
ਇਸ ਸੰਸਾਰ ਉੱਤੇ ਜੋ ਜੀਵ ਆਇਆ ਹੈ ਉਸ ਨੂੰ ਓਸੇ ਦਿਨ ਤੇ ਇਹ ਖ੍ਯਾਲ ਪੈਦਾ ਹੋ ਜਾਂਦਾ ਹੈ ਕਿ ਮੈਂ ਹੁਣ ਇਕ ਦਿਨ ਐਥੋਂ ਚਲੇ ਜਾਣਾ ਹੈ ਅਰ ਜਿਸ ਤਰ੍ਹਾਂ ਮੇਰਾ ਇਹ ਪਤਾ ਨਹੀਂ ਲੱਗਦਾ ਕਿ ਮੈਂ ਕਿਥੋਂ ਆਇਆ ਸੀ ਇਸੇ ਤਰ੍ਹਾਂ ਕਦੇ ਫੇਰ ਮੁੜ ਕੇ ਇਹ ਪਤਾ ਭੀ ਨਹੀਂ ਲੱਗਨਾ ਕਿ ਮੈਂ ਕਿੱਥੇ ਗਿਆ ਹਾਂ। ਇਹ ਗੱਲ ਸਮਝਨੀ ਤਾਂ ਇਕ ਵੱਡੀ ਹੀ ਭਾਰੀ ਹੈ, ਪਰੰਤੂ ਇਸ ਨੂੰ ਇਹ ਪਤਾ ਭੀ ਨਹੀਂ ਰਹਿੰਦਾ ਕਿ ਮੈਨੂੰ ਹੁਨ ਕੀ ਹੋਇਆ ਹੈ, ਪਰੰਤੂ ਉਸ ਦੇ ਸਾਥੀ ਉਸ ਦੇ ਮੁਰਦੇ ਸਰੀਰ ਦੁਆਲੇ ਬੈਠੇ ਜ਼ਰੂਰ ਰੋਂਦੇ ਪਿੱਟਦੇ ਅਤੇ ਵੈਣ ਪਾਉਂਦੇ ਹਨ ਅਰ ਆਖਦੇ ਹਨ ਕਿ “ਤੂੰ ਸਾਨੂੰ ਛੱਡ ਕ੍ਯੋਂ ਅਤੇ ਆਪ ਲੱਦ ਗਇਓਂ” ਕਿੰਤੂ ਉਸ ਮਹਾਤਮਾ ਨੂੰ ਇਹ ਭੀ ਖਬਰ ਨਹੀਂ ਹੈ ਜੋ ਮੇਰੇ ਪਾਸ ਕ੍ਯਾ ਹੋ ਰਿਹਾ ਹੈ। ਗੱਲ ਕਾਹਦੀ ਜੋ ਉਸ ਨੂੰ ਅਪਨੀ ਭੀ ਖਬਰ ਨਹੀਂ ਹੁੰਦੀ ਜਿਸ ਤਰ੍ਹਾਂ ਬਲੀ ਰਾਮ ਜੀ ਨੇ ਆਖ੍ਯਾ ਹੈ ਕਿ “ਭਲਕੇ ਸੁਨੇਂਗੇ ਕਾਨ ਔਰ ਕੇ, ਸੋ ਆਜ ਮਰ ਗਿਆ ਫਲਾਨਾ ਹੈ’ ਇਸ ਦਾ ਭਾਵ ਇਹ ਹੈ ਕਿ ਸਾਨੂੰ ਤਾਂ ਖਬਰ ਨਹੀਂ ਹੋਣੀ, ਪਰ ਲੋਕ ਆਖਨਗੇ ਕਿ ਫਲਾਨਾ ਮਰ ਗਿਆ ਹੈ॥
ਹੁਣ ਜਦ ਸਾਨੂੰ ਇਹ ਗੱਲ ਸਾਮੂਨੇ ਪਈ ਦਿੱਸਦੀ ਹੈ ਕਿ ਮੌਤ ਨੇ ਸਾਨੂੰ ਕੇਸਾਂ ਤੇ ਪਕੜ੍ਹਾ ਹੋਇਆ ਹੈ ਅਰ ਸਾਡੇ ਅਜ ਕਲ ਡੇਰੇ ਕੂਚ ਹੋਨ ਵਾਲੇ ਹਨ ਤਦ ਇਹ ਸੋਚਨਾ ਹਰ ਇਕ ਆਦਮੀ ਦਾ ਕੰਮ ਹੈ ਕਿ ਮੈਂ ਇਸ ਸੰਸਾਰ ਥੋਂ ਜੋ ਹਮੇਸ਼ਾਂ ਦੇ ਵਾਸਤੇ ਚੱਲਿਆ ਹਾਂ ਸੋ ਅਪਨੀ ਯਾਦਗਾਰ ਪਿੱਛੇ ਯਾ ਛੱਡ ਚੱਲਿਆ ਹਾਂ ਜਿਸ ਤੇ ਲੋਕ ਸਮਝਨ ਕਿ ਕੋਈ ਐਥੇ ਆਇਆ ਸੀ॥
ਜਿਸ ਤਰ੍ਹਾਂ ਅੱਜ ਕੱਲ ਸਾਨੂੰ ਅਜੇਹੇ ਪੁਰਖਾਂ ਦੀਆਂ ਯਾਦਗਾਰਾਂ ਮਿਲਦੀਆਂ ਹਨ ਜੋ ਭਲੇ ਅਤੇ ਬੁਰੇ ਨਸ਼ਾਨਾਂ ਨੂੰ ਲੈ ਕੇ ਸਾਡੀ ਅੱਖੀਆਂ ਦੇ ਸਾਮ੍ਹਨੇ ਦਿੱਸਦੀਆਂ ਹਨ, ਜੈਸਾ ਕਿ ਰਾਵਨ, ਹਰਨਾਕਸ਼, ਕੰਸ, ਦੁਰਯੋਧਨ, ਔਰੰਗਜ਼ੇਬ, ਫਰਾਊਨ ਅਤੇ ਯਜ਼ੀਦ ਜੇਹੇ ਆਦਮੀਆਂ ਦੀ ਨਸ਼ਾਨੀਆਂ ਜੋ ਉਨ੍ਹਾਂ ਨੇ ਅਪਨੀ ਯਾਦਗਾਰ ਛੱਡੀ ਹੈ ਸੋ ਬੁਰੀ ਅਤੇ ਹੰਕਾਰ ਅਰ ਜ਼ੁਲਮ ਦੇ ਨਾਲ ਰੰਗੀ ਹੋਈ ਹੈ ਜਿਸ ਨੂੰ ਸੁਨ ਕੇ ਲੋਗ ਉਨ੍ਹਾਂ ਨੂੰ ਬੁਰੇ ਲਫਜ਼ਾਂ ਨਾਲ ਯਾਦ ਕਰਦੇ ਹਨ।
ਇਸੀ ਪ੍ਰਕਾਰ ਦੂਸਰੇ ਪਾਸੇ ਇਕ ਅਜੇਹੀ ਯਾਦਗਾਰ ਸਾਨੂੰ ਮਿਲਦੀ ਹੈ ਜਿਸ ਨੂੰ ਲੋਗ ਅਤੀ ਪਵਿੱਤ੍ਰ ਜਾਨ ਕੇ ਮੁਖ ਤੇ ਧੰਨ੍ਯ-ਧੰਨ੍ਯ ਪੁਕਾਰਦੇ ਹਨ, ਜੈਸੇ ਰਾਮਚੰਦ੍ਰ, ਕ੍ਰਿਸ਼ਨ, ਯੁਧਿਸ਼ਟਰ, ਬਿਕ੍ਰਮਾ ਦਿੱਤ, ਰਾਜਾ ਹਰੀਚੰਦ, ਗੁਰੂ ਤੇਗ ਬਹਾਦਰ ਅਤੇ ਦਸਮੇਂ ਪਾਤਿਸ਼ਾਹ ਦੇ ਪਿੱਛੋਂ ਜੋ ਯਾਦਗਾਰਾਂ ਹਨ ਸੋ ਪ੍ਰਤੱਗ੍ਯਾ ਪਾਲਨ ਸੂਰਬੀਰ, ਪਰਉਪਕਾਰੀ ਅਤੇ ਧਰਮ ਧੁਜਾ ਕਹ ਕੇ ਲੋਕਾਂ ਦੇ ਰਿਦਿਆਂ ਵਿਚ ਵਾਹ-ਵਾਹ ਕਰ ਰਹੀਆਂ ਹਨ॥
ਇਸੀ ਤਰ੍ਹਾਂ ਤੀਸਰੀ ਯਾਦਗਾਰ ਭਗਤ ਕਬੀਰ, ਨਾਮਾ, ਤ੍ਰਿਲੋਚਨ, ਸੈਨ, ਸਧਨਾ, ਰਵਿਦਾਸ, ਬਿਦਰ ਅਤੇ ਗੁਰੂ ਨਾਨਕ ਦੇਵ ਜੀ ਆਦਿ ਮਹਾਤਮਾ ਦੀਆਂ ਹਨ ਜੋ ਅਕਾਲ ਪੁਰਖ ਦੀ ਭਗਤੀ ਨੂੰ ਪ੍ਰਗਟ ਕਰਕੇ ਸੰਸਾਰ ਪਰ ਲੋਗਾਂ ਦੇ ਦਿਲਾਂ ਨੂੰ ਪ੍ਰੇਰ ਰਹੀਆਂ ਹਨ॥
ਜਦ ਸਾਡੇ ਸਾਮਨੇ ਇਸ ਪ੍ਰਕਾਰ ਦੇ ਪਿਛਲੇ ਮਹਾਤਮਾਂ ਦੀਆਂ ਯਾਦਗਾਰਾਂ ਇਸ ਸੰਸਾਰ ਪਰ ਅਜੇਹੀਆਂ ਪਾਈਆਂ ਜਾਂਦੀਆਂ ਹਨ ਤਦ ਹਰ ਇਕ ਆਦਮੀ ਦਾ ਇਹ ਪਰਮ ਧਰਮ ਹੈ ਜੋ ਉਹ ਭੀ ਇਸ ਬਾਤ ਵੱਲ ਸੋਚੇ ਕਿ ਮੇਰੀ ਯਾਦਗਾਰ ਕਿਆ ਹੈ ਜੋ ਮੈਂ ਇਸ ਸੰਸਾਰ ਪਰ ਆ ਕੇ ਛੱਡ ਚਲਿਆ ਹਾਂ। ਆਸ਼ਾ ਪੈਂਦੀ ਹੈ ਜੋ ਸਾਡੇ ਪਾਠਕ ਭੀ ਇਸ ਖ੍ਯਾਲ ਨੂੰ ਭੁਲਾ ਨਹੀਂ ਦੇਨਗੇ ਕਿੰਤੂ ਮਨ ਦੇ ਵਿਚ ਜ਼ਰੂਰ ਵਿਚਾਰਨਗੇ ਕਿ ਸਾਡੀ ਯਾਦਗਾਰ ਪਿੱਛੇ ਕ੍ਯਾ ਰਹੇਗੀ ਕਿਤੇ ਅਸੀਂ ਪਾਨੀ ਦੇ ਬੁਦ ਬੁਦੇ ਵਾਂਗ ਕੇਵਲ ਇਸ ਸੰਸਾਰ ਸਾਗਰ ਵਿਚ ਉੱਠ ਕੇ ਫੇਰ ਪਲਕ ਵਿਚ ਅਜੇਹੇ ਗੁੰਮ ਤਾਂ ਨਹੀਂ ਹੋ ਜਾਏਂਗੇ ਜੋ ਸਾਡਾ ਕੋਈ ਨਾਮ ਭੀ ਨਹੀਂ ਜਾਨੇਗਾ ਜੋ ਕੌਨ ਸੀ ਅਰ ਕਿੱਥੇ ਗਿਆ ਹੈ।
ਪ੍ਯਾਰੇ ਪਾਠਕੋ ਖਾਣਾ, ਪੀਣਾ, ਪਹਿਰਨਾ ਅਰ ਸੌਣਾ ਆਦਿਕ ਜੋ ਕੰਮ ਹਨ ਸੋ ਤਾਂ ਤੁਸੀਂ ਜਾਣ ਸਕਦੇ ਹੋ ਜੋ ਪਸ਼ੂ, ਪੰਛੀ, ਕੀੜੇ, ਪਤੰਗੇ ਆਦਿਕ ਜੀਵਾਂ ਦੇ ਮਨੁੱਖਾਂ ਦੇ ਸਮਾਨ ਹੀ ਹਨ, ਪਰੰਤੂ ਇਨ੍ਹਾਂ ਆਦਮੀਆਂ ਵਿਚ ਜੋ ਸਭ ਨਾਲੋਂ ਵੱਧ ਕੇ ਮੁੱਖ ਵਸਤੂ ਹੈ ਸੋ ਏਹੋ ਹੈ ਜੋ ਇਸ ਬਾਤ ਦਾ ਵਿਚਾਰ ਕਰਨ ਕਿ ਅਸੀਂ ਇਸ ਸੰਸਾਰ ਪਰ ਆ ਕੇ ਕਿਆ ਕੁਛ ਕੀਤਾ ਹੈ ਅਤੇ ਹੁਨ ਅਪਨੀ ਯਾਦਗਾਰ ਪਿੱਛੇ ਕਿਆ ਛੱਡ ਜਾਏਂਗੇ। ਇਸ ਵਾਸਤੇ ਦੇਖੋ, ਸੋਚੋ ਸਮਝੋ ਅਤੇ ਅਪਨੇ ਆਤਮਾ ਵਿਚ ਇਸ ਬਾਤ ਦਾ ਗਹਰਾ ਵਿਚਾਰ ਕਰੋ ਜੋ ਅੰਤ ਦੇ ਵੇਲੇ ਤੁਸੀਂ ਇਹ ਆਖਦੇ ਸੰਸਾਰ ਤੇ ਜਾਓ ਜੋ ਅਸੀਂ ਇੱਥੇ ਆ ਕੇ ਇਹ ਕੰਮ ਕਰ ਚੱਲੇ ਹਾਂ ਅਤੇ ਇਹ ਯਾਦਗਾਰ ਪਿੱਛੇ ਛੱਡੀ ਹੈ।
(ਖ਼ਾਲਸਾ ਅਖ਼ਬਾਰ ਲਾਹੌਰ, ੨੨ ਮਈ ੧੮੯੬, ਪੰਨਾ ੩)
ਗਿਆਨੀ ਦਿੱਤ ਸਿੰਘ ਜੀ