51 views 31 secs 0 comments

ਮਾਤਾ ਖੀਵੀ ਜੀ

ਲੇਖ
August 06, 2025

ਕਿਸੇ ਵੀ ਸਮਾਜ ਦੀ ਉਚਾਈ ਮਾਪਣ ਦਾ ਸਭ ਤੋਂ ਸਹੀ ਪੈਮਾਨਾ ਸਿਆਣਿਆਂ ਨੇ ਸਮਾਜ ਵਿਚ ਔਰਤ ਨੂੰ ਦਿੱਤਾ ਦਰਜਾ ਗਿਣਿਆ ਹੈ। ਜਿਸ ਸਮਾਜ ਵਿਚ ਨਾਰੀ ਨੂੰ ਢੋਰ, ਪਸ਼ੂ ਤੇ ਗਵਾਰ ਨਾਲ ਤੁਲਣਾ ਦੇ ਕੇ ਤਾੜਨ ਦਾ ਅਧਿਕਾਰੀ ਕਿਹਾ ਜਾਂਦਾ ਹੋਵੇ, ਉਹ ਸਮਾਜ ਕਿਸੇ ਵੀ ਪੱਖੋਂ ਉੱਚਾ ਨਹੀਂ ਕਿਹਾ ਜਾ ਸਕਦਾ। ਜਿਥੇ ਔਰਤ ਨੂੰ ‘ਗੁਨਾਹਾਂ ਦੀ ਪੰਡ’ ਤੇ ‘ਕੁਦਰਤ ਦੀ ਮਜ਼ੇਦਾਰ ਗਲਤੀ’ ਆਖ ਕੇ ਖਿਲੀ ਉੱਡਾਈ ਜਾਂਦੀ ਹੋਵੇ, ਉਹ ਸਮਾਜ ਨਿੰਦਾ ਦਾ ਹੀ ਪਾਤਰ ਹੈ। ਗੁਰੂ ਨਾਨਕ ਦੇਵ ਜੀ ਜਿਥੇ ਧਰਮਾਂ, ਵਰਨਾਂ, ਨਸਲਾਂ, ਕੌਮਾਂ, ਬੋਲੀਆਂ ਦੇ ਵਿਤਕਰੇ ਮੋਟਣ ਆਏ ਸਨ, ਉਥੇ ਉਹ ਜਿਨਸਾਂ ਦੇ ਵਿਖੇਵੇਂ ਵੀ ਮਿਟਾ ਕੇ ਗਏ। ਉਨ੍ਹਾਂ ਨੇ ਜਿਸ ਬਰਤਨ ਵਿਚੋਂ ਖਾਂਦੇ ਹੋ, ਉਸੇ ਵਿਚ ਛੇਕ ਕਰਨ ਦੀ ਨੀਤੀ ਨੂੰ ਅਤਿ ਮਾੜਾ ਆਖਿਆ, ਜਿਸ ਭਾਂਡੇ ਕਾਰਨ ਉਹ ਹੋਂਦ ਵਿਚ ਆਇਆ, ਉਸ ਦੇ ਵਿਰੁੱਧ ਕੁਬੋਲ ਬੋਲਣ ਤੋਂ ਆਪ ਜੀ ਨੇ ਧਰਮ ਦੇ ਰਾਖੇ ਆਗੂਆਂ ਨੂੰ ਵਰਜਿਆ । ਉਨ੍ਹਾਂ ਉਚੀ ਆਵਾਜ਼ ਨਾਲ ਉਸ ਧਿਙਾਣੇ ਦਾ ਜ਼ਿਕਰ ਕੀਤਾ, ਜੇ ਪੁਰਸ਼ ਨਾਰੀ ਉਤੇ ਕਰ ਰਿਹਾ ਸੀ । ਗੁਰੂ ਨਾਨਕ ਦੇਵ ਜੀ ਨੇ ਆਪਣੇ ਰਾਖਵੇਂ ਢੰਗ ਨਾਲ ਬ੍ਰਾਹਮਣ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਪਾਸੇ ਤੁਸੀਂ ਲੋਕ ਰਾਜਿਆਂ ਨੂੰ ਨਿਹਕਲੰਕੀ ਆਖਦੇ ਨਹੀਂ ਥੱਕਦੇ ਤੇ ਦੂਜੇ ਪਾਸੇ ਰਾਜੇ ਨੂੰ ਜਨਮ ਦੇਣ ਵਾਲੀ ਨੂੰ ਕਲੰਕਣੀ ਕਹਿੰਦੇ ਹੋ, ਇਹ ਕਿਵੇਂ ਫੱਬਦਾ ਹੈ। ਗੁਰੂ ਨਾਨਕ ਦੇਵ ਜੀ ਜਿਸ ਸਮਾਜ ਦੀ ਉਸਾਰੀ ਕਰ ਰਹੇ ਹਨ, ਉਸ ਵਿਚ ਇਸਤ੍ਰੀ ਨਿੰਦਨਈ ਨਹੀਂ, ਸਗੋਂ ਸਤਿਕਾਰੀ ਜਾਵੇਗੀ ਤੇ ਯੋਗ ਥਾਂ ਪਾਏਗੀ ।
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਅੰਗ-੪੭੩)
ਇਸੇ ਪਾਸੇ ਦਾ ਇਕ ਭਾਵ ਪੂਰਤ ਫੁਰਮਾਨ ਸੀ । ਉਸ ਹੁਕਮ ਦਾ ਪ੍ਰਤੱਖ ਰੂਪ ‘ਸਤੇ ਅਤੇ ਬਲਵੰਡ ਜੀ ਦੀ ਆਖੀ ਰਾਮਕਲੀ ਦੀ ਵਾਰ’ ਵਿਚ ਦੇਖਿਆ ਜਾ ਸਕਦਾ ਹੈ।
ਜੇ ਮੈਂ ਭੁੱਲਦਾ ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ‘ਗੁਰੂ’ ਤੇ ‘ਭਗਤ’ ਤੋਂ ਇਲਾਵਾ ਕਿਸੇ ਦੀ ਉਪਮਾ ਨਹੀਂ ਹੈ। ਸਿਰਫ ਦੋ ਥਾਵਾਂ, ਇਕ ਰਾਮਕਲੀ ਦੀ ਵਾਰ ਜੋ ਸਤੇ ਤੇ ਰਾਇ ਬਲਵੰਡ ਜੀ ਨੇ ਆਖੀ ਹੈ ਤੇ ਦੂਜੇ ‘ਰਾਮਕਲੀ ਸਦ’ ਵਿਚ ‘ਗੁਰੂ-ਪਤਨੀ’ ਤੇ ‘ਗੁਰੂ ਸੰਤਾਨ’ ਦੀ ਉਪਮਾ ਹੈ। ਰਾਮਕਲੀ ਸਦ ਵਿਚ ‘ਮੇਹਰੀ ਪੁੱਤ ਸਨਮੁਖ ਹੋਆ’ ਕਹਿ ਕੇ ਸਤਿਕਾਰਿਆ ਹੈ ਤੇ ਬਲਵੰਡ ਜੀ ਨੇ ਪੂਰੀ ਇਕ ਪਉੜੀ ਗੁਰੂ ਅੰਗਦ ਸਾਹਿਬ ਦੀ ਸੁਪਤਨੀ ਦੀ ਉਪਮਾ ਵਿਚ ਲਿਖੀ ਹੈ। ਬਲਵੰਡ ਜੀ ਨੇ ਪਹਿਲੀਆਂ ਦੇ ਪਉੜੀਆਂ ਵਿਚ ਗੁਰੂ ਨਾਨਕ ਜੀ ਦੀ ਇਸ ਵਡਿਆਈ ਦਾ ਵਰਣਨ ਕੀਤਾ ਹੈ, ਜਿਸ ਅਨੁਸਾਰ ਉਨ੍ਹਾਂ ਆਪਣੇ ਸੇਵਕ ਬਾਬਾ ਲਹਿਣਾ ਜੀ ਅੱਗੇ ਮੱਥਾ ਟੇਕਿਆ ਤੇ ਆਪਣੇ ਜੀਉਂਦਿਆਂ ਹੀ ਗੁਰਗੱਦੀ ਬਖਸ਼ੀ ਦੂਜੀ ਪਉੜੀ ਵਿਚ ਬਲਵੰਡ ਜੀ, ਬਾਬਾ ਲਹਿਣਾ ਜੀ ਨੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮਾਂ ਨੂੰ ਕਮਾਇਆ ਦੱਸਦੇ ਹਨ: ਉਹ ਸਿਲ ਅਲੂਣੀ ਚਟਣ ਵਾਂਗ ਬੜੀ ਕਰੜੀ ਕਾਰ ਹੈ, ਪਰ ਗੁਰੂ ਜੀ ਉਸਨੂੰ ਬੜੀ ਅਸਾਨੀ ਨਾਲ ਨਿਭਾ ਰਹੇ ਹਨ। ਬਾਬਾ ਲਹਿਣਾ ਜੀ ਅਕਾਲ ਪੁਰਖ ਵਲੋਂ ਮਿਲੀ ਨਾਮ-ਦਾਤਿ ਵੰਡ ਰਹੇ ਹਨ, ਆਪ ਵੀ ਵਰਤਦੇ ਹਨ, ਤੇ ਹੋਰਨਾਂ ਨੂੰ ਵੀ ਖੁਲ੍ਹੇ ਹੱਥੀਂ ਵੰਡ ਰਹੇ ਹਨ। ਗੁਰੂ ਸ਼ਬਦ ਦਾ ਲੰਗਰ ਚਲ ਰਿਹਾ ਹੈ ਪਰ ਗੁਰੂ ਅੰਗਦ ਜੀ ਦੀ ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ। ਤੀਜੀ ਪਉੜੀ ਵਿਚ ਬਲਵੰਡ ਜੀ ਹੁਣ ਦੂਜੇ ਲੰਗਰ ਦਾ ਜ਼ਿਕਰ ਕਰਦੇ ਹਨ। ਜੋ ਉਧਰ ਸ਼ਬਦ ਦੀ ਦੌਲਤ ਗੁਰੂ ਅੰਗਦ ਜੀ ਖੁਲ੍ਹੇ ਹੱਥੀਂ ਵੰਡ ਰਹੇ ਸਨ ਤਾਂ ਇਧਰ ਉਨ੍ਹਾਂ ਦੀ ਧਰਮ ਪਤਨੀ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ। ਕੈਸੀ ਸਮ-ਦ੍ਰਿਸ਼ਟੀ ਹੈ, ਮਾਤਾ ਖੀਵੀ ਜੀ ਦੀ! ਕਿਤਨਾ ਉਦਾਰ-ਚਿਤ ਹੈ, ਉਨ੍ਹਾਂ ਦਾ ਸੁਭਾਉ! ਕਿਤਨੇ ਮਿੱਠੇ ਹਨ ਉਨ੍ਹਾਂ ਦੇ ਬਚਨ! ਕਿਤਨੀ ਕਰੜੀ ਹੈ ਉਨ੍ਹਾਂ ਦੀ ਘਾਲ! ਖਸਮ ਦੇ ਦਰ ਉਹ ਤਾਂ ਹੀ ਕਬੂਲ ਹੋਏ ਜਦ ਉਨ੍ਹਾਂ ਇਸਤ੍ਰੀ ਹੋ ਕੇ ਮਰਦਾਂ ਵਾਲੀ ਘਾਲ ਘਾਲੀ। ਅਸਲ ਗੱਲ ਇਹ ਹੈ ਕਿ ਉਨ੍ਹਾਂ ਦਾ ਪਤੀ ਗੁਰੂ ਅੰਗਦ ਦੇਵ ਜੀ ਹੀ ਐਸਾ ਸੀ, ਜਿਸ ਨੇ ਸਾਰੀ ਧਰਤੀ ਦਾ ਭਾਰ ਚੁੱਕ ਲਿਆ ਹੋਇਆ ਸੀ:
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥ ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥ (ਅੰਗ ੯੬੭)
ਬਲਵੰਡ ਜੀ ਦੇ ਆਪਣੇ ਸ਼ਬਦਾਂ ਵਿਚ ‘ਮਾਤਾ ਖੀਵੀ ਜੀ ਆਪਣੇ ਪਤੀ ਵਾਂਗ ਬਹੁਤ ਭਲੇ ਹਨ, ਮਾਤਾ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ ਹੈ, ਸੰਘਣੀ ਹੈ। ਜਿਵੇਂ ਮਾਂ ਦੀ ਠੰਢੀ ਛਾਂ ਹੈ, ਇਸੇ ਤਰ੍ਹਾਂ ਉਨ੍ਹਾਂ ਪਾਸ ਬੈਠਿਆਂ ਵੀ ਹਿਰਦੇ ਵਿਚ ਸ਼ਾਂਤੀ ਤੇ ਠੰਢ ਪੈਂਦੀ ਹੈ, ਜਿਵੇਂ ਗੁਰੂ ਅੰਗਦ ਦੇਵ ਜੀ ਸਤਿਸੰਗ ਰੂਪੀ ਲੰਗਰ ਵਿਚ ਨਾਮ ਦੀ ਦਉਲਤ ਵੰਡੀ ਜਾ ਰਹੇ ਸਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਵੰਡ ਰਹੇ ਹਨ। ਤਿਵੇਂ ਮਾਤਾ ਜੀ ਦੀ ਸੇਵਾ ਸਦਕਾ ਸਾਰਿਆਂ ਨੂੰ ਘਿਓ ਵਾਲੀ ਖੀਰ ਮਿਲ ਰਹੀ ਹੈ। ਜੋ ਮਾਤਾ ਜੀ ਦੇ ਨੇੜੇ ਆਉਂਦੇ ਹਨ, ਉਨ੍ਹਾਂ ਗੁਰਸਿੱਖਾਂ ਦੇ ਮੱਥੇ ਖਿੜ ਜਾਂਦੇ ਹਨ ਤੇ ਈਰਖਾਲੂਆਂ ਬੇ-ਮੁੱਖਾਂ ਦੇ ਮੂੰਹ ਪੀਲੇ ਪੈ ਰਹੇ ਹਨ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।। ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ।। (ਅੰਗ ੯੬੭)

ਉਸ ਨੇਕ ਜਨ ਮਾਤਾ ਖੀਵੀ ਦਾ ਜਨਮ ਖਡੂਰ ਦੇ ਲਾਗੇ ਸੰਘਰ ਵਿਖੇ ਭਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ। ਦੇਵੀ ਚੰਦ ਜੀ ਇਕ ਵੱਡੇ ਹਟਵਾਣੀਏ ਤੇ ਸ਼ਾਹੂਕਾਰ ਸਨ । ਵੀਰਾਈ ਜੀ, ਜੋ ਚੌਧਰੀ ਤਖ਼ਤ ਮਲ, ਮੱਤੇ ਦੀ ਸਰਾਂ ਵਾਲਿਆਂ ਦੀ ਪੁੱਤਰੀ ਸੀ, ਨੇ ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ ਨਾਲ ਪੱਕਾ ਕਰਾ ਦਿੱਤਾ। ਮਹਾਨ ਕੋਸ਼ ਦੇ ਵਿਦਵਾਨ ਲਿਖਾਰੀ ਅਨੁਸਾਰ ਮਾਤਾ ਖੀਵੀ ਜੀ ਦੀ ਸ਼ਾਦੀ ਸੰਨ ੧੫੧੯ ਈ: ਵਿਚ ਹੋਈ। ਜਦ ਕੁਝ ਕਾਰਨਾਂ ਕਰਕੇ ਚੌਧਰੀ ਤਖ਼ਤ ਮਲ ਨੇ ਭਾਈ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਨੂੰ ਨੌਕਰੀ ਤੋਂ ਅੱਡ ਕਰ ਦਿੱਤਾ ਤਾਂ ਭਾਈ ਦੇਵੀ ਚੰਦ ਜੀ ਨੇ ਬਾਬਾ ਫੇਰੂ ਜੀ ਤੇ ਭਾਈ ਲਹਿਣਾ ਜੀ ਨੂੰ ਸੰਘਰ ਹੀ ਲੈ ਆਂਦਾ । ਬਾਬਾ ਫੇਰੂ ਜੀ ਨੇ ਹਰੀ ਕੇ ਪੱਤਣ ਦੁਕਾਨ ਪਾ ਲਈ ਪਰ ਛੇਤੀ ਹੀ ਖਡੂਰ ਮੁੜ ਆਏ ਤੇ ਸ਼ਾਹੂਕਾਰਾ ਕਰਨ ਲਗੇ ਅਤੇ ਨਾਲ ਦੁਕਾਨ ਵੀ ਰੱਖੀ । ੧੫੨੬ ਈ. ਨੂੰ ਬਾਬਾ ਫੇਰੂ ਜੀ ਚੜ੍ਹਾਈ ਕਰ ਗਏ ਤੇ ਸਾਰਾ ਕੰਮ ਕਾਜ ਭਾਈ ਲਹਿਣਾ ਜੀ ਨੇ ਸੰਭਾਲ ਲਿਆ । ਬਾਬਾ ਫੇਰੂ ਜੀ ਨਾ ਸਿਰਫ ਦੇਵੀ ਭਗਤ ਸਨ ਸਗੋਂ ਹਰ ਸਾਲ ਪਹਾੜਾਂ ਵਾਲੀ ਦੇਵੀ ਦੇ ਦਰਸ਼ਨ ਨੂੰ ਜੱਥਾ ਵੀ ਲੈ ਜਾਂਦੇ ਸਨ ਅਤੇ ਉਸ ਸੰਗ ਦੇ ਜਥੇਦਾਰ ਵੀ ਸਨ। ਪਿਤਾ ਦੀ ਮੌਤ ਉਪਰੰਤ ਜਿਥੇ ਘਰ ਦੀ ਜ਼ੁੰਮੇਵਾਰੀ ਉਨ੍ਹਾਂ ‘ਤੇ ਪਈ, ਉਥੇ ਸੰਗ ਨੂੰ ਲੈ ਜਾਣ ਦੀ ਜਥੇਦਾਰੀ ਵੀ ਉਨ੍ਹਾਂ ਸਿਰ ਆਈ।
ਉਹ ਕਈ ਸਾਲ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ। ਇਕ ਵਾਰੀ ਖਡੂਰ ਸਾਹਿਬ ਵਿਖੇ ਹੀ ਭਾਈ ਜੋਧ ਜੀ ਦੇ ਮੁਖੋਂ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਕਰਤਾਰਪੁਰ ਜਾਣ ਦੀ ਵਿਚਾਰ ਬਣਾਈ। ਸੰਗ ਦੇ ਸਾਥੀਆਂ ਨੂੰ ਰਾਹ ਵਿਚ ਛਡ ਕੇ ਕਰਤਾਰਪੁਰ ਆਏ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਉਥੇ ਹੀ ਟਿਕਣ ਦਾ ਮਨ ਬਣਾ ਲਿਆ।
ਇਹ ਸੰਕਲਪ ਉਨ੍ਹਾਂ ੧੫੩੨ ਈ: ਵਿਚ ਕੀਤਾ। ਭਾਈ ਦਾਸੂ ਜੀ ਤੇ ਬੀਬੀ ਅਮਰੋ ਜੀ ਦਾ ਜਨਮ ਹੋ ਚੁੱਕਾ ਸੀ। ਜੱਥਾ ਜੰਮੂ ਤੋਂ ਪਹਾੜ ਵਾਲੀ ਦੇਵੀ ਦੇ ਦਰਸ਼ਨ ਕਰ ਖਡੂਰ ਮੁੜ ਆਇਆ ਪਰ ਜਥੇਦਾਰ ਨਾਲ ਨਾ ਦੇਖ ਜੋ ਕਿਸੇ ਦੇ ਮੂੰਹ ਵਿਚ ਆਇਆ, ਬਾਬਾ ਲਹਿਣਾ ਜੀ ਲਈ ਕਿਹਾ ਕਿ-
“ਤੇਰਾ ਪਤੀ, ਤੇਰਾ ਸਾਥ ਛੱਡ ਕਰਤਾਰਪੁਰ ਦਾ ਹੋ ਗਿਆ।” ਉਸ ਸਮੇਂ ਮਾਤਾ ਖੀਵੀ ਜੀ ਦਾ ਸਿਦਕ ਦੇਖਣ ਵਾਲਾ ਸੀ । ਠੰਢੇ ਸੁਭਾਓ ਦੀ ਮੂਰਤ ਖੀਵੀ ਅਡੋਲ ਰਹੀ। ਜਦ ਫਿਰ ਸਾਰਿਆਂ ਲਾ ਲਾ ਕੇ ਕਿਹਾ-
‘ਲਹਿਣਾ (ਜੀ) ਕਰਤਾਰਪੁਰ ਹੀ ਨਾਨਕ ਤਪੋ ਪਾਸ ਰਹਿ ਪਿਆ ਈ, ਸੰਗ ਨੂੰ ਜਵਾਬ ਦੇ ਦਿਤਾ ਸੂ। ਆਪ ਸਾਧ ਹੋ ਕੇ ਬਹਿ ਗਿਆ ਈ ਅਤੇ ਤਪੇ ਦੇ ਦੁਆਰੇ ਹੀ ਧੂਣੀ ਰਮਾ ਲਈ ਸੂ” ਤਾਂ ਖੀਵੀ ਜੀ ਨੇ ਸਿਰਫ ਇਹ ਹੀ ਆਖਿਆ:
ਜੇ ਉਹ ਗੋਦੜੀ ਪਾਏਗਾ ਤਾਂ ਲੀਰਾਂ ਹੰਡਾਸਾਂ, ਜਿਸ ਹਾਲ ਰੱਖੇਗਾ ਉਸ ਹਾਲ ਹੀ ਰਵਾਂਗੀ।
ਜਦ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਤੋਂ ਭਾਈ ਲਹਿਣਾ ਜੀ ਨੂੰ ਘਰ ਖਡੂਰ ਦੀ ਸਾਰ ਲੈਣ ਲਈ ਭੇਜਿਆ ਤਾਂ ਮਾਤਾ ਖੀਵੀ ਜੀ, ਜੇ ਸਿੱਖ ਇਤਿਹਾਸ ਵਿਚ ‘ਪਤੀ ਪਰੇਮਣ’ ਕਰ ਕੇ ਪ੍ਰਸਿੱਧ ਸਨ, ਨੇ ਸਾਫ ਦੇਖ ਲਿਆ ਕਿ ਉਨ੍ਹਾਂ ਦਾ ਦਿਲ ਘਰ ਦੇ ਕੰਮਾਂ ਵਿਚ ਨਹੀਂ ਲੱਗਦਾ ਤੇ ਦੁਕਾਨ ਦਾ ਸਾਰਾ ਕੰਮ ਵੀ ਆਪਣੇ ਭਣੇਵੇਂ ਨੂੰ ਸੌਂਪ ਰਹੇ ਹਨ ਤਾਂ ਆਪ ਜੀ ਨੇ ਸਿਰਫ ਇਤਨਾ ਹੀ ਕਿਹਾ-
“ਬਾਹਰ ਨਾ ਜਾਓ, ਘਰ ਰਹਿ ਜੋਗ ਕਮਾਓ, ਜਿਵੇਂ ਤੁਸੀਂ ਆਖੋਗੇ ਮੈਂ ਉਸੇ ਤਰਾਂ ਟੁਰਾਂਗੀ। ਤੁਹਾਡੇ ਤਪ ਵਿਚਕਾਰ ਰੋੜਾ ਨਾ ਅਟਕਾਸਾਂ।” ਉਸ ਸਮੇਂ ਭਾਈ ਲਹਿਣਾ ਜੀ ਨੇ ਕਿਹਾ-
“ਜਿਸ ਪਾਸ ਮੈਂ ਚਲਿਆ ਹਾਂ, ਉਹ ਜੋਗੀ, ਜੰਗਮ, ਸੰਨਿਆਸੀ ਸਰੇਵੜਾ ਨਹੀਂ, ਉਸ ਨੇ ਗ੍ਰਹਿਸਤ ਵਿਚ ਉਦਾਸੀ ਦਾ ਰਾਹ ਦਿਖਾਇਆ ਹੈ, ਪ੍ਰੇਮ ਹੱਥ ਵਿਕਿਆ ਹਾਂ।”
ਮਾਤਾ ਜੀ ਨੇ ਉਥੇ ਕਿਸੇ ਪ੍ਰਕਾਰ ਦੀ ਰੋਕ ਨਾ ਪਾਈ। ਬੱਚੇ ਭਾਵੇਂ ਬਹੁਤ ਛੋਟੇ ਸਨ ਪਰ ਸਾਰਾ ਭਾਰ ਮਾਤਾ ਜੀ ਨੇ ਆਪਣੇ ਸਿਰ ਉਤੇ ਚੁਕ ਲਿਆ। ਉਸ ਸਮੇਂ ਮਾਤਾ ਖੀਵੀ ਜੀ ਦੀ ਕੁਰਬਾਨੀ ਕੋਈ ਘੱਟ ਨਹੀਂ ਸੀ । ਖੀਵੀ ਜੀ ਨੂੰ ਉਸ ਸਮੇਂ ਇਹ ਨਹੀਂ ਸੀ ਪਤਾ ਕਿ ਦੀਨ ਦਾ ਛੱਤਰ ਉਸ ਦੇ ਪਤੀ ਉਤੇ ਝੁਲਣਾ ਹੈ। ਖੁਸ਼ੀ ਨਾਲ ਉਨ੍ਹਾਂ ਨੂੰ ਭੇਜਣਾ ਤੇ ਉਨ੍ਹਾਂ ਦੀਆਂ ਖੜਾਵਾਂ ਪੂਜਾ ਲਈ ਮੰਗ ਲੈਣੀਆਂ ਉਨ੍ਹਾਂ ਦੀ ਦ੍ਰਿੜਤਾ ਦਰਸਾਉਂਦਾ ਹੈ।
ਅਗਲੇ ਸੱਤ ਸਾਲ ੧੫੩੨ ਤੋਂ ੧੫੩੯ ਉਧਰ ਕਰਤਾਰਪੁਰ ਵੱਲ ਬਾਬਾ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਵਲੋਂ ਪਾਏ ਹਰ ਪਰਚੇ ਨੂੰ ਸਫਲਤਾ ਨਾਲ ਹੱਲ ਕਰ ਕੇ ਉਨ੍ਹਾਂ ਦਾ ਅੰਗ ਬਣ ਰਹੇ ਸਨ ਤਾਂ ਇਧਰ ਮਾਤਾ ਖੀਵੀ ਜੀ ਹੁਣ ਸਥੂਲ ਪੂਜਾ ਦੀ ਥਾਂ ਸੇਵਾ ਸ਼ਬਦ ਤੋਂ ਸੰਗਤ ਵਿਚ ਲੀਨ ਹੋ ਰਹੇ ਸਨ।
ਨਿੱਤ ਕਰਮ-
ਪਹਿਰ ਰਾਤ ਰਹਿੰਦੀ ਮਾਤਾ ਖੀਵੀ ਜੀ ਉਠਦੇ ਤੇ ਘਰ ਦੇ ਕੰਮ ਕਾਜ ਤੋਂ ਵਿਹਲਿਆਂ ਹੋ ਕੇ ਲੰਗਰ ਦੀ ਸੰਭਾਲ ਵਿਚ ਲਗ ਜਾਂਦੇ। ਉਨ੍ਹਾਂ ਦੇ ਮਿੱਠੇ ਤੇ ਖੁਲ੍ਹੇ ਸੁਭਾਉ ਕਰਕੇ ਹੀ ਕਈ ਸਿੱਖੀ ਵੱਲ ਪ੍ਰੇਰੇ ਆਏ ਤੇ ਉਹਨਾਂ ਦੀ ਸੁਚੱਜੀ ਦੇਖ-ਭਾਲ ਕਰਕੇ ਕਿਸੇ ਨੇ ਲੰਗਰ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕੀਤੀ। ਇਥੋਂ ਤਕ ਕਿ ਮੁੱਖ ਰਸੋਈਆ ਭਾਈ ਜੋਧ ਜੀ ਜੂਠੀਆਂ ਪੱਤਲਾਂ ਵਿਚੋਂ ‘ਚਿੜੀ ਚੋਗ’ ਚੁਕ ਕੇ ਪੇਟ ਦੀ ਅਗਨੀ ਬੁਝਾਉਂਦੇ । ਮਾਤਾ ਖੀਵੀ ਜੀ ਨੇ ਜਦ ਦੇਖ ਲਿਆ ਕਿ ਉਸ ਬ੍ਰਾਹਮਣ ਦਾ ਚਿਰਾਂ ਦਾ ਬਣਿਆ ਵਿਤਕਰੇ ਵਾਲਾ ਸੁਭਾਉ ਮੁਕ ਗਿਆ ਤਾਂ ਆਪ ਭਾਈ ਜੀ ਨੂੰ ਗੁਰੂ ਜੀ ਪਾਸ ਲੈ ਆਏ ਤੇ ਉਹਨਾਂ ਨਾਲ ਬਿਠਾਲ ਕੇ ਪਰਸ਼ਾਦ ਛਕਾਇਆ। ਜਦ ਕਿਸੇ ਪੁੱਛਿਆ-
“ਭਾਈ ਜੀ! ਹੁਣ ਤਾਂ ਸੁੱਚਾ ਭੋਜਨ ਖਾਂਦੇ ਹੋ?” ਤਾਂ ਉਹਨਾਂ ਬੜੀ ਨਿਮਰਤਾ ਨਾਲ
ਕਿਹਾ-
“ਹਾਂ ਭਾਈ! ਅੰਦਰ ਸੱਚ ਜੂ ਆ ਵਸਿਆ ਹੈ, ਹੁਣ ਸੁੱਚਾ ਭੋਜਨ ਹੀ ਜੱਚਦਾ ਹੈ। ਪਹਿਲਾਂ ਅੰਦਰ ਵਰਣਾਂ ਦੀ ਜੂਠ ਸੀ, ਸੋ ਜੂਠਾ ਖਾਂਦਾ ਸੀ ।”

ਬੱਚਿਆਂ ਨੂੰ ਤਾਲੀਮ-
ਮਨ ਨੂੰ ਐਸੀ ਚੋਟ ਲੱਗੀ ਕਿ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਆਏ। ਫਿਰ ਗੁਰੂ ਜੀ ਦੇ ਹੋ ਗਏ ਤੇ ਐਸੀ ਘਾਲ ਘਾਲੀ ਕਿ ‘ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।’ ਜ਼ਰਾ ਕੁ ਗਹੁ ਨਾਲ ਵੇਖਿਆ ਜਾਏ ਤਾਂ (ਗੁਰੂ) ਅਮਰਦਾਸ ਜੀ ਨੂੰ ਸਿੱਖੀ ਵੱਲ ਪ੍ਰੇਰਨ ਦਾ ਮਾਨ ਮਾਤਾ ਖੀਵੀ ਜੀ ਨੂੰ ਹੀ ਜਾਂਦਾ ਹੈ । ਜੇ ਬੀਬੀ ਅਮਰੋ ਜੀ ਸੇਵਾ ਕਰ ਪ੍ਰਸੰਨ ਹੁੰਦੇ ਤੇ ਸ਼ਬਦ ਵਿਚ ਮਨ ਜੋੜੀ ਰੱਖਦੇ ਸਨ ਤਾਂ ਇਸ ਦਾ ਕਾਰਨ ਉਹ ਉਪਦੇਸ਼ ਹੀ ਸਨ ਜੋ ਨਿਤ ਮਾਂ ਖੀਵੀ ਦੇਂਦੀ ਸੀ। ਮਾਂ ਦੇ ਦੁੱਧ ਅਤੇ ਗੁੜ੍ਹਤੀ ਨੇ ਇਹ ਚਮਤਕਾਰ ਦਿਖਾਇਆ ਜਿਸ ਨੂੰ ਕਦੇ ਅੱਖੀਆਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ। ਮਾਂ ਖੀਵੀ ਆਪਣੀ ਸੰਤਾਨ ਨੂੰ ਕਿਵੇਂ ਕੀਲ ਕੇ ਰੱਖਦੀ ਸੀ, ਇਸ ਦੀ ਇਕ ਉਦਾਹਰਨ ਉਸ ਸਮੇਂ ਦੀ ਹੈ ਜਦ ਘੋੜੀ ‘ਤੇ ਸਵਾਰ ਹੋ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਦਾ ਪਿੱਛਾ ਕੀਤਾ ਸੀ। ਮਾਤਾ ਖੀਵੀ ਨੂੰ ਜਦ ਦਾਤੂ ਜੀ ਤੇ ਦਾਸੂ ਜੀ ਦੇ ਗੁਰੂ ਅਮਰਦਾਸ ਜੀ ਨੂੰ ਬਾਸਰ ਕੇ ਰਾਹ ਵਿਚ ਘੇਰ ਲੈਣ ਦੀ ਖਬਰ ਮਿਲੀ ਤਾਂ ਆਪ ਜੀ ਉਸ ਸਮੇਂ ਤੁਰ ਕੇ ਗੁਰੂ ਅਮਰਦਾਸ ਜੀ ਦੇ ਪਾਸ ਗਏ ਅਤੇ ਜੋ ਉਥੇ ਉਹਨਾਂ ਨਿਮਰਤਾ ਵਿਚ ਭਿੱਜ ਕੇ ਸ਼ਬਦ ਆਖੇ ਉਹ ਹਰ ਇਕ ਮਾਂ ਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ। ਇਥੇ ਇਹ ਵੀ ਯਾਦ ਰਵੇ ਕਿ (ਗੁਰੂ) ਅਮਰਦਾਸ ਜੀ ਉਸ ਸਮੇਂ ਅਜੇ ਗੁਰੂ ਨਹੀਂ ਸਨ ਬਣੇ।
ਮਾਤਾ ਖੀਵੀ ਜੀ ਨੂੰ ਬਾਸਰ ਕੇ ਦੇਖ ਕੇ (ਗੁਰੂ) ਅਮਰਦਾਸ ਜੀ ਨੇ ਕਿਹਾ, ‘ਤੁਸਾਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ।”
ਮਾਤਾ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦਉਲਤ ਹੀ ਗਰੀਬੀ ਹੈ, ਨਿਮ੍ਰਤਾ ਹੈ। ਮੈਂ ਦੋਵੇਂ ਬੱਚੇ ਨਾਲ ਲੈ ਕੇ ਆਈ ਹਾਂ, ਇਨ੍ਹਾਂ ਨੇ ਲੋਕਾਂ ਦੇ ਚੁਕੇ-ਚੁਕਾਏ ਆਪ ਜੀ ਦੀ ਬੇਅਦਬੀ ਕੀਤੀ ਹੈ। ਆਪ ਜੀ ਨੂੰ ਘੇਰਿਆ ਹੈ, ਆਪ ਮਿਹਰ ਕਰੋ, ਭੁਲਣਹਾਰ ਜਾਣ ਕੇ ਤੇ ਆਪਣੇ ਸਮਝ ਕੇ ਬਖਸ਼ ਦਿਓ ਨੇ।”
ਮਾਤਾ ਜੀ ਨੇ ਹੋਰ ਨਿਮਰ ਹੋ ਕੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖਸ਼ਣ ਯੋਗ ਨਹੀਂ, ਮਿਹਰ ਕਰ ਦਿਓ ਨੇ।”
(ਗੁਰੂ) ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੋ ਧੰਨ ਮਾਤਾ ਖੀਵੀ ਜੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲਗਾ ਲਿਆ।
ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ (ਗੁਰੂ) ਅਮਰਦਾਸ ਜੀ ਨੂੰ ਗੁਰ-ਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਖਬਰ ਦਿੱਤੀ ਤਾਂ ਆਪ ਜੀ ਨੇ ਖੁਸ਼ੀ ਮਨਾਈ।
ਗੁਰੂ ਅੰਗਦ ਦੇਵ ਜੀ ਦੇ ਉਚਾਰੇ ਉਸ ਸਮੇਂ ਦੇ ਸ਼ਬਦ ਮਾਤਾ ਖੀਵੀ ਜੀ ਦੀ ਵਡਿਆਈ ਦਰਸਾਉਣ ਲਈ ਕਾਫੀ ਹਨ। ਗੁਰੂ ਅੰਗਦ ਦੇਵ ਜੀ ਨੇ ਕਿਹਾ, “ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿਚ ਰਾਜ਼ੀ ਹੋ, ਪੁੱਤਰਾਂ ਦੀ ਗੱਲ ਵੀਚਾਰੋ।”
ਮਾਤਾ ਜੀ ਨੇ ਪੁੱਤਰਾਂ ਦੇ ਸਬੰਧ ਵਿਚ ਕਿਹਾ, “ਪੁੱਤਰ ਪੁੱਤਰ-ਪੁਣੇ ਦੇ ਮਾਣ ਵਿਚ ਹਨ, ਤੁਸੀਂ ਹੀ ਮਿਹਰ ਕਰੋ। ਮਾਤਾ ਜੀ ਦੇਵਾਂ ਪੁੱਤਰਾਂ ਨੂੰ ਬਹੁਤ ਸਮਝਾਉਂਦੇ ਰਹੇ। ਬੜੇ ਮਿਠੇ ਢੰਗ ਨਾਲ ਕਹਿੰਦੇ ਕਿ ਇਹ ਮੇਰੀ ਜਾਂ ਤੇਰੀ ਸਿਫਾਰਸ਼ ਦੀ ਗੱਲ ਨਹੀਂ, ਕਿਸੇ ਦੇ ਹੱਥ ਕੁਝ ਨਹੀਂ, ਸਭ ਕੁਝ ਕਰਤਾਰ ਦੇ ਅਧੀਨ ਹੈ—
ਕਹਿ ਕਾਹੂ ਕੇ ਕਰ ਬਿਧੈ ਸਭ ਕਰਤਾਰ ਅਧੀਨੈ॥”
ਗੁਰੂ ਬੰਸਾਵਲੀ ਵਿਚ ਲਿਖਿਆ ਹੈ ਕਿ ਸੱਤ ਅੱਠ ਮਹੀਨੇ ਇਹ ਹੀ ਗੱਲ ਹੁੰਦੀ ਰਹੀ, ਪਰ ਮਾਤਾ ਖੀਵੀ ਜੀ ਬੱਚਿਆਂ ਨੂੰ ਇਹ ਹੀ ਕਹਿੰਦੇ, ਪੰਡ ਭਾਰੀ ਹੈ, ਤੁਮ ਤੇ ਉਠਾਈ ਨਹੀਂ ਜਾਏਗੀ। ਇਸ ਕੇ ਇਹੀ (ਗੁਰੂ ਅਮਰਦਾਸ) ਉਠਾਏਗਾ।
ਕੇਸਰ ਸਿੰਘ ਨੇ ਬੰਸਾਵਲੀ ਨਾਮਾ ਵਿਚ ਲਿਖਿਆ ਹੈ, “ਪੰਡ ਭਾਰੀ ਹੈ। ਤੁਸਾਂ ਤੇ ਚੁਕੀ ਨਾ ਜਾਸੀ, ਇਹ ਚੁਕੇਗਾ ਸਾਰੀ।”
ਇਤਨੇ ਨੂੰ ਇਕ ਘਟਨਾ ਹੋ ਗਈ। ਉਸ ਸਮੇਂ ਦਰਿਆ ਖਡੂਰ ਸਾਹਿਬ ਤੋਂ ਤਿੰਨ ਮੀਲ ਦੀ ਦੂਰੀ ‘ਤੇ ਵੱਗਦਾ ਸੀ। (ਗੁਰੂ ਅਮਰਦਾਸ ਜੀ ਰੋਜ਼ ਪਿਛਲੀ ਰਾਤ ਦਰਿਆ ਤੋਂ ਪਾਣੀ ਦੀ ਗਾਗਰ ਲੈ ਕੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ ਸਨ। ਇਕ ਰਾਤ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜ ਰਹੇ ਸਨ ਤਾਂ ਉਸ ਵੇਲੇ ਬੱਦਲ ਛਾਏ ਹੋਏ ਸਨ ਤੇ ਰਾਤ ਅਨ੍ਹੇਰੀ ਸੀ। ਰਾਹ ਵਿਚ ਮੀਂਹ ਵਰ ਪਇਆ। ਅਨ੍ਹੇਰੇ ਕਾਰਨ (ਗੁਰੂ) ਅਮਰਦਾਸ ਜੀ ਦਾ ਇਕ ਪੈਰ ਜੁਲਾਹੇ ਦੀ ਖੱਡੀ ਵਿਚ ਪਿਆ ਤੇ ਉਹ ਡਿੱਗ ਪਏ । ਜੁਲਾਹਾ ਅੰਦਰ ਸੀ ਤੇ ਉਸ ਨੇ ਜੁਲਾਹੀ ਤੋਂ ਪੁੱਛਿਆ, “ਇਹ ਕਾਹਦਾ ਖੜਾਕ ਹੋਇਆ ਹੈ?”
ਉਹ ਬੋਲੀ, “ਇੰਜ ਪ੍ਰਤੀਤ ਹੁੰਦਾ ਹੈ ਕਿ ਕੋਈ ਤਿਲ੍ਹਕ ਪਿਆ ਹੈ। ਸ਼ਾਇਦ ਅਮਰੂ ਨਿਥਾਵਾਂ ਹੋਵੇਗਾ, ਜੋ ਇਸ ਵੇਲੇ ਪਾਣੀ ਲੈ ਕੇ ਆਇਆ ਕਰਦਾ ਹੈ।
ਸਵੇਰੇ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਬਾਬਾ ਅਮਰਦਾਸ ਕੋਲੋਂ ਪੁੱਛਿਆ, ‘ਅੱਜ ਸਵੇਰੇ ਕੀ ਵਾਪਰੀ?” ਤਾਂ ਉਹਨਾਂ ਬੜੀ ਭਾਵ-ਪੂਰਤ ਗੱਲ ਆਖੀ, ਮਿੱਤਰ ਪਿਆਰੇ ਦੀ ਨੂਰਾਨੀ ਧਰਤੀ (ਦਿਲ) ਸੰਸਾਰ ਦੇ ਹਾਲਾਤ ਪ੍ਰਗਟਾਉਣ ਵਾਲਾ ਸ਼ੀਸ਼ਾ ਹੈ। ਆਪਣਾ ਹਾਲ ਦੱਸਣ ਦੀ ਕੀ ਲੋੜ ਹੈ।”
ਗੁਰੂ ਜੀ ਨੇ ਉਸ ਜੁਲਾਹੇ ਜੁਲਾਹੀ ਨੂੰ ਬੁਲਾਇਆ ਤੇ ਭਰੇ ਦਰਬਾਰ ਵਿਚ ਕਿਹਾ ਕਿ “ਜੋ ਰਾਤ ਨੂੰ ਬੀਤੀ ਹੈ, ਸਚੋ ਸੱਚ ਆਖੇ।”
ਜੁਲਾਹੀ ਨੇ ਕਿਹਾ, “ਹਾਂ, ਮੇਰੇ ਮੂੰਹੋਂ ਸੁਭਾਵਕ ਨਿਕਲ ਗਿਆ ਸੀ ਕਿ ਅਮਰੂ ਨਿਥਾਵਾਂ ਹੋਵੇਗਾ।”
ਇਹ ਸੁਣ ਕੇ ਗੁਰੂ ਜੀ ਦੀਆਂ ਅੱਖਾਂ ਵਿਚ ਪਿਆਰ ਦੇ ਹੰਝੂ ਆ ਗਏ ਤੇ (ਗੁਰੂ) ਅਮਰਦਾਸ ਨੂੰ ਗਲ ਨਾਲ ਲਗਾ ਲਿਆ ਤੇ ਸਭ ਦੇ ਸਾਹਮਣੇ ਉੱਚੀ ਉੱਚੀ ਫੁਰਮਾਇਆ-
“ਅਮਰਦਾਸ ਨਿਥਾਵਾਂ ਨਹੀਂ, ਸਗੋਂ ਨਿਥਾਵਿਆਂ ਦਾ ਥਾਉਂ, ਨਿਘਰਿਆਂ ਦਾ ਘਰ, ਬੇ-ਪਨਾਹਵਾਂ ਦੀ ਪਨਾਹ, ਗਰੀਬ-ਨਿਵਾਜ, ਕਾਰਣ ਕਰਣ, ਸਮਰਥ, ਤੀਜਾ ਗੁਰੂ ਨਾਨਕ ਹੈ।”
ਉਸ ਜੁਲਾਹੇ ਨੂੰ ਦੂਜਾ ਮਕਾਮ ਬਖਸ਼ਿਆ ਤੇ ਜੁਲਾਹੇ ਦੀ ਖੱਡੀ ਨੂੰ ਪਾਵਨ ਤੇ ਆਦਰ ਯੋਗ ਅਸਥਾਨ ਮਿਥਿਆ ਤੇ ਹੁਕਮ ਕੀਤਾ ਕਿ ਉਸ ਖੱਡੀ ਕੋਲ ਹੀ ਉਹਨਾਂ ਦਾ ਡੇਰਾ ਬਣਾਇਆ ਜਾਵੇ।
ਦੋਵਾਂ ਪੁੱਤਰਾਂ ਰੋਸ ਮਨਾਇਆ। ਦਾਸੂ ਜੀ ਤਾਂ ਕੁਝ ਚਿਰ ਪਿਛੋਂ ਗੁਰੂ-ਦਰ ਹਾਜ਼ਰ ਹੋ ਗਏ ਪਰ ਦਾਤੂ ਜੀ ਸਿਧਾਸਣ ਸਿਖਣ ਵਿਚ ਲਗ ਪਏ। ਭਰੇ ਦਰਬਾਰ ਵਿਚ ਉਨ੍ਹਾਂ ਸਾਹਿਬ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਤਾਂ ਗੁਰੂ ਪਾਤਸ਼ਾਹ ਨੇ ਉਸ ਦੇ ਪੈਰ ਪਕੜ ਲਏ ਤੇ ‘ਤੁਹਾਡੇ ਚਰਨ ਕੋਮਲ ਤੇ ਮੇਰੇ ਹੱਡ ਕਰੜੇ’ ਆਖ ਨਿਮਰਤਾ ਤੇ ਖਿਮਾਂ ਦੀ ਹੱਦ ਦੱਸੀ। ਮਾਤਾ ਖੀਵੀ ਜੀ ਨੇ ਦਾਤੂ ਜੀ ਦਾ ਕਠੋਰਪੁਣਾ ਦੇਖ ਕਦੇ ਹਾਮੀ ਨਾ ਭਰੀ। ਇਹ ਵੀ ਉਨ੍ਹਾਂ ਦੀ ਵਡਿਆਈ ਸੀ ਕਿ ਮਨਮੁੱਖ ਦਾ ਸਾਥ ਨਾ ਦਿੱਤਾ।
ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤ ਸਮਾਉਣ ਉਪਰੰਤ ਆਪ ਜੀ ਉਸੇ ਤਰ੍ਹਾਂ ਸੇਵਾ ਵਿਚ ਜੁਟੇ ਰਹੇ। ਗੁਰੂ ਅਮਰਦਾਸ ਜੀ ਵੇਲੇ ਲੰਗਰ ਵਿਚ ਨਿਤ ਘਿਉ ਮੈਦਾ ਪੱਕਦਾ ਤੇ ਰਬਾਬੀ ਸੱਤੇ ਜੀ ਨੇ ਫਿਰ ‘ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ’ ਦੀ ਧੁਨੀ ਉਠਾਈ।
ਕਨ੍ਹਈਆ ਲਾਲ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਲੰਗਰ ਹਰ ਵੇਲੇ ਜਾਰੀ ਰਹਿੰਦਾ ਸੀ, ਜਿਸ ਵਿਚ ਭਾਂਤ ਭਾਂਤ ਦੇ ਭੋਜਨ ਸਦਾ ਹੀ ਪੱਕਦੇ ਰਹਿੰਦੇ ਸਨ ਤੇ ਹਰ ਕਿਸੇ ਨੂੰ ਇਕੋ ਜਿਹਾ ਹਿੱਸਾ ਮਿਲਦਾ ਸੀ । ਆਪ ਗੁਰੂ ਜੀ ਜੌਂਵਾਂ ਦਾ ਅਲੂਣਾ ਦਲੀਆ ਖਾਂਦੇ ਸਨ ਤੇ ਦਿਨ ਰਾਤ ਵਾਹਿਗੁਰੂ ਦੀ ਯਾਦ ਵਿਚ ਰਹਿੰਦੇ। ਲੰਗਰ ਵਿਚ ਚਹੁੰ ਵਰਨਾਂ ਦੇ ਲੋਕ ਇਕ ਥਾਂ ਪ੍ਰਸ਼ਾਦ ਛਕਦੇ ਸਨ। ਜੋ ਵੀ ਦਰਸ਼ਨ ਲਈ ਹਾਜ਼ਰ ਹੁੰਦਾ, ਉਸ ਲਈ ਸ਼ਰਤ ਹੁੰਦੀ ਸੀ ਕਿ ਪਹਿਲਾਂ ਲੰਗਰ ਦਾ ਪਵਿੱਤਰ ਪ੍ਰਸ਼ਾਦ ਛਕ ਕੇ ਆਵੇ। ‘ਪਹਿਲੈ ਪੰਗਤ ਪਾਛੈ ਸੰਗਤ’ ਗੁਰੂ ਦਾ ਹੁਕਮ ਸੀ। ਜੇ ਕੋਈ ਲੰਗਰ ਦਾ ਪ੍ਰਸ਼ਾਦ ਨਾ ਛਕਦਾ, ਉਸ ਨੂੰ ਦਰਸ਼ਨ ਨਸੀਬ ਨਾ ਹੁੰਦਾ।
ਇਸ ਤੋਂ ਇਹ ਜਾਨਣਾ ਪੈਂਦਾ ਹੈ ਕਿ ਜੋ ਲੀਹ ਮਾਤਾ ਖੀਵੀ ਜੀ ਨੇ ਲੰਗਰ ਵਰਤਾਉਣ ਦੀ ਪਾਈ ਸੀ, ਉਹ ਟੁਰਦੀ ਰਹੀ। ਗੁਰੂ ਅਮਰਦਾਸ ਜੀ ਵੀ ਲੰਗਰ ਦੇ ਭਾਂਡੇ ਰਾਤ ਨੂੰ ਖਾਲੀ ਕਰ ਕੇ ਹੀ ਸੌਂਦੇ। ਨਿੱਜ ਲਈ ਕੁਝ ਨਾ ਰੱਖਦੇ ਜਾਂ ਸੰਭਾਲਦੇ।
ਮਾਤਾ ਖੀਵੀ ਜੀ ਬਿਰਧ ਹੋਣ ਕਰਕੇ ਫਿਰ ਖਡੂਰ ਵਾਪਸ ਮੁੜ ਆਏ ਤੇ ਦਾਸੂ ਜੀ ਪਾਸ ਰਹਿਣ ਲੱਗੇ। ਜਦ ਸ੍ਰੀ ਅੰਮ੍ਰਿਤਸਰ ਵਸ ਗਿਆ ਤਾਂ ਆਪ ਜੀ ਕੁਝ ਚਿਰ ਲਈ ਸ੍ਰੀ ਅੰਮ੍ਰਿਤਸਰ ਵੀ ਰਹੇ। ਆਪ ਜੀ ਨੇ ਸੰਨ ੧੫੮੨ ਈ: ਨੂੰ ਖਡੂਰ ਸਾਹਿਬ ਹੀ ਅਕਾਲ ਚਲਾਣਾ ਕੀਤਾ ਤੇ ਗੁਰੂ ਅਰਜਨ ਦੇਵ ਜੀ ਆਪੂੰ ਸਸਕਾਰ ਵੇਲੇ ਪੁੱਜੇ।
ਗੱਲ ਕੀ, ਮਾਤਾ ਖੀਵੀ ਜੀ ਇਕ ਅਤਿ ਠਹਿਰੇ ਸੁਭਾਅ ਦੇ ਮਾਲਕ, ਸ਼ਰਮ ਦੇ ਪੁਤਲੇ, ਅਕਲ ਦੇ ਕੋਟ ਦਾਤੇ, ਹੱਥ ਖੁਲ੍ਹੇ, ਧਰਮ ਦੀ ਮੂਰਤ, ਸਦਾ ਰਜ਼ਾ ਵਿਚ ਰਾਜ਼ੀ ਅਤੇ ਹਮੇਸ਼ਾਂ ਖੇੜੇ ਵਿਚ ਰਹਿਣ ਵਾਲੇ ਐਸੀ ਹਨ ਜਿਨ੍ਹਾਂ ਦੀ ਸੰਘਣੀ ਛਾਂ ਸਦਾ ਠੰਢਕ ਪਹੁੰਚਾਂਦੀ ਰਵੇਗੀ।

ਪ੍ਰਿੰਸੀਪਲ ਸਤਿਬੀਰ ਸਿੰਘ