26 views 33 secs 0 comments

ਬਲਿਹਾਰੀ ਕੁਦਰਤਿ ਵਸਿਆ

ਲੇਖ
August 13, 2025

ਵਾਤਾਵਰਨ ਚੇਤਨਾ ਦਾ ਵਿਸ਼ਾ ੨੧ਵੀਂ ਸਦੀ ਦਾ ਗੰਭੀਰ ਵਿਸ਼ਾ ਬਣ ਕੇ ਉਭਰਿਆ ਹੈ।ਇਸ ਸਦੀ ਦੇ ਅਰੰਭ ਵਿਚ ਹੀ ਸਮੁਚੇ ਸੰਸਾਰ ਨੂੰ ਕੁਦਰਤੀ ਆਫਤਾਂ ਜਿਵੇਂ: ਹੜ, ਸੋਕਾ, ਸੁਨਾਮੀ ਲਹਿਰਾਂ ਅਤੇ ਵਾਵਰੌਲਿਆਂ ਜਾਂ ਸਮੁੰਦਰੀ ਤੂਫਾਨਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਲੱਖਾਂ ਕੀਮਤੀ ਜਾਨਾਂ ਮਿੰਟਾਂ-ਸਕਿੰਟਾਂ ਵਿਚ ਹੀ ਮੌਤ ਦੇ ਮੂੰਹ ਜਾ ਪਈਆਂ। ਕੁਦਰਤ ਦੀ ਇਸ ਬੇਪਰਵਾਹ ਕਰਵਟ ਨੇ ਵਿਗਿਆਨ ਦੀਆਂ ਖੋਜਾਂ ਅਤੇ ਪ੍ਰਾਪਤੀਆਂ ਨੂੰ ਬੌਣਾ ਸਾਬਤ ਕੀਤਾ ਹੈ। ਵਾਤਾਵਰਨ ਵਿਚ ਬਦਲਾਅ ਦੇ ਇਹ ਬੀਜ ਅਸੀਂ ਪਿਛਲੇਰੀ ਸਦੀ, ਜਿਸ ਨੂੰ ਵਿਗਿਆਨਕ ਕ੍ਰਾਂਤੀ ਅਤੇ ਵਿਕਾਸ ਦੀ ਸਦੀ ਪ੍ਰਵਾਨਦੇ ਹਾਂ ਵਿਚ ਬੀਜੇ ਸਨ, ਜਿਸ ਦਾ ਫਲ ਸਾਨੂੰ ਅੱਜ ਕੁਦਰਤੀ ਆਫਤਾਂ ਦੇ ਰੂਪ ਵਿਚ ਵੱਢਣਾ ਪੈ ਰਿਹਾ ਹੈ। ਵਾਤਾਵਰਨ ਸੰਭਾਲ ਦੇ ਅਹਿਮ ਵਿਸ਼ੇ ਨੇ ਜਿੱਥੇ ਹੋਰ ਸਮਾਜ-ਸ਼ਾਸ਼ਤਰੀ ਚਿੰਤਨਾ ਅਤੇ ਵਿਗਿਆਨ ਦਾ ਧਿਆਨ ਖਿੱਚਿਆ ਹੈ, ਉੱਥੇ ਧਰਮ ਚਿੰਤਨ ਵਿਚ ਇਹ ਵਿਸ਼ਾ ਆਦਿ ਕਾਲ ਤੋਂ ਹੀ ਵਿਦਮਾਨ ਰਿਹਾ ਹੈ।ਅਸੀਂ ਵਾਤਾਵਰਨ ਸੰਭਾਲ ਦਾ ਗੁਰਮਤਿ ਦ੍ਰਿਸ਼ਟੀਕੋਣ ਸਿਧਾਂਤਕ ਅਤੇ ਇਤਿਹਾਸਿਕ ਪ੍ਰਸੰਗ ਵਿਚ ਸਮਝਣ ਦਾ ਯਤਨ ਕਰਾਂਗੇ।
ਸਿਧਾਂਤਕ ਪ੍ਰਸੰਗ: ਅਕਾਲ ਪੁਰਖ ਦੀ ਗਿਆਨ ਜੋਤਿ ਦੇ ਅਨੁਭਵੀ ਆਵੇਸ਼ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿਚ ਪ੍ਰਕਾਸ਼ਮਾਨ ਹੋ ਕੇ ਗੁਰੂ ਦੇ ਬੋਲਾਂ ਦਾ ਚੋਗਾ ਪਹਿਨਿਆਂ ਅਤੇ ਗੁਰਬਾਣੀ ਦੇ ਰੂਪ ਵਿਚ ਪ੍ਰਗਟ ਹੋ ਕੇ ਜਗਤ ਨੂੰ ਰੁਸ਼ਨਾਇਆ ਹੈ। ਪੰਜਾਬ ਦੀ ਧਰਤੀ ਤੇ ਵਾਪਰੇ ਇਸ ਦੈਵੀ ਵਰਤਾਰੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ (੧੪੬੯ ਈ.) ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੧੭੦੮ ਈ.) ਤਕ ੨੩੯ ਵਰਿ੍ਹਆਂ ਦਾ ਸਮਾਂ ਲੱਗਿਆ। ਆਦਿ ਕਾਲ ਤੋਂ ਹੀ ਭਾਰਤੀ ਅਤੇ ਪੱਛਮੀ ਧਰਮਾਂ ਦੇ ਵਿਸ਼ਵਾਸ ਵਿਅਕਤੀ ਕੇਂਦਰਿਤ ਰਹੇ ਹਨ। ਅਵਤਾਰਾਂ ਦੀ ਪੂਜਾ, ਦੇਵੀ-ਦੇਵਤਿਆਂ ਦੀ ਮਾਨਤਾ, ਬ੍ਰਾਹਮਣਾਂ ਦੀ ਉੱਚਤਾ ਅਤੇ ਸਾਮੀ ਧਰਮ ਪਰੰਪਰਾਵਾਂ ਵਿਚ ਪੈਗੰਬਰ, ਖ਼ਲੀਫੇ ਅਤੇ ਕਾਜ਼ੀਆਂ ਦੀ ਸਿਰਮੌਰਤਾ ਦੇ ਨਾਲ-ਨਾਲ ਸੰਸਾਰੀ ਰਾਜਿਆਂ ਨੂੰ ਸਭ ਤੋਂ ਵੱਡਾ ਮੰਨਣਾ ਅਤੇ ਉਸ ਦੇ ਬੋਲਾਂ ਨੂੰ ਰੱਬ ਦਾ ਹੁਕਮ ਮੰਨਣਾ, ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦਾ ਮਨੁੱਖੀ ਇਤਿਹਾਸ ਹੈ। ਭਾਵ ਵਿਅਕਤੀਵਾਦ ਜਾਂ ਦੇਹ ਦੀ ਉੱਚਤਾ ਹੀ ਧਰਮਾਂ ਦਾ ਕੇਂਦਰ-ਬਿੰਦੂ ਸੀ। ਵਿਅਕਤੀਵਾਦ ਦੀ ਪੂਜਾ ਅਤੇ ਅਧੀਨਗੀ ਵਿਚ ਬੁਰੀ ਤਰ੍ਹਾਂ ਫਸੀ ਹੋਈ ਸਾਧਾਰਨ ਲੋਕਾਈ ਨੂੰ ਸਿੱਧਾ ਅਕਾਲ ਪੁਰਖ ਦੇ ਦੈਵੀ ਸ਼ਬਦ ਦੇ ਲੜ ਲਗਾ ਕੇ ਮਨੁੱਖੀ ਵਿਚੋਲਗੀ ਅਤੇ ਉਸ ਤੋਂ ਪੈਦਾ ਹੋਏ ਧਾਰਮਿਕ ਦੰਭ ਨੂੰ ਸਦਾ ਲਈ ਖਤਮ ਕਰ ਦੇਣਾ ਗੁਰੂ ਸਾਹਿਬਾਨ ਦੀ ਜਗਤ ਨੂੰ ਸਭ ਤੋਂ ਵੱਡੀ ਦੇਣ ਹੈ।ਦਸ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਵਿਚ ਸ਼ਬਦ-ਗੁਰੂ ਦੇ ਸੰਕਲਪ ਨੂੰ ਹੀ ਸਿੱਖ ਹਿਰਦਿਆਂ ਵਿਚ ਦ੍ਰਿੜ੍ਹ ਕੀਤਾ ਅਤੇ ਅਭਿਆਸ ਕਰਵਾਇਆ। ਅਕਾਲ ਪੁਰਖ ਸ਼ਬਦ-ਰੂਪ (ਚੇਤਨਾ) ਹੋ ਕੇ ਸ੍ਰਿਸ਼ਟੀ ਦੇ ਕਣ-ਕਣ ਵਿਚ ਵਿਆਪਕ ਹੈ। ਘਟ-ਘਟ ਵਾਸੀ ਸ਼ਬਦ ਬ੍ਰਹਮ ਨੂੰ ਗੁਰੂ-ਸ਼ਬਦ ਦੇ ਲੜ ਲੱਗ ਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ।ਇਕ ਨਿਰਾਕਾਰ ਸਰਬ-ਵਿਆਪਕ, ਵੰਨ-ਸੁਵੰਨੀ ਸਿਰਜਣਾ ਦੇ ਸਿਰਜਣਹਾਰ ਪਾਰਬ੍ਰਹਮ ਵਿਚ ਵਿਸ਼ਵਾਸ ਕਰਨਾ ਅਤੇ ਉਸੇ ਦੀ ਪ੍ਰਾਪਤੀ ਨੂੰ ਮਨੁੱਖਾ ਦੇਹੀ ਦਾ ਆਦਰਸ਼ ਮੰਨਣਾ ਸਿੱਖ ਧਰਮ ਦਾ ਪ੍ਰਮੁੱਖ ਸੰਕਲਪ ਹੈ। ਗੁਰੂ ਸਾਹਿਬਾਨ ਦੁਆਰਾ ਆਪਣੀ ਪਵਿੱਤਰ ਜੀਵਨ-ਜਾਚ ਦੁਆਰਾ ਸੰਸਾਰ ਵਿਚ ਵਿਚਰਦਿਆਂ ਆਪਣੇ ਉਪਦੇਸ਼ਾਂ ਨੂੰ ਲੋਕਾਈ ਵਿਚ ਪ੍ਰਸਾਰਿਤ ਕੀਤਾ। ਇਸ ਦਾ ਭਾਵ ਹੈ ਕਿ ਸਿੱਖ ਧਰਮ ਕੇਵਲ ਸਿਧਾਂਤਕ ਫ਼ਲਸਫ਼ਾ ਨਹੀਂ ਬਲਕਿ ਜੀਵਨ-ਜਾਚ ਹੈ ਜਿਸ ਨੂੰ ਸੰਸਾਰਕ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਅਸਾਨੀ ਨਾਲ ਧਾਰਨ ਕੀਤਾ ਜਾ ਸਕਦਾ ਹੈ। ਇਹ ਇਕ ਅਜਿਹੀ ਜੀਵਨ-ਸ਼ੈਲੀ ਹੈ ਜੋ ਆਪਣੇ ਬਾਹਰੀ ਸਰੂਪ ਅਤੇ ਅੰਦਰੂਨੀ ਸੁਭਾਅ ਕਰਕੇ ਕਾਦਰ ਦੀ ਕੁਦਰਤ ਨਾਲ ਸਹਜ-ਸੁਭਾਅ ਇਕਸੁਰ ਹੈ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮੁੱਖ ਸੁਰ ਅਧਿਆਤਮਿਕ ਹੈ, ਪਰਾਭੌਤਿਕ ਦੈਵੀ ਪਰਮਸੱਤਾ ਦੀ ਸਿਫਤ-ਸਾਲਾਹ ਕਰਨਾ ਹੈ, ਫਿਰ ਵੀ ਇਸ ਵਿਚ ਮਨੁੱਖੀ ਜੀਵਨ ਨਾਲ ਸੰਬੰਧਿਤ ਸਾਰੇ ਮਸਲਿਆਂ ਜਿਵੇਂ: ਸ੍ਰਿਸ਼ਟੀ-ਰਚਨਾ, ਮਨੁੱਖੀ ਹੋਣੀ ਦਾ ਮਨੋਰਥ, ਭਾਈਚਾਰਕ ਸਾਂਝ, ਸਮਾਜਿਕ ਤੇ ਆਰਥਿਕ ਵਿਕਾਸ ਆਦਿ ਬਾਰੇ ਭਰਪੂਰ ਸਮੱਗਰੀ ਮਿਲਦੀ ਹੈ। ਜਿਵੇਂ ਅਕਾਸ਼ਾਂ ਦਾ ਪਾਣੀ ਮੀਂਹ ਦੇ ਰੂਪ ਵਿਚ ਧਰਤੀ ਉੱਤੇ ਵਰਸ ਕੇ ਧਰਤੀ ਨੂੰ ਹਰਾ-ਭਰਾ ਕਰਦਾ ਅਤੇ ਜੀਵ-ਜੰਤੂਆਂ ਦੀ ਪਿਆਸ ਬੁਝਾਉਂਦਾ ਹੈ, ਉਸੇ ਤਰਾਂ ਧੁਰ ਕੀ ਬਾਣੀ, ਜਗਤ ਨੂੰ ਆਸਾ-ਤ੍ਰਿਸ਼ਨਾ ਦੀ ਅੱਗ ਤੋਂ ਬਚਾ ਕੇ ਸੰਤੋਖ ਰੂਪੀ ਠੰਡਕ ਬਖ਼ਸ਼ਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਰੰਭ ਅੰਕ ਗਣਿਤ ਦੇ ਹਿੰਦਸੇ ੧ (ਇਕ) ਨਾਲ ਹੁੰਦਾ ਹੈ। ਇਸ ੧ ਦੇ ਗੁਹਜ ਦਾਰਸ਼ਨਿਕ ਭਾਵ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਨ। ੧ ਤੋਂ ਭਾਵ ਸਮੁੱਚੀ ਦਿੱਸਦੀ-ਅਣਦਿੱਸਦੀ ਜਗਤ ਸਿਰਜਣਾ ਇਕ ਨਿਰਗੁਣ ਬ੍ਰਹਮ ਦਾ ਹੀ ਸਰਗੁਣ ਪਸਾਰਾ ਹੈ। ਸਾਰਾ ਬ੍ਰਹਮੰਡੀ ਪਸਾਰਾ ਇੱਕ ਤੋਂ ਹੀ ਅਨੇਕ ਹੋਇਆ ਹੈ ਅਤੇ ਇਕ ਵਿਚ ਹੀ ਸਮਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭਤਾ ਤੇ ਮੌਜੂਦ ੴ☬ ਦੁਆਰਾ ਗੁਰੂ ਨਾਨਕ ਸਾਹਿਬ ਨੇ ਜਗਤ ਰਚਨਾ ਦੀ ਕੁਦਰਤੀ, ਧਰਮਾਂ, ਸੱਭਿਆਚਾਰਾਂ, ਰੰਗਾਂ-ਰੂਪਾਂ, ਰਸਮਾਂ-ਰਿਵਾਜ਼ਾਂ ਅਤੇ ਭਾਸ਼ਾਵਾਂ ਦੀ ਬਹੁਭਾਂਤੀ ਅਨੇਕਤਾ ਨੂੰ ਇਕ ਦੈਵੀ ਪਰਮਸੱਤਾ ਦਾ ਵਿਸਮਾਦੀ ਲੱਛਣ ਪ੍ਰਵਾਨ ਕੀਤਾ ਹੈ। ੴ☬ ਦੇ ਦਾਰਸ਼ਨਿਕ ਭਾਵ ਅਰਥ ਹਨ “ਇਕ ਅਗੰਮ-ਅਗੋਚਰ ਸਰਬਵਿਆਪਕ ਬ੍ਰਹਮੰਡੀ ਪਰਮਸੱਤਾ।”
ਭਾਰਤੀ ਅਤੇ ਪੱਛਮੀ ਧਰਮ ਵਿਸ਼ਵਾਸਾਂ ਵਿਚ ਪਰਮਾਤਮਾ ਅਤੇ ਉਸ ਦੀ ਅਨਿਕ-ਪ੍ਰਕਾਰੀ ਸਿਰਜਣਾ ਵਿਚਕਾਰ ਅਜਿਹੇ ਵਿਸਮਾਦੀ ਏਕੀਕਰਨ ਦਾ ਸੂਤਰ ਦ੍ਰਿਸ਼ਟੀਗੋਚਰ ਨਹੀ ਹੁੰਦਾ। ਵੇਦਾਂ ਉੱਤੇ ਆਧਾਰਿਤ ਭਾਰਤੀ ਸਨਾਤਨ ਵੈਦਿਕ ਮੱਤ ਬਹੁਦੇਵਵਾਦ ਦੇ ਵਿਸ਼ਵਾਸ਼ ਦਾ ਧਾਰਨੀ ਹੈ।ਇਕ ਪਰਮਸੱਤਾ ਦੀ ਥਾਂ ਬ੍ਰਹਮਾ, ਵਿਸ਼ਨੂੰ, ਮਹੇਸ਼, ਇੰਦਰ, ਵਰੁਣ ਅਤੇ ਅਗਨੀ ਆਦਿਕ ਦੇਵਤਿਆਂ ਦੀ ਪੂਜਾ ਦਾ ਵਿਧਾਨ ਹੈ। ਸਾਮੀ ਧਰਮਾਂ ਯਹੂਦੀ, ਇਸਾਈ ਅਤੇ ਇਸਲਾਮ ਮੂਲ ਇਕ ਅੱਲਾਹ ਦਾ ਵਿਸ਼ਵਾਸ ਹੈ, ਪਰ ਇਸ ਦੇ ਨਾਲ-ਨਾਲ ਮਨੁੱਖੀ ਨਫਸ ਨੂੰ ਭਰਮਾਉਣ ਵਾਲੇ ਸ਼ੈਤਾਨ ਦਾ ਸੰਕਲਪ ਵੀ ਮਿਲਦਾ ਹੈ। ਗੁਰਮਤਿ ਅਨੁਸਾਰ ਕੇਵਲ ਇਕ ਪਰਮਾਤਮਾ ਹੀ ਸਿਰਜਣਾ ਦੇ ਵੱਖ-ਵੱਖ ਰੂਪਾਂ ਵਿਚ ਵਿਆਪਕ ਹੈ। ਉਸ ਦੇ ਤੁਲ ਕੋਈ ਹੋਰ ਹਸਤੀ ਨਹੀ। ਗੁਰਮਤਿ ਦਰਸ਼ਨ ਦੇ ਕਿਸੇ ਵੀ ਸੰਕਲਪ ਦਾ ਅਧਿਐਨ ਕਰਦਿਆਂ ਇਹ ਨੁਕਤਾ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ, ਸਿੱਖ ਧਰਮ ਇਕ ਜੀਵਨ-ਜਾਚ ਹੈ ਜਿਸ ਵਿਚ ਸੱਚ ਵਿਚਾਰ ਨਾਲੋਂ ਸੱਚ ਆਚਾਰ ਜਾਂ ਅਮਲ ਨੂੰ ਪ੍ਰਮੁਖੱਤਾ ਦਿੱਤੀ ਗਈ ਹੈ। ਗੁਰਮਤਿ-ਦਰਸ਼ਨ ਵਿਚ ‘ਕੁਦਰਤ ਸੰਕਲਪ’ ਅਧੀਨ ਵਾਤਾਵਰਨ ਸੰਭਾਲ ਦੇ ਸਿੱਖ ਸਰੋਕਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਰੱਬੀ ਅਨੁਭਵ ਦੇ ਆਵੇਸ਼ ਦਾ ਕਾਵਿ ਪ੍ਰਗਟਾਅ ਹੋਣ ਕਰਕੇ ਗੁਰਬਾਣੀ ਵਿਚ ਕੁਦਰਤ ਨੂੰ ਜੀਵਨ ਵਲਵਲੇ ਨਾਲ ਭਰਪੂਰ, ਕਾਦਰ ਦੇ ਪ੍ਰੇਮ ਝਲਕਾਰਿਆਂ ਤੇ ਉਮੰਗ ਨਾਲ ਭਰੀ ਜੀਵੰਤ ਰਚਨਾ ਮੰਨਿਆ ਹੈ। ਪਰਮਾਤਮਾ ਸ੍ਰਿਸ਼ਟੀ ਦੇ ਕਣ-ਕਣ ਵਿਚ ਵਿਆਪਕ ਹੋ ਕੇ ਜਗਿਆਸੂ ਆਤਮਾ ਨੂੰ ਮੋਹਿਤ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਅਦਵੈਤਵਾਦੀ ਸਨ। ਇਕ ਅਗੰਮ-ਅਗੋਚਰ ਅਤੇ ਸਰਬਵਿਆਪਕ ਪਰਮ-ਹਸਤੀ ਵਿਚ ਵਿਸ਼ਵਾਸ ਅਤੇ ਉਸ ਦੀ ਸਿਫਤ-ਸਾਲਾਹ ਕਰਨ ਦੀ ਤਾਕੀਦ ਕਰਨਾ ਉਨ੍ਹਾ ਦੇ ਉਪਦੇਸ਼ਾਂ ਦਾ ਸਾਰ ਹੈ। ਗੁਰੂ ਜੀ ਨੂੰ ਕਾਲਚੱਕ੍ਰ ਜਾਂ ਜੂਨੀਆਂ ਵਿਚ ਆਉਣ ਵਾਲੇ ਵਿਅਕਤੀਆਂ ਅਤੇ ਕੁਦਰਤੀ ਸ਼ਕਤੀਆਂ ਦੀ ਪੂਜਾ ਪਰਵਾਨ ਨਹੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਪਰਮਸੱਤਾ ਹੈ ਕਿੱਥੇ? ਉਸ ਦਾ ਵਾਸਾ ਕਿੱਥੇ ਹੈ? ਕੋਈ ਧਰਮ ਪਰੰਪਰਾ ਉਸ ਨੂੰ ਸੱਤਵੇਂ ਅਸਮਾਨ ਵਿਚ ਬੈਠਾ ਦੱਸਦੀ ਹੈ ਅਤੇ ਕੋਈ ਵਿਚਾਰਧਾਰਾ ਉਸ ਨੂੰ ਸਮੁੰਦਰ ਵਿਚ ਸ਼ੇਸ਼ਨਾਗ ਉੱਤੇ ਬਿਰਾਜਮਾਨ ਕਰਾਉਂਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਉਪਰੋਕਤ ਭਰਮ-ਭੁਲੇਖੇ ਅਤੇ ਅਗਿਆਨਤਾ ਦਾ ਖੰਡਨ ਕਰਦੇ ਹਨ। ਉਨ੍ਹਾਂ ਅਨੁਸਾਰ ਉਸ ਪਰਮਹਸਤੀ ਦਾ ਵਾਸਾ ਕੁਦਰਤ ਦੇ ਕਣ-ਕਣ ਵਿਚ ਹੈ, ਉਹ ਸਰਬਵਿਆਪਕ ਹੈ:
ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ (ਪੰਨਾ ੪੬੯)
ਕੁਦਰਤ ਅਕਾਲ ਪੁਰਖ ਦੇ ਹੁਕਮ ਦੀ ਖੇਡ ਹੈ ਜਿਸ ਦੁਆਰਾ ਸ੍ਰਿਸ਼ਟੀ ਰਚਨਾ ਵਿਚ ਭਾਂਤ-ਭਾਂਤ ਦੇ ਰੰਗਾਂ- ਰੂਪਾਂ ਦੇ ਜੀਵਨ ਸੰਗਠਨਾਂ ਅਤੇ ਖੰਡਾਂ-ਬ੍ਰਹਿਮੰਡਾਂ ਦੀ ਸਿਰਜਣਾ ਹੋਈ। ਕਈ ਜੁਗਾਂ ਦੀ ਨਿਰਗੁਣ ਬ੍ਰਹਮ ਦੀ ਧੁੰਦੂਕਾਰ ਅਵਸਥਾ ਤੋਂ ਬਾਅਦ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਰਗੁਣ ਨਾਮ-ਰੂਪ ਵਿਚ ਸਾਜਿਆ ਅਤੇ ਆਪਣੀ ਵਡਿਆਈ ਪ੍ਰਗਟ ਕੀਤੀ। ਫਿਰ ਉਸ ਨੇ ਕੁਦਰਤ ਰਚੀ ਅਤੇ ਉਸ ਵਿਚ ਆਸਣ ਜਮਾ ਕੇ ਭਾਵ ਵਿਆਪਕ ਹੋ ਕੇ ਇਸ ਜਗਤ ਦਾ ਤਮਾਸ਼ਾ ਵੇਖਣ ਲੱਗ ਪਿਆ ਹੈ। ਕੁਦਰਤ ਕਾਦਰ ਦਾ ਰੂਪ ਹੈ, ਇਸ ਅਹਿਸਾਸ ਦੇ ਅਧੀਨ ਹੀ ਸਿੱਖ ਵਾਤਾਵਰਨ ਚੇਤਨਾ ਦੇ ਬੀਜ ਲੁਪਤ ਹਨ:
ਆਪੀਨੑੈ ਆਪੁ ਸਾਜਿਉ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (ਪੰਨਾ ੪੬੩)
ਕੁਦਰਤ ਸ਼ਬਦ-ਭਾਵਅਰਥ: ਅਰਬੀ ਭਾਸ਼ਾ ਦੇ ਸ਼ਬਦ ‘ਕੁਦਰਤ’ ਦੇ ਅਰਥ ਵਿਦਵਾਨਾਂ ਨੇ ਵੱਖ-ਵੱਖ ਕੋਸ਼ਾਂ ਵਿਚ ਇਉਂ ਕੀਤੇ ਹਨ:- ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਵਿਚ ਕੁਦਰਤ ਸ਼ਬਦ ਦੇ ਅਰਥ, “ਤਾਕਤ, ਸ਼ਕਤੀ, ਮਾਇਆ, ਅਤੇ ਕਰਤਾਰ ਦੀ ਸਿਰਜਣਾ ਸ਼ਕਤੀ ਕੀਤੇ ਹਨ।”੧ ਪ੍ਰੋ. ਸਾਹਿਬ ਸਿੰਘ ਕੁਦਰਤ ਦੇ ਸ਼ਬਦੀ ਅਰਥ ਕਲਾ, ਵਿਡਾਣ, ਅਚਰਜ ਤਮਾਸ਼ਾ ਕਰਦੇ ਹਨ।੨ ਸ੍ਰੀ ਗੁਰੂ ਗ੍ਰੰਥ ਕੋਸ਼ ਵਿਚ ਕੁਦਰਤ ਸ਼ਬਦ ਦੇ ਅਰਥ ਸ਼ਕਤੀ, ਬਲ, ਰਚਨਾ-ਸ਼ਕਤੀ, ਸ੍ਰਿਸ਼ਟੀ, ਅਚਰਜ-ਤਮਾਸ਼ਾ, ਵਿਡਾਣ ਆਦਿ ਕੀਤੇ ਹਨ।੩ ਸਿਰਦਾਰ ਕਪੂਰ ਸਿੰਘ ਕੁਦਰਤ ਸ਼ਬਦ ਦੇ ਭਾਵ-ਅਰਥ ‘ਆਪਣੇ ਮਾਲਕ ਦੇ ਹੁਕਮ ਅਤੇ ਅਧਿਕਾਰ ਅਧੀਨ’ ਹੋਣ ਵਾਲੀ ਕਰਦੇ ਹਨ’।੪ ਡਾ. ਜਸਵੰਤ ਸਿੰਘ ਨੇਕੀ ਅਨੁਸਾਰ ਕੁਦਰਤ ਪਰਮਾਤਮਾ ਦੀ ਸਿਰਜਣ ਅਤੇ ਸਿਰਜਣਾਤਮਕ ਸ਼ਕਤੀ ਹੈ।੫ ਸਿਰਦਾਰ ਕਪੂਰ ਸਿੰਘ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਆਪਣੀ ਬਾਣੀ ਵਿਚ ਭਾਰਤੀ ਸੰਸਕ੍ਰਿਤੀ ਦੇ ਸ਼ਬਦ ਪ੍ਰਕ੍ਰਿਤੀ ਦੀ ਥਾਂ ਸਾਮੀ ਪਰੰਪਰਾ ਦੇ ਸ਼ਬਦ ਕੁਦਰਤ ਵਰਤਣ ਬਾਰੇ ਲਿਖਦੇ ਹਨ ਕਿ, “ਗੁਰੂ ਸਾਹਿਬ ਨੇ ਪ੍ਰਕ੍ਰਿਤੀ ਸ਼ਬਦ ਇਸੇ ਲਈ ਤਿਆਗ ਦਿੱਤਾ ਕਿਉਂਕਿ ਸਾਂਖ ਸ਼ਾਸਤਰ ਵਿਚ ਪ੍ਰਕ੍ਰਿਤੀ ਨੂੰ ਪੁਰਸ਼ ਦੇ ਤੁਲ ਸੁਤੰਤਰ ਤੇ ਅਬਿਨਾਸੀ ਪ੍ਰਵਾਨ ਕੀਤਾ ਹੈ ਪਰ ਗੁਰੂ ਨਾਨਕ ਸਾਹਿਬ ਅਨੁਸਾਰ ਕੁਦਰਤ ਸੁਤੰਤਰ ਨਹੀ ਬਲਕਿ ਕਾਦਰ ਦੀ ਰਚਨਾ ਹੈ ਅਤੇ ਕਰਤਾ ਪੁਰਖ ਦੇ ਹੁਕਮ ਅਧੀਨ ਹੈ ਇਸ ਦਾ ਆਦਿ ਵੀ ਹੈ ਤੇ ਅੰਤ ਵੀ। ਕੇਵਲ ਪਰਮਾਤਮਾ ਹੀ ਐਸੀ ਹਸਤੀ ਹੈ ਜਿਸਦਾ ਨਾ ਆਦਿ ਹੈ ਤੇ ਨਾ ਅੰਤ।”੬ ਗੁਰਬਾਣੀ ਵਿਚ ਕੁਦਰਤ ਸ਼ਬਦ-ਰੂਪ (ਕੁਦਰਤਿ) ਸਿਹਾਰੀ ਨਾਲ ਹੀ ਵਰਤਿਆ ਗਿਆ ਹੈ ਜਿਵੇਂ:
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੁੋ॥ (ਪੰਨਾ ੨੫)
ਕੁਦਰਤ ਦਾ ਸਰੂਪ: ਗੁਰਮਤਿ-ਦਰਸ਼ਨ ਅਨੁਸਾਰ ਬ੍ਰਹਮੰਡੀ ਰਚਨਾ ਦੀ ਬੇਅੰਤਤਾ, ਭਿੰਨਤਾ, ਮਨੁੱਖੀ-ਸੁਭਾਅ ਦੀ ਵਿਚਿਤ੍ਰਤਾ, ਭਾਂਤ-ਭਾਂਤ ਦੀ ਬਨਸਪਤੀ ਕੁਦਰਤ ਦਾ ਸਰੂਪ ਹੈ। ਸ੍ਰੀ ਗੁਰੂ ਨਾਨਕ ਸਾਹਿਬ ਆਸਾ ਕੀ ਵਾਰ ਵਿਚ ਕੁਦਰਤ ਦੇ ਸਰੂਪ ਦੀ ਵਿਆਖਿਆ ਕਰਦੇ ਹਨ, ਇਹ ਜੋ ਭਾਂਤ-ਭਾਂਤ ਦੇ ਰੰਗਾਂ-ਰੂਪਾਂ ਦਾ ਪਸਾਰਾ ਦਿਸ ਰਿਹਾ ਹੈ, ਸੁਣ ਰਿਹਾ ਹੈ, ਪਾਤਾਲ, ਅਕਾਸ਼, ਸਾਰਾ ਦ੍ਰਿਸ਼ਟਮਾਨ ਪਸਾਰਾ ਕੁਦਰਤ ਹੈ। ਵੇਦਾਂ ਪੁਰਾਣਾਂ, ਕਤੇਬਾਂ ਆਦਿ ਧਰਮ ਗ੍ਰੰਥਾਂ ਦੀ ਵਿਚਾਰ-ਸੱਤਾ, ਵੱਖੋ-ਵੱਖਰੇ ਖਾਣ-ਪੀਣ ਤੇ ਪਹਿਨਣ ਦੇ ਵਿਹਾਰ, ਆਪਸ ਵਿਚ ਪਿਆਰ ਦਾ ਜਜ਼ਬਾ ਇਹ ਸਭ ਕੁਦਰਤ ਦਾ ਹੀ ਅੰਗ ਹਨ।ਜਗਤ ਪਸਾਰੇ ਵਿਚ ਜਾਤਾਂ, ਜਿਨਸਾਂ ਅਤੇ ਰੰਗਾਂ-ਰੂਪਾਂ ਦੇ ਵਖਰੇਵੇਂ ਕੁਦਰਤ ਹੈ। ਜਗਤ ਵਿਚ ਕਿਤੇ ਭਲਾਈ, ਕਿਤੇ ਬੁਰਾਈ, ਕਿਤੇ ਆਦਰ ਤੇ ਕਿਤੇ ਤ੍ਰਿਸਕਾਰ ਸਭ ਕੁਦਰਤ ਹੈ। ਪਉਣ, ਪਾਣੀ, ਅੱਗ, ਧਰਤੀ, ਅਕਾਸ਼ ਇਹ ਪੰਜ ਮੂਲ ਤੱਤ ਕਾਦਰ ਦੀ ਹੀ ਕੁਦਰਤ ਹਨ। ਕਰਤਾ ਪੁਰਖੁ ਆਪ ਹੀ ਇਸ ਸਾਰੇ ਖੇਲ ਦਾ ਰਚਣਹਾਰ ਹੈ ਤੇ ਸਾਰੀ ਕੁਦਰਤ ਦੀ ਆਪਣੇ ਹੁਕਮ ਦੇ ਨਿਯਮ ਅਧੀਨ ਸੰਭਾਲ ਕਰ ਰਿਹਾ ਹੈ:
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ (ਪੰਨਾ ੪੬੪)
ਗੁਰਬਾਣੀ ਵਿਚ “ਕੁਦਰਤ ਨੂੰ ਇਕ ਇਕਾਈ ਮਿਥ ਕੇ ਫਿਰ ਇਸ ਦਾ ਚਿਤ੍ਰਣ ਕੀਤਾ ਗਿਆ ਹੈ। ਬੇਸ਼ਕ ਇਸ ਵਿਚ ਵਿਵਿਧਤਾ ਪਾਈ ਜਾਂਦੀ ਹੈ, ਪਰ ਇਕ ਸਾਂਝੇ ਸੂਤਰ ਵਿਚ ਸਭ ਜੀਅ-ਜੰਤ, ਅਕਾਸ਼ ਪਾਤਾਲ ਤੇ ਚੰਦ ਸੂਰਜ ਪਰੋਤੇ ਹੋਏ ਹਨ।”੭ ਗੁਰਮਤਿ ਸਿਧਾਂਤ ਜਗਿਆਸੂ ਨੂੰ ਕਾਦਰ ਦੀ ਕੁਦਰਤ ਨਾਲ ਇਕਸੁਰ ਹੋਣ ਦਾ ਫ਼ਲਸਫ਼ਾ ਦਿੰਦਾ ਹੈ।ਇਸ ਸਮੁੱਚੇ ਦਿਸਦੇ ਤੇ ਅਣਦਿਸਦੇ ਵਰਤਾਰੇ ਨੂੰ ਇਕ ਰੂਪ ਵਿਚ ਦੇਖਣ ਦਾ ਨਜ਼ਰੀਆ ਪ੍ਰਸਤੁਤ ਕਰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਦੀ ੧੬ਵੀਂ, ੧੭ਵੀਂ, ੧੮ਵੀਂ ਅਤੇ ੧੯ਵੀਂ ਪਉੜੀ ਵਿਚ ਕੁਦਰਤ ਸੰਬੰਧੀ ਸਿੱਖ ਫ਼ਲਸਫ਼ੇ ਦਾ ਮੁੱਢ ਬੰਨਦੇ ਹੋਏ ਕੁੱਲ ਲੋਕਾਈ ਨੂੰ ਇਸ ਸਾਰੇ ਪਸਾਰੇ ਦੀ ਕੁਦਰਤੀ ਭਿੰਨਤਾ ਅਤੇ ਵਿਚਾਰਕ ਵਖਰੇਵਿਆਂ ਤੋਂ ਬਲਿਹਾਰ ਜਾਣ ਦਾ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹਨ। ਕੁਦਰਤ ਰਚਨਾ ਵਿਚ ਅਸੰਖਾਂ ਮਨੁੱਖ ਪੂਜਾ ਕਰਨ ਵਾਲੇ ਭਗਤ, ਜੋਗੀ, ਜਤੀ, ਤਪੀ, ਮੋਨੀ, ਸੂਰਮੇ ਹਨ। ਅਸੰਖਾਂ ਹੀ ਧਾਰਮਿਕ ਬਿਰਤੀਆਂ ਦੇ ਉਲਟ ਮੂਰਖ ,ਪਾਪ ਕਰਮੀ, ਚੋਰ ਅਤੇ ਕਾਤਲ ਹਨ। ਅਨੇਕਾਂ ਪੁਰਸ਼ ਮਲੀਨ ਬੁੱਧੀ ਵਾਲੇ ਹਨ ਜੋ ਮੈਲ ਭਰਿਆ ਖਾਣਾ ਖਾਂਦੇ ਹਨ,ਨਿੰਦਕ ਹਨ ਜੋ ਨਿੰਦਾ ਕਰ ਕੇ ਸਿਰ ਦਾ ਭਾਰ ਵਧਾ ਰਹੇ ਹਨ। ਅਜਿਹੀ ਵਿਚਾਰਕ ਅਤੇ ਵਿਹਾਰਕ ਭਿੰਨਤਾ ਕਾਦਰ ਦੀ ਹੀ ਕੁਦਰਤ ਹੈ:
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥ (ਪੰਨਾ ੩)
ਵਿਗਿਆਨੀਆਂ ਅਤੇ ਦਾਰਸ਼ਨਿਕਾਂ ਨੇ ਆਪਣੇ-ਆਪਣੇ ਸਾਧਨਾਂ ਦੁਆਰਾ ਇਹ ਜਾਣਨ ਦਾ ਪੂਰਾ ਤਾਣ ਲਾਇਆ ਹੈ ਕਿ ਕੁਦਰਤ ਦੇ ਇਸ ਦ੍ਰਿਸ਼ਟਮਾਨ ਪਸਾਰੇ ਦਾ ਗਿਣਤੀਆਂ-ਮਿਣਤੀਆਂ ਦੇ ਲਿਹਾਜ਼ ਨਾਲ ਲੇਖਾ- ਜੋਖਾ ਕੀਤਾ ਜਾ ਸਕੇ, ਪਰ ਇਹ ਦੋਵੇਂ ਰਚਨਾ ਦੀ ਬੇਅੰਤਤਾ ਦਾ ਬੌਧਿਕ ਅਨੁਭਵ ਕਰਕੇ ਹੈਰਾਨ ਹਨ। ਗੁਰਮਤਿ ਸਿਧਾਂਤ ਕੁਦਰਤ ਦੇ ਪਸਾਰੇ ਨੂੰ ਕਿਸੇ ਲੇਖੇ-ਜੋਖੇ ਰਾਹੀ ਜਾਣਨ ਦੀਆਂ ਕੋਸ਼ਿਸ਼ਾਂ ਨੂੰ ਵਿਅਰਥ ਦੱਸਦਾ ਹੈ, ਕਿਉਂਕਿ ਸ੍ਰਿਸ਼ਟੀ ਰਚਨਾ ਦਾ ਇਹ ਪਸਾਰਾ ਮਨੁੱਖ ਦੇ ਬੌਧਿਕ ਲੇਖੇ-ਜੋਖੇ ਤੋਂ ਬਾਹਰ ਹੈ:
ਅੰਤੁ ਨ ਜਾਪੈ ਕੀਤਾ ਆਕਾਰੁ॥
ਅੰਤੁ ਨ ਜਾਪੈ ਪਾਰਾਵਾਰੁ॥
ਅੰਤ ਕਾਰਣਿ ਕੇਤੇ ਬਿਲਲਾਹਿ॥
ਤਾ ਕੇ ਅੰਤ ਨ ਪਾਏ ਜਾਹਿ॥ (ਪੰਨਾ ੫)
ਇਹ ਪਸਾਰਾ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਦਾ ਵਿਸ਼ਾ ਨਹੀਂ ਬਲਕਿ, “ਹਿਸਾਬ-ਕਿਤਾਬ ਦੀ ਮਿਣਵੀਂ ਤੋਲਵੀਂ ਦ੍ਰਿਸ਼ਟੀ ਤੋਂ ਰਹਿਤ ਹੋ ਕੇ,ਇਕ ਜਜ਼ਬਾਤੀ ਸੁਆਦ ਭਰੀ ਏਕਤਾ ਦੇ ਖਿਆਲ ਨਾਲ ਕਾਦਰ ਦੀ ਕੁਦਰਤ ਤੋਂ ਵਿਸਮਾਦ ਪ੍ਰਾਪਤ ਕੀਤਾ ਜਾ ਸਕਦਾ ਹੈ।”੮ ਕੁਦਰਤ ਨੂੰ ਜਾਣਨ ਨਾਲੋਂ ਕੁਦਰਤ ਦੀ ਅਸੀਮਤਾ, ਵੰਨ-ਸੁਵੰਨਤਾ ਅਤੇ ਬੇਅੰਤਤਾ ਨੂੰ ਮਾਣਨਾ ਕੁਦਰਤ ਪ੍ਰਤੀ ਸਿੱਖ-ਵਿਹਾਰ ਹੈ।ਭਾਈ ਗੁਰਦਾਸ ਜੀ ਕੁਦਰਤ ਪਸਾਰੇ ਦੀ ਬੇਅੰਤਤਾ ਬਾਰੇ ਆਪਣੀ ਵਾਰ ਵਿਚ ਬਖਾਨ ਕਰਦੇ ਹਨ:
ਇਕੁ ਵਰਭੰਡੁ ਅਖੰਡੁ ਹੈ ਲਖ ਵਰਭੰਡ ਪਲਕ ਪਲਕਾਰਾ।
ਕੁਦਰਤਿ ਕੀਮ ਨ ਜਾਣੀਐ ਕੇਵਡੁ ਕਾਦਰੁ ਸਿਰਜਣਹਾਰਾ।
ਅੰਤੁ ਬਿਅੰਤੁ ਨ ਪਾਰਾਵਾਰਾ॥ (ਵਾਰ ੧੮:੧)
ਕੁਦਰਤ ਅਤੇ ਮਨੁੱਖੀ ਜੀਵਨ ਦਾ ਸੰਬੰਧ: ਵਿਗਿਆਨਕ ਵਿਚਾਰ ਅਨੁਸਾਰ ਧਰਤੀ ’ਤੇ ਮਨੁੱਖੀ ਜੀਵਨ ਲੱਖਾਂ ਸਾਲਾਂ ਦੇ ਵਿਕਾਸ ਪ੍ਰਕਿਰਿਆ ਦਾ ਨਤੀਜਾ ਹੈ। ਵਿਕਾਸਵਾਦ ਦੇ ਇਸ ਸਿਧਾਂਤ ਨੂੰ ਇਕ ਨਿਯਮਬੱਧ ਅਤੇ ਵਿਗਿਆਨਕ ਰੂਪ ਵਿਚ ੧੯ਵੀਂ ਸਦੀ ਦੇ ਜੀਵ-ਵਿਗਿਆਨੀ ਡਾਰਵਿਨ ਨੇ ਸੰਸਾਰ ਨੂੰ ਸਮਝਾਇਆ ਕਿ ਪਾਣੀ ਵਿਚ ਸਭ ਤੋਂ ਪਹਿਲਾਂ ਇਕ ਕੌਸ਼ਿਕਾ ਵਾਲੇ ਜੀਵ ਬਣੇ ਅਤੇ ਫਿਰ ਵਿਕਾਸ ਕਰਦੇ ਹੋਏ ਅਨੇਕਾਂ ਕੋਸ਼ਕਾਵਾਂ ਵਾਲੇ ਜੀਵ ਮੱਛੀ, ਡੱਡੂ , ਪੰਛੀ ਅਤੇ ਜ਼ਮੀਨ ’ਤੇ ਰੇਂਗਣ ਵਾਲੇ ਥਣਧਾਰੀ ਜੀਵ ਪੈਦਾ ਹੋਏ। ਗੁਰਬਾਣੀ ਵਿਚ ਇਸ ਵਿਗਿਆਨਕ ਸੱਚਾਈ ਨੂੰ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਾ ਸੀ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ ੧੯)
ਮਨੁੱਖ ਪਰਮਾਤਮਾ ਦੁਆਰਾ ਸਿਰਜੀ ਅਨੰਤ ਕੁਦਰਤ ਦਾ ਇਕ ਮਹੀਨ ਅੰਗ ਹੈ। ਕੁਦਰਤ ਦੁਆਰਾ ਨਿਰਮਿਤ ਵਾਤਾਵਰਨ ਕਰਕੇ ਹੀ ਮਨੁੱਖੀ ਜੀਵਨ ਸੰਭਵ ਹੈ। ਸੱਚ ਤਾਂ ਇਹ ਹੈ ਕਿ ਬਨਸਪਤੀ ਅਤੇ ਜੀਵਨ ਦੇ ਇਸ ਚੱਕਰ ਨੂੰ ਚਲਾਉਣ ਵਾਲੀ ਕੁਦਰਤ ਹੀ ਹੈ, ਇਸ ਨੂੰ ਮਨੁੱਖ ਦਾ ਨਾੜੂ ਤਸਲੀਮ ਕੀਤਾ ਗਿਆ ਹੈ। “ਫਲਾਂ ਵਿਚ ਰਸ, ਫੁੱਲਾਂ ਵਿਚ ਸੁੰਦਰਤਾ ਅਤੇ ਖੁਸ਼ਬੋਆਂ,ਇਨਸਾਨ ਦੇ ਮਾਣਨ ਲਈ ਹਨ, ਰੰਗ-ਬਰੰਗੇ ਚਹਿਕਦੇ ਪੰਛੀਆਂ ਅਤੇ ਘਣੇ ਰੁੱਖਾਂ ਦੀਆਂ ਕੁਦਰਤੀ ਨਿਸ਼ਾਨੀਆਂ ਰਾਹੀਂ ਅਸੀਂ ਕਾਦਰ ਦੇ ਪੈੜ-ਚਿੱਤਰ ਪਛਾਣ ਸਕਦੇ ਹਾਂ।”੯ ਕੁਦਰਤ ਇਕ ਅਜਿਹੀ ਅਨੁਸ਼ਾਸਿਤ ਮਸ਼ੀਨ ਹੈ ਜੋ ਆਪਣੇ ਆਪ ਵਿੱਚੋਂ ਹੀ ਈਂਧਣ, ਉਤਪਾਦਨ ਅਤੇ ਖੱਪਤ ਕਰਦਿਆਂ ਲਗਾਤਾਰ ਚੱਲ ਰਹੀ ਹੈ। ਕੁਦਰਤ ਦੀ ਅਸੀਮ ਸ਼ਕਤੀ ਤੇ ਜੀਵਨ-ਪ੍ਰਕਿਰਿਆ ਨੂੰ ਸਮਝਣਾ ਬੜਾ ਜਟਿਲ ਹੈ। ਨਿੱਕੇ ਕਿਰਮਾਂ ਤੋਂ ਲੈ ਕੇ ਵੱਡੇ ਜੀਵ ਅਤੇ ਬਨਸਪਤੀ ਦੇ ਬੇਅੰਤ ਰੂਪ, ਜੀਵਨ ਦੇ ਇਸ ਚੱਕਰ ਨੂੰ ਚਲਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਵੇਂ ਮਨੁੱਖ ਨੇ ਵਿਗਿਆਨ ਦੇ ਆਸਰੇ ਪਦਾਰਥਕ ਉੱਨਤੀ ਕੀਤੀ ਹੈ, ਪਰ ਧਰਤੀ ’ਤੇ ਮਨੁੱਖੀ ਜੀਵਨ ਦਾ ਆਧਾਰ ਅੱਜ ਵੀ ਹਵਾ, ਪਾਣੀ ਅਤੇ ਤਪਸ਼ ਹੈ। ਕੁਦਰਤੀ ਵਾਤਾਵਰਨ ਅਤੇ ਮਨੁੱਖ ਦੀ ਇਕ-ਦੂਜੇ ਪ੍ਰਤੀ ਨਿਰਭਰਤਾ ਹੀ ਧਰਤੀ ਉੱਤੇ ਜੀਵਨ ਦਾ ਆਧਾਰ ਹੈ। ਕੁਦਰਤੀ ਵਿਧਾਨ ਦੁਆਰਾ ਹੀ ਅਜਿਹੇ ਵਾਤਾਵਰਨ ਦੀ ਸਿਰਜਣਾ ਹੋਈ ਜਿਸ ਵਿਚ ਧਰਤੀ ਉੱਤੇ ਜੀਵਨ ਸੰਭਵ ਹੋਇਆ। ਵਰਤਮਾਨ ਸੰਸਾਰ ਦੇ ਸੱਭਿਅਕ ਸਮਾਜਾਂ ਦਾ ਇਹ ਦੁਖਾਂਤ ਹੈ ਕਿ ਕੇਵਲ ਪਦਾਰਥਕ ਪ੍ਰਾਪਤੀ ਅਤੇ ਸਰੀਰਕ ਸੁਖਾਂ ਦੇ ਭੋਗਣ ਨੂੰ ਹੀ ਆਪਣੇ ਜੀਵਨ ਦੀ ਉੱਚਤਮ ਕੀਮਤ ਮਿੱਥ ਲਿਆ ਗਿਆ ਹੈ।ਆਰਥਿਕ ਖੁਸ਼ਹਾਲੀ ਅਤੇ ਪਦਾਰਥਕ ਤਰੱਕੀ ਹੀ ਵਿਕਸਿਤ ਜਾਂ ਅਵਿਕਸਿਤ ਸਮਾਜ ਨੂੰ ਮਾਪਣ ਦਾ ਇੱਕੋ-ਇਕ ਪੈਮਾਨਾ ਨਿਰਧਾਰਤ ਕੀਤਾ ਗਿਆ ਹੈ। ਪੂੰਜੀ ਦਾ ਲਾਭ ਪ੍ਰਾਪਤ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਹੱਥਕੰਡਾ ਵਰਤਿਆ ਜਾ ਰਿਹਾ ਹੈ। ਮਨੁੱਖ ਅਤੇ ਬਨਸਪਤੀ ਜੀਵਨ ਲਈ ਅਤਿ ਲੋੜੀਂਦੇ ਕੁਦਰਤੀ ਵਾਤਾਵਰਨ ਦਾ ਵੀ ਬੇਤਹਾਸ਼ਾ ਘਾਣ ਕੀਤਾ ਜਾ ਰਿਹਾ ਹੈ।
ਮਨੁੱਖੀ ਸਮਾਜਾਂ ਅਤੇ ਦੇਸ਼ਾਂ ਵਿਚਕਾਰ ਆਪਸੀ ਆਰਥਿਕ ਪਾੜਾ ਤੇਜ਼ੀ ਨਾਲ ਵਧਿਆ ਹੈ।ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬੀ ਵਿਚ ਧਸਦਾ ਜਾ ਰਿਹਾ ਹੈ।ਮਨੁੱਖੀ ਸਵਾਰਥ ਉੱਤੇ ਆਧਾਰਿਤ ਅਤੇ ਆਰਥਿਕਤਾ ਨੂੰ ਜੀਵਨ ਦਾ ਕੇਂਦਰੀ ਧੁਰਾ ਮੰਨਣ ਵਾਲੀ ਅਜਿਹੀ ਵਿਚਾਰਧਾਰਾ ਕਾਰਨ ਪੂਰੇ ਸੰਸਾਰ ਨੂੰ ਗੰਭੀਰ ਸਮਸਿਆਵਾਂ ਜਿਵੇਂ: ਵਿਸ਼ਵ-ਯੁੱਧ, ਭੁੱਖਮਰੀ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਿਆ ਹੈ।ਕੁਦਰਤ ਦੀ ਸੁੰਦਰਤਾ, ਵੰਨ-ਸੁਵੰਨਤਾ ਅਤੇ ਜੀਵਨਦਾਇਕ ਗੁਣਾਂ ਦਾ ਵਿਚਾਰ ਕੀਤੇ ਬਿਨਾਂ ਕੇਵਲ ਪਦਾਰਥਕ ਪੱਖ ਤੋਂ ਕੀਮਤ ਨਿਰਧਾਰਿਤ ਕਰ ਕੇ ਇਸ ਦਾ ਘਾਣ ਕੀਤਾ ਗਿਆ ਹੈ। ਧਰਤੀ, ਹਵਾ, ਪਾਣੀ, ਅਕਾਸ਼ ਅਤੇ ਅਗਨੀ ਨੂੰ ਨਿਰਜਿੰਦ ਪਦਾਰਥ ਮੰਨ ਕੇ ਇਨ੍ਹਾਂ ਤੋਂ ਮੁਨਾਫਾ ਕਮਾਉਣ ਲਈ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਗੁਰਮਤਿ-ਚਿੰਤਨ ਉਪਰੋਕਤ ਵਿਚਾਰਧਾਰਾ ਦਾ ਖੰਡਨ ਕਰਦਾ ਹੈ। ਮਨੁੱਖੀ ਜੀਵਨ ਦੀ ਕੇਵਲ ਪਦਾਰਥਕ ਕੀਮਤ ਮਿੱਥ ਕੇ ਜੀਵਨ ਬਤੀਤ ਕਰਨਾ ਪਸ਼ੂਆਂ ਦੇ ਤੁਲ ਜਿਊਣ ਦੇ ਬਰਾਬਰ ਹੈ। ਗੁਰਮਤਿ ਅਨੁਸਾਰ ਕੁਦਰਤ ਦੇ ਕਣ-ਕਣ ਵਿਚ ਅਬਿਨਾਸੀ ਸੁਖਾਂ ਦਾ ਮੂਲ ਅਕਾਲ ਪੁਰਖ ਦੀ ਹੋਂਦ ਮੋਜੂਦ ਹੈ, ਮਨੁੱਖ ਕੇਵਲ ਆਤਮਿਕ ਉੱਚਤਾ ਨੂੰ ਹਾਸਿਲ ਕਰ ਕੇ ਹੀ ਸੁਖੀ ਹੋ ਸਕਦਾ ਹੈ। ਅਜਿਹੇ ਆਤਮਿਕ ਸਦੀਵੀ ਸੁਖ ਦੀ ਪ੍ਰਾਪਤੀ ਕੁਦਰਤੀ ਵਾਤਾਵਰਨ ਨੂੰ ਦੈਵੀ ਭਾਵ ਨਾਲ ਮਹਿਸੂਸ ਕੀਤਿਆਂ ਹੀ ਹੋ ਸਕਦੀ ਹੈ। ਗੁਰਮਤਿ ਚਿੰਤਨ ਅਨੁਸਾਰ ਨਿਰੰਕਾਰ, ਸਰਬਵਿਆਪਕ, ਪਰਮਸੱਤਾ ਦੀ ਅਨੁਭੂਤੀ ਪ੍ਰਾਪਤ ਕਰਨਾ ਮਨੁੱਖਾ ਦੇਹੀ ਦਾ ਪਰਮ-ਲਕਸ਼ ਹੈ।ਇਸ ਲਕਸ਼ ਦੀ ਪ੍ਰਾਪਤੀ ਲਈ ਮਨੁੱਖੀ ਮਨ ਦਾ ਅੰਦਰਲਾ ਅਤੇ ਬਾਹਰਲਾ ਵਾਤਾਵਰਨ ਇਕਸਾਰ ਹੋਣਾ ਲਾਜ਼ਮੀ ਹੈ। ਸਾਡੇ ਮਨ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਆਲੇ-ਦੁਆਲੇ ਦੀ ਸੰਗਤ ਦਾ ਪ੍ਰਭਾਵ ਕਬੂਲਦਾ ਹੈ। ਚੰਗੇ ਅਤੇ ਕਲਿਆਣਕਾਰੀ ਵਿਚਾਰਾਂ ਨਾਲ ਲਬਰੇਜ਼ ਮਨ ਬੁਰਾਈ ਦਾ ਤਿਆਗ ਕਰ ਕੇ ਚੰਗਾ ਬਣ ਜਾਂਦਾ ਹੈ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ ਅਤੇ ਮਾੜੇ ਵਿਚਾਰਾਂ ਦਾ ਧਾਰਨੀ ਮਨ ਸਮਾਜ ਵਾਸਤੇ ਖ਼ਤਰਾ ਹੋ ਨਿਬੜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਮਨ ਨੂੰ ਸੰਬੋਧਨ ਕਰਦਿਆਂ ਉਚਾਰੀ ਗਈ ਹੈ। ਦੈਵੀ ਅਨੁਭਵ ਅਤੇ ਕੁਦਰਤ ਪਿਆਰ ਨਾਲ ਭਰੇ ਹੋਏ ਗੁਰਬਾਣੀ ਦੇ ਮਿੱਠੇ ਸੂਖਮ ਅਹਿਸਾਸਾਂ ਨਾਲ ਜਦੋਂ ਸਾਡਾ ਮਨ ਸਾਂਝ ਪਾਉਂਦਾ ਹੈ ਤਾਂ ਉਸ ਵਿਚ ਆਪਣੇ ਸਵੈ ਅਤੇ ਆਲੇ-ਦੁਆਲੇ ਪਸਰੀ ਕੁਦਰਤੀ ਸੁੰਦਰਤਾ ਨੂੰ ਮਾਣਨ ਦੀ ਸੂਖਮ ਚੇਤਨਾ ਜਾਗ੍ਰਿਤ ਹੁੰਦੀ ਹੈ।ਸਧਾਰਨ ਮਨੁੱਖੀ ਮਨ ਜਿਸ ਵਿਚ ਡਰ, ਚਿੰਤਾ-ਫਿਕਰ, ਸਹਿਮ ਅਤੇ ਨਾਂਹਪੱਖੀ ਸੰਕਲਪ-ਵਿਕਲਪਾਂ ਦੀ ਭਰਮਾਰ ਹੁੰਦੀ ਹੈ ਅਤੇ ਜੋ ਸਦਾ ਆਪਣੀਆਂ ਸਰੀਰਕ ਕਾਮਨਾਵਾਂ, ਲੋਭ-ਲਾਲਚ ਅਤੇ ਵਿਕਾਰੀ ਤ੍ਰਿਸ਼ਨਾਵਾਂ ਦਾ ਗ਼ੁਲਾਮ ਹੋਣ ਕਰਕੇ ਦੁਖ ਅਤੇ ਸ਼ੋਕਗ੍ਰਸਤ ਹੁੰਦਾ ਹੈ, ਜਦੋਂ ਗੁਰਬਾਣੀ ਵਿਚ ਵਾਰ-ਵਾਰ ਦਰਸਾਏ ਸੱਚ, ਸੰਤੋਖ, ਦਇਆ, ਪ੍ਰੇਮ, ਨਿਮਰਤਾ ਅਤੇ ਪਰਉਪਕਾਰ ਦੇ ਸੁਭਾਵਿਕ ਵਿਚਾਰਾਂ ਦੀ ਸੰਗਤ ਕਰਦਾ ਹੈ ਤਾਂ ਉਸ ਦੇ ਮਨ ਦੀ ਨਿਰਾਸ਼ਤਾ ਖਤਮ ਹੁੰਦੀ ਹੈ, ਉਹ ਆਪਣੇ ਆਲੇ-ਦੁਆਲੇ ਪ੍ਰਤੀ ਉਤਸ਼ਾਹਿਤ ਅਤੇ ਸੰਵੇਦਨਸ਼ੀਲ ਹੁੰਦਾ ਹੈ। ਇਸ ਪ੍ਰਕਾਰ ਗੁਰਬਾਣੀ ਜਿੱਥੇ ਮਨੁੱਖੀ ਮਨ ਦੇ ਅੰਦਰਲੇ ਵਾਤਾਵਰਨ ਦੀ ਸ਼ੁੱਧੀ ਕਰਦੀ ਹੈ, ਉੱਥੇ ਹੀ ਸਾਡੇ ਬਾਹਰੀ ਵਾਤਾਵਰਨ ਦੇ ਪ੍ਰਮੁੱਖ ਤੱਤਾਂ ਧਰਤੀ, ਪਾਣੀ, ਹਵਾ, ਤਪਸ਼, ਅਕਾਸ਼, ਬਨਸਪਤੀ, ਜੀਵ-ਜੰਤੂਆਂ ਨਾਲ ਵਿਹਾਰ ਪ੍ਰਤੀ ਵੀ ਸਰਬੱਤ ਦੇ ਭਲੇ ਦਾ ਵਿਧਾਨ ਘੜਿਆ ਹੈ। ਗੁਰਮਤਿ ਵਿਚ ਦਰਸਾਈ ਜੀਵਨ-ਜਾਚ ਪਰਮਾਰਥ ਅਤੇ ਪਦਾਰਥ ਦਾ ਵਿਲੱਖਣ ਸੰਯੋਗ ਪੈਦਾ ਕਰਦੀ ਹੈ। ਗੁਰਮਤਿ ਅਨੁਸਾਰ ਨਾ ਤਾਂ ਸਿਧਾਂ-ਯੋਗੀਆਂ (ਤਿਆਗੀਆਂ) ਵਾਂਗ ਸੰਸਾਰ ਤੋਂ ਉਪਰਾਮ ਹੋ ਕੇ ਜੰਗਲ-ਬੀਆਬਾਨਾਂ ਅਤੇ ਗੁਫਾਵਾਂ ਦੀ ਸ਼ਰਣ ਲਿਆਂ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾ ਹੀ ਪਦਾਰਥਕ ਭੋਗਾਂ (ਗ੍ਰਹਿਸਥੀਆਂ) ਵਿਚ ਖੱਚਤ ਹੋ ਕੇ ਜੀਵਨ ਮਨੋਰਥ ਪ੍ਰਾਪਤ ਕੀਤਾ ਜਾ ਸਕਦਾ ਹੈ।
੧੯ਵੀਂ ਸਦੀ ਦੇ ਪਿਛਲੇ ਪੰਜ ਦਹਾਕਿਆਂ ਵਿਚ ਮਨੁੱਖੀ ਸੱਭਿਅਤਾ ਨੇ ਕੁਦਰਤ ਦੁਆਰਾ ਬਖਸ਼ੀ ਬੋਧ-ਸ਼ਕਤੀ ਦੇ ਆਸਰੇ ਪਦਾਰਥਕ ਪੱਖ ਤੋਂ ਬੜੀ ਤਰੱਕੀ ਕੀਤੀ ਹੈ, ਪਰੰਤੂ ਇਸ ਪਦਾਰਥਕ ਵਿਕਾਸ ਦੀ ਬੜੀ ਭਾਰੀ ਕੀਮਤ ਕੁਦਰਤੀ ਵਾਤਾਵਰਨ ਦਾ ਘਾਣ ਕਰਕੇ ਚੁਕਾਈ ਗਈ ਹੈ। ਵਧਦੇ ਉਦਯੋਗਿਕ ਵਿਕਾਸ, ਸ਼ਹਿਰੀਕਰਨ ਅਤੇ ਵਧਦੀ ਅਬਾਦੀ ਦੀਆਂ ਲੋੜਾਂ ਦੀ ਪੂਰਤੀ ਹਿੱਤ ਧਰਤੀ ਉੱਤੇ ਕੁਦਰਤ ਦੁਆਰਾ ਵਿਛਾਈ ਗਈ ਵੰਨ-ਸੁਵੰਨੀ ਬਨਸਪਤੀ ਦੀ ਹਰੀ-ਭਰੀ ਚਾਦਰ ਨੂੰ ਜੜ੍ਹੋਂ ਉਖਾੜ ਕੇ ਸੀਮਿੰਟ ਦੇ ਭਿਆਨਕ ਜੰਗਲ ਤਿਆਰ ਕੀਤੇ ਜਾ ਰਹੇ ਹਨ। ਇਹ ਸਭ ਕੁਝ ਵਿਕਾਸ ਦੇ ਨਾਂ ’ਤੇ ਬੜ੍ਹੇ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਪਦਾਰਥਕ ਸਵਾਰਥੀ ਵਿਚਾਰਧਾਰਾ ਅਧੀਨ ਸਮੁੱਚੀ ਮਨੁੱਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ, ਪਰਮਾਤਮਾ ਦੇ ਕੁਦਰਤ ਵਿਚ ਸਰਬ-ਵਿਆਪਕ ਰੂਪ ਦਾ ਭੇਦ ਪਾਉਣ ਤੋਂ ਅਸਮਰੱਥ ਹੈ। ਆਪਣੇ ਵਡੇਰਿਆਂ ਦੁਆਰਾ ਧਰਮ-ਗ੍ਰੰਥਾਂ ਵਿਚ ਦਰਸਾਏ ਪਰਮਾਰਥਕ ਜੀਵਨ-ਮੁੱਲਾਂ ਨੂੰ ਭੁੱਲ ਕੇ ਮਨੁੱਖ ਕੁਦਰਤ ਨੂੰ ਕੇਵਲ ਪਦਾਰਥਕ ਨੁਕਤੇ ਤੋਂ ਵੇਖਣ ਦਾ ਆਦੀ ਹੋ ਗਿਆ ਹੈ ਜਿਸ ਕਾਰਨ ਵਾਤਾਵਰਨ ਪ੍ਰਦੂਸ਼ਣ ਵਰਗੇ ਗੰਭੀਰ ਮਸਲੇ ਉਠ ਖਲੋਏ ਹਨ। ਇਸ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਇਕ ਅਜਿਹੀ ਸੰਤੁਲਿਤ ਜੀਵਨ-ਜਾਚ ਦਾ ਸੰਕਲਪ ਪ੍ਰਦਾਨ ਕਰਦਾ ਹੈ ਜਿਸ ਅਨੁਸਾਰ ਮਨੁੱਖ ਪਦਾਰਥਕ ਅਤੇ ਪਰਮਾਰਥਕ ਦੋਵੇਂ ਮਨੋਰਥ ਪ੍ਰਾਪਤ ਕਰ ਸਕਦਾ ਹੈ। “ਸਿੱਖ ਧਰਮ ਮੂਲ਼ ਰੂਪ ਵਿਚ ਇਕ ਅਧਿਆਤਮਿਕ ਅਨੁਭਵ ਹੋਣ ਦੇ ਬਾਵਜੂਦ ਮਨੁੱਖੀ ਸ਼ਖ਼ਸੀਅਤ ਦੇ ਅਜਿਹੇ ਕੁਦਰਤੀ ਜੀਵ ਵਿਗਿਆਨਕ ਵਿਕਾਸ ਉੱਤੇ ਜ਼ੋਰ ਦਿੰਦਾ ਹੈ ਜਿਸ ਵਿਚ ਕੁਦਰਤ ਦੇ ਸਾਰੇ ਰੂਪਾਂ ਨਾਲ ਇਕਸੁਰਤਾ ਕਾਇਮ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ।”੧੦ “ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਨੂੰ ਧਰਮ ਦੀ ਕਮਾਈ ਕਰਨ ਦਾ ਅਸਥਾਨ ਮੰਨਦੇ ਹਨ ਅਤੇ ਮਨੁੱਖ ਜੋ ਵਿਕਾਸ ਦੀ ਸਭ ਤੋਂ ਉੱਚੀ ਪਉੜੀ ’ਤੇ ਖੜਾ ਹੈ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਾਲ ਦੇ ਸੱਭਿਆਚਾਰਾਂ ਅਤੇ ਦੂਸਰੀ ਸ਼੍ਰੇਣੀ ਦੇ ਜੀਵਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਵੇ।”੧੧
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਵਚਨਾਂ ਅਨੁਸਾਰ ਇਕ ਦੈਵੀ ਪਰਮਹਸਤੀ ਜੋ ਸ੍ਰਿਸ਼ਟੀ ਦੇ ਕਣ-ਕਣ ਵਿਚ ਵਿਆਪਕ ਹੈ, ਨੂੰ ਭੁਲ ਕੇ ਹੀ ਮਾਨਵਜਾਤੀ ਵਾਤਾਵਰਨ-ਪ੍ਰਦੂਸ਼ਣ ਦੇ ਗੰਭੀਰ ਸੰਕਟ ਨੂੰ ਝੱਲ ਰਹੀ ਹੈ।ਤੱਤ-ਮੀਮਾਂਸਾ ਦੀ ਅਗਿਆਨਤਾ ਕਾਰਨ ਮਨੁੱਖ ਸਾਰੇ ਜੀਵ-ਜੰਤੂਆਂ, ਬਨਸਪਤੀ ਅਤੇ ਕੁਦਰਤੀ ਪਸਾਰੇ ਨੂੰ ਭਿੰਨ-ਭਿੰਨ ਕਰ ਕੇ ਵੇਖਦਾ ਹੈ, ਜੀਵਾਂ ਅਤੇ ਬਨਸਪਤੀ ਦੇ ਬਾਹਰੀ ਗੁਣ ਅਤੇ ਸੁਭਾਅ ਵੀ ਉਸ ਨੂੰ ਵੱਖ-ਵੱਖ ਪ੍ਰਤੀਤ ਹੁੰਦੇ ਹਨ। ਇਸ ਦੇ ਨਾਲ ਹੀ ਵਰਤਮਾਨ ਵਿਗਿਆਨਕ ਦ੍ਰਿਸ਼ਟੀਕੋਣ ਪਦਾਰਥ ਅਤੇ ਊਰਜਾ ਨੂੰ ਦੋ ਵੱਖ-ਵੱਖ ਬਿੰਦੂ ਮੰਨ ਕੇ ਇਨ੍ਹਾਂ ਦਾ ਅਧਿਐਨ ਕਰਦਾ ਹੈ।ਕੁਦਰਤੀ ਪਸਾਰੇ ਦੇ ਸਾਰੇ ਅੰਗਾਂ ਨੂੰ ਖੰਡ-ਖੰਡ ਕਰਕੇ ਸਮਝਣ ਦੀ ਮਾਨਸਿਕ ਪ੍ਰਵਿਰਤੀ ਨੇ ਸਮੱਸਿਆ ਨੂੰ ਹੋਰ ਵਧਾਇਆ ਹੈ। ਸ੍ਰਿਸ਼ਟੀ ਦੀ ਹਰ ਰਚਨਾ ਨੂੰ ਬੇਜਾਨ-ਤੱਤ ਅਤੇ ਆਪ ਮੁਹਾਰੇ ਚੱਲ ਰਹੀ ਮਸ਼ੀਨ ਮੰਨ ਕੇ ਇਸ ਦੇ ਵੱਖ-ਵੱਖ ਪੁਰਜਿਆਂ ਦੀ ਖੋਜਬੀਨ ਕੀਤੀ ਜਾ ਰਹੀ ਹੈ। ਵਿਗਿਆਨ ਆਧਾਰਿਤ ਅਜਿਹੇ ਜੀਵਨ-ਸੰਕਲਪ ਕਾਰਨ ਭਾਵੇਂ ਮਨੁੱਖ ਨੇ ਪਦਾਰਥਕ ਤਰੱਕੀ ਤਾਂ ਬਹੁਤ ਕੀਤੀ ਹੈ, ਪਰ ਇਸ ਵਿਕਾਸ ਦੀ ਭਾਰੀ ਕੀਮਤ ਵਾਤਾਵਰਨ ਅਸੰਤੁਲਨ ਦੇ ਰੂਪ ਵਿਚ ਚੁਕਾਉਣੀ ਪਈ ਹੈ ਅਤੇ ਧਰਤੀ ਉੱਪਰ ਜੀਵਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਮਨੁੱਖ ਦੇ ਕੁਦਰਤ ਅਤੇ ਧਰਤੀ ਉੱਪਰ ਵੱਸਣ ਵਾਲੇ ਦੂਸਰੇ ਜੀਵਾਂ ਨਾਲ ਸੰਬੰਧ ਵਿਗਾੜ ਦੀ ਚਰਮ-ਸੀਮਾ ਤਕ ਪੁੱਜ ਗਏ ਹਨ। ਨਿਖੇੜਵਾਦੀ ਵਿਚਾਰਧਾਰਾ ਨੇ ਮਨੁੱਖੀ ਭਾਈਚਾਰੇ ਨੂੰ ਵੀ ਨਸਲਾਂ, ਰੰਗਾਂ-ਰੂਪਾਂ, ਭਾਸ਼ਾਈ, ਸੱਭਿਆਚਾਰਕ, ਵਿਕਸਿਤ ਅਤੇ ਅਵਿਕਸਿਤ ਆਦਿਕ ਸ਼੍ਰੇਣੀਆਂ ਵਿਚ ਵੰਡ ਕੇ ਦੋ ਭਿਆਨਕ ਸੰਸਾਰ-ਜੰਗਾਂ ਨੂੰ ਜਨਮ ਦਿੱਤਾ ਹੈ। “ਪਿਛਲੀ ਪੌਣੀ ਸਦੀ ਦੌਰਾਨ ਵਾਪਰੇ ਕੁਝ ਮਹਾਂਵਿਨਾਸ਼ਕਾਰੀ ਵਰਤਾਰਿਆਂ, ਆਲਮੀ ਜੰਗਾਂ, ਨਾਜ਼ੀਵਾਦ, ਫਾਸੀਵਾਦ, ਹਿੰਸਾ ਅਤੇ ਕਤਲ-ਓ-ਗਾਰਤ ਵਿਚ ਅਸੀਮ ਵਾਧਾ ਹੋਇਆ ਹੈ, ਮਨੁੱਖੀ ਆਚਰਨ ਨਿਘਾਰ ਵੱਲ ਗਿਆ ਹੈ। ਵਾਤਾਵਰਨ ਦੀ ਭਿਅੰਕਰ ਤਬਾਹੀ ਵੇਖ ਕੇ ਮਾਨਵਵਾਦੀ ਸੂਖਮਭਾਵੀ ਚਿੰਤਨਸ਼ੀਲ ਵਰਗ ਦਾ ਵਿਗਿਆਨ ਦੇ ਵੱਡੇ-ਵੱਡੇ ਦਾਅਵਿਆਂ ਉੱਤੋਂ ਮੋਹ ਭੰਗ ਹੋ ਗਿਆ ਹੈ।”੧੨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸੰਸਾਰ ਨੁੂੰ ਇਕ ਨਵੀਨ ਜੀਵਨ-ਸੰਕਲਪ ਪ੍ਰਦਾਨ ਕੀਤਾ ਹੈ ਜਿਸ ਅਨੁਸਾਰ ਕੁਦਰਤ ਦੀ ਇਸ ਸਾਰੀ ਭਿੰਨਤਾ ਅਤੇ ਵੰਨ-ਸੁਵੰਨਤਾ ਨੂੰ ਇਕ ਦੈਵੀ ਹਸਤੀ ਪਰਮਾਤਾਮਾ ਦਾ ਵਿਸ਼ੇਸ਼ ਲੱਛਣ ਪ੍ਰਵਾਨ ਕਰਕੇ ਇਸ ਅਨੇਕਤਾ ਨੂੰ ਨਿਹਾਰ ਕੇ ਵਿਸਮਾਦਿਤ ਹੋਇਆ ਜਾ ਸਕਦਾ ਹੈ। ਇਸ ਕੁਦਰਤੀ ਪਸਾਰੇ ਵਿਚਲੀ ਸਾਰੀ ਭਿੰਨਤਾ ਪਸਾਰੇ ਦੇ ਬਾਹਰਮੁਖੀ ਗੁਣਾਂ ਕਰਕੇ ਜਾਪਦੀ ਹੈ, ਪਰ ਇਸ ਦਾ ਅੰਤਰਮੁਖੀ ਸੁਭਾਅ ਅਤੇ ਲੱਛਣ ਇਕ ਤੋਂ ਅਨੇਕ ਹੋਣ ਦੀ ਗਵਾਹੀ ਭਰਦੇ ਹਨ। ਗੁਰਬਾਣੀ ਕੁਦਰਤ ਦੇ ਇਸ ਪਸਾਰੇ ਨੂੰ ਪਰਮਾਤਮਾ ਦਾ ਵਚਿੱਤਰ ਖੇਲ ਮੰਨਦੀ ਹੈ ਅਤੇ ਅਨੇਕਤਾ ਨੂੰ ਦੈਵੀ ਲੱਛਣ ਪ੍ਰਵਾਨ ਕਰਦੀ ਹੈ:
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥
ਕੋਇ ਨ ਕਿਸ ਹੀ ਜੇਹਾ ਉਪਾਇਆ॥
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ॥ (ਪੰਨਾ ੧੦੫੬)
ਵਾਤਾਵਰਨ ਅਸੰਤੁਲਨ:
ਹਵਾ: ਪ੍ਰਾਣੀ ਅਤੇ ਬਨਸਪਤੀ ਜੀਵਨ ਲਈ ਲੋੜੀਂਦੇ ਜ਼ਰੂਰੀ ਤੱਤਾਂ ਵਿਚ ਹਵਾ ਪ੍ਰਥਮ ਹੈ। ਇਹ ਨੁਕਤਾ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਕੁਦਰਤ ਵੱਲੋਂ ਮਨੁੱਖ ਨੂੰ ਮਿਲੀਆਂ ਨਿਆਮਤਾਂ ਦੇ ਭੰਡਾਰੇ ਅਮੁੱਕ ਅਤੇ ਅਥਾਹ ਹਨ। ਹਵਾ ਜਿਸ ਰਾਹੀਂ ਸਾਰੀ ਬਨਸਪਤੀ ਅਤੇ ਜੀਵ-ਪ੍ਰਣਾਲੀ ਸਾਹ ਲੈਂਦੀ ਅਤੇ ਛੱਡਦੀ ਹੈ ਧਰਤੀ ਦੇ ਹਰ ਕੋਨੇ ਵਿਚ ਮੌਜੂਦ ਹੈ। ਮਨੁੱਖ ਸਾਰੀ ਜ਼ਿੰਦਗੀ ਪਦਾਰਥਕ ਲੋੜਾਂ ਨੂੰ ਪੂਰਾ ਕਰਨ ਲਈ ਕਿੰਨਾ ਤਰਦੱਦ ਅਤੇ ਭੱਜ-ਦੌੜ ਕਰਦਾ ਹੈ, ਪਰ ਜਿਊਂਦੇ ਰਹਿਣ ਲਈ ਸਭ ਤੋਂ ਜ਼ਰੂਰੀ ਤੱਤ ਹਵਾ ਤਕ ਸਾਡੀ ਪਹੁੰਚ ਬਹੁਤ ਅਸਾਨ ਹੈ। ਵਾਯੂ-ਮੰਡਲ ਦੇ ਪੱਖ ਤੋਂ ਵਾਤਾਵਰਨ ਦੀ ਵਰਤਮਾਨ ਸਥਿਤੀ ਬੜੀ ਗੰਭੀਰ ਹੈ। ਕੁਦਰਤ ਦੇ ਇਸ ਸੋਮੇ ਪ੍ਰਤੀ ਮਨੁੱਖ ਨੇ ਇੰਨੀ ਲਾਪਰਵਾਹੀ ਵਿਖਾਈ ਹੈ ਕਿ ਜੀਵਨ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਵਿਕਾਸ ਦੇ ਆਰਥਿਕ ਮਾਡਲਾਂ ਦੀ ਆੜ ਹੇਠ ਅਸੀਂ ਸਾਡੇ ਜੀਵਨ ਲਈ ਅਤਿ ਲੋੜੀਂਦੇ ਸੋਮੇ ਹਵਾ ਵਿਚ ਕਾਰਖਾਨਿਆਂ ਅਤੇ ਉਦਯੋਗਾਂ ਦੇ ਧੂੰਏਂ ਰਾਹੀਂ ਜ਼ਹਿਰੀਲੀਆਂ ਗੈਸਾਂ ਦਾ ਜ਼ਹਿਰ ਭਰ ਦਿੱਤਾ ਹੈ। ਵਾਤਾਵਰਨ ਦੀ ਸ਼ੁੱਧਤਾ ਲਈ ਕੁਦਰਤ ਨੇ ਸਾਨੂੰ ਇਕ ਅਨੁਸ਼ਾਸਿਤ ਸਿਸਟਮ ਦਿੱਤਾ ਸੀ ਕਿ ਪੇੜ-ਪੌਦਿਆਂ ਦੇ ਰੂਪ ਵਿਚ ਬਨਸਪਤੀ ਹਵਾ ਵਿੱਚੋਂ ਗੈਰ-ਜ਼ਰੂਰੀ ਤੱਤਾਂ ਨੂੰ ਸਾਫ ਕਰਦੀ ਅਤੇ ਸ਼ੁੱਧ ਹਵਾ ਪ੍ਰਦਾਨ ਕਰਦੀ, ਪਰ ਮਨੁੱਖ ਨੇ ਜੰਗਲਾਂ ਦੀ ਬੇਤਹਾਸ਼ਾ ਕਟਾਈ ਕੀਤੀ ਅਤੇ ਉਸ ਦੀ ਥਾਂ ਜ਼ਹਿਰੀਲੀਆਂ ਗੈਸਾਂ ਛੱਡਦੇ ਵੱਡੇ-ਵੱਡੇ ਕਾਰਖਾਨੇ ਲਗਾ ਕੇ ਕੁਦਰਤੀ ਸੰਤੁਲਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਜਿਹੜੀ ਸ਼ੁੱਧ ਹਵਾ ਜੀਵਨ ਲਈ ਜ਼ਰੂਰੀ ਸੀ, ਉਹੀ ਹਵਾ ਅੱਜ ਸਾਰੇ ਸੰਸਾਰ ਵਿਚ ਸਾਹ ਅਤੇ ਦਮੇ ਦੀਆਂ ਭਿਆਨਕ ਬੀਮਾਰੀਆਂ ਦਾ ਕਾਰਨ ਹੈ। ਵਰਤਮਾਨ ਸਮੇਂ ਸਾਰੇ ਸੰਸਾਰ ਵਿਚ ਰੋਜ਼ਾਨਾ ਹਜ਼ਾਰਾਂ ਟਨ ਜ਼ਹਿਰੀਲੀਆਂ ਗੈਸਾਂ ਦਾ ਧੂੰਆਂ ਲਗਾਤਾਰ ਅਸੀਂ ਵਾਯੂ-ਮੰਡਲ ਵਿਚ ਵਿਚ ਪਹੁੰਚਾ ਰਹੇ ਹਾਂ। ਇਹ ਧੂੰਆਂ, ਉਦਯੋਗਾਂ, ਵਾਹਨਾਂ, ਘਰਾਂ, ਕੂੜੇ-ਕਰਕਟ ਨੂੰ ਜਲਾ ਕੇ, ਸਿਗਰਟਨੋਸ਼ੀ, ਫਸਲਾਂ ਦੀ ਰਹਿੰਦ-ਖੂੰਦ ਸਾੜ ਕੇ, ਤਿਉਹਰਾਂ ਦੇ ਖਾਸ ਮੌਕਿਆਂ ’ਤੇ ਆਤਸ਼ਬਾਜ਼ੀਆਂ ਕਰ ਕੇ, ਮੁਰਦਿਆਂ ਨੂੰ ਜਲਾ ਕੇ, ਪਰਮਾਣੂ ਬੰਬਾਂ ਅਤੇ ਮਿਜ਼ਾਈਲਾਂ ਦੇ ਧਮਾਕੇ ਕਰ ਕੇ ਅਤੇ ਹੋਰ ਕਈ ਢੰਗਾਂ ਨਾਲ ਲਗਾਤਾਰ, ਅਕਾਸ਼ ਅਤੇ ਹਵਾ ਨੂੰ ਗੰਧਲਾ ਕਰ ਰਿਹਾ ਹੈ।
ਪਾਣੀ :- ਗੁਰਬਾਣੀ ਦਾ ਵਾਕ ਹੈ, ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ਭਾਵ ਸਭ ਤੋਂ ਪਹਿਲਾ ਜੀਵਨ ਦਾ ਆਧਾਰ ਪਾਣੀ ਹੈ, ਜਿਸ ਕਰਕੇ ਸਾਰਾ ਕੁਝ ਹਰਿਆ ਭਰਿਆ ਜਿੰਦ-ਜਾਨ ਵਾਲਾ ਹੋ ਜਾਂਦਾ ਹੈ। ਧਰਤੀ, ਸਾਡਾ ਸਰੀਰ ਅਤੇ ਬਨਸਪਤੀ ਦਾ ਆਧਾਰ ਤਿੰਨ ਹਿੱਸੇ ਪਾਣੀ ਹੀ ਹੈ। ਪਾਣੀ ਤੋਂ ਬਿਨਾ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਲ ਤੋਂ ਬਿਨਾ ਜੀਵਨ ਮੰਡਲ ਦੀ ਇਹ ਸ਼ਾਖ ਕੁਮਲਾ ਜਾਂਦੀ ਹੈ। ਪਾਣੀ ਸਾਡੇ ਜੀਵਨ ਵਿਚ ਸੀਤਲਤਾ, ਪਾਵਨਤਾ ਅਤੇ ਤ੍ਰਿਪਤੀ ਪੈਦਾ ਕਰਦਾ ਹੈ। ਜੇਕਰ ਪਾਣੀ ਜੀਵਨ ਦਿੰਦਾ ਹੈ ਤਾਂ ਮਨੁੱਖ ਜਾਤੀ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਸ ਕੁਦਰਤੀ ਦਾਤ ਵਿਚ ਵਿਗਾੜ ਪੈਦਾ ਕੀਤਿਆਂ ਇਹ ਜੀਵਨ ਲੈ ਵੀ ਸਕਦਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਮਨੁੱਖ ਨੇ ਧਰਮ ਗ੍ਰੰਥਾਂ ਦੇ ਮਹਾਵਾਕਾਂ ਨੂੰ ਅਤੇ ਵਿਗਿਆਨਕ ਚੇਤਾਵਨੀਆਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਸ਼ੁੱਧ ਪਾਣੀ ਦੇ ਕੁਦਰਤੀ ਸ੍ਰੋਤਾਂ ਵਿਚ ਭਾਰੀ ਮਾਤਰਾ ਵਿਚ ਗੰਦਗੀ ਅਤੇ ਜ਼ਹਿਰੀਲੇ ਪਦਾਰਥ ਸੁੱਟੇ ਹਨ। ਸਮੁੰਦਰਾਂ, ਝੀਲਾਂ, ਦਰਿਆਵਾਂ ਅਤੇ ਨਦੀਆਂ ਨੂੰ ਕੂੜੇਦਾਨ ਵਜੋਂ ਵਰਤਿਆ ਜਾ ਰਿਹਾ ਹੈ। ਸਾਡੇ ਘਰਾਂ ਦਾ ਮਲ-ਮੂਤਰ, ਫੈਕਟਰੀਆਂ ਦਾ ਜ਼ਹਿਰੀਲਾ ਘੋਲ, ਕੀਟ-ਨਾਸ਼ਕ ਦਵਾਈਆਂ, ਮੁਰਦੇ ਜੀਵ, ਖਣਿਜ ਤੇਲ, ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਅਤੇ ਹੋਰ ਅਨੇਕਾਂ ਹੀ ਘਾਤਕ ਪਦਾਰਥ, ਸ਼ੁੱਧ ਜਲ ਦੀ ਭੇਟ ਕਰਕੇ ਅਸੀਂ ਆਪਣੀ ਸੋਚ ਦਾ ਦੀਵਾਲਾ ਕੱਢ ਰਹੇ ਹਾਂ। ਅਗਿਆਨਤਾ ਦੀ ਹਨੇਰ-ਗਰਦੀ ਹੋਣ ਕਰਕੇ ਭਾਰਤ ਵਰਗੇ ਸੰਘਣੀ ਵੱਸੋਂ ਵਾਲੇ ਦੇਸ਼ਾਂ ਦੇ ਸਮੁੰਦਰਾਂ , ਦਰਿਆਵਾਂ, ਨਦੀਆਂ ਦਾ ਹਾਲ ਤਾਂ ਬਦ ਨਾਲੋਂ ਵੀ ਬਦਤਰ ਹੈ। ਪਾਣੀ ਦੀ ਇਸੇ ਅਸ਼ੁੱਧਤਾ ਨੇ ਪੰਜਾਬ ਰਾਜ ਦੇ ਸਮੁੱਚੇ ਮਾਲਵੇ ਖੇਤਰ ਵਿਚ ਕੈਂਸਰ ਦਾ ਰੂਪ ਧਾਰ ਕੇ ਭਾਰੀ ਤਬਾਹੀ ਮਚਾਈ ਹੈ। ਡਾਇਰੀਆ, ਉਲਟੀਆਂ, ਪਾਚਨ ਕਿਰਿਆ ਅਤੇ ਚਮੜੀ ਦੇ ਕਈ ਕਿਸਮ ਦੇ ਰੋਗਾਂ ਦਾ ਕਾਰਨ ਪਾਣੀ ਦਾ ਜ਼ਹਿਰੀਲਾਪਨ ਹੀ ਹੈ। ਪਾਣੀ ਦੇ ਇਸ ਤਰ੍ਹਾਂ ਜ਼ਹਿਰੀਲੇ ਹੋਣ ਦਾ ਕਾਰਨ ਕੁਦਰਤੀ ਨਹੀਂ ਬਲਕਿ ਮਨੁੱਖ ਜਾਤੀ ਦੀ ਦੇਣ ਹੈ। ਸਵਾਰਥ ਦੀ ਹੱਦ ਹੈ ਕਿ ਪਹਿਲਾਂ ਸ਼ੁੱਧ ਪਾਣੀ ਨੂੰ ਆਪ ਹੀ ਗੰਧਲਾ ਕੀਤਾ ਅਤੇ ਫਿਰ ਪਾਣੀ ਸ਼ੁੱਧ ਕਰਨ ਦੇ ਪਲਾਂਟ ਲਗਾ ਕੇ ਬੋਤਲਾਂ ਵਿਚ ਭਰ ਕੇ ਵੇਚਿਆ ਅਤੇ ਮੁਨਾਫਾ ਕਮਾਇਆ ਜਾ ਰਿਹਾ ਹੈ।
ਧਰਤੀ: ਧਰਤੀ ਮਨੁੱਖਤਾ ਦਾ ਉਹ ਘਰ ਹੈ, ਜਿੱਥੇ ਭਾਂਤ-ਭਾਂਤ ਦੀ ਬਨਸਪਤੀ, ਪਹਾੜਾਂ, ਝਰਨਿਆਂ, ਜੀਵ-ਜੰਤੂਆਂ, ਸਮੁੰਦਰਾਂ ਅਤੇ ਪੰਛੀਆਂ ਦਾ ਸਮੂਹਿਕ ਵਾਸਾ ਹੈ। ਧਰਤੀ ਦਾ ਇਹ ਕੁਦਰਤੀ ਮਨਮੋਹਕ ਰੂਪ ਅਤੇ ਆਕਰਸ਼ਣ ਮਨੁੱਖ ਦੀ ਦਖਲ-ਅੰਦਾਜ਼ੀ ਕਰਕੇ ਬੜੀ ਤੇਜ਼ੀ ਨਾਲ ਵਿਲੁਪਤ ਹੋ ਰਿਹਾ ਹੈ। ਧਰਤੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ। ਮਨੁੱਖ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਧਰਤੀ ਦੀ ਹਿੱਕ ਪਾੜ ਕੇ ਖਣਿਜ ਪਦਾਰਥ, ਪਾਣੀ, ਤੇਲ ਕੱਢ ਕੇ ਅਤੇ ਧਰਤੀ ਉਤਲੇ ਜੰਗਲਾਂ ਦੀ ਕਟਾਈ ਕਰ ਕੇ ਇਸ ਨੂੰ ਖੋਖਲਾ ਕੀਤਾ ਹੈ। ਇਸ ਦੇ ਨਾਲ ਹੀ ਧਰਤੀ ਵਿਚ ਅਨੇਕਾਂ ਕੀਟ ਨਾਸ਼ਕ, ਰਸਾਇਣਕ ਦਵਾਈਆਂ, ਖਾਦਾਂ, ਜ਼ਹਿਰੀਲੇ ਕਾਰਕਾਂ ਦਾ ਮਿਸ਼ਰਣ ਕਰਕੇ ਧਰਤੀ ਨੂੰ ਅਧਮੋਈ ਕਰ ਦਿੱਤਾ ਹੈ। ਵਰਤਮਾਨ ਸਮੇਂ ਧਰਤੀ ਕੂੜੇ-ਕਰਕਟ, ਜਿਸ ਵਿਚ ਗੈਰ-ਕੁਦਰਤੀ ਤੱਤਾਂ (ਸਿੰਥੈਟਿਕ) ਦੀ ਬਹੁਤਾਤ ਹੈ ਦਾ ਢੇਰ ਬਣ ਚੁੱਕੀ ਹੈ। ਵੱਡੇ-ਵੱਡੇ ਮਹਾਨਗਰਾਂ ਦੀ ਜ਼ਮੀਨ ਹੇਠ ਭਾਰੀ ਮਸ਼ੀਨਾਂ ਰਾਹੀਂ ਖੁਦਾਈ ਕਰ ਕੇ, ਬਜ਼ਾਰ, ਸਟੇਸ਼ਨ, ਬੱਸ ਅੱਡੇ, ਹਸਪਤਾਲ ਬਣਾ ਲਏ ਹਨ ਜਿਸ ਕਾਰਨ ਧਰਤੀ ਦੀ ਸਤਹ ਕਮਜ਼ੋਰ ਹੋ ਗਈ ਹੈ। ਹਵਾ, ਪਾਣੀ ਅਤੇ ਧਰਤੀ ਜੋ ਸਾਨੂੰ ਕੁਦਰਤੀ ਨਿਆਮਤਾਂ ਸਨ ਅਤੇ ਜੀਵਨ ਪ੍ਰਦਾਨ ਕਰਨ ਵਾਲੇ ਸੋਮੇ ਸਨ, ਅੱਜ ਮੌਤ ਦਾ ਕਾਰਨ ਕਿਵੇਂ ਬਣਦੇ ਜਾ ਰਹੇ ਹਨ? ਇਸ ਪ੍ਰਸ਼ਨ ’ਤੇ ਗੰਭੀਰ ਹੋਣ ਦੀ ਲੋੜ ਹੈ। ਵਿਕਾਸ ਦੇ ਨਾਮ ਤੇ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਵਿਕਾਸ ਨਹੀਂ ਵਿਨਾਸ਼ ਹੈ। ਕੁਦਰਤੀ ਵਾਤਾਵਰਨ ਨਾਲ ਕੀਤੇ ਇਸ ਵਿਸਾਹਘਾਤ ਦਾ ਹੀ ਨਤੀਜਾ ਹੈ ਕਿ ਅੱਜ ਪੂਰੇ ਵਿਸ਼ਵ ਨੂੰ, ਤਾਪਮਾਨ ਦਾ ਵਾਧਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰੀ ਸੁਨਾਮੀਆਂ, ਓਜ਼ਨ ਪਰਤ ਦਾ ਖਤਮ ਹੋਣਾ, ਤੇਜ਼ਾਬੀ ਵਰਖਾ, ਭੁਚਾਲਾਂ ਅਤੇ ਸੋਕਿਆਂ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਤਾਵਰਨ ਸੰਭਾਲ ਦਾ ਗੁਰਮਤਿ ਦ੍ਰਿਸ਼ਟੀਕੋਣ: ਗੁਰਮਤਿ-ਦਰਸ਼ਨ ਕੁਦਰਤ ਦੀ ਸੰਭਾਲ ਪ੍ਰਤੀ ਬੜਾ ਵਿਸ਼ਾਲ ਤੇ ਵਿਵਹਾਰਕ ਸੰਕਲਪ ਪ੍ਰਸਤੁਤ ਕਰਦਾ ਹੈ। ਗੁਰਮਤਿ-ਦਰਸ਼ਨ ਨੇ ਸਿੱਖ ਲਈ ਸਭ ਤੋਂ ਉੱਚੀ ਤੇ ਪ੍ਰਮੁੱਖ ਕੀਮਤ ਪਰਮਾਤਮਾ ਦੀ ਪ੍ਰਾਪਤੀ ਨਿਰਧਾਰਿਤ ਕੀਤੀ ਹੈ। ਇਸ ਉੱਚੇ ਆਦਰਸ਼ ਦੀ ਪ੍ਰਾਪਤੀ ਲਈ ਕੁਦਰਤ ਦਾ ਰਹੱਸ ਅਤੇ ਪ੍ਰੇਮ ਜ਼ਰੂਰੀ ਸਾਧਨ ਹਨ। ਇਸ ਦੇ ਉਲਟ ਪੱਛਮੀ ਸੰਸਾਰ ਵਿਚ ਪੂੰਜੀਵਾਦ ਅਤੇ ਪਦਾਰਥਕ ਉੱਨਤੀ ਹੀ ਮੁਖ ਨਿਸ਼ਾਨਾ ਹੋਣ ਕਰਕੇ ਕੁਦਰਤੀ ਵਾਤਾਵਰਨ ਪ੍ਰਤੀ ਪਹੁੰਚ ਬੜੀ ਅਨੈਤਿਕ ਰਹੀ ਹੈ। ਕੁਦਰਤ ਪ੍ਰਤੀ ਇਸੇ ਦ੍ਰਿਸ਼ਟੀਕੋਣ ਨੇ ਮੌਜੂਦਾ ਸਮੇਂ ਪੂਰੇ ਵਿਸ਼ਵ ਲਈ ਵਾਤਾਵਰਨ ਦਾ ਗੰਭੀਰ ਸੰਕਟ ਪੈਦਾ ਕੀਤਾ ਹੈ।
ਕੁਦਰਤ ਨੂੰ ਪ੍ਰੇਮ ਕਰਨ ਵਾਲਾ ਹਿਰਦਾ ਕੁਦਰਤੀ ਵਾਤਾਵਰਨ ਨੂੰ ਵਿਗਾੜਨ ਬਾਰੇ ਸੋਚ ਹੀ ਨਹੀਂ ਸਕਦਾ। ਉਸ ਦਾ ਇਹ ਬੁਨਿਆਦੀ ਵਿਸ਼ਵਾਸ ਹੁੰਦਾ ਹੈ ਕਿ ਕਾਦਰ ਕੁਦਰਤ ਦੇ ਕਣ-ਕਣ ਵਿਚ ਵਿਆਪਕ ਹੈ, ਸਾਰੇ ਪਸਾਰੇ ਵਿਚ ਪਰਮਾਤਮਾ ਦੀ ਜੋਤ ਦਾ ਨੂਰ ਹੈ।“ਜਿਸ ਦੇ ਅੰਦਰ ਜਜ਼ਬਾਤਾਂ ਦੀ ਸੁਲਘਦੀ ਚੰਗਿਆੜੀ ਹੈ, ਜਿਸ ਦੇ ਅੰਦਰ ਜਾਗਤ ਜੋਤਿ ਦਾ ਨਿਵਾਸ ਹੈ, ਉਹ ਕੁਦਰਤੀ ਦ੍ਰਿਸ਼ਾਂ, ਰੰਗਾਂ-ਰੂਪਾਂ ਦੇ ਕੁਦਰਤੀ ਨਾਦ ਤੋਂ ਮੁਤਾਸਿਰ ਹੋ ਕੇ ਸਦਾ ਅਨੰਦ ਵਿਚ ਰਹਿ ਸਕਦਾ ਹੈ।”੧੩ ਕੁਦਰਤ ਸੱਚੇ ਦੀ ਸ਼ਨਾਖਤ ਦਾ ਵਸੀਲਾ ਹੈ:
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ ੧੪੧)
ਕੁਦਰਤ ਵੱਲੋਂ ਬਖਸ਼ਿਆ ਵਾਤਾਵਰਨ ਲੱਖਾਂ ਸਾਲਾਂ ਤੋਂ ਧਰਤੀ ਰੂਪੀ ਧਰਮਸਾਲ ਦੀ ਰੱਖਿਆ ਕਰਦਾ ਆ ਰਿਹਾ ਹੈ ਇਸ ਰਹੱਸ ਦਾ ਪ੍ਰਕਾਸ਼ ਪੂਰੇ ਗੁਰੂ-ਮਿਹਰ ਸਦਕਾ ਹੀ ਸੰਭਵ ਹੈ। ਕੁਦਰਤ ਵਿੱਚੋਂ ਕਰਤੇ ਦਾ ਦੀਦਾਰ ਕਰਨਾ ਸਿੱਖ ਫ਼ਲਸਫ਼ੇ ਦਾ ਅਮਲੀ ਪੱਖ ਹੈ। ਕਾਦਰ ਆਪ ਹੀ ਪ੍ਰੇਮ ਰੂਪ ਹੋ ਕੇ ਕਾਇਨਾਤ ਦੇ ਜ਼ੱਰੇ-ਜ਼ੱਰੇ ਵਿਚ ਫੈਲਿਆ ਹੋਇਆ ਹੈ। ਗੁਰਮਤਿ ਮਾਰਗ ਦਾ ਇਹ ਵਿਵਹਾਰਕ ਪੱਖ ਹੈ ਕਿ, ‘ਕਾਦਰ ਦੀ ਕੁਦਰਤ ਦਾ ਜ਼ਹੂਰ, ਨਾਮ, ਰੂਪ, ਸ਼ਬਦ ਆਦਿ ਪਦਾਰਥਕ ਗੁਣਾਂ ਵਿਚ ਮਹਿਸੂਸ ਕਰਕੇ ਸਰਬਵਿਆਪੀ ਜੋਤ ਦੇ ਨੇੜੇ ਹੋਣਾ ਤੇ ਲਿਵ ਲਾਉਣਾ ਹੈ।”੧੪ ਕਾਦਰ, ਮਨੁੱਖ ਅਤੇ ਕੁਦਰਤ ਆਪਸ ਵਿਚ ਇਸੇ ਪ੍ਰੇਮ ਦੇ ਸੂਤਰ ਵਿਚ ਪ੍ਰੋਤੇ ਹੋਏ ਹਨ। ਭ੍ਰਾਂਤੀ-ਵਸ ਹੋ ਕੇ ਮਨੁੱਖ ਕਿੰਨਾ ਵੀ ਆਪਣੇ ਆਪ ਨੂੰ ਵੱਖਰਾ ਤੇ ਕੁਦਰਤੀ ਹੋਣੀ ਤੋਂ ਬੇਲਾਗ ਸਮਝੇ, ਪਰ ਰੱਬ ਉਸ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠਾ ਨਿਹਾਰ ਰਿਹਾ ਹੈ:
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥
(ਪੰਨਾ ੨੬੮)
ਗੁਰਬਾਣੀ ਵਿਚ ਅਜਿਹੇ ਵਿਸਮਾਦੀ ਪ੍ਰੇਮ ਨੂੰ ਕੁਦਰਤੀ ਬਿੰਬਾਂ ਰਾਹੀਂ ਹੀ ਪ੍ਰਗਟਾਇਆ ਗਿਆ ਹੈ ਜਿਵੇਂ: ਜਲ-ਕਮਲੇਹੁ, ਮਛਲੀ-ਨੀਰ, ਭੰਵਰੇ-ਫੁਲ, ਚਾਤ੍ਰਿਕ-ਮੀਂਹ, ਚਕਵੀ-ਸੂਰਜ ਆਦਿ:
ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ॥
ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ॥ (ਪੰਨਾ ੪੫੪)
ਪਰਮਾਤਮਾ ਆਪ ਇਸ ਜਗਤ ਰੂਪੀ ਵਾੜੀ ਉੱਤੇ ਬਸੰਤ ਦਾ ਖੇੜਾ ਬਣ ਕੇ ਪਸਰਿਆ ਹੋਇਆ ਹੈ। “ਅਕਾਲ ਪੁਰਖ ਨਾ ਕੇਵਲ ਆਪ ਹੀ ਸੁੰਦਰ ਹੈ, ਸਗੋਂ ਬ੍ਰਹਿਮੰਡ ਦੀ ਸੁੰਦਰਤਾ ਦਾ ਭੋਗਣ ਵਾਲਾ ਅਤੇ ਇਸ ਸਾਰੀ ਸੁੰਦਰਤਾ ਦਾ ਮੂਲ ਸੋਮਾ ਵੀ ਆਪ ਹੈ।”੧੫ ਕਾਵਿ-ਰਾਗ ਅਤੇ ਕੁਦਰਤ ਪ੍ਰੇਮ ਦਾ ਦੈਵੀ ਸੰਜੋਗ ਸਿੱਖ ਹਿਰਦੇ ਨੂੰ ਵਿਸਮਾਦੀ ਅਵਸਥਾ ਦਾ ਹੁਲਾਰਾ ਦਿੰਦਾ ਹੈ। ਗੁਰਮਤਿ-ਫ਼ਲਸਫ਼ਾ ਮਨੁੱਖੀ ਮਨ ਨੂੰ ਕੁਦਰਤ ਨਾਲ ਇਕਸੁਰ ਕਰਦਾ ਹੈ। ਕੁਦਰਤ ਦੇ ਮਨਮੋਹਕ ਦ੍ਰਿਸ਼ ਮਨੁੱਖੀ ਮਨ ਵਿਚ ਸੁਖ-ਸ਼ਾਂਤੀ, ਸਹਿਜ ਅਤੇ ਚਾਉ ਦੇ ਭਾਵ ਪੈਦਾ ਕਰਦੇ ਹਨ। ਅੰਮ੍ਰਿਤ ਵੇਲੇ (ਸਵੇਰ ਦਾ ਦ੍ਰਿਸ਼) ‘ਚਿੜੀ ਚੁਹਕੀ ਪਹੁ ਫੁਟੀ…’, (ਰਾਤ ਵੇਲੇ) ‘ਭਿੰਨੀ ਰੈਨੜੀਐ ਚਾਮਕਨਿ ਤਾਰੇ॥’ ‘ਬਸੰਤੁ ਚੜਿਆ ਫੂਲੀ ਬਨਰਾਇ॥’ ਗੁਰਬਾਣੀ ਦੇ ਵਾਕੰਸ਼ਾਂ ਵਿਚ ਕੁਦਰਤ ਦਾ ਸੁਹਜ ਭਰਿਆ ਪਿਆ ਹੈ। ਮਨੁੱਖੀ ਮਨ ਦਾ ਖੇੜਾ ਹੀ ਉਸ ਦੀ ਸਰੀਰਕ ਅਰੋਗਤਾ ਦਾ ਆਧਾਰ ਬਣਦਾ ਹੈ। ਕੁਦਰਤ ਮਨ ਦੇ ਖੇੜੇ ਦਾ ਭਰਪੂਰ ਸ੍ਰੋਤ ਹੈ। ਜਿੰਨਾ ਮਨੁੱਖ ਕੁਦਰਤ ਨੂੰ ਮਾਣੇਗਾ, ਕੁਦਰਤ ਦੀ ਗੋਦ ਦਾ ਦੁਲਾਰਾ ਬਣੇਗਾ, ਕੁਦਰਤ ਨਾਲ ਪ੍ਰੇਮ ਕਰੇਗਾ, ਉਨਾ ਹੀ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਤੰਦਰੁਸਤ ਰਹੇਗਾ। ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਪ੍ਰੇਮ ਮਨੁੱਖ ਦੀ ਸਹਿਜ ਬਿਰਤੀ ਹੋਵੇਗੀ। ਗੁਰਬਾਣੀ ਦੇ ਹੇਠ ਲਿਖੇ ਪ੍ਰਮਾਣ ਸਿੱਖ ਸੁਭਾਉ ਦੀ ਇਸੇ ਸਹਿਜ ਬਿਰਤੀ ਦਾ ਹੀ ਪ੍ਰਗਟਾਅ ਹਨ:
-ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਪੰਨਾ ੮)
-ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥ (ਪੰਨਾ ੧੪੬)
ਪਵਣ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਤੁਲ ਸਤਿਕਾਰ ਅਤੇ ਦਰਿਆਵਾਂ ਨਾਲ ਦੋਸਤੀ ਅਜਿਹੇ ਸੂਖਮ ਅਹਿਸਾਸ ਕੁਦਰਤ ਪ੍ਰਤੀ ਗੁਰਮਤਿ ਚੇਤਨਾ ਨੇ ਸਿੱਖ ਸੁਰਤ ਵਿਚ ਸਹਿਜੇ ਹੀ ਭਰੇ ਹਨ। ਸਿੱਖ ਚਿੰਤਨ ਕੁਦਰਤ ਨਾਲ ਸਿੱਖ ਦਾ ਸਮਨਵੈ ਭਰਪੂਰ ਸੰਬੰਧ ਸਥਾਪਿਤ ਕਰਦਾ ਹੈ। ਸਿੱਖ ਇਤਿਹਾਸ ਦਾ ਇਹ ਵਿਸਮਾਦੀ ਪੱਖ ਹੈ ਕਿ ਨਾਨਕ ਨਾਮ-ਲੇਵਾ ਨਿਰਮਲ ਪੰਥ ਦਾ ਅਰੰਭ ਵੇਈਂ ਰੂਪੀ ਚੱਲਦੇ ਜਲ ਦੇ ਕੰਢੇ ਤੋਂ, ਆਦਿ ਗ੍ਰੰਥ ਦਾ ਅਰੰਭ (ਸੰਕਲਨ) ਰਾਮਸਰ ਸਾਹਿਬ ਦੇ ਕਿਨਾਰੇ ਤੋਂ ਅਤੇ ਖਾਲਸੇ ਪੰਥ ਦੀ ਸਾਜਨਾ ਅਨੰਦਪੁਰ ਦੇ ਰਮਣੀਕ ਤੇ ਕੁਦਰਤੀ ਵਾਤਾਵਰਨ ਵਿਚ ਹੋਈ। ਗੁਰੂ-ਜੋਤ ਨੇ ਜਿੱਥੇ ਵੀ ਆਪਣਾ ਆਸਣ ਟਿਕਾਇਆ ਉੱਥੇ ਜਲ ਅਤੇ ਕੁਦਰਤੀ ਵਾਤਵਰਨ ਦਾ ਹੋਣਾ ਲਾਜ਼ਮੀ ਸੀ। ਸਿੱਖ ਇਤਿਹਾਸ ਅਜਿਹੇ ਵਲਵਲਿਆਂ ਨਾਲ ਭਰਿਆ ਪਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਰਾਇ-ਭੋਇ ਦੀ ਤਲਵੰਡੀ ਵਿਖੇ ਕੁਦਰਤੀ ਵਾਤਾਵਰਨ, ਜਿਸ ਵਿਚ ਹਰਿਆਲੀ, ਬ੍ਰਿਛਾਂ ਦੀ ਧੁਪ-ਛਾਂ, ਮੱਝਾਂ ਚਾਰਨੀਆਂ, ਖੇਤ ਹਰੇ ਕਰਨਾ, ਕਾਦਰ ਦੀ ਯਾਦ ਵਿਚ ਨਿਰੰਤਰ ਲੀਨ ਰਹਿਣਾ ਵਿਸਮਾਦਿਤ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਜਿਸ ਵੇਈਂ ਨਦੀ ਵਿਚ ਇਸ਼ਨਾਨ ਕਰ ਕੇ ‘ਨਿਰਮਲ ਪੰਥ’ ਦਾ ਪ੍ਰਚਾਰ ਅਰੰਭ ਕੀਤਾ ਉਹ ਵੇਈਂ ਅੱਜ ਤਕ ਸਿੱਖਾਂ ਦੇ ਪ੍ਰੇਮ ਕਰਕੇ ਠਾਠਾਂ ਮਾਰ ਰਹੀ ਹੈ। ਜਿਸ ਬੇਰੀ ਹੇਠ ਗੁਰੂ ਜੀ ਨਿੱਤ ਕਾਦਰ ਦੀ ਯਾਦ ਵਿਚ ਬੈਠਦੇ ਉਹ ਅੱਜ ‘ਬੇਰ ਸਾਹਿਬ’ ਹੈ। ਗੁਰੂ-ਜੋਤਿ ਨਾਲ ਸੰਬੰਧਤ ਯਾਦਗਾਰਾਂ ਵੀ ਕੁਦਰਤੀ ਵਾਤਾਵਰਨ ਨੂੰ ਸੰਭਾਲਣ ਤੇ ਪਿਆਰ ਕਰਨ ਦਾ ਪ੍ਰਤੱਖ ਪ੍ਰਮਾਣ ਹਨ ਜਿਵੇਂ: ਗੁਰੂ ਕਾ ਬਾਗ, ਗੁਰੂ ਕਾ ਤਾਲ, ਅੰਮ੍ਰਿਤਸਰ, ਸੰਤੋਖਸਰ, ਬਿਬੇਕਸਰ, ਰਾਮਸਰ, ਬੀੜ ਬਾਬਾ ਬੁੱਢਾ ਜੀ, ਜੰਡ ਸਾਹਿਬ, ਬੇਰ ਸਾਹਿਬ, ਰੀਠਾ ਸਾਹਿਬ, ਮੋਤੀ ਬਾਗ, ਹੀਰਾ ਬਾਗ, ਨਿੰਮ ਸਾਹਿਬ ਆਦਿ ਅਨੇਕਾਂ ਗੁਰ-ਛੋਹ ਪ੍ਰਾਪਤ ਇਤਿਹਾਸਿਕ ਸਥਾਨ ਵਾਤਾਵਰਨ ਸੰਭਾਲ ਪ੍ਰਤੀ ਸਿੱਖ ਸਿਧਾਂਤ ਦਾ ਅਮਲੀ ਪ੍ਰਗਟਾਅ ਹਨ। ਗੁਰੂ-ਜੋਤ ਦੁਆਰਾ ਬਾਉਲੀਆਂ, ਸਰੋਵਰਾਂ ਅਤੇ ਬਾਗਾਂ ਦਾ ਨਿਰਮਾਣ ਸਿੱਖ ਚਿੰਤਨ ਦੀ ਕੁਦਰਤ ਪ੍ਰਤੀ ਸੰਵੇਦਨਾ ਤੇ ਗੰਭੀਰਤਾ ਦਾ ਸੂਚਕ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸਿੱਖ ਸਮਾਜ ਵਾਤਾਵਰਨ-ਸੰਭਾਲ ਪ੍ਰਤੀ ਆਪਣੇ ਫਰਜ਼ਾਂ ਤੋਂ ਅਵੇਸਲਾ ਹੋਇਆ ਹੈ ਜਿਸ ਦਾ ਮੁੱਖ ਕਾਰਨ ਗੁਰੂ-ਸਿਧਾਂਤ ਤੋਂ ਦੂਰ ਜਾਣਾ ਹੈ। ਕਿਸਾਨਾਂ ਦੁਆਰਾ ਫਸਲਾਂ ਦਾ ਝਾੜ ਵਧਾਉਣ ਲਈ ਖੇਤੀ ਦੇ ਕੁਦਰਤੀ ਢੰਗਾਂ ਨੂੰ ਤਿਆਗ ਕੇ ਬੇਤਹਾਸ਼ਾ ਰਸਾਇਣਕ ਖਾਦਾਂ ਅਤੇ ਕੀਟ-ਨਾਸ਼ਕਾਂ ਦੀ ਵਰਤੋਂ ਕਰਨ ਦੇ ਨਾਲ-ਨਾਲ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਗੁਰ-ਸਿਧਾਂਤ ਅਤੇ ਇਤਿਹਾਸ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ-ਜੋਤਿ ਕੁਦਰਤ ਦੇ ਰਹੱਸਾਤਮਕ ਪ੍ਰੇਮ ਨਾਲ ਭਰਪੂਰ ਸੀ। ਵਰਤਮਾਨ ਸਮੇਂ ਜੇਕਰ ਸਿੱਖ ਗੁਰੂ-ਦਰ ਤੋਂ ਬਖਸ਼ਿਸ਼ਾਂ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਕੁਦਰਤ ਪ੍ਰੇਮ ਅਤੇ ਸੰਭਾਲ ਪ੍ਰਤੀ ਸੁਚੇਤ ਹੋਣਾ ਪਵੇਗਾ। ਗੁਰੂ-ਜੋਤ ਦਾ ਮਿਲਾਪ ਕੁਦਰਤ ਦੇ ਦਰਵਾਜ਼ੇ ਰਾਹੀਂ ਹੀ ਸੰਭਵ ਹੈ। ਗੁਰ-ਅਨੁਭਵ ਅਨੁਸਾਰ ਕੁਦਰਤ ਦਾ ਕਣ-ਕਣ ਕਾਦਰ ਦੇ ਪ੍ਰੇਮ ਗੀਤ ਗਾ ਰਿਹਾ ਹੈ, ਸਿੱਖ ਨੂੰ ਵੀ ਇਨ੍ਹਾਂ ਪੇ੍ਰਮ ਗੀਤਾਂ ਨਾਲ ਇਕਸੁਰ ਹੋਣਾ ਪਵੇਗਾ:
ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ
ਸਭ ਹਰਿ ਹਰਿ ਨਾਮੁ ਧਿਆਵੈ ਰਾਮ॥
ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ
ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ॥
ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ
ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ॥
(ਪੰਨਾ ੫੪੦)
ਕੁਦਰਤ ਦੀ ਦੈਵੀ ਅਨੁਭੂਤੀ ਅਤੇ ਪ੍ਰੇਮ ਗੁਰਮਤਿ ਮਾਰਗ ਦੀ ਸੰਸਾਰ ਨੂੰ ਵਿਸ਼ੇਸ਼ ਦੇਣ ਹੈ।ਕੁਦਰਤ ਨੂੰ ਨਿਹਾਰਦਿਆਂ ਇਸ ਦੇ ਸੁਹਜ ਅਤੇ ਰਸ ਨੂੰ ਮਾਣਦੇ ਹੋਏ ਕੁੱਲ ਮਨੁੱਖਤਾ ਤਨ ਦੀ ਅਰੋਗਤਾ, ਮਨ ਦਾ ਟਿਕਾਅ ਅਤੇ ਆਤਮਿਕ ਵਿਗਾਸ ਨਾਲ ਭਰਪੂਰ ਹੋ ਸਕਦੀ ਹੈ।
ਹਵਾਲੇ ਅਤੇ ਟਿੱਪਣੀਆਂ
੧. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਈ ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ, ੨੦੦੪, ਪੰਨਾ ੨੫੩
੨. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਪੋਥੀ ਤੀਜੀ), ਰਾਜ ਪਬਲਿਸ਼ਰਜ਼, ਜਲੰਧਰ, ਪੰਨਾ-੬੨੩
੩. ਗੁਰਚਰਨ ਸਿੰਘ, (ਸੰਪਾ.), ਸ੍ਰੀ ਗੁਰੂ ਗ੍ਰੰਥ ਕੋਸ਼ (ਜਿਲਦ ਪਹਿਲੀ), ਪੰਜਾਬੀ ਯੂਨੀਵਰਸਿਟੀ ਪਟਿਆਲਾ, ੨੦੦੨, ਪੰਨਾ-੬੮੧
੪. ਕਪੂਰ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ, ਵਾਰਿਸ ਸ਼ਾਹ ਫਊਂਡੇਸ਼ਨ, ਸ੍ਰੀ ਅੰਮ੍ਰਿਤਸਰ, ੨੦੦੯, ਪੰਨਾ-੫੪
੫. ਡਾ. ਜਸਵੰਤ ਸਿੰਘ ਨੇਕੀ, ਵਿਸਮਾਦ, ਬਲਕਾਰ ਸਿੰਘ (ਸੰਪਾ.) ਗੁਰੂ ਨਾਨਕ ਧਰਮ ਚਿੰਤਨ, ਪੰਜਾਬੀ ਯੁਨੀਵਰਸਿਟੀ ਪਟਿਆਲਾ, ੧੯੮੫, ਪੰਨਾ-੧੮
੬. ਸ. ਕਪੂਰ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ, ਵਾਰਿਸ ਸ਼ਾਹ ਫਊਂਡੇਸ਼ਨ, ਸ੍ਰੀ ਅੰਮ੍ਰਿਤਸਰ, ੨੦੦੯, ਪੰਨਾ ੫੪
੭. ਡਾ. ਹਰਪਾਲ ਸਿੰਘ ਪੰਨੂ, ਗੁਰ ਨਾਨਕ ਦਾ ਕੁਦਰਤ ਸਿਧਾਂਤ, ਪੰਜਾਬੀ ਯੂਨੀਵਰਸਿਟੀ,ਪਟਿਆਲਾ, ੨੦੦੨, ਪੰਨਾ-੫੩
੮. ਸ਼ੇਰ ਸਿੰਘ, ਵਿਚਾਰਧਾਰਾ, ਲਾਹੌਰ ਬੁਕ ਸ਼ਾਪ, ਲੁਧਿਆਣਾ, ਮਿਤੀਹੀਣ, ਪੰਨਾ-੩੬੮
੯. ਡਾ. ਹਰਪਾਲ ਸਿੰਘ ਪੰਨੂ, ਗੁਰ ਨਾਨਕ ਦਾ ਕੁਦਰਤ ਸਿਧਾਂਤ, ਪੰਜਾਬੀ ਯੂਨੀਵਰਸਿਟੀ,ਪਟਿਆਲਾ, ੨੦੦੨, ਪੰਨਾ-੧੧੨
੧੦. ਜੋਧ ਸਿੰਘ , ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਚੌਗਿਰਦਾ ਬੋਧ, ਸ. ਅਮਰਜੀਤ ਸਿੰਘ(ਸੰਪਾ.), ਵਿਸਮਾਦੁ ਨਾਦ,ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਦੇਣ(ਵਿਸ਼ੇਸ਼ ਅੰਕ), ਇੰਟਰਨੈਸ਼ਨਲ ਇੰਸਟੀਚਿਊਟ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਸਟੱਡੀਜ਼,ਜਵੱਦੀ ਟਕਸਾਲ,ਲੁਧਿਆਣਾ, ੧੯੯੪ ਪੰਨਾ-੩੯੩
੧੧. ਉਹੀ, ਪੰਨਾ-੩੮੦
੧੨. ਅਜਮੇਰ ਸਿੰਘ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਸਿੰਘ ਬ੍ਰਦਰਜ਼, ਸ੍ਰੀ ਅੰਮ੍ਰਿਤਸਰ, ੨੦੧੫, ਪੰਨਾ-੨੨੩
੧੩. ਸ਼ੇਰ ਸਿੰਘ, ਵਿਚਾਰਧਾਰਾ, ਲਾਹੌਰ ਬੁਕ ਸ਼ਾਪ, ਲੁਧਿਆਣਾ, ਮਿਤੀਹੀਣ, ਪੰਨਾ-੩੭੧
੧੪. ਸ਼ੇਰ ਸਿੰਘ, ਵਿਚਾਰਧਾਰਾ, ਲਾਹੌਰ ਬੁਕ ਸ਼ਾਪ, ਲੁਧਿਆਣਾ, ਮਿਤੀਹੀਣ, ਪੰਨਾ-੩੨੬
੧੫. ਸ਼ੇਰ ਸਿੰਘ, ਵਿਚਾਰਧਾਰਾ, ਲਾਹੌਰ ਬੁਕ ਸ਼ਾਪ, ਲੁਧਿਆਣਾ, ਮਿਤੀਹੀਣ, ਪੰਨਾ-੩੬੮

-ਸ. ਰਾਜਵਿੰਦਰਪਾਲ ਸਿੰਘ*

*ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ। ਮੋ: +੯੧੯੪੬੪੬-੫੩੮੮੩