
ਭਾਰੀ ਮੀਂਹ ਅਤੇ ਝੱਖੜ..ਸਿਆਲਕੋਟ ਤੋਂ ਤੁਰੇ ਡੇਰੇ ਬਾਬੇ ਨਾਨਕ ਥਾਣੀ ਅੰਬਰਸਰ ਅੱਪੜੇ..ਖਾਲਸਾ ਕਾਲਜ ਤੰਬੂ ਗੱਡੇ ਸਨ..ਤਿੰਨ ਚਾਰ ਦਿਨ ਓਥੇ ਰਹੇ..ਪੈਰ ਦੀਆਂ ਉਂਗਲਾਂ ਗਲ਼ ਗਈਆਂ..ਮਾਂ ਅੱਗੇ ਰੋਇਆ ਕਰਾਂ..ਉਸਦੀ ਝੋਲੀ ਅੱਗੇ ਹੀ ਤਿੰਨ ਚਾਰ ਭੈਣ ਭਰਾ ਹੋਰ..ਆਖਿਆ ਕਰੇ ਜਾ ਸੁੱਕੀ ਮਿੱਟੀ ਲੱਭ ਉਂਗਲ਼ਾਂ ਤੇ ਮਲ ਲੈ..ਹੌਕਿਆਂ ਹਾਵਿਆਂ ਦੀ ਸੁਨਾਮੀ ਵਿਚ ਸੁੱਕੀ ਮਿੱਟੀ ਕਿਥੋਂ..ਕਿਸੇ ਤਰਸ ਕੀਤਾ..ਸਿਰੋਂ ਪਰਨਾ ਪਾੜ ਮੇਰੀਆਂ ਉਂਗਲਾਂ ਤੇ ਬੰਨ ਦਿੱਤਾ..!
ਫੇਰ ਇੱਕ ਦਿਨ ਕਾਦੀਆਂ ਵੱਲ ਨੂੰ ਹੋ ਤੁਰੇ..ਮਿਰਜੇ ਦੀਆਂ ਕਾਦੀਆਂ..ਓਥੇ ਵੱਡੀ ਕੋਠੀ ਮੱਲ ਲਈ..ਅੱਧੀ ਰਾਤੀ ਘੋੜੀਆਂ ਤੇ ਬੰਦੇ ਆਏ..ਆਖਣ ਲੱਗੇ ਬਾਹਰ ਨਿੱਕਲੋ ਇਹ ਸਾਡੀ ਏ..ਫੇਰ ਬਾਹਰ ਖੁੱਲੇ ਵਿਚ ਆ ਗਏ..ਬੀਜੀ ਆਖਣ ਲੱਗੀ ਜਾਓ ਕਿਸੇ ਘਰੋਂ ਕੋਈ ਸੁੱਕਾ ਲੀੜਾ ਕੱਪੜ ਮੰਗ ਲਿਆਓ..ਜਿਥੇ ਜਾਈਏ ਅੱਗੋਂ ਬੂਹਾ ਭੇੜ ਲਿਆ ਕਰਨ..ਪਨਾਹੀਂ ਆ ਗਏ..ਪਨਾਹੀਆਂ ਦਾ ਖਿਤਾਬ ਅੱਸੀ ਨੱਬੇ ਤੀਕਰ ਵੀ ਮਗਰੋਂ ਨਾ ਲੱਥਿਆ..ਜਦੋਂ ਰਿਸ਼ਤਾ ਕਰਿਆ ਕਰਨ ਭਾਨੀ ਵੱਜ ਜਾਇਆ ਕਰੇ..ਪਨਾਹੀਆਂ ਦੀ ਧੀ ਵਸਨੀਕਾਂ ਦੇ ਘਰੇ ਕਿੱਦਾਂ..!
ਇੱਕ ਬਿਰਤਾਂਤ ਪਿਤਾ ਜੀ ਕੋਲੋਂ ਕਦੇ ਵੀ ਪੂਰਾ ਨਾ ਸੁਣਾਇਆ ਜਾਂਦਾ..ਨਾਰੋਵਾਲ ਪਸਰੂਰ ਇਲਾਕੇ ਬਾਜਵਿਆਂ ਦੇ ਇੱਕਠੇ ਪੰਜ ਛੇ ਪਿੰਡ..ਅੱਛਰ ਸਿੰਘ ਨਾਮ ਦਾ ਅਣਖੀ ਸਰਦਾਰ..ਪੱਕੀ ਖਬਰ ਸੀ ਅਗਲੇ ਦਿਨ ਧਾੜਵੀ ਪੈਣੇ..ਅਣਖੀ ਸਰਦਾਰ ਪਹਿਲੀ ਵੇਰ ਡਰਿਆ..ਤਿੰਨ ਜਵਾਨ ਧੀਆਂ ਬਾਰੇ ਸੋਚ..ਇੱਜਤਾਂ ਰੋਲਣਗੇ..ਫੇਰ ਹੱਥੀਂ ਵੱਢ ਦਿੱਤੀਆਂ..ਫੇਰ ਏਦੂ ਵੀ ਵੱਡੀ ਤ੍ਰਾਸਦੀ ਹੋਈ..ਅਗਲੇ ਦਿਨ ਕੋਈ ਧਾੜਵੀ ਪਿਆ ਹੀ ਨਹੀਂ..ਦੱਸਦੇ ਮੁੜਕੇ ਪਾਗਲ ਹੋ ਗਿਆ..ਜਥੇ ਦੇ ਨਾਲ ਏਧਰ ਲਿਆਂਦਾ..ਅੱਧੀ ਰਾਤ ਡਾਡਾਂ ਮਾਰ ਉੱਠ ਖਲੋਂਦਾ..ਓਏ ਲੋਕੋ ਮੈਂ ਤਿੰਨ ਧਰੇਕਾਂ ਵੱਢ ਸੁੱਟੀਆਂ!
(ਪਿਤਾ ਜੀ ਦੀ ਜ਼ੁਬਾਨੀ)
ਹਰਪ੍ਰੀਤ ਸਿੰਘ ਜਵੰਦਾ