49 views 7 secs 0 comments

ਲੱਜਾ (ਸ਼ਰਮ)

ਲੇਖ
July 30, 2025

ਦੈਵੀ ਗੁਣਾਂ ਵਿੱਚੋਂ ਲੱਜਾ ਸ਼ਰਮ ਵੀ ਇਕ ਮਹਾਨ ਗੁਣ ਹੈ। ਇਹ ਇਕ ਅਦੁੱਤੀ ਸ਼ਿੰਗਾਰ ਹੈ ਜਿਸ ਨਾਲ ਜੀਵਨ ‘ਤੇ ਨਿਖਾਰ ਆ ਜਾਂਦਾ ਹੈ। ਮਨੁੱਖ ਦਾ ਆਦਿ ਕਾਲ ਜਦ ਕੋਈ ਧਰਮ ਗ੍ਰੰਥ ਨਹੀਂ ਸਨ, ਕੋਈ ਧਾਰਮਿਕ ਮੰਦਰ ਯਾ ਧਾਰਮਿਕ ਉਪਦੇਸ਼ਕ ਨਹੀਂ ਸਨ ਤਾਂ ਉਸ ਸਮੇਂ ਲੱਜਾ ਸ਼ਰਮ ਦੇ ਸਦਕੇ ਮਨੁੱਖ ਨੇ ਆਪਣੇ ਆਪ ਨੂੰ ਸੰਕੋਚ ਵਿਚ ਰੱਖਿਆ। ਇਸ ਤਰ੍ਹਾਂ ਪਾਪਾਂ ਤੋਂ ਬਚਦਾ ਰਿਹਾ-ਇਸ ਵਾਸਤੇ ਅਸੀਂ ਅੱਜ ਵੀ ਪਾਪੀ, ਬਦਮਾਸ਼ ਨੂੰ ਬੇਸ਼ਰਮ, ਨਿਰਲੱਜ ਕਹਿ ਦੇਂਦੇ ਹਾਂ।
ਸਿਰਫ਼ ਲੱਜਾ ਸ਼ਰਮ ਕਰਕੇ ਹੀ ਮਨੁੱਖ ਨੇ ਆਪਣੀ ਮਨੁੱਖਤਾ ਨੂੰ ਬਚਾਈ ਰੱਖਿਆ ਸੀ। ਨਿਰਲੱਜ ਬੇਸ਼ਰਮ ਤਾਂ ਬਹੁਤ ਵੱਡੀ ਗਾਲ੍ਹ ਹੈ।
ਮਰਯਾਦਾ ਤੋਂ ਥੱਲੇ ਨਿਯਮ ਦੇ ਉਲਟ ਜਦ ਵੀ ਕੋਈ ਕੰਮ ਕਰਦਾ ਹੈ। ਤਾਂ ਲੱਜਾ-ਭਾਵ ਪੈਦਾ ਹੁੰਦਾ ਹੈ, ਪਰ ਜੇਕਰ ਲੱਜਾ ਸ਼ਰਮ ਨੂੰ ਕੋਈ ਇਕ ਪਾਸੇ ਰੱਖ ਦੇਵੇ ਤਾਂ ਸਹਿਜੇ ਸਹਿਜੇ ਲੱਜਾ ਸ਼ਰਮ ਦਾ ਭਾਵ ਪੈਦਾ ਹੋਣਾ ਬੰਦ ਹੋ ਜਾਂਦਾ ਹੈ। ਸ਼ਿੰਗਾਰ ਤੋਂ ਬਿਨਾਂ ਜੈਸੇ ਕੋਈ ਸਰੀਰ ਹੋਵੇ, ਵੈਸੇ ਹੀ ਲੱਜਾ-ਹੀਨ ਬੇਸ਼ਰਮ ਮਨੁੱਖ ਹੈ।
ਸਭ ਤੋਂ ਕੁਰੂਪ ਤੇ ਗੰਦਾ ਓਹੀ ਮਨੁੱਖ ਹੈ ਜੋ ਬੇਸ਼ਰਮ ਹੈ, ਨਿਰਲੱਜ ਹੈ। ਜਗਤ ਦਾ ਬਹੁਤਾ ਅਹਿੱਤ ਨਿਰਲੱਜ ਮਨੁੱਖਾਂ ਕਰਕੇ ਹੋਇਆ ਹੈ। ਲੱਜਾ ਅਣਖੀਲਾ ਬਣਾਉਂਦੀ ਹੈ। ਲੱਜਾ ਉੱਚੇ ਆਦਰਸ਼ ਲਈ ਪ੍ਰੇਰਦੀ ਹੈ। ਸ਼ਰਮ ਲੱਜਾ ਰੱਖਣ ਵਾਲੇ ਮਨੁੱਖ ਕੋਲੋਂ ਦੂਜੇ ਦੀ ਇੱਜ਼ਤ ਮਹਿਫ਼ੂਜ਼ ਰਹਿੰਦੀ ਹੈ। ਅਸਮਤ ਦਾ ਰਖਵਾਲਾ ਹੁੰਦਾ ਹੈ ਪਰ ਨਿਰਲੱਜ ਮਨੁੱਖ ਤਾਂ ਪਤ ਲੁੱਟ ਸਕਦਾ ਹੈ, ਪਤ ਦਾ ਰਖਵਾਲਾ ਨਹੀਂ ਬਣ ਸਕਦਾ। ਨਿਰਲੱਜ ਪੁਰਸ਼ਾਂ ਨੇ ਇਸਤਰੀਆਂ ਦੀ ਪਤ ਲੁੱਟਣ ਤੋਂ ਬਾਅਦ ਐਸੇ ਬਾਜ਼ਾਰ ਬਣਾਏ, ਜਿਥੇ ਇਨ੍ਹਾਂ ਦੀ ਅਸਮਤ ਵਿਕ ਸਕੇ । ਇਸ ਤਰ੍ਹਾਂ ਦੇ ਨਿਰਲੱਜ ਮਨੁੱਖਾਂ ਨੇ ਸਮਾਜਕ ਢਾਂਚੇ ਦਾ ਜੋ ਅਹਿੱਤ ਕੀਤਾ ਹੈ, ਉਹ ਵਰਣਨ ਕਰਨ ਦੇ ਦਾਇਰੇ ਵਿਚ ਨਹੀਂ ਆਂਵਦਾ। ਨਿਰਲੱਜ ਮਨੁੱਖ, ਮਨੁੱਖਾਂ ਨੂੰ ਗੁਲਾਮ ਬਣਾ ਕੇ ਬਾਜ਼ਾਰਾਂ ਵਿਚ ਵੇਚਦਾ ਰਿਹਾ ਹੈ। ਅਗਰ ਲੱਜਾ ਹੁੰਦੀ ਤਾਂ ਮਨੁੱਖ ਨੂੰ ਸਾਗ, ਸਬਜ਼ੀ ਤੇ ਪਸ਼ੂਆਂ ਦੀ ਤਰ੍ਹਾਂ ਮੰਡੀਆਂ ਵਿਚ ਨਾ ਵੇਚਦਾ। ਕਮਜ਼ੋਰ ਤੇ ਅਬਲਾ ‘ਤੇ ਇਸ ਤਰ੍ਹਾਂ ਦੇ ਜ਼ੁਲਮ ਕਰਨਾ ਬੇਸ਼ਰਮ ਮਨੁੱਖ ਦੀ ਆਦਤ ਬਣ ਜਾਂਦੀ ਹੈ। ਇਸ ਦਾ ਅੰਜਾਮ ਅਤਿਅੰਤ ਦੁਖਦਾਈ ਹੈ :
ਗਰੀਬਾ ਉਪਰਿ ਜਿ ਖਿੰਜੈ ਦਾੜੀ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥
(ਗਉੜੀ ਮ: ੫, ਪੰਨਾ 199)
ਨਿਰਲੱਜ ਮਨੁੱਖਾਂ ਨਾਲ ਸੰਸਾਰ ਭਰਿਆ ਪਿਆ ਹੈ। ਇਸ ਵਾਸਤੇ ਸੰਸਾਰ ਨਰਕ ਦਾ ਰੂਪ ਬਣਿਆ ਹੋਇਆ ਹੈ। ਉਹ ਵੀ ਨਿਰਲੱਜ ਹੈ ਜੋ ਮਨੁੱਖ ਨੂੰ ਹੀ ਰੋਜ਼ੀ-ਦਹਿੰਦ ਸਮਝ ਲੈਂਦਾ ਹੈ। ਧਨਵਾਨ ਤੇ ਰਾਜਿਆਂ-ਮਹਾਰਾਜਿਆਂ ਨੂੰ ਨਿਰਲੱਜ ਲੋਕੀਂ ਅੰਨ-ਦਾਤਾ ਆਖਦੇ ਰਹੇ ਔਰ ਇਤਨੀ ਸੋਚ ਨਾ ਪੈਦਾ ਹੋ ਸਕੀ ਕਿ ਬੰਦਾ ਕਿਸ ਤਰ੍ਹਾਂ ਅੰਨ-ਦਾਤਾ ਹੋ ਸਕਦਾ ਹੈ। ਨਿਰਲੱਜਤਾ ਦੀ ਇੰਤਹਾ ਹੋ ਗਈ। ਜਦ ਮਨੁੱਖ ਨੇ ਮਨੁੱਖ ਨੂੰ ਭਗਵਾਨ ਆਖਣਾ ਸ਼ੁਰੂ ਕੀਤਾ, ਕਰਤੇ ਨੂੰ ਭੁੱਲ, ਕ੍ਰਿਤ ਨੂੰ ਹੀ ਪੂਜਣ ਲੱਗ ਪਿਆ :
ਰੇ ਜੀਅ ਨਿਲਜ ਲਾਜ ਤੁਹਿ ਨਾਹੀ ॥ ਹਰਿ ਤਜਿ ਕਤ ਕਾਹੂ ਕੇ ਜਾਂਹੀ ॥
(गहिनी वधीत नी, पैठा 330)
ਦਰਅਸਲ ਸੋਚ-ਸ਼ਕਤੀ ਦੀ ਜਦ ਮਨੁੱਖ ਵਰਤੋਂ ਨਹੀਂ ਕਰਦਾ, ਉਦੋਂ ਨਿਰਲੱਜ ਹੋ ਜਾਂਦਾ ਹੈ:
ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥
(विलावरू भः ५, भंठा 848)
ਇਸਤਰੀ ਦਾ ਸਭ ਤੋਂ ਵੱਡਾ ਗਹਿਣਾ ਲੱਜਾ ਹੈ। ਅਨੰਤ ਗਹਿਣਿਆਂ ਦਾ ਸ਼ਿੰਗਾਰ ਕਰ ਕੇ ਵੀ ਨਿਰਲੱਜ ਇਸਤਰੀ ਕੁਰੂਪ ਦਿਖਾਈ ਦੇਂਦੀ ਹੈ। ਦਰਅਸਲ ਨਿਰਲੱਜਤਾ ਹੀ ਕੁਰੂਪਤਾ ਹੈ। ਨਿਰਲੱਜ ਪੁਰਸ਼ ਜਬਰ ਕਰੇਗਾ, ਬਲਾਤਕਾਰ ਕਰੇਗਾ। ਨਿਰਲੱਜ ਇਸਤਰੀ ਤਨ ਦੀ ਪ੍ਰਦਰਸ਼ਨੀ ਕਰੇਗੀ।
ਇਸਲਾਮ ਨੇ ਇਸਤਰੀ ਨੂੰ ਬੁਰਕਾ ਦਿੱਤਾ ਤਾਕਿ ਨਿਰਲੱਜ ਪੁਰਸ਼ ਬਲਾਤਕਾਰ ਨਾ ਕਰੇ ਤੇ ਨਿਰਲੱਜ ਇਸਤਰੀ ਪ੍ਰਦਰਸ਼ਨੀ ਨਾ ਕਰੇ, ਪਰ ਬੁਰਕਾ ਤਾਂ ਬੋਝ ਬਣ ਗਿਆ। ਇਹ ਸਿਹਤ ਵਾਸਤੇ ਵੀ ਹਾਨੀਕਾਰਕ ਹੈ ਤੇ ਇਹ ਵੀ ਇਕ ਤਰ੍ਹਾਂ ਦਾ ਇਸਤਰੀ ‘ਤੇ ਜ਼ੁਲਮ ਹੈ। ਉਸ ਨੂੰ ਸਿਰਫ਼ ਵਸਤੂ ਸਮਝ ਕੇ ਢੱਕਣ ਬੁਰਕੇ ਦਾ ਆਦੇਸ਼ ਦੇਣਾ ਕੋਈ ਸਿਆਣਪ ਪ੍ਰਤੀਤ ਨਹੀਂ ਹੁੰਦੀ। ਮੁਸਲਮਾਨ ਇਸਤਰੀਆਂ ਜਿਤਨੀਆਂ ਰੋਗੀ ਪਾਈਆਂ ਗਈਆਂ ਹਨ,
ਇਤਨੀਆਂ ਰੋਗੀ ਉਹ ਨਹੀਂ ਹਨ, ਜੋ ਇਸਲਾਮ ਤੇ ਬੁਰਕੇ ਤੋਂ ਬਾਲਾਤਰ ਹਨ। ਹਰ ਵਕਤ ਗੰਦੀ ਹਵਾ ਵਿਚ ਰਹਿਣਾ, ਘਰ ਦੀ ਘੁਟਨ ਵਿਚ ਹੀ ਜ਼ਿੰਦਗੀ ਕੱਟਣੀ ਤੇ ਬਾਹਰ ਨਿਕਲਣਾ ਤਾਂ ਘੁਟਨ ਨੂੰ ਪੈਦਾ ਕਰਨ ਵਾਲਾ ਬੁਰਕਾ ਧਾਰਨ ਕਰਨਾ, ਕੁਛ ਅਮਾਨਵੀ ਪ੍ਰਤੀਤ ਹੁੰਦਾ ਹੈ। ਉੱਚ-ਕੋਟੀ ਦੇ ਆਲਮ ਫ਼ਾਜ਼ਲ
ਅਕਬਰ ਅਲਾਹਾਬਾਦੀ ਜੈਸੇ ਵੀ ਬੁਰਕੇ ਦੀ ਹਿਮਾਇਤ ਕਰਦੇ ਰਹੇ ਹਨ:
ਬੇ-ਪਰਦਾ ਆਜ ਜੋ ਨਜ਼ਰ ਆਈ ਚੰਦ ਬੀਬੀਆਂ, ਅਕਬਰ ਜ਼ਮੀਂ ਮੇਂ ਗ਼ੈਰਤੇ ਕੌਮੀ ਸੇ ਗੜ ਗਿਆ।
ਮੈਂ ਨੇ ਕਹਾ ਕਿ ਆਪ ਕਾ ਪੜਦਾ ਵੋਹ ਕਿਆ ਹੂਆ,
ਕਹਿਨੇ ਲਗੀ ਕਿ ਅਕਲ ਪੇ ਮਰਦੋਂ ਕੀ ਪੜ ਗਿਆ।
ਗਿਣਤੀ ਹਿਸਾਬ ਨਾਲ ਸਭ ਤੋਂ ਵੱਡਾ ਧਰਮ ਈਸਾਈ ਧਰਮ ਹੈ। ਪਰ ਈਸਾਈ ਇਸਤਰੀ ਅਰਧ ਨਗਨ ਯਾ ਪੂਰੀ ਨਗਨ ਹੋ ਕੇ ਘੁੰਮ ਰਹੀ ਹੈ। ਨਿਰਲੱਜਤਾ ਪ੍ਰਵਾਨ ਹੋ ਗਈ ਹੈ।
ਪੱਛਮੀ ਦੇਸ਼ਾਂ ਦੀ ਨਕਲ ਜਦ ਪੂਰਬੀ ਦੇਸ਼ਾਂ ਵਿਚ ਚੱਲ ਪਈ ਤਾਂ ਵੇਖਣ ਵਿਚ ਆਇਆ ਹੈ ਕਿ ਇਥੇ ਵੀ ਇਸਤਰੀ ਅਰਧ ਨਗਨ ਹੋਣ ਵਿਚ ਮਾਨ ਸਮਝਣ ਲੱਗ ਪਈ ਹੈ :
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥
(ਸਾਰੰਗ ਕੀ ਵਾਰ ਮ: ੧, ਅੰਗ ੧੨੪੩)
ਬੇਸ਼ਰਮੀ ਨਿਰਲੱਜਤਾ ਪੁਰਖ ਨੂੰ ਕਠੋਰ ਤੇ ਇਸਤਰੀ ਨੂੰ ਤਨ ਦੀ ਨੁਮਾਇਸ਼ ਕਰਨ ਵਿਚ ਹੀ ਲੀਨ ਕਰ ਦੇਂਦੀ ਹੈ। ਮਨੁੱਖੀ ਸੰਸਾਰ ਦੀ ਉਹ ਪੁਰਖ ਰੌਣਕ ਹਨ ਤੇ ਉਹ ਇਸਤਰੀਆਂ ਸੁਹੱਪਣ ਤੇ ਕੋਮਲਤਾ ਦੀ ਖਾਣ ਹਨ ਜਿਨ੍ਹਾਂ ਕੋਲ ਸ਼ਰਮ ਹੈ, ਹਯਾ ਹੈ। ਗਿਆਨਵਾਨ ਮਨੁੱਖ ਕੋਲ ਲੱਜਾ ਸ਼ਰਮ ਜ਼ਰੂਰ ਹੋਵੇਗੀ, ਜਿਸ ਕਰਕੇ ਉਹ ਆਪਣੀ ਹੜ੍ਹ ‘ਤੇ ਆਈਆਂ ਹੋਈਆਂ ਬ੍ਰਿਤੀਆਂ ਨੂੰ ਸੰਕੋਚਦਾ ਹੈ—ਖ਼ੁਦ ਵੀ ਸੁਖੀ ਰਹਿੰਦਾ ਹੈ ਤੇ ਜਗਤ ਦਾ ਵੀ ਅਹਿੱਤ ਨਹੀਂ ਕਰਦਾ।

ਗਿਆਨੀ ਸੰਤ ਸਿੰਘ ਜੀ ਮਸਕੀਨ