
ਸੰਨ 1885 ਵਿੱਚ ਉਸ ਸਮੇਂ ਦੇ ਸੁਹਿਰਦ ਸਿੱਖਾਂ ਵੱਲੋਂ ਸਥਾਪਤ ਕੀਤੇ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਪਾਲਕੀ ਸੰਨ 1943 ਵਿੱਚ ਹੁਸ਼ਿਆਰਪੁਰ ਦੇ ਇੱਕ ਕਾਰੀਗਰ ਵੱਲੋਂ ਬਣਾਈ ਗਈ ਹੈ। ਜਦੋਂ ਇਹ ਪਾਲਕੀ ਤਿਆਰ ਕਰਕੇ ਇੱਥੇ ਸਥਾਪਤ ਕੀਤੀ ਗਈ ਉਦੋਂ ਸ਼ਿਮਲਾ ਸਾਂਝੇ ਪੰਜਾਬ ਦਾ ਹਿੱਸਾ ਸੀ, ਇਸ ਨੂੰ ਸਿਮਲਾ ਲਿਖਿਆ ਜਾਂਦਾ ਸੀ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਹਾਲ ਨੂੰ ਨਵੇਂ ਢੰਗ ਨਾਲ ਤਿਆਰ ਕੀਤਾ ਗਿਆ ਹੈ ਅਤੇ 19 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਸ ਦਾ ਉਦਘਾਟਨ ਕੀਤਾ। ਪ੍ਰਬੰਧਕਾਂ ਅਨੁਸਾਰ ਇਸ ਤੋਂ ਪਹਿਲਾਂ ਸੰਨ 1985 ਵਿੱਚ ਸਿੱਖਾਂ ਨੇ ਇਸ ਗੁਰੂ ਘਰ ਦੀ ਇਮਾਰਤ ਸਮੇਂ ਦੀ ਲੋੜ ਅਨੁਸਾਰ ਵੱਡੀ ਕੀਤੀ ਤੇ ਪ੍ਰਕਾਸ਼ ਹੇਠਾਂ ਤੋਂ ਉੱਪਰ ਪਹਿਲੀ ਮੰਜ਼ਲ ਉੱਤੇ ਕਰ ਦਿੱਤਾ। ਫਿਰ ਸੰਨ 1985 ਤੋਂ ਜੋ ਦਰਬਾਰ ਬਣਿਆ ਸੀ ਉਹੀ ਚੱਲਦਾ ਆ ਰਿਹਾ ਸੀ।
ਭਾਵੇਂ ਕਿ ਹੁਣ ਗੁਰਦੁਆਰਿਆਂ ਅੰਦਰ ਨਵੀਂ ਇਮਾਰਤੀ ਤਕਨੀਕ ਤੇ ਇਨਡੋਰ ਡਿਜ਼ਾਇਨ ਅਪਣਾ ਕੇ ਸਮੇਂ ਦੀਆਂ ਲੋੜਾਂ ਅਨੁਸਾਰ ਬਦਲਾਓ ਕੀਤੇ ਜਾ ਰਹੇ ਹਨ, ਪਰ ਇਹ ਦੇਖ ਕੇ ਚੰਗਾ ਲੱਗਿਆ ਤੇ ਖੁਸ਼ੀ ਮਿਲੀ ਕਿ ਸ਼ਿਮਲਾ ਦੀ ਸੰਗਤ ਨੇ ਲੱਕੜ ਦੀ ਬਣੀ ਪੁਰਾਣੀ ਵਿਰਾਸਤੀ ਪਾਲਕੀ ਨੂੰ ਸੰਭਾਲ ਕੇ ਰੱਖਿਆ ਅਤੇ ਨਵੇਂ ਦਰਬਾਰ ਵਿੱਚ ਇਸੇ ਦੇ ਅੰਦਰ ਹੀ ਪਾਵਨ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ। ਪ੍ਰਬੰਧਕਾਂ ਵੱਲੋਂ ਪੁਰਾਣੀ ਪਾਲਕੀ ਤੋਂ ਪਹਿਲਾਂ ਕੀਤਾ ਰੰਗ ਉਤਾਰ ਕੇ ਇਸ ਨੂੰ ਨਵੇਂ ਸਿਰਿਓਂ ਪਾਲਿਸ਼ ਕਰਕੇ ਅਗਲੀ ਪੀੜ੍ਹੀਆਂ ਲਈ ਸੰਭਾਲ ਦਿੱਤਾ ਗਿਆ ਹੈ। ਹੁਣ ਅਗਲੀ ਪੀੜ੍ਹੀ ਦੀ ਵੀ ਇਹੀ ਜਿੰਮੇਵਾਰੀ ਹੈ ਕਿ ਇਸ ਨੂੰ ਅਗਾਂਹ ਜਿੰਨੇ ਲੰਮੇ ਸਮੇਂ ਤੱਕ ਸੰਭਾਲ ਸਕੇ ਸੰਭਾਲਿਆ ਜਾਵੇ।
ਇੱਕ ਹੋਰ ਅਹਿਮ ਗੱਲ ਇਹ ਹੈ ਕਿ ਅੱਜ ਕੱਲ੍ਹ ਗੁਰਦੁਆਰਿਆਂ ਅੰਦਰ ਨਵੇਂ ਜ਼ਮਾਨੇ ਦੀਆਂ ਟਾਈਲਾਂ ਲਗਾਉਣ ਦੀ ਪਿਰਤ ਵੀ ਪਾ ਲਈ ਗਈ ਹੈ, ਜੋ ਕਿ ਸਿੱਖ ਇਮਾਰਤ ਕਲਾ ਦਾ ਹਿੱਸਾ ਕਦੇ ਨਹੀਂ ਹਨ। ਇਸ ਦੇ ਉਲਟ ਸ਼ਿਮਲਾ ਦੀ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਹਾਲ ਵਿੱਚ ਬਹੁਤ ਹੀ ਸੁੰਦਰ ਲੱਕੜ ਦਾ ਕੰਮ ਕਰਵਾਇਆ ਹੈ, ਜੋ ਪ੍ਰਭਾਵੀ ਅਤੇ ਲੰਮੇ ਸਮੇਂ ਤੱਕ ਚੱਲਣ ਵਾਲਾ ਹੈ ਅਤੇ ਸਿੱਖ ਇਮਾਰਤ ਕਲਾ ਨਾਲ ਮੇਲ ਖਾਂਦਾ ਹੈ, ਇਸ ਲਈ ਉਹ ਵਧਾਈ ਦੇ ਪਾਤਰ ਹਨ।
ਪਾਲਕੀ ਉੱਤੇ ਬਹੁਤ ਹੀ ਸੁੰਦਰ ਢੰਗ ਨਾਲ ੴ, ਲੜੀਵਾਰ ਸਰੂਪ ਵਿੱਚ ਮੂਲ ਮੰਤਰ, ਭਾਈ ਗੁਰਦਾਸ ਜੀ ਦੀ ਵਾਰ ਅਤੇ ਗੁਰਬਾਣੀ ਦੇ ਕੁਝ ਹੋਰ ਸ਼ਬਦ ਲਿਖੇ ਹਨ। ਇਸ ਗੁਰੂ ਘਰ ਨਾਲ ਪੁਰਾਣੀਆਂ ਯਾਦਾਂ ਜੁੜੀਆਂ ਹਨ, ਜਦੋਂ ਬਾਪੂ ਜੀ ਸ਼ਿਮਲਾ ਵਿੱਚ ਕੰਮ ਕਰਦੇ ਸਨ ਤਾਂ ਅਕਸਰ ਹੀ ਛੁੱਟੀਆਂ ਵੇਲੇ ਇੱਥੇ ਨਤਮਸਤਕ ਹੋਣ ਆਉਂਦੇ ਸੀ। ਕਈ ਸਾਲਾਂ ਬਾਅਦ ਇੱਥੇ ਜਾ ਕੇ ਚੰਗਾ ਲੱਗਿਆ ਤੇ ਯਾਦਾਂ ਤਾਜ਼ੀਆਂ ਹੋਈਆਂ।
ਜਸਕਰਨ ਸਿੰਘ
Mob: 9876689930