85 views 23 secs 0 comments

ਮਹਿਮਾ ਸ੍ਰੀ ਹਰਿਮੰਦਰ ਸਾਹਿਬ ਜੀ

ਲੇਖ
August 03, 2025

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥
(ਅੰਗ ੧੩੬੨)
ਸ੍ਰੀ ਹਰਿਮੰਦਰ ਸਾਹਿਬ – ਮਾਤ ਲੋਕ ਉੱਪਰ ਸੱਚਖੰਡ ਤੇ ਵਿਸ਼ਵ ਦਾ ਅਜੂਬਾ ਹੈ।
ਇਹ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਸਥਾਨ ਹੈ ਜੋ ਰੱਬੀ ਏਕਤਾ, ਵਿਸ਼ਵ ਸਮਾਨਤਾ ਤੇ ਮਾਨਵੀ ਪਿਆਰ ਦਾ ਕੇਵਲ ਪ੍ਰਤੀਕ ਹੀ ਨਹੀਂ ਸਗੋਂ ਉਸ ਦੀ ਪ੍ਰਤੱਖ ਵਿਆਖਿਆ ਵੀ ਹੈ।
ਇੱਥੇ ਗੂੰਜਦੀਆਂ ਧੁਰ ਕੀ ਬਾਣੀ ਦੀਆਂ ਅਗੰਮੀ ਧੁਨਾਂ ਸਮੁੱਚੇ ਵਾਤਾਵਰਨ ਨੂੰ ਅਧਿਆਤਮਿਕ ਸੁਗੰਧੀ ਨਾਲ ਸੁਗੰਧਿਤ ਕਰਦੀਆਂ ਹਨ। ਇਹ ਕਲਾ ਦਾ ਸੁੰਦਰ ਨਮੂਨਾ, ਰੂਹਾਨੀਅਤ ਦਾ ਸੋਮਾ ਅਤੇ ਸੈ-ਮਾਣ ਨਾਲ ਜੀਵਨ ਜੀਉਣ ਦਾ ਪ੍ਰੇਰਨਾ-ਸਰੋਤ ਹੈ। ਇੱਥੇ ਦੈਵੀ ਬਖ਼ਸ਼ਿਸ਼ਾਂ ਤੇ ਰਹਿਮਤਾਂ ਦੀ ਵਰਖਾ ਸਦੀਵ ਬਰਸਦੀ ਹੈ। ਵਿਸ਼ਵ ਭਰ ਵਿੱਚ ਵੱਸਦਾ ਹਰੇਕ ਗੁਰਸਿੱਖ ਦੋਨੋਂ ਵਕਤ ਅਰਦਾਸ ਸਮੇਂ ‘ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਜੋਦੜੀ ਕਰਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਸਬੰਧੀ ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :
ਸ੍ਰੀ ਹਰਿਮੰਦਰ ਮਹਾਂ ਮਹਾਤਮ। ਸਭ ਕੀ ਪੁਰਹਿ ਕਾਮਨਾ ਆਤਮ।
ਭਾਵ :- ਇਹ ਉਹ ਅਸਥਾਨ ਹੈ ਜਿੱਥੇ ਸਭ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਇਸੇ ਸੰਦਰਭ ਵਿਚ ਗਿਆਨੀ ਗਿਆਨ ਸਿੰਘ ਜੀ ਦਾ ਰਚਿਤ ਇਕ ਕਬਿੱਤ ਵੀ
ਕਮਾਲ ਦਾ ਹੈ :
ਮੰਦਰ ਰਚਾਯੋ ਅਤਿ ਸੁੰਦਰ ਅਪਾਰ ਗੁਰੁ, ਮੁਕਤਿ ਚਤੁਰ ਦਾਇ ਜਾਂਹਿ ਦ੍ਵਾਰ ਚਾਰ ਹੈਂ।
ਚਮਕ ਦਮਕ ਚਾਰੁ ਚਾਰਿ ਦਿਸਹੂੰ ਤੇ ਚਾਰਿ,ਚਾਰਿ ਹੀ ਬਰਨ ਆਇ ਪਾਇ ਫਲ ਚਾਰਿ ਹੈਂ। ਚਾਰ ਚਾਰ ਜਾਮ, ਚਾਰ ਬਰਨ ਕੋ ਉਚਾਰ ਨਾਮ, ਆਸ਼੍ਰਮ ਸੁ ਚਾਰ, ਚੱਕ ਚਾਰ ਕੋ ਵਿਚਾਰ ਹੈਂ। ਸੰਪ੍ਰਦਾਇ ਚਾਰ, ਚਾਰ ਸੰਪਦਾ, ਸਾਧਨ ਚਾਰ, ਚਾਰ ਬੇਦ ਸਾਰ, ਚਾਰ ਦਸ ਲੋਕ ਸਾਰ ਹੈਂ॥
(ਸ੍ਰੀ ਗੁਰੂ ਪੰਥ ਪ੍ਰਕਾਸ਼, ਭਾਗ ਪਹਿਲਾ, ਪੂਰਬਾਰਧ ਬਿਸ੍ਰਾਮ ੧੯)

ਭਾਵ :- ਸਤਿਗੁਰਾਂ ਨੇ ਇਤਨਾ ਸੁੰਦਰ ਰੱਬ ਦਾ ਘਰ (ਹਰਿਮੰਦਰ) ਬਣਾਇਆ ਕਿ ਇਸ ਦੇ ਚਾਰ ਦਵਾਰ, ਚਾਰ ਮੁਕਤੀਆਂ ਦੇਣ ਵਾਲੇ ਹਨ। ‘ਸਮ ਅਰਥ ਕੋਸ਼ ਅਨੁਸਾਰ ਚਾਰ ਮੁਕਤੀਆਂ – 1. ਸਾਲੋਕਯ : ਆਪਣੇ ਇਸ਼ਟ ਦੇ ਲੋਕ ਵਿਚ ਪੁੱਜ ਕੇ ਨਿਵਾਸ ਕਰਨਾ 2. ਹੋਣਾ, 4. ਸਾਯੁਖ : ਉਪਾਸਯ ਨਾਲ ਉਪਾਸ਼ਕ ਦਾ ਜੁੜ ਕੇ ਤਦਰੂਪ ਹੋ ਜਾਣਾ।)
ਸਾਮੀਪਯ : ਇਸ਼ਟ ਦੇ ਨਿਕਟਵਰਤੀ ਹੋਣਾ, 3. ਸਾਰੂਪਯ : ਇਸ਼ਟ ਤੁਲ ਸਰੂਪ ਦਾ
* ਸ੍ਰੀ ਹਰਿਮੰਦਰ ਸਾਹਿਬ ਦੀ ਚਮਕ-ਦਮਕ ਏਨੀ ਸੁੰਦਰ ਕਿ ਚਹੁੰ ਦਰਵਾਜ਼ਿਆਂ ਰਾਹੀਂ ਚਾਰ ਵਰਨਾਂ ਦੇ ਲੋਕ ਚਾਰੇ ਫਲ (ਧਰਮ, ਅਰਥ, ਕਾਮ, ਮੋਖ) ਪ੍ਰਾਪਤ ਕਰ ਲੈਂਦੇ ਹਨ।
* ਸ੍ਰੀ ਹਰਿਮੰਦਰ ਸਾਹਿਬ ਵਿਖੇ ਚਾਰ ਅੱਖਰੇ ਵਾਹਿਗੁਰੂ ਨਾਮ ਦਾ ਉਚਾਰਨ ਏਨੀ ਭਾਵਨਾ ਨਾਲ ਹੁੰਦਾ ਹੈ ਕਿ ਚਾਰੇ ਆਸ਼ਰਮਾਂ ਅਤੇ ਚਹੁੰ ਚੱਕਾਂ ਦੇ ਮਾਲਕ ਪ੍ਰਭੂ ਦਾ ਹੀ ਸਭ ਆ ਕੇ ਵਿਚਾਰ ਕਰਦੇ ਹਨ।
* ਸ੍ਰੀ ਹਰਿਮੰਦਰ ਸਾਹਿਬ ਸੰਪ੍ਰਦਾਵਾਂ (ਉਸ ਸਮੇਂ ਦੀ ਗਿਣਤੀ ਅਨੁਸਾਰ ਚਾਰ)
ਅਤੇ ਆਤਮਿਕ ਵਿਕਾਸ ਦੇ ਚਾਰ ਸਾਧਨ (ਬਿਬੇਕ, ਬੈਰਾਗ, ਖਟ ਸੰਪਤਿ, ਮੁਕਤੀ) ਆਦਿ ਇੱਥੇ ਮਿਲਦੇ ਹਨ। ਅੱਗੇ ਕਵੀ ਨੇ ਨਾਨਕ ਨਿਰਮਲ ਪੰਥ ਦੀ ਮਹਿਮਾ ਵਰਣਨ ਕੀਤੀ ਹੈ ਕਿ ਹੋਰਨਾਂ ਮਤਾਂ ਦੀਆਂ ਸਿੱਖਿਆਵਾਂ ਵਿਚ ਭਟਕਣ ਦੀ ਲੋੜ ਨਹੀਂ ਸਗੋਂ ਸ੍ਰੀ ਹਰਿਮੰਦਰ ਸਾਹਿਬ ਤਾਂ (ਚਾਰ ਦਸ ਲੋਕ ਸਾਰ) ਚੌਦਾਂ ਲੋਕਾਂ ਵਿੱਚੋਂ ਸ੍ਰੇਸ਼ਟ ਹੈ। (ਪੁਰਾਤਨ ਮਾਨਤਾ ਅਨੁਸਾਰ ਸੱਤ ਅਕਾਸ਼ ਤੇ ਸੱਤ ਪਾਤਾਲ ਮੰਨੇ ਗਏ, ਇਨ੍ਹਾਂ ਅਨੁਸਾਰ ਚੌਦਾਂ ਲੋਕਾਂ ਦੀ ਗਿਣਤੀ ਹੈ-ਭੂ, ਭਵ, ਸ੍ਰ. ਮਹਿ, ਜਨ. ਤਪ, ਸਤਯ, ਅਤਲ, ਸੁਤਲ, ਵਿਤਲ, ਤਲਾਤਲ, ਮਹਾਤਲ, ਰਸਾਤਲ, ਪਾਤਾਲ ਆਦਿ)।
ਵਿਸ਼ੇਸ਼ ਗੱਲ ਇਹ ਹੈ ਕਿ ਇਕ ਕਬਿੱਤ ਵਿਚ ਸਭ ਲੋਕ-ਵਿਸ਼ਵਾਸ ਤੇ ਮਾਨਤਾਵਾਂ ਗੁੰਦ ਕੇ ਕਵੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਮਹਿਮਾ ਬਿਆਨ ਕੀਤੀ ਹੈ, ਉਹ ਸਤਿਗੁਰਾਂ ਦੀ ਵੱਡੀ ਬਖ਼ਸ਼ਿਸ਼ ਹੀ ਹੈ। ਇਸੇ ਸੰਦਰਭ ਵਿਚ ਇਕ ਗੁੰਮਨਾਮ ਕਵੀ ‘ਹਰਿਦਾਸ ਜੀ ਦੀ ਰਚਨਾ ਹੈ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਬੈਕੁੰਠ ਨੂੰ ਕਵੀ ਨੇ ਬਰਾਬਰ ਰੱਖ ਕੇ ਵਿਚਾਰ ਕੀਤੀ ਹੈ। ਹੋਇਆ ਕੀ ਕਿ ਸ੍ਰੀ ਹਰਿਮੰਦਰ ਸਾਹਿਬ ਭਾਰਾ (ਗੋਰਾ), ਦੈਵੀ ਰਹਿਮਤਾਂ ਦਾ ਵਜੂਦ ਹੋਣ ਕਰਕੇ ਧਰਤੀ (ਧਰਨੀ) ਉੱਪਰ ਹੀ ਸੁਭਾਇਮਾਨ ਹੈ ਗਿਆ ਪਰ ਇਸ ਦੇ ਮੁਕਾਬਲੇ ਬੈਕੁੰਠ (ਸਵਰਗ) ਹੋਲਾ (ਹੋਰਾ) ਹੋਣ ਕਰਕੇ ਅਕਾਸ਼ ‘ਤੇ ਚਲਾ ਗਿਆ। ਕਵੀ ਦਾ ਮਤ ਹੈ ਕਿ ਐ ਦੁਨੀਆਂ ਦੇ ਲੋਕੋ ! ਬੈਕੁੰਠ (ਸਵਰਗ) ਤਾਂ ਬਹੁਤ ਛੋਟੀ ਪ੍ਰਾਪਤੀ ਹੈ ਪਰ ਇਸ ਦੇ ਸਮ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਬਹੁਤ ਹੀ ਵੱਡੀ ਪ੍ਰਾਪਤੀ ਹੈ। ਤੱਤਸਾਰ ਵਜੋਂ ਸਵਰਗਾਂ ਦੇ ਲਾਰਿਆਂ ‘ਚ ਕਿਧਰੇ ਵੀ ਭਟਕਣ ਦੀ ਲੋੜ ਨਹੀਂ, ਸਗੋਂ ਸ੍ਰੀ ਹਰਿਮੰਦਰ ਸਾਹਿਬ ਆ ਕੇ ਨਮਸਕਾਰ ਕਰੋ, ਕੀਰਤਨ ਸਰਵਣ ਕਰੋ ਬੰਦਗੀ-ਸਿਮਰਨ ਕਰੋ। ਇੱਥੇ ਅਕਾਲ ਪੁਰਖ ਦੀਆਂ ਸਭ ਬਖ਼ਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ।
ਕਾਵਿ-ਰੂਪ ਇਉਂ ਹੈ :
ਹਰਿਮੰਦਰ ਬੈਕੁੰਠ ਕੋ, ਤੋਲਿਓ ਹਰਿ ਹਰਿ ਦਾਸ। ਗੋਰਾ ਸੁ ਧਰਨੀ ਰਹਿਓ, ਹੋਰਾ ਚੜਿਓ ਅਕਾਸ਼।
(ਪੁਸਤਕ- ਅੰਮ੍ਰਿਤਸਰ ਮਹਿਮਾ ਕੋਸ਼, ਪੰਨਾ ੩੬)
ਸ੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਨਹੀਂ, ਸਗੋਂ ਹਰਿ (ਰੱਬ) ਦਾ ਮੰਦਰ (ਘਰ) ਭਾਵ ਰੱਬ ਦਾ ਘਰ ਹੈ। ਇੱਥੇ ਸਦਾ ਬਖ਼ਸ਼ਿਸ਼ਾਂ ਦੀ ਬਰਸਾਤ ਹੁੰਦੀ ਹੈ। ਇੱਥੇ ਅਕਾਲ ਪੁਰਖ ਕੀਰਤਨ ਰੂਪ ਹੋ ਕੇ ਸੁਭਾਇਮਾਨ ਹੈ। ਕਰਤੇ ਦੀ ਕੀਰਤੀ ਦਾ ਪ੍ਰਤਾਪ ਤੇ ਕਰਤਾਰੀ ਰਹਿਮਤਾਂ ਦੀ ਇਹ ਕਰਮ-ਭੂਮੀ ਹੈ। ਇੱਥੇ ਸਰੋਵਰ ਕੇਵਲ ਪਾਣੀ ਰੂਪ ਨਹੀਂ, ਸਗੋਂ ਬਾਣੀ ਤੇ ਬੰਦਗੀ ਦੀਆਂ ਬਰਕਤਾਂ ਸਦਕਾ ਅੰਮ੍ਰਿਤਮਈ ਜਲ ਹੈ ਤੇ ਇਹਦਾ ਚੂਲਾ ਸਿਦਕਵਾਨਾਂ ਲਈ ਚਾਤ੍ਰਿਕ ਦੀ ਤਰਾਂ ਸਵਾਂਤੀ ਬੂੰਦ ਹੈ। ਇਹ ਸਤਿਗੁਰਾਂ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਬਿਬੇਕੀਆਂ ਲਈ ਬਰਕਤਾਂ ਦਾ ਭੰਡਾਰ ਹੈ। ਕਈ ਵਾਰ ਇਉਂ ਜਾਪਦਾ ਹੈ ਕਿ ਬੇਰ ਬਾਬਾ ਬੁੱਢਾ ਜੀ ਗੌਰਵਮਈ ਇਤਿਹਾਸ ਸੁਣਾਉਂਦੀ ਹੋਈ ਨਿਰਮਲ ਪੰਥ ਦੀਆਂ ਪਰੰਪਰਾਵਾਂ ਨਿਭਾਉਣ ਵਾਸਤੇ ਹਰੇਕ ਸਿੱਖ ਨੂੰ ਪ੍ਰੇਰਦੀ ਹੈ। ਦੁੱਖ ਭੰਜਨੀ ਬੇਰ ਕੇਵਲ ਸਧਾਰਨ ਰੁੱਖ ਨਹੀਂ, ਸਗੋਂ ਇਹ ਤਾਂ ਹਰੇਕ ਚੁੱਭੀ ਲਾਉਣ ਵਾਲੇ ਸ਼ਰਧਾਲੂ ਨੂੰ ਪ੍ਰਭੂ-ਨਾਮ ਜਪਾਉਂਦੀ ਹੈ ਤੇ ਸੰਦੇਸ਼ ਦਿੰਦੀ ਹੈ ਕਿ ਭਲਿਓ ! ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਤਾਂ ਬੇਰੀਆਂ ਵਿਚ ਵੀ ਬੇਅੰਤ ਬਰਕਤਾਂ ਹਨ। ਤੁਸੀਂ ਇਹ ਦਰ ਛੱਡ ਕੇ ਹੋਰ ਕਿਧਰੇ ਨਾ ਭਟਕਦੇ ਰਹਿਓ। ਅੱਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸੀਸ-ਭੇਂਟ ਸਥਾਨ ਸ਼ਰਧਾਵਾਨਾਂ ਨੂੰ ਸੀਸ ਨਿਵਾਉਣ ਲਈ ਪ੍ਰੇਰਦਾ ਹੈ ਕਿ ਗੁਰੂ-ਪਿਆਰਿਓ ! ਇਹ ਸਬਕ ਪੱਲੇ ਬੰਨ੍ਹ ਕੇ ਲਿਜਾਇਓ ਕਿ ਸਿੱਖੀ-ਸਿਦਕ ਤੋਂ ਨਾ ਡੋਲਿਓ ਤੇ ਹਮੇਸ਼ਾਂ ਸੋਚਾਂ ਵਿਚ ਗੁਰੂ-ਪਿਆਰ ਰੱਖਿਓ। ਧਰਮੀਆਂ ਦੇ ਕਥਨ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਹਰ ਸਿੱਲ ਉੱਤੇ ਯੋਧਿਆਂ ਦੇ ਬੇਅੰਤ ਸੀਸ ਕੁਰਬਾਨ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਇਕ ਪੈਗਾਮ ਹੈ, ਇੱਥੋਂ ਦੁਨਿਆਵੀ ਗੱਲਾਂ ਕਰਦਿਆਂ ਨਾ ਲੰਘ ਜਾਣਾ ! ਬਾਣੀ ਦਾ ਜਾਪ ਕਰਨਾ। ਸਾਨੂੰ ਇੱਕ-ਇੱਕ ਕਦਮ ਪਰਿਕਰਮਾ ਕਰਨ ਦਾ ਅਧਿਕਾਰ ਬੇਅੰਤ ਧਰਮੀ ਸੂਰਮਿਆਂ ਦੀ ਕੁਰਬਾਨੀ ਨੇ ਲੈ ਕੇ ਦਿੱਤਾ ਹੈ। ਉਨ੍ਹਾਂ ਦੀ ਕੁਰਬਾਨੀ ਦਾ ਧਿਆਨ ਧਰ ਕੇ ਅਗਲਾ ਕਦਮ ਪੁੱਟਦੇ ਚਲੇ ਜਾਣਾ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਜਗਦੀ ਜੋਤ ਕੁਝ ਕੁ ਤਰਕਵਾਦੀਆਂ ਲਈ ਘਿਓ ਦਾ ਦੀਵਾ ਹੈ ਪਰ ਇਹ ਕੋਣ ਜਾਣੇ ਕਿ ਇਸ ਜੋਤ ਨੂੰ ਅਨੇਕਾਂ ਪੰਥ-ਦੋਖੀਆਂ ਨੇ ਬੁਝਾਉਣਾ ਚਾਹਿਆ, ਪਰੰਤੂ ਧਰਮੀ ਮਰਜੀਵੜਿਆਂ ਨੇ ਬੇਅੰਤ ਕੁਰਬਾਨੀਆਂ ਦੇ ਕੇ ਜੋਤ ਜਗਦੀ ਰੱਖੀ। ਜੇਕਰ ਇਹ ਪ੍ਰਕਾਸ਼ਮਾਨ ਹੈ ਤਾਂ ਇਉਂ ਸਮਝੀਏ ਕਿ ਇਸ ਵਿਚ ਸੂਰਮਿਆਂ ਦਾ ਰੱਤ ਰੂਪੀ ਤੇਲ ਹੈ, ਜਿਸ ਨੇ ਇਸ ਨੂੰ ਜਗਦਿਆਂ ਰੱਖਿਆ। ਇਹ ਸਾਡੀ ਨਜ਼ਰ ਨੂੰ ਦਿੱਸਦੀ ਰੂੰ ਦੀ ਬੱਤੀ ਕੇਵਲ ਰੂੰ ਦੀ ਵੱਟੀ ਨਹੀਂ, ਸਗੋਂ ਧਰਮੀ ਰੂਹਾਂ ਦੇ ਸਿਦਕ ਦੀ ਵੱਟੀ ਹੈ। ਇਸ ਦਾ ਪ੍ਰਕਾਸ਼ ਸੱਚੇ ਧਰਮ, ਸਿਦਕ ਤੇ ਗੁਰੂ-ਭਰੋਸੇ ਦਾ ਹੈ। ਸਾਡੀ ਵਿਆਖਿਆਕਾਰੀ ਦੇ ਸ਼ਬਦ ਉਣੇ ਤੇ ਨਿਗੂਣੇ ਹੋ ਸਕਦੇ ਹਨ ਪਰ ਇਸ ਜੋਤ ਦੇ ਜਗਣ ਪਿੱਛੇ ਵੱਡਾ ਸੰਘਰਸ਼ ਤੇ ਕੌਮੀ ਇਤਿਹਾਸ ਹੈ। ਇਹਨੂੰ ਜ਼ੁਲਮੀ ਝੱਖੜ ਤੇ ਹਨੇਰੀਆਂ ਬੁਝਾ ਨਹੀਂ ਸਕੀਆਂ। ਇਹ ਹਰ ਯੁੱਗ ਵਿਚ ਧਰਮ ਦੀ ਜੈਕਾਰ, ਹੱਕ-ਸੱਚ ਤੇ ਫ਼ਤਹਿ ਦੀ ਗਵਾਹ ਹੈ ਅਤੇ ਜੁਗਾਂ-ਜੁਗਾਂਤਰਾਂ ਤੱਕ ਹਨੇਰਿਆਂ ਨਾਲ ਟਕਰਾਉਣ ਅਤੇ ਪ੍ਰਕਾਸ਼ਮਈ ਰਹਿਣ ਦੀ ਗਵਾਹੀ ਹੈ। ਭਲਿਓ ਪੁਰਸ਼ੋ ! ਇਹ ਬ੍ਰਾਹਮਣਵਾਦੀ ਨਹੀਂ, ਸਗੋਂ ਨਾਨਕਵਾਦੀ ਪੰਥ-ਪ੍ਰਸਤਾਂ ਦੇ ਸੱਚੇ ਧਰਮ, ਬੰਦਗੀ, ਸਿਮਰਨ, ਸਿਦਕ, ਬਿਬੇਕ, ਦ੍ਰਿੜਤਾ ਅਤੇ ਆਪਣੀ ਨਿਆਰੀ ਹੋਂਦ ਕਾਇਮ ਰੱਖਣ ਦੀ ਸਦੀਵੀ ਮਿਸਾਲ ਹੈ।
ਸਮਾਂ ਕੋਈ ਵੀ ਹੋਵੇ, ਇੱਥੇ ਪੰਥ-ਦੋਖੀ ਤਾਕਤਾਂ ਜਾਂ ਸੋਚਾਂ ਇਕ ਗੱਲ ਤਾਂ ਮੰਨਦੀਆਂ ਰਹੀਆਂ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦੀ ਦੁਨਿਆਵੀ ਤੇ ਰੂਹਾਨੀਅਤ ਸ਼ਕਤੀ ਦਾ ਮੁੱਖ ਕੇਂਦਰ ਹੈ। ਇਸ ਵਿਸ਼ਵ-ਸ਼ਾਂਤੀ ਅਤੇ ਵਿਸ਼ਵ-ਪਿਆਰ ਦੇ ਪ੍ਰਤੀਕ, ਗੁਰੂ-ਵਰੋਸਾਏ ਕੇਂਦਰੀ ਸਥਾਨ ਨੂੰ ਕੁਝ ਹਉਮੈਂ ਦੇ ਸਤਾਏ ਹੋਏ ਲੋਕ ਤਬਾਹ ਕਰਨ ਆਏ ਤਾਂ ਉਹ ਖ਼ੁਦ ਹੀ ਤਬਾਹ ਹੋ ਗਏ, ਜੋ ਇਸ ਦਾ ਇਤਿਹਾਸ ਗਵਾਹ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਇੱਕ-ਇੱਕ ਇੱਟ ਨਾਲ ਸਿੱਖ ਕੌਮ ਦੇ ਹਿਰਦੇ ਦੀ ਸਾਂਝ ਹੈ। ਜਿਹੜਾ ਕੇਂਦਰੀ ਸਥਾਨ ਕੌਮ ਦੇ ਦਿਲਾਂ ‘ਚ ਵੱਸਦਾ ਹੋਵੇ ਉਸ ਦੇ ਜਲੌ, ਪ੍ਰਤਾਪ ਤੇ ਸ਼ਕਤੀ ਅੱਗੇ ਬਾਕੀ ਤਾਕਤਾਂ ਨਿਗੂਣੀਆਂ ਹੀ ਰਹਿਣਗੀਆਂ।
ਇਹ ਪ੍ਰਭੂ-ਸਿਫਤੀ ਦਾ ਘਰ ਹੈ। ਇੱਥੇ ਗੂੰਜਦੀ ਅੰਮ੍ਰਿਤਮਈ ਬਾਣੀ, ਇੱਥੋਂ ਦਾ ਅੰਮ੍ਰਿਤਮਈ ਜਲ, ਅੰਮ੍ਰਿਤਮਈ ਕੜਾਹ ਪ੍ਰਸ਼ਾਦ, ਇੱਥੋਂ ਦੀਆਂ ਅੰਮ੍ਰਿਤਮਈ ਪਰੰਪਰਾਵਾਂ ਅੰਮ੍ਰਿਤ ਭਰਪੂਰ ਜੀਵਨ ਜੀਊਣ ਦੀਆਂ ਪ੍ਰੇਰਕ ਸ਼ਕਤੀਆਂ ਹਨ। ਇਸ ਨਿਬੰਧ ਦੇ ਆਦਿ ਵਿਚ ਦਰਜ ਸ਼ਬਦ ਪੰਚਮ ਪਾਤਸ਼ਾਹ ਜੀ ਦੀ ਇਸ ਸਰਵੋਤਮ ਸਥਾਨ ਬਾਰੇ ਮੋਹਰ ਛਾਪ ਹੈ, ਜਿਸ ਦੇ ਭਾਵ-ਅਰਥ ਹਨ :-
‘ਅਸੀਂ ਸਭ ਸਥਾਨ ਦੇਖੇ ਹਨ ਪਰੰਤੂ ਹੇ ਹਰਿਮੰਦਰ ਜੀ ! ਤੇਰੇ ਵਰਗਾ ਹੋਰ ਕੋਈ ਸਥਾਨ ਨਹੀਂ ਹੈ। ਤੈਨੂੰ ਉਸ ਅਕਾਲ (ਪੁਰਖ) ਨੇ ਬਣਾਇਆ (ਬਧਹੁ) ਹੈ। ਇਹ ਸਭਸਿਰਜਣਾ ਉਸ ਸਿਰਜਨਹਾਰ (ਬਿਧਾਤੈ) ਦੀ ਹੈ, ਤਾਂ ਤੂੰ ਸੋਹਣਾ (ਸੋਹਿਆ) ਦਿਸਦਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਪੁਰੀ (ਰਾਮਦਾਸਪੁਰ) ਜਿੱਥੇ ਉੱਚ ਆਤਮਿਕ ਗੁਣਾਂ ਵਾਲੀ ਵਸੋਂ ਸੰਘਣੀ (ਸਘਨ), ਬੇਅੰਤ (ਅਪਾਰ), ਉਪਮਾ ਰਹਿਤ (ਅਨੂਪ) ਹੈ। ਅੰਤਲੀ ਪੰਕਤੀ ‘ਚ ਸਤਿਗੁਰੂ ਫ਼ਰਮਾਉਂਦੇ ਹਨ ਕਿ ਹੇ ਸੰਗੀ-ਜਨੋਂ ! ਇੱਥੇ ਸਰਬ ਪਾਪ ਦੂਰ ਹੁੰਦੇ ਹਨ। ਜਗਿਆਸੂ ਦਾ ਪ੍ਰਸ਼ਨ ਹੋ ਸਕਦਾ ਹੈ ਕਿੱਥੇ ? ਅੱਗੇ ਉੱਤਰ ਹੈ— “ਨਾਇਐ ਰਾਮਦਾਸ ਸਰ’। ਇਸ ਦੇ ਵਿਦਵਾਨਾਂ ਨੇ ਦੋ ਅਰਥ ਕੀਤੇ ਹਨ ਅਤੇ ਦੋਨਾਂ ਦਾ ਹੀ ਮਹਾਤਮ ਹੈ। ਪਹਿਲਾ- ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਕਰ ਕੇ ਅਤੇ ਦੂਜਾ- ਨਾਮ ਰੂਪੀ ਅੰਮ੍ਰਿਤ ਦੇ ਸਰੋਵਰ ਵਿਚ ਇਸ਼ਨਾਨ ਕਰ ਕੇ। ਇਹ ਤਨ ਤੇ ਮਨ ਦਾ ਇਸ਼ਨਾਨ ਹੈ ਅਤੇ ਦੋਨਾਂ ਦੀ ਸਫਲਤਾ ਇਕ ਦੂਜੇ ਉੱਪਰ ਨਿਰਭਰ ਹੈ। ਇਸ ਘਰ ਦੀ ਸੰਪੂਰਨ ਤੇ ਸਫਲ ਯਾਤਰਾ ਲਈ ਦੋਵੇਂ ਹੀ ਇਸ਼ਨਾਨ ਜ਼ਰੂਰੀ ਹਨ।

ਡਾ . ਇੰਦਰਜੀਤ ਸਿੰਘ ਗੋਗੋਆਣੀ