ ਨੇਕ ਪੁਰਸ਼ਾ ਦੀ ਗੈਬੀ ਰੂਪ ਵਿਚ ਮਦਦ ਕਰਦੇ ਹਨ, ਪਰ ਮੁਕਤੀ ਤਾਂ ਮਨੁੱਖ ਨੂੰ ਤਨ ਦੁਆਰਾ ਹੀ ਪ੍ਰਾਪਤ ਹੁੰਦੀ ਹੈ-ਇਸ ਵਾਸਤੇ ਮਨੁੱਖੀ ਤਨ ਦੀ ਲੋਚਾ ਰੱਖਦੇ ਹਨ :
ਇਸ ਦੇਹੀ ਕਉ ਸਿਮਰਹਿ ਦੇਵ॥
(ਭੈਰਉ ਕਬੀਰ ਜੀ, ਅੰਗ ੧੧੫੯)
ਅੱਜ ਜੈਸਾ ਪਰਿਵਾਰਿਕ ਮਾਹੌਲ ਹੈ, ਇਹ ਤਾਂ ਬਹੁਤ ਹੀ ਸੰਸਾਰੀ ਹੈ।
ਸਰੀਰ ਦੇ ਤਲ ਦਾ ਜੀਵਨ ਪਤੀ ਪਤਨੀ ਜੀ ਰਹੇ ਹਨ। ਗ੍ਰਹਿਸਤੀ ਜੀਵਨ ਬਹੁਤ ਮਲੀਨ ਹੋ ਚੁੱਕਿਆ ਹੈ ਤੇ ਪਦਾਰਥਵਾਦ ਰੋਜ਼ ਗਿਰਾਵਟ ਦਾ ਕਾਰਨ ਬਣ ਰਿਹਾ ਹੈ।
ਸੋ ਭੂਤ-ਪ੍ਰੇਤਾਂ ਵਾਸਤੇ ਗਰਭ ਉਪਲਬਧ ਹਨ। ਅੱਜ ਤੋਂ ਚੰਦ ਸਾਲ ਪਹਿਲਾਂ ਭੂਤ-ਪ੍ਰੇਤ ਆਮ ਸਨ । ਅੱਜ ਟਾਵਾਂ ਟਾਵਾਂ ਇਹ ਦਿਖਾਈ ਦੇਂਦੇ ਹਨ ਕਿਉਂਕਿ ਇਨ੍ਹਾਂ ਦੇ ਜਨਮ ਹੋ ਗਏ ਹਨ। ਅੱਜ ਦੇ ਬੱਚੇ ਤੇ ਅੱਜ ਦੀ ਮਨੁੱਖਤਾ ਨੂੰ ਵੇਖ ਕੇ ਕਹਿਣਾ ਪੈਂਦਾ ਹੈ ਕਿ ਭੂਤਾਂ ਦਾ ਜਨਮ ਹੋ ਗਿਆ ਹੈ:
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥
(ਅੰਗ ੫੫੬)
ਭੂਤ ਆਪਣੀ ਮਲੀਨ ਇੱਛਾ ਕਿਸੇ ਅੰਦਰ ਪ੍ਰਵੇਸ਼ ਕਰ ਕੇ ਪੂਰੀ ਕਰਦਾ ਹੈ ਤਾਂ ਜਿਸ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਉਸ ਨੂੰ ਪੀੜਾ ਹੁੰਦੀ ਹੈ ਤੇ ਉਸ
ਦਾ ਖੂਨ ਇਹ ਚੂਸ ਲੈਂਦਾ ਹੈ—ਦੂਜੇ ਨੂੰ ਦੁਖ ਦੇ ਕੇ ਆਪਣਾ ਸੁਖ ਲੱਭਣਾ ਅਜੋਕੀ ਮਨੁੱਖਤਾ ਦਾ ਲਕਸ਼ ਬਣ ਗਿਆ ਹੈ—ਮਲੀਨ ਸੂਖਮ ਸਰੀਰ (ਭੂਤ-ਪ੍ਰੇਤ) ਬਹੁਤ ਸਾਰੇ ਜਨਮ ਲੈ ਚੁੱਕੇ ਹਨ। ਪਰ ਦੇਵ ਜੂਨਾਂ ਦਾ ਜਨਮ ਔਖਾ ਹੁੰਦਾ ਜਾ ਰਿਹਾ ਹੈ। ਕਿਸੇ ਵਕਤ ਹਰ ਤੀਜੇ ਘਰ ਵਿਚ ਕੋਈ ਦੇਵਤਾ ਹੁੰਦਾ ਸੀ-ਤੇਤੀਸ ਕਰੋੜ ਦੇਵਤਿਆਂ ਦੀ ਕਹਾਣੀ ਇਸ ਦੇਸ਼ ਵਿਚ ਪ੍ਰਚਲਿਤ ਹੈ, ਪਰ ਅੱਜ ਪਰਿਵਾਰਿਕ ਜੀਵਨ ਇਤਨਾ ਗੰਦਾ ਹੋ ਗਿਆ ਹੈ ਕਿ ਦੇਵਤਿਆਂ ਦਾ ਜਨਮ ਦੁਰਲੱਭ ਹੋ ਗਿਆ ਹੈ। ਮਲੀਨ ਸੂਖਮ ਸਰੀਰਾਂ ਦੇ ਜਨਮ ਦਾ ਪੂਰਾ ਮਾਹੌਲ ਮੌਜੂਦ ਹੈ। ਇਸ ਲਈ ਅਜੋਕੀ ਮਖ਼ਲੂਕ ਦੇ ਦਰਸ਼ਨ ਭੂਤਾਂ-ਪ੍ਰੇਤਾਂ ਦੇ ਦਰਸ਼ਨ ਹਨ, ਕਿਉਂਕਿ ਅੱਜ ਦਾ ਮਨੁੱਖ ਵੀ ਦੂਜੇ ਨੂੰ ਦੁਖ ਦੇ ਕੇ ਹੀ ਸੁਖ ਲੱਭਣਾ ਚਾਹੁੰਦਾ ਹੈ। ਅਸਥੂਲ ਦੇਹੀ ਦਾ ਬੀਜ, ਜੋ ਸੂਖਮ ਦੇਹੀ ਸੰਸਕਾਰਾਂ ਦਾ ਪੁਤਲਾ ਹੈ, ਇਹ ਸੂਖਮ ਦੇਹੀ ਪਵਿੱਤਰ ਹੋਵੇ ਤਾਂ ਦੇਵ ਕਹਿਲਾਂਦੀ ਹੈ ਤੇ ਮਲੀਨ ਹੋਵੇ ਤਾਂ ਭੂਤ-ਪ੍ਰੇਤ ਕਹਿਲਾਂਦੀ ਹੈ।
( ਚੌਥਾ ਪਦ)
-ਗਿਆਨੀ ਸੰਤ ਸਿੰਘ ਜੀ ਮਸਕੀਨ