34 views 4 secs 0 comments

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ

ਲੇਖ
August 23, 2025

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਇਆ ਨਿਰਮਲ ਪੰਥ ਸੰਸਾਰ ਦੇ ਨਕਸ਼ੇ ’ਤੇ ਸੂਰਜ ਵਾਂਗ ਉਦੈ ਹੋਇਆ। ਇਕ ਅਕਾਲ ਦੀ ਓਟ ਤੇ ਧੁਰ ਕੀ ਬਾਣੀ ਦੀ ਸ਼ਕਤੀ ਰਾਹੀਂ ਅਧਿਆਤਮਿਕ ਵਿਚਾਰਧਾਰਾ ਦਾ ਪ੍ਰਤਾਪ ਪਸਰਿਆ। ’ਸਭਨਾ ਜੀਆ ਕਾ ਇਕੁ ਦਾਤਾ’ ਦੇ ਇਲਾਹੀ ਬੋਲਾਂ ਨੇ ਊਚ-ਨੀਚ, ਰੰਗ-ਨਸਲ ਦੀ ਵਰਨ ਵੰਡ ਨੂੰ ਤੋੜਦਿਆਂ ਤਪਦੇ ਹਿਰਦਿਆਂ ਨੂੰ ਸਰਸ਼ਾਰ ਕੀਤਾ। ਰੂਹਾਨੀਅਤ ਦੇ ਬੋਲ ਜਦ ਰਬਾਬ ਦੀਆਂ ਤਰਬਾਂ ਨਾਲ ਇਕਸੁਰ ਹੋਏ ਤਾਂ ਬੇਸੁਰੇ ਹੋਏ ਮਾਨਵੀ ਹਿਰਦੇ ਖਸਮ ਕੀ ਬਾਣੀ ਦੀ ਚੇਤੰਨਤਾ ਨਾਲ ਠੱਗ ਤੋਂ ਸੱਜਣ, ਬਦੀ ਤੋਂ ਬੰਦਗੀ ਵੱਲ, ਕੰਮਚੋਰ ਤੋਂ ਕਿਰਤੀ ਤੇ ਵਿਤਕਰੇਬਾਜ਼ੀ ਤੋਂ ਉੱਪਰ ਉੱਠ ਵੰਡ ਛਕਣ ਵਾਲੀ ਬਿਰਤੀ ਦੇ ਮਾਲਕ ਹੋ ਗਏ। ਇਸ ਕਰਾਮਾਤ ਦੀ ਰਮਜ਼ ਦਾ ਨੁਕਤਾ ਗੁਰੂ ਪਾਤਸ਼ਾਹ ਨੇ ਸਿੱਧਾਂ ਜੋਗੀਆਂ ਦੇ ਸਵਾਲ ਦਾ ਉੱਤਰ ਦਿੰਦਿਆਂ ਦੱਸਿਆ:

’ਗੁਰਬਾਣੀ ਸੰਗਤਿ ਬਿਨਾ ਦੂਜੀ ਓਟ ਨਹੀ ਹਹਿ ਰਾਈ।’ (ਭਾਈ ਗੁਰਦਾਸ ਜੀ)

ਪਹਿਲੇ ਜਾਮੇ ਵਿਚ ਇਕੱਤਰ ਹੋਈ ’ਅੰਮ੍ਰਿਤ ਬਚਨ ਸਾਧ ਕੀ ਬਾਣੀ ਮਹਲਾ ਦੂਜਾ, ਤੀਜਾ, ਚੌਥਾ ਤੋਂ ਬਾਅਦ ਪੰਚਮ ਪਾਤਸ਼ਾਹ ਜੀ ਪਾਸ ਪੀੜੀ-ਦਰ-ਪੀੜ੍ਹੀ ਗੁਰਿਆਈ ਦੇ ਨਾਲ ਸੰਗ੍ਰਹਿਤ ਹੁੰਦੀ ਵੱਡ-ਅਕਾਰੀ ਹੋ ਗਈ ਸੀ। ਸਤਿਗੁਰਾਂ ਨੇ ’ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ’ ਦੇ ਮਹਾਂਵਾਕ ਅਨੁਸਾਰ ਸ੍ਰੀ ਆਦਿ ਬੀੜ ਦੇ ਸੰਪਾਦਨ ਦਾ ਮਹਾਨ ਕਾਰਜ ਪ੍ਰਾਰੰਭ ਕੀਤਾ। ਸ੍ਰੀ ਅੰਮ੍ਰਿਤਸਰ ਵਿਖੇ ਰਾਮਸਰ ਸਾਹਿਬ ਦੇ ਸਥਾਨ ’ਤੇ ਸਤਿਗੁਰੂ ਤਰਤੀਬਵਾਰ ਗੁਰਬਾਣੀ ਲਿਖਵਾਉਂਦੇ ਗਏ ਤੇ ਭਾਈ ਗੁਰਦਾਸ ਜੀ ਲਿਖਦੇ ਗਏ। ਇਹ ਪੈਂਤੀ ਮਹਾਂਪੁਰਖਾਂ ਦੇ ਦੈਵੀ ਅਨੁਭਵ, ਬ੍ਰਹਮ ਵੀਚਾਰ ਤੇ ਰੂਹਾਨੀਅਤ ਮੰਡਲ ਦੀਆਂ ਰਹੱਸਮਈ ਰਮਜ਼ਾਂ ਵੱਡ ਅਕਾਰੀ ਰੂਪ ਵਿਚ ਇਕ ਜਗਾ ਸੰਗ੍ਰਹਿ ਹੋ ਗਈਆਂ।

ਇਹ ਆਦਿ ਗ੍ਰੰਥ ਵਿਸ਼ਵ ਪ੍ਰੇਮ ਤੇ ਸਰਬ ਸਾਂਝੀਵਾਲਤਾ ਦਾ ਥੰਮੂ ਬਣ ਕੇ, ਇਕ ਪ੍ਰਭੂ ਪ੍ਰੇਮ ਦਾ ਸੁਨੇਹਾ ਦਿੰਦਾ, ਹਰ ਪ੍ਰਕਾਰ ਦੇ ਫੋਕਟ ਕਰਮਕਾਂਡਾਂ ਤੋਂ ਜਾਗ੍ਰਿਤ ਕਰਦਾ, ’ਏਕ ਨੂਰ ਤੇ ਸਭੁ ਜਗੁ ਉਪਜਿਆ ਦਾ ਪੈਗਾਮ ਦਿੰਦਾ ਹੋਂਦ ਵਿਚ ਆਇਆ। ਫਿਰ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਤਾਂ ਪੰਚਮ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਫ਼ਰਮਾਇਆ:

ਬੁਢਾ ਸਾਹਿਬ ਖੋਲਹੁ ਗ੍ਰੰਥ, ਲੇਹੁ ਅਵਾਜ ਸੁਨਹਿ ਸਭ ਪੰਥ।” (ਸੂਰਜ ਪ੍ਰਕਾਸ਼)

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਆਦਿ ਗ੍ਰੰਥ ਦਾ ਪ੍ਰਕਾਸ਼ ’ਪੋਥੀ ਪਰਮੇਸਰ ਕਾ ਥਾਨ ਸਿੱਖ ਫ਼ਲਸਫ਼ੇ ਦਾ ਪ੍ਰਗਟ ਰੂਪ ਸੀ। ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਤਾਂ ਹਾਜ਼ਰ ਸੰਗਤਾਂ ਨੂੰ ਪ੍ਰਭੂ ਹਾਜ਼ਰ ਨਾਜ਼ਰ ਹੋ ਕੇ ਅਵਾਜ਼ ਦਿੰਦਾ ਅਨੁਭਵ ਹੋਇਆ-

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
(ਅੰਗ ੭੮੩)

ਤੇ ਇਸ ਸ਼ਬਦ ਨਾਦ ਦੀ ਬਰਕਤ ਨਾਲ ਸਭ ਦਿਸ਼ਾ ਵਿਸਮਾਦੀ ਮਾਹੌਲ ਹੋ ਗਿਆ।
ਪੰਚਮ ਪਾਤਸ਼ਾਹ ਜੀ ਨੇ ਤਾਂ ਮੁੰਦਾਵਣੀ ਵਿਚ ਸੰਦੇਸ਼ ਦਿੱਤਾ ਕਿ ਇਸ ਵੱਡ-ਅਕਾਰੀ ਗ੍ਰੰਥ ਰੂਪੀ ਥਾਲ ਵਿਚ ਸਤਿ, ਸੰਤੋਖ, ਵੀਚਾਰ ਤੇ ਅੰਮ੍ਰਿਤ ਨਾਮ ਹੈ, ਜਦ ਕੋਈ ਅਭਿਲਾਸ਼ੀ ਬਣ ਕੇ ਭੁੰਚੇਗਾ ਤਾਂ ਜੀਵਨ ਸਫਲ ਹੋ ਜਾਏਗਾ। ਇਹ ਤਾਂ :

ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥
( ਅੰਗ ੪੪੨)

ਇਸ ਵਿਚ ਰਾਗ ਕਲਾ, ਕਾਵਿ ਕਲਾ, ਅਨਭਉ ਪ੍ਰਕਾਸ਼, ਲੋਕ ਧੁਨਾ, ਅਨੇਕ ਭਾਸ਼ਾਵਾਂ, ਧਰਮੀਆਂ ਦਾ ਜੀਵਨ, ਕਿਰਤ ਦੀ ਕਦਰ, ਬੰਦਗੀ ਵਾਲਿਆਂ ਦੀ ਅਵਸਥਾ, ਸਫਲ ਜੀਵਨ ਜਾਚ, ਨੈਤਿਕ ਕਦਰਾਂ-ਕੀਮਤਾਂ, ਬੇਅੰਤ ਕਲਾਵਾਂ, ਸਿੱਖੀ ਸੰਸਕਾਰ, ਕੁਦਰਤ ਦੇ ਰਹੱਸ ਅਤੇ ਰੂਹਾਨੀ ਮੰਡਲਾਂ ਦੇ ਡੂੰਘੇ ਭੇਦ ਹਨ।

ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਸਮੁੱਚੀ ਮਾਨਵਤਾ ਨੂੰ ਇਹੋ ਸੁਨੇਹਾ ਦਿੱਤਾ ਕਿ ਭਾਈ ਜਿਵੇਂ ਹੀਰੇ, ਰਤਨ ਆਦਿ ਸਮੁੰਦਰ ਵਿਚ ਭਰਪੂਰ ਹੁੰਦੇ ਹਨ ਪਰ ਹੰਸ ਬਿਰਤੀ ਹੀ ਟੁੱਭੀ ਮਾਰ ਕੇ ਕੁਝ ਪ੍ਰਾਪਤ ਕਰਦੀ ਹੈ ਜਾਂ ਪਰਬਤਾਂ ਵਿਚ ਹੀਰੇ, ਮਾਣਕ ਤੇ ਪਾਰਸ ਤਾਂ ਹੁੰਦੇ ਹਨ ਪਰ ਕੋਈ ਖੁਦਾਈ ਦਾ ਮਾਹਿਰ ਹੀ ਇਹ ਕੀਮਤੀ ਵਸਤਾਂ ਜਗਤ ਸਾਹਮਣੇ ਲਿਆਉਂਦਾ ਹੈ। ਜਿਵੇਂ ਜੰਗਲਾਂ ਵਿਚ ਚੰਦਨ, ਕਪੂਰ ਆਦਿ ਹੁੰਦਾ ਤਾਂ ਹੈ ਪਰ ਕੋਈ ਖੋਜੀ ਢੂੰਢਾਉ ਹੀ ਸੁਗੰਧੀ ਮਹਿਕਾਉਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿਚ ਵੀ ਸਾਰੇ ਹੀ ਪਦਾਰਥ ਹਨ, ਜਿਹੜਾ-ਜਿਹੜਾ ਖੋਜ ਕਰੇਗਾ, ਉਹੀ ਮਨ ਭਾਉਂਦੇ ਪਦਾਰਥ ਉਜਾਗਰ ਕਰ ਲਏਗਾ। ਭਾਈ ਸਾਹਿਬ ਦਾ ਪ੍ਰੇਰਨਾਮਈ ਕਬਿੱਤ ਹੈ :

ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ, ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਈ॥
ਜੈਸੇ ਪਰਬਤਿ ਹੀਰਾ ਮਾਨਕ ਪਾਰਸ ਸਿਧ, ਖਨਵਾਰਾ ਖਨਿ ਜਗ ਵਿਖੇ ਪ੍ਰਗਟਾਵਈ॥
ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬਿਹਸਾਵਈ॥
ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ॥

ਡਾ. ਇੰਦਰਜੀਤ ਸਿੰਘ ਗੋਗੋਆਣੀ